ਕਰਨੈਲ ਸਿੰਘ ਸੋਮਲ
ਔਰਤ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ। ਸਮਾਗਮ ਹੁੰਦੇ ਹਨ। ਇਹ ਕੁਝ ਪੜ੍ਹਦਿਆਂ, ਸੁਣਦਿਆਂ ਚੰਗਾ ਲੱਗਦਾ ਹੈ। ਆਖਿਰ ਇੱਕ ਦਿਨ ਤਾਂ ਔਰਤ ਦੀ ਕਰਨੀ ਤੇ ਉਸ ਦੀਆਂ ਸਮੱਸਿਆਵਾਂ ਵੱਲ ਧਿਆਨ ਦਿੱਤਾ ਜਾਂਦਾ ਹੈ। ਤਦੇ ਜ਼ਿਹਨ ਵਿੱਚ ਆਇਆ, ਇੱਕ ਹੀ ਕਿਉਂ ਹਰ ਦਿਨ ਉਸ ਦਾ ਹੈ। ਇਸ ਤੋਂ ਦੋ ਅਰਥ ਬਣਦੇ ਹਨ। ਪਹਿਲਾ, ਔਰਤ ਦੇ ਕੀਤੇ ਨੂੰ ਹਰ ਰੋਜ਼ ਹੀ ਚੇਤੇ ਰੱਖਣਾ ਬਣਦਾ ਹੈ। ਦੂਜਾ, ਉਸ ਨੂੰ ਨਿੱਤ ਦੇ ਅਮੁੱਕ ਕੰਮਾਂ ਦੀ ਰੱਟ ਵਿੱਚ ਕੋਹਲੂ ਦੇ ਬੈਲ ਵਾਂਗ ਘੁੰਮਣਾ ਪੈਂਦਾ ਹੈ। ਉਹ ਸੁੱਖ-ਆਰਾਮ ਨੂੰ ਵਿਸਾਰ ਕੇ ਘਰ-ਪਰਿਵਾਰ ਲਈ ਤੜਕੇ ਜਾਗਣ ਤੋਂ ਲੈ ਕੇ ਰਾਤ ਨੂੰ ਸੌਣ ਤੀਕ ਕੰਮ ਕਰਦੀ ਹੈ। ਨਾ ਕਦੇ ਛੁੱਟੀ ਤੇ ਨਾ ਫੁਰਸਤ। ਘਰ ਵਿੱਚ ਉਹੀ ਇੱਕ ਜੀਵ ਹੁੰਦਾ ਹੈ ਜਿਸ ਨੂੰ ਹਰ ਜੀਅ ਦੇ ਖਾਣ-ਪੀਣ, ਪਹਿਨਣ ਤੇ ਦੁੱਖ-ਤਕਲੀਫ਼ ਦਾ ਖ਼ਿਆਲ ਰਹਿੰਦਾ ਹੈ। ਉਹ ਘਰ ਦੇ ਜੀਆਂ ਦੇ ਰੱਜ ਵਿੱਚ ਆਪਣਾ ਰੱਜ ਮਹਿਸੂਸ ਕਰਦੀ ਹੈ। ਹਰੇਕ ਦੀ ਜ਼ਰੂਰਤ ਅਨੁਸਾਰ ਉਸ ਦੇੇ ਢਿੱਡ ਵਿੱਚ ਪਾਉਣ ਤੋਂ ਪਿੱਛੋਂ ਆਪਣੇ ਮੂੰਹ ਨੂੰ ਬੁਰਕੀ ਲਾਉਂਦੀ ਹੈ। ਮੁੱਢ-ਕਦੀਮ ਤੋਂ ਉਹ ਸਬਰ, ਸੰਤੋਖ ਤੇ ਸਿਦਕ ਦੀ ਮੂਰਤ ਬਣੀ ਆਈ ਹੈ।
ਉਸ ਦਾ ਮਾਂ-ਰੂਪ ਅਨੇਖਾਂ ਪੱਖਾਂ ਤੋਂ ਖ਼ਾਸ ਹੈ। ਇੱਕ ਵਿਲੱਖਣ ਖ਼ਾਸਾ ਉਸ ਦਾ ਆਪਣੇ ਬਾਲ ਜਾਂ ਬਾਲੜੀ ਨੂੰ ਵਿਸ਼ੇਸ਼ ਹੋਣ ਦਾ ਅਹਿਸਾਸ ਕਰਾਉਣਾ ਹੈ। ‘ਤੂੰ ਸਭ ਤੋਂ ਸੋਹਣਾ, ਤੂੰ ਸਭ ਤੋਂ ਪਿਆਰਾ, ਤੇਰੇ ਜਿਹਾ ਹੋਰ ਕੋਈ ਨਹੀਂ’ ਜਿਹੇ ਸ਼ਬਦ ਲੋਰੀ ਦੀ ਤਰ੍ਹਾਂ ਉਹ ਗਾਉਂਦੀ ਰਹਿੰਦੀ ਹੈ। ਉਹ ਉਸ ਦੇ ਹੋਣਹਾਰ ਰੂਪ ਨੂੰ ਚਿਤਵਦੀ ਹੈ। ਔਰਤ ਦਾ ਪਤਨੀ ਰੂਪ ਵੀ ਕਮਾਲ ਦਾ ਹੈ। ਕਦੇ ਪਤੀ ਡਾਢਾ ਦਿਲਗੀਰ, ਨਿਮੋਝੂਣਾ ਜਾਂ ਨਾਉਮੀਦ ਹੋਵੇ ਤਾਂ ‘ਫਿਰ ਕੀ ਹੋਇਆ’, ‘ਸਭ ਠੀਕ ਹੋ ਜੂ’ ਜਿਹੇ ਉਸ ਦੇ ਸ਼ਬਦਾਂ ਨਾਲ ਉਹ ਮੁੜ ਸੰਭਲਦਾ ਹੈ। ਤਦੇ ਬੱਚਾ ਹੋਵੇ ਜਾਂ ਬਾਲਗ ਮੁਸ਼ਕਲ ਬਣੇ ਤੋਂ ਘਰ ਵੱਲ ਨੂੰ ਦੌੜਦਾ ਹੈ। ਮਾਂ-ਰੂਪ ਔਰਤ ਉਸ ਨੂੰ ਝੱਟ ਆਪਣੀ ਸੁਰੱਖਿਆ ਵਿੱਚ ਲੈਂਦੀ ਹੈ। ਸੰਸਾਰ ਦੇ ਸਾਹਮਣੇ ਉਹ ਮਜ਼ਬੂਤ ਦੁਰਗਾ ਬਣ ਜਾਂਦੀ ਹੈ। ਉਸ ਦਾ ਮਾਂ-ਰੂਪ ਹੋਰ ਮਾਵਾਂ ਦੇ ਦੁੱਖ-ਦਰਦ ਨੂੰ ਆਪਣਾ ਸਮਝਦਾ ਹੈ। ਉਸ ਦਾ ਧੀ ਰੂਪ ਵੀ ਗ਼ਜ਼ਬ ਦਾ ਹੁੰਦਾ ਹੈ। ਉਹ ਘਰ ਵਿੱਚ ਪੂਰੀ ਰਮੀ ਹੁੰਦੀ ਹੈ। ਉਹ ਸਹੁਰੀਂ ਜਾ ਕੇ ਵੀ ਆਪਣੇ ਪੇਕਿਆਂ ਦਾ ਭਲਾ ਲੋਚਦੀ ਹੈ। ਮਾਪਿਆਂ ਜੋ ਹੱਥ ਨਾਲ ਦਿੱਤਾ ਸੋ ਲੈ ਲਿਆ।
ਇੱਕ ਘਰ ਵਿੱਚ ਬਾਪ-ਪੁੱਤ ਕਿਸੇ ਗੱਲੋਂ ਹੱਥੋ-ਪਾਈ ਹੋ ਗਏ। ਉਨ੍ਹਾਂ ਦੇ ਮੂੰਹ ਗਾਲ੍ਹਾਂ ਚੜ੍ਹੀਆਂ ਹੋਈਆਂ ਸਨ। ਪਿਉ ਆਪਣੇ ਪੁੱਤ ਨੂੰ ਭੈਣ ਦੀ ਗਾਲ੍ਹ ਕੱਢੇ ਤੇ ਪੁੱਤ ਉਸ ਨੂੰ ਧੀ ਦੀ ਗਾਲ੍ਹ ਕੱਢੇ। ਚੁੱਲ੍ਹੇ ਉੱਤੇ ਬੈਠੀ ਉਸ ਘਰ ਦੀ ਕੁੜੀ ਕਦੇ ਕੰਨਾਂ ਵਿੱਚ ਉਂਗਲੀਆਂ ਦੇਵੇ ਤੇ ਕਦੇ ਚੁੰਨੀ ਦੇ ਲੜ ਨਾਲ ਹੰਝੂਆਂ ਦੀ ਤਤੀਰੀ ਨੂੰ ਪੂੰਝੇ। ਔਰਤ ਦੀ ਹੋਣੀ ਸਦਾ ਝੰਜੋੜਨ ਵਾਲੀ ਰਹੀ ਹੈ। ਪਰਿਵਾਰ ਦੀਆਂ ਨਾਕਾਮੀਆਂ ਦਾ ਭਾਂਡਾ ਉਸ ਦੇ ਸਿਰ ਭੱਜੇ, ਹਰ ਤਰ੍ਹਾਂ ਦਾ ਦੂਸ਼ਣ ਤੇ ਤੁਹਮਤ ਉਸ ਦੇ ਪੱਲੇ ਪਵੇ।
ਹੁਣ ਧਰਾਤਲ ਤੇਜ਼ੀ ਨਾਲ ਬਦਲ ਰਿਹੈ। ਔਰਤ ਘਰੋਂ ਬਾਹਰ ਵੀ ਜ਼ਿੰਮੇਵਾਰੀਆਂ ਚੁੱਕਣ ਲੱਗੀ ਹੈ। ਕੁੜੀਆਂ ਪੜ੍ਹਨ ਦੇ ਮੌਕਿਆਂ ਨੂੰ ਗ਼ਨੀਮਤ ਸਮਝ ਸਾਂਭ ਰਹੀਆਂ ਹਨ। ਪੜ੍ਹਾਈ ਸਦਕੇ ਉਹ ਜ਼ਿਆਦਾ ਸੋਝੀਵਾਨ ਹੋਣ ਦੇ ਨਾਲ ਨਾਲ ਆਰਥਿਕ ਤੌਰ ’ਤੇ ਸਮਰੱਥ ਹੋਣ ਲੱਗੀਆਂ ਹਨ। ਇੰਜ ਆਮ ਔਰਤ ਦੀ ਵੀ ਜੂਨ ਸੰਵਰ ਰਹੀ ਹੈ। ਪਰਿਵਾਰਾਂ ਵਿੱਚ ਜਾਗ੍ਰਤੀ ਆ ਰਹੀ ਹੈ। ਹੁਣ ਉਹ ਦੂਜਿਆਂ ਦੇ ਸਹਾਰੇ ਨਹੀਂ ਭਾਲਦੀ ਬਲਕਿ ਉਨ੍ਹਾਂ ਦਾ ਸਹਾਰਾ ਆਪ ਬਣਨ ਲੱਗੀ ਹੈ। ਮੈਂ ਆਪਣੇ ਘਰ ਲਾਗਿਉਂ ਝੁੱਗੀਆਂ-ਝੌਂਪੜੀਆਂ ਦੇ ਪਰਿਵਾਰਾਂ ਦੀਆਂ ਕੁੜੀਆਂ ਨੂੰ ਚਾਅ ਨਾਲ ਸਕੂਲੇ ਜਾਂਦੀਆਂ ਵੇਖਦਾ ਹਾਂ। ਉਨ੍ਹਾਂ ਦੇ ਕਦਮਾਂ ਵਿੱਚ ਭਰੋਸਾ, ਅੱਖਾਂ ਵਿੱਚ ਸੁਫਨਿਆਂ ਦੀ ਚਮਕ ਤੇ ਅੱਗੇ ਵਧਣ ਵਾਲਾ ਵੇਗ ਹੁੰਦਾ ਹੈ। ਵੱਖ-ਵੱਖ ਪ੍ਰਦੇਸਾਂ ਤੋਂ ਆਏ ਪਰਿਵਾਰਾਂ ਦੀਆਂ ਇਹ ਕੁੜੀਆਂ ਪੰਜਾਬੀ ਪੜ੍ਹਦੀਆਂ ਹਨ, ਉਨ੍ਹਾਂ ਦੀ ਸਕੂਲ-ਵਰਦੀ ਵੀ ਪੰਜਾਬੀ ਕੁੜੀਆਂ ਵਾਲੀ। ਘਰਾਂ ਵਿੱਚ ਝਾੜੂ-ਪੋਚਾ ਮਾਰਨ ਵਾਲੀਆਂ ਔਰਤਾਂ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਤੇ ਘਰ ਵਾਪਸ ਲਿਆਉਂਦੀਆਂ ਹਨ। ਉਹ ਆਪਣੀ ਔਲਾਦ ਨੂੰ ਪੜ੍ਹਾਉਣ ਤੇ ਸੁਰੱਖਿਅਤ ਰੱਖਣ ਦਾ ਫ਼ਿਕਰ ਕਰਦੀਆਂ ਹਨ। ਇਸ ਬਹੁਤ ਹੀ ਟੁੰਬਵੇਂ ਨਜ਼ਾਰੇ ਨੂੰ ਕੋਈ ਕਵੀ ਹੀ ਸ਼ਬਦ ਦੇਵੇ, ਕੋਈ ਚਿੱਤਰਕਾਰ ਇਸ ਨੂੰ ਰੀਝ ਨਾਲ ਚਿੱਤਰੇ, ਕੋਈ ਸੰਗੀਤਕਾਰ ਆਪਣੀਆਂ ਧੁਨਾਂ ਵਿੱਚ ਇਸ ਨੂੰ ਸਾਂਭੇ, ਕੋਈ ਨ੍ਰਿਤਕ ਇਸ ਨੂੰ ਨ੍ਰਿਤ ਵਿੱਚ ਢਾਲੇ।
ਔਰਤ ਸਿਰਜਣਾ ਦਾ ਕ੍ਰਿਸ਼ਮਾ ਹੈ। ਉਹ ਆਪ ਵੀ ਸਿਰਜਣਹਾਰ ਹੈ। ਹੁਣ ਵੇਲਾ ਹੈ ਉਸ ਦੀ ਕਰਤਾਰੀ ਸਮਰੱਥਾ ਨੂੰ ਪਛਾਣਨ ਦਾ, ਉਸ ਨੂੰ ਬਲਵਾਨ ਹੋਣ ਦੇਣ ਦਾ। ਉਸ ਦੇ ਰਾਹ ਵਿੱਚ ਅੜਿੱਕਾ ਨਾ ਬਣਿਆ ਜਾਵੇ। ਸ਼ਰਮ, ਹਯਾ, ਇੱਜ਼ਤ ਜਿਹੇ ਸ਼ਬਦਾਂ ਦੇ ਸਹੀ ਅਰਥਾਂ ਨੂੰ ਸਮਝਿਆ ਜਾਵੇ। ਸਾਨੂੰ ਸ਼ਰਮ ਆਵੇ ਜ਼ਿੰਦਗੀ ਦਾ ਮੂੰਹ-ਮੱਥਾ ਖ਼ਰਾਬ ਕਰਦੇ ਕੁਹਜ ਅਤੇ ਵੇਲਾ ਵਿਹਾ ਚੁੱਕੀਆਂ ਰੀਤਾਂ-ਰਸਮਾਂ ਤੇ ਦੁਰ-ਵਿਸ਼ਵਾਸਾਂ ਤੋਂ। ਸਾਡੀ ਹਯਾ ਜਾਗੇ ਸਾਡੀ ਗ਼ਰੀਬੀ, ਪਛੜੇਵੇਂ ਤੇ ਨਾਬਰਾਬਰੀ ਉੱਤੇ। ਸੋਹਣਾ ਜੀਵਨ ਸਾਡੀ ਇੱਜ਼ਤ ਹੋਵੇ। ਮੌਲਣ ਨਾਲ ਹੀ ਜ਼ਿੰਦਗੀ ਦੀ ਰੌਣਕ ਨੇ ਵਧਣਾ-ਫੁੱਲਣਾ ਹੈ। ਮਰਦ-ਔਰਤ ਆਦਿ ਕਾਲ ਤੋਂ ਸਾਥੀ ਤੇ ਸਹਿਯੋਗੀ ਰਹੇ ਹਨ। ਔਰਤ-ਦ੍ਰਿਸ਼ਟੀ ਅਤੇ ਮਰਦ-ਦ੍ਰਿਸ਼ਟੀ ਦੇ ਸੁਮੇਲ ਤੋਂ ਹੀ ਜੀਵਨ ਦੀ ਪੂਰਨ ਸਮਝ ਬਣਦੀ ਹੈ। ਇੱਕ-ਦੂਜੇ ਤੋਂ ਬਿਨਾਂ ਕਦੇ ਸਰਦਾ ਹੀ ਨਹੀਂ। ਸੋ ਸੋਧਿਆ ਫ਼ਿਕਰਾ ਹੋਵੇਗਾ ‘ਹਰ ਦਿਨ ਤੇਰਾ, ਹਰ ਪਲ ਤੇਰਾ।’
ਸੰਪਰਕ: 98141-57137