ਸੁਰਜੀਤ ਜੱਸਲ
ਲੇਖਕ-ਨਿਰਦੇਸ਼ਕ ਗੁਰਮੀਤ ਸਾਜਨ ਤੇ ਮਨਜੀਤ ਟੋਨੀ ਦੀ ਬੀਤੇ ਦਿਨੀਂ ਰਿਲੀਜ਼ ਹੋਈ ਫ਼ਿਲਮ ‘ਝੱਲੇ ਪੈ ਗਏ ਪੱਲੇ’ ਪੇਂਡੂ ਧਰਾਤਲ ਨਾਲ ਜੁੜੀ ਨਿਵੇਕਲੇ ਵਿਸ਼ੇ ਦੀ ਮਨੋਰੰਜਨ ਭਰਪੂਰ ਕਹਾਣੀ ਹੈ। ਵਿੰਨਰ ਫ਼ਿਲਮਜ਼ ਤੇ ਗੋਇਲ ਮਿਊਜ਼ਿਕ ਦੀ ਪੇਸ਼ਕਸ਼ ਇਸ ਫ਼ਿਲਮ ਦੀ ਕਹਾਣੀ ਵਿਦੇਸ਼ ਤੋਂ ਆਈ ਇੱਕ ਐਨਆਰਆਈ ਰੂਪ ਕੌਰ ਦੇ ਆਲੇ ਦੁਆਲੇ ਘੁੰਮਦੀ ਹੈ ਜੋ 20-25 ਸਾਲਾਂ ਬਾਅਦ ਜਦ ਆਪਣੇ ਪਿੰਡ ਆਉਂਦੀ ਹੈ ਤਾਂ ਆਪਣੇ ਬਚਪਨ ਦੇ ਦੋਸਤ ਪਾਲੇ ਨੂੰ ਲੱਭਣ ਦਾ ਯਤਨ ਕਰਦੀ ਹੈ, ਜਿਸ ਨਾਲ ਉਸਦੇ ਬਚਪਨ ਦੀਆਂ ਅਨੇਕਾਂ ਅਭੁੱਲ ਯਾਦਾਂ ਜੁੜੀਆਂ ਹੋਈਆਂ ਹਨ। ਪਰ ਸਕੂਲੀ ਰਿਕਾਰਡ ਮੁਤਾਬਕ ‘ਰੂਪ’ ਨਾਲ ਪੜ੍ਹਦੇ ਪਾਲੇ ਨਾਂ ਦੇ ਕਈ ਬੰਦੇ ਹਨ- ਜਿਵੇਂ ਹਰਪਾਲ, ਜਸਪਾਲ, ਗੁਰਪਾਲ ਆਦਿ।
ਅਸਲ ਪਾਲੇ ਨੂੰ ਲੱਭਦਿਆਂ ਕਈ ਦਿਲਚਸਪ ਘਟਨਾਵਾਂ ਵਾਪਰਦੀਆਂ ਹਨ ਜੋ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੀਆਂ ਹਨ। ਫ਼ਿਲਮ ਵਿੱਚ ਗੁਰਮੀਤ ਸਾਜਨ ਨੇ ਮਾਸਟਰ ਨਛੱਤਰਪਾਲ ਸਿੰਘ ਦਾ ਕਿਰਦਾਰ ਨਿਭਾਇਆ ਹੈ ਜੋ ਪਾਲੇ ਕਰਕੇ ਜਾਣਿਆ ਜਾਂਦਾ ਹੈ ਤੇ ਉਸਨੇ ਵਿਆਹ ਵੀ ਨਹੀਂ ਕਰਵਾਇਆ ਹੁੰਦਾ। ਰੂਪ ਕੌਰ ਜਦ ਉਸਨੂੰ ਮਿਲਦੀ ਹੈ ਤਾਂ ਕਹਾਣੀ ’ਚ ਇੱਕ ਨਵਾਂ ਮੋੜ ਆਉਂਦਾ ਹੈ। ਫੈਮਲੀ ਫ਼ਿਲਮਾਂ ਵਾਲੇ ਗੁਰਚੇਤ ਚਿੱਤਰਕਾਰ ਨੇ ਨੁੱਕੜ ਨਾਟਕ ਕਲਾਕਾਰ ਰਾਮਪਾਲ ਦਾ ਕਿਰਦਾਰ ਨਿਭਾਇਆ ਹੈ, ਇਸਨੂੰ ਵੀ ਲੋਕ ‘ਪਾਲਾ’ ਕਹਿੰਦੇ ਹਨ। ਜਦ ਪਾਲੇ ਦੀ ਭਾਲ ਵਿੱਚ ਰੂਪ ਇਸ ਕੋਲ ਆਉਂਦੀ ਹੈ ਤਾਂ ਰਾਮਪਾਲ ਉਸ ਨਾਲ ਵਿਆਹ ਕਰਵਾ ਕੇ ਵਿਦੇਸ਼ ਜਾਣ ਦੀਆਂ ਸਕੀਮਾ ਘੜ੍ਹਦਾ ਹੈ। ਇਸੇ ਤਰ੍ਹਾਂ ਪ੍ਰੇਮਪਾਲ ਦੋਧੀ ਵੀ ‘ਪਾਲੇ’ ਨਾਂ ਨਾਲ ਮਸ਼ਹੂਰ ਹੈ। ਇਸ ਪਾਲੇ ਨਾਲ ਜਦ ਰੂਪ ਮਿਲਦੀ ਹੈ ਤਾਂ ਨਵੀਂ ਕਾਮੇਡੀ ਪੈਦਾ ਹੁੰਦੀ ਹੈ। ਦੋਧੀ ਪਾਲੇ ਦਾ ਕਿਰਦਾਰ ਪ੍ਰਕਾਸ਼ ਗਾਧੂ ਨੇ ਬਾਖੂਬੀ ਨਿਭਾਇਆ ਹੈ। ਇਸੇ ਤਰ੍ਹਾਂ ਹੌਲਦਾਰ ਹਰਪਾਲ ਨਾਲ ਵੀ ਹੁੰਦਾ ਹੈ ਜੋ ਛੋਟੇ ਨਾਂ ਪਾਲੇ ਕਰਕੇ ਜਾਣਿਆ ਜਾਂਦਾ ਹੈ। ਆਖਿਰ ਕਿਹੜਾ ਪਾਲਾ ਉਸਦਾ ਅਸਲ ਪਾਲਾ ਹੈ ਇਹ ਫ਼ਿਲਮ ਅਖ਼ੀਰ ਵਿੱਚ ਹੀ ਪਤਾ ਲੱਗਦਾ ਹੈ।
ਪਾਲੇ ਦੀ ਭਾਲ ਵਿੱਚ ਆਈ ਰੂਪ ਨੂੰ ਸਮਾਜ ਕਿਹੜੇ-ਕਿਹੜੇ ਨਜ਼ਰੀਏ ਨਾਲ ਪੇਸ਼ ਆਉਂਦਾ ਹੈ.. ਇਹ ਸਭ ਬੜੀ ਖੂਬਸੁਰਤੀ ਨਾਲ ਪਰਦੇ ’ਤੇ ਉਤਾਰਿਆ ਗਿਆ ਹੈ। ਰੂਪ ਦੇ ਕਿਰਦਾਰ ਨੂੰ ਮੰਨਤ ਨੇ ਬਾਖੂਬੀ ਨਿਭਾਇਆ ਹੈ।
ਇਸ ਫ਼ਿਲਮ ਵਿੱਚ ਗੁਰਮੀਤ ਸਾਜਨ, ਗੁਰਚੇਤ ਚਿੱਤਰਕਾਰ, ਮੰਨਤ, ਦਿਲਾਵਰ ਸਿੱਧੂ, ਪ੍ਰਕਾਸ਼ ਗਾਧੂ, ਜਤਿੰਦਰ ਕੌਰ, ਗੁਰਪ੍ਰੀਤ ਤੋਤੀ, ਪਰਮਿੰਦਰ ਕੌਰ ਗਿੱਲ,ਭੋਲਾ ਲਾਇਲਪੁਰੀਆ, ਮੇਘਾ ਸ਼ਰਮਾ, ਸਤਿੰਦਰ ਕੌਰ, ਪਰਮਜੀਤ ਭਕਨਾ, ਮੰਜੂ ਮਾਹਲ, ਕੁਲਦੀਪ ਨਿਆਮੀਆਂ, ਚਮਕੌਰ ਬੰਦੇਮਾਰ, ਨੀਟਾ ਤੰਬੜਭਾਨ, ਜੱਸੀ ਦਿਓੁਲ, ਅਮਰਜੀਤ ਸੇਖੋਂ, ਲਛਮਨ ਭਾਨਾ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਨਿਰਦੇਸ਼ਨ ਮਨਜੀਤ ਟੋਨੀ ਤੇ ਗੁਰਮੀਤ ਸਾਜਨ ਨੇ ਦਿੱਤਾ ਹੈ। ਇਸ ਫਿਲਮ ਦੀ ਕਹਾਣੀ, ਸਕਰੀਨ ਪਲੇਅ ਤੇ ਡਾਇਲਾਗ ਵੀ ਗੁਰਮੀਤ ਸਾਜਨ ਤੇ ਮਨਜੀਤ ਟੋਨੀ ਨੇ ਹੀ ਲਿਖੇ ਹਨ। ਫ਼ਿਲਮ ਦੇ ਗੀਤ ਕਰਮਜੀਤ ਅਨਮੋਲ ਤੇ ਗੋਲਡ ਟੋਨੀ ਨੇ ਗਾਏ ਹਨ।
ਸੰਪਰਕ: 98146-07737