ਬਲਜਿੰਦਰ ਜੌੜਕੀਆਂ
ਜ਼ਿੰਦਗੀ ਮਾਣਨ ਤੇ ਢੋਣ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ। ਅਸੀਂ ਵਕਤ ਸਾਲਾਂ ਵਿੱਚ ਗੁਜ਼ਾਰ ਰਹੇ ਹਾਂ ਜਦੋਂ ਕਿ ਪਲਾਂ ਨੂੰ ਮਾਣਨ ਦੀ ਸ਼ੈਅ ਦਾ ਨਾਂ ਜ਼ਿੰਦਗੀ ਹੈ। ਬਹੁਤੀਆਂ ਲੰਬੀਆਂ ਸਕੀਮਾਂ ਦੀ ਥਾਂ ਵਰਤਮਾਨ ਦਾ ਆਨੰਦ ਲੈਣਾ ਹੀ ਖੁਸ਼ਹਾਲੀ ਦਾ ਰਾਜ ਹੈ। ਬੀਤੇ ਸਮੇਂ ਦੀਆਂ ਤਕਲੀਫ਼ਾਂ ਨੂੰ ਨਾਲ ਗੰਢ ਦੇਈ ਰੱਖਣ ਨਾਲ ਜ਼ਿੰਦਗੀ ਬੋਝਲ ਹੋ ਜਾਂਦੀ ਹੈ। ਜਜ਼ਬਾਤੀਆਂ ਨਾਲੋਂ ਵਿਵੇਕੀ ਲੋਕ ਜੀਵਨ ਭਰਪੂਰਤਾ ਦਾ ਆਨੰਦ ਮਾਣਦੇ ਹਨ। ਖੁਸ਼ੀਆਂ ਦੇ ਸਾਧਨ ਪੈਦਾ ਕਰਨ ਦੀ ਥਾਂ ਵਸਤੂਆਂ ’ਕੱਠੀਆਂ ਕਰਨ ਦਾ ਦੌਰ ਚੱਲ ਰਿਹਾ ਹੈ। ਲਿਆਕਤ ਦੀ ਥਾਂ ਜ਼ਮੀਨਾਂ, ਕੋਠੀਆਂ, ਕਾਰਾਂ ਤੇ ਧਨ-ਦੌਲਤ ਨੂੰ ਤਰਜੀਹ ਦਿੱਤੀ ਜਾਂਦੀ ਹੈ। ਕਰੂਪਤਾ ਨੂੰ ਡਿਜੀਟਲ ਸੰਦਾਂ ਰਾਹੀਂ ਸੋਹਣਾ ਬਣਾ ਕੇ ਪਰੋਸਿਆ ਜਾ ਰਿਹਾ ਹੈ। ਬੱਚਿਆਂ ਦੇ ਬਚਪਨ ਕੁਰਕਰਿਆਂ ਦੇ ਸੁਆਦ ਤੇ ਕਾਰਟੂਨਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ। ਗਰਮਜੋਸ਼ੀ ਵਾਲੀਆਂ ਮੁਸਕਰਾਹਟਾਂ ਥੱਲੇ ਉਦਾਸ ਹਾਸੇ ਹਨ। ਬੱਚੇ ਦੀ ਮੁਸਕਰਾਹਟ, ਤਰੇਲ ਭਿੱਜੇ ਹਰੇ ਕਚੂਰ ਪੱਤੇ, ਬਜ਼ੁਰਗਾਂ ਦੀ ਅਸੀਸ, ਲੋੜਵੰਦ ਦੀ ਮਦਦ, ਪਿਆਰਿਆਂ ਨਾਲ ਚਾਹ ਦਾ ਕੱਪ ਆਦਿ ਅਣਗਿਣਤ ਸਾਧਾਰਨ ਸਬੱਬ ਹਨ ਜਿਨ੍ਹਾਂ ਰਾਹੀਂ ਸਾਨੂੰ ਅਸਲ ਖੁਸ਼ੀਆਂ ਮਿਲ ਸਕਦੀਆਂ ਹਨ। ਇਹ ਸਭ ਛੋਟੀਆਂ, ਪਰ ਅਨਮੋਲ ਚੀਜ਼ਾਂ ਨੂੰ ਮਾਣਨ ਲਈ ਵਰਤਮਾਨ ਵਿੱਚ ਰਹਿਣਾ ਅਤੀ ਜ਼ਰੂਰੀ ਹੈ, ਪਰ ਅਫ਼ਸੋਸ! ਅਸੀਂ ਭੂਤ ਜਾ ਭਵਿੱਖ ਵਿੱਚ ਹੀ ਗੁਆਚੇ ਰਹਿੰਦੇ ਹਾਂ।
ਅਸੀਂ ਜੀਵਨ ਨੂੰ ਇੰਨਾ ਗੁੰਝਲਦਾਰ ਤੇ ਪੇਚੀਦਾ ਬਣਾ ਲਿਆ ਹੈ ਕਿ ਸਾਰਾ ਦਿਨ ਮਾਨਸਿਕ ਤਣਾਅ ਦਾ ਬੋਝ ਸਿਰ ’ਤੇ ਚੁੱਕੀ ਫਿਰਦੇ ਰਹਿੰਦੇ ਹਾਂ।
ਮੋਬਾਈਲ ਨੇ ਸਾਨੂੰ ਕਮਰੇ ਤੱਕ ਸੀਮਤ ਕਰ ਦਿੱੱਤਾ ਹੈ। ਸਰੀਰਕ ਤੋਰਾ-ਫੇਰਾ ਜ਼ੀਰੋ ਹੋ ਕੇ ਰਹਿ ਗਿਆ ਹੈ। ਦੋਸਤਾਂ ਨਾਲ ਘੁੰਮਣਾ, ਦੇਰ ਨਾਲ ਮੂਵੀ ਰਾਤਾਂ, ਚੜ੍ਹਦੇ-ਛਿਪਦੇ ਸੂਰਜ ਨੂੰ ਵੇਖਣਾ, ਕਣੀਆਂ ਪੈਣ ’ਤੇ ਮਿੱਟੀ ਦੀ ਸੁਗੰਧ ਨਾਲ ਰੱਜਣਾ ਆਦਿ ਰੂਹ ਰਜਾਉਣ ਵਾਲੀਆਂ ਸੌਗਾਤਾਂ ਸਾਡੇ ਜੀਵਨ ਵਿੱਚੋਂ ਗਾਇਬ ਹਨ। ਥਕਾਵਟ ਤੇ ਮਾਨਸਿਕ ਬੋਝ ਵਾਲੀ ਫੋਕੀ ਪੜ੍ਹਾਈ ਨੇ ਬੱਚਿਆਂ ਅੰਦਰ ਕੰਮ ਤੋਂ ਬਚਣ ਦੀ ਭਾਵਨਾ ਪੈਦਾ ਕੀਤੀ ਹੈ। ਅਸੀਂ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਰਹਿ ਰਹੇ ਹਾਂ। ਇਸ ਮੰਚ ’ਤੇ ਸ਼ੇਅਰ ਕੀਤੀ ਜਾਂਦੀ ਸਮੱਗਰੀ ਨਾਲ ਅਸੀਂ ਖੁਦ ਨੂੰ ਦੁਨੀਆ ਨਾਲ ਮਾਪਦੇ ਹਾਂ, ਰਤਾ ਕੁ ਪਿੱਛੇ ਰਹਿਣ ’ਤੇ ਤਿਲਮਿਲਾ ਉੱਠਦੇ ਹਾਂ। ਤੁਸੀਂ ਜੋ ਪੋਸਟ ਕਰਦੇ ਹੋ, ਉਸ ਨੂੰ ਬਹੁਤ ਸਾਰੇ ਲੋਕ ਦੇਖ ਰਹੇ ਹਨ। ਤੁਹਾਡੀ ਸੰਤੁਸ਼ਟੀ ਉਨ੍ਹਾਂ ਦੀਆਂ ਟਿੱਪਣੀਆਂ ਦੀ ਗੁਲਾਮ ਹੈ, ਭਾਵ ਲੋਕ ਦੱਸਣਗੇ ਕਿ ਤੁਸੀਂ ਕਿਵੇਂ ਦਿਖਾਈ ਦਿੰਦੇ ਹੋ? ਤੁਹਾਨੂੰ ਆਪਣੇ ਆਪ ਨੂੰ ਵਧੀਆ ਤੇ ਅਸਰਦਾਰ ਪੇਸ਼ ਕਰਨ ਲਈ ਖਾਸ ਤਰੱਦਦ ਕਰਨੇ ਪੈ ਰਹੇ ਹਨ। ਲੋਕ ਤੁਹਾਡੇ ਵੀਡੀਓਜ਼ ਤੇ ਤਸਵੀਰਾਂ ਵੇਖ ਕੇ ਤੁਹਾਨੂੰ ਜੱਜ ਕਰਦੇ ਹਨ। ਇਹ ਸਾਰਾ ਕੁਝ ਸਾਡੀ ਸਾਧਾਰਨਤਾ ਤੇ ਸਹਿਜਤਾ ਨੂੰ ਖਾ ਗਿਆ ਹੈ। ਵੱਡੀ ਚਿੰਤਾ ਇਹ ਹੈ ਕਿ ਅਸੀਂ ਆਪਣੇ ਲਈ ਕਦੇ ਵੀ ਜਿਉਂ ਨਹੀਂ ਸਕਦੇ ਅਰਥਾਤ ਅਸੀਂ ਸਭ ਕੁਝ ਲੋਕਾਂ ਲਈ ਕਰ ਰਹੇ ਹਾਂ। ਅੱਜ ਦਾ ਮਨੁੱਖ ਚੌਵੀਂ ਘੰਟੇ ਲੋਕਾਂ ਦੇ ਮੁਲਾਂਕਣ ਦੀ ਚੱਕੀ ਵਿੱਚ ਪਿਸ ਰਿਹਾ ਹੈ। ਜੇਕਰ ਸਾਡੀਆਂ ਖੁਸ਼ੀਆਂ ਲੋਕਾਂ ਵੱਲੋਂ ਤਾਰੀਫ਼ ਕਰਨ ਨਾਲ ਜੁੜੀਆਂ ਹਨ ਤਾਂ ਸਾਨੂੰ ਸਾਡੀ ਨਿੱਕੀ ਜਿਹੀ ਆਲੋਚਨਾ ਉਦਾਸ ਕਰ ਦਿੰਦੀ ਹੈ, ਇਸ ਲਈ ਜੀਵਨ ਖੁਸ਼ੀਆਂ ਦਾ ਸਾਡੀ ਇੱਛਾ ਸ਼ਕਤੀ ਨਾਲ ਜੁੜਿਆ ਹੋਣਾ ਅਤੀ ਜ਼ਰੂਰੀ ਹੈ। ਆਲੋਚਨਾ ਕਰਨਾ ਦੁਨੀਆ ਦਾ ਮੂਲ ਸੁਭਾਅ ਹੈ, ਲੋਕ ਕਿਸੇ ਨੂੰ ਨਹੀਂ ਬਖ਼ਸ਼ਦੇ। ਕਿਸੇ ਨੂੰ ਫੁੱਲ ਦੇਣ ਦੀ ਥਾਂ ਪੱਥਰ ਮਾਰਨ ਦਾ ਰੁਝਾਨ ਹੈ। ਲੋਕ ਦੂਜਿਆਂ ਦੀ ਆਨ ਸ਼ਾਨ ਤੇ ਨਿੱਜਤਾ ਦੀ ਪਰਵਾਹ ਕੀਤੇ ਬਿਨਾਂ ਆਪਣੇ ਨਿਰਣੇ ਦਿੰਦੇ ਰਹਿੰਦੇ ਹਨ, ਖਾਸ ਕਰਕੇ ਜ਼ੀਰੋ ਤੋਂ ਉੱਠ ਕੇ ਕਾਮਯਾਬ ਹੋਣ ਵਾਲੇ ਲੋਕਾਂ ’ਤੇ ਆਧਾਰਹੀਣ ਰੰਗ-ਬਿਰੰਗੇ ਤੰਜ਼ ਕਸੇ ਜਾਂਦੇ ਹਨ। ਇੱਥੋਂ ਤੱਕ ਕਿ ਸਾਡੇ ਆਪਣਿਆਂ ਨੂੰ ਸਾਡੀ ਸਤਰੰਗੀ ਧੁੱਪ ਰਹਿਤ ਜ਼ਿੰਦਗੀ ਤੋਂ ਬੜੀ ਖਾਰ ਹੁੰਦੀ ਹੈ। ਆਪਣੇ ਹੀ ਜੜ੍ਹਾਂ ਵੱਢਣ ਲਈ ਦਾਤੀਆਂ ਚੁੱਕੀ ਫਿਰਦੇ ਹਨ। ਮਚੇਵਾਂ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਸ ਸਾਰੇ ਚੱਕਰਵਿਊ ਵਿੱਚ ਅਸੀਂ ਆਪਣਾ ਅਸਲ ਭੁੱਲ ਰਹੇ ਹਾਂ। ਅਸੀਂ ਫੋਕੇ ਜੋੜ-ਤੋੜਾਂ ਵਿੱਚ ਫਸ ਕੇ ਆਪਣੀ ਕੁਦਰਤੀ ਬੁੱਧੀ ਦਾ ਅਸਲ ਲਾਹਾ ਲੈਣ ਤੇ ਸਮਾਜ ਨੂੰ ਕੁਝ ਦੇਣ ਦੇ ਮਨੋਰਥ ਤੋਂ ਖੁੰਝ ਜਾਂਦੇ ਹਾਂ। ਭੁੱਲ ਜਾਂਦੇ ਹਾਂ ਕਿ ਅਸੀਂ ਇੱਕ ਆਮ ਇਨਸਾਨ ਹਾਂ ਜੋ ਕਦੇ-ਕਦੇ ਉਦਾਸ ਜਾਂ ਗੁੱਸੇ ਹੋ ਸਕਦਾ ਹੈ ਅਤੇ ਜਿਸ ਨੂੰ ਹਮੇਸ਼ਾਂ ਖੁਸ਼ ਨਹੀਂ ਰਹਿਣਾ ਚਾਹੀਦਾ। ਬੰਦਾ ਕੁਦਰਤ ਦਾ ਅੰਸ਼ ਹੈ, ਕੁਦਰਤ ਦੀਆਂ ਗਰਮੀ, ਸਰਦੀ, ਪੱਤਝੜ ਤੇ ਬਹਾਰ ਰੁੱਤਾਂ ਵਾਂਗ ਸਾਡੇ ਵੀ ਵੱਖ ਵੱਖ ਮੂਡ ਹਨ। ਸਾਨੂੰ ਜਨਤਾ ਤੋਂ ਨੰਬਰ ਹਾਸਲ ਕਰਨ ਲਈ ਡਬਲ ਰੋਲ ਕਰਨ ਦੀ ਲੋੜ ਨਹੀਂ, ਮੁਖੌਟਾ ਸਾਡੇ ਕੁਦਰਤੀ ਗੁਣਾਂ ਨੂੰ ਖਾ ਜਾਂਦਾ ਹੈ। ਮਸਲਨ ਗਰਜ਼ਾਂ ਦੇ ਸੰਸਾਰ ਵਿੱਚ ਕਈ ਵਿਅਕਤੀਆਂ, ਲਹਿਰਾਂ ਤੇ ਸੰਗਠਨਾਂ ਦਾ ਅਸੀਂ ਕਿਸੇ ਮਜਬੂਰੀਵਸ ਜਨਤਕ ਪਲੈਟਫਾਰਮਾਂ ’ਤੇ ਸਾਥ ਦਿੰਦੇ ਹਾਂ, ਪਰ ਜਦੋਂ ’ਕੱਲੇ ਹੁੰਦੇ ਹਾਂ ਤਾਂ ਆਪਣੇ ਕੀਤੇ ਨੂੰ ਕੋਸਦੇ ਜ਼ਰੂਰ ਹਾਂ। ਲਾਲਚਾਂ ਲਈ ਅੰਦਰਲੀ ਧਾਰਾ ਤੋਂ ਪਾਸੇ ਹਟਣਾ ਖਾਮੋਸ਼ ਖੁਦਕੁਸ਼ੀ ਹੈ। ਹਰ ਚੀਜ਼ ਜਾਂ ਗਤੀਵਿਧੀ ਵਿੱਚੋਂ ਸੰਪੂਰਨਤਾ ਦੀ ਉਮੀਦ ਕਰਨਾ ਵੀ ਬਿਮਾਰੀ ਹੈ। ਕਮੀਆਂ ਹੀ ਸੰਸਾਰ ਦੀ ਗਤੀਸ਼ੀਲਤਾ ਦਾ ਆਧਾਰ ਹਨ। ਸਾਰੇ ਯਤਨ ਸੁਧਾਰ ਲਈ ਹੋ ਰਹੇ ਹਨ। ਕੁਦਰਤ ‘ਪੂਰਿਆਂ’ ਦਾ ਨਹੀਂ ਸਗੋਂ ਲਗਾਤਾਰਤਾ ਬਣਾਈ ਰੱਖਣ ਵਾਲੇ ‘ਅਧੂਰਿਆਂ’ ਦਾ ਸਾਥ ਦਿੰਦੀ ਹੈ। ਇਸ ਕਰਕੇ ਸੰਸਾਰ ਵਿੱਚ ‘ਸੰਪੂਰਨ’ ਸ਼ਬਦ ਤੋਂ ਇਲਾਵਾ ਕੁਝ ਵੀ ਸੰਪੂਰਨ ਨਹੀਂ ਹੈ। ਖੁਸ਼ੀ ਕਿਸੇ ਹੋਰ ਚੀਜ਼ ਤੋਂ ਪਹਿਲਾਂ ਇੱਕ ਭਾਵਨਾ -ਉਦਾਸੀ, ਗੁੱਸਾ ਤੇ ਵਕਤੀ ਉਤੇਜਨਾ ਹੈ। ਤੁਸੀਂ ਖੁਦ ਨੂੰ ਹਰ ਸਮੇਂ ਖੁਸ਼ ਰਹਿਣ ਲਈ ਮਜਬੂਰ ਨਹੀਂ ਕਰ ਸਕਦੇ। ਕਈ ਵਾਰ ਨਾਖੁਸ਼ ਹੋਣਾ ਵੀ ਸਿਹਤ ਵਰਧਕ ਹੁੰਦਾ ਹੈ। ਆਪਣਾ ਆਪਾ ਪ੍ਰਗਟ ਕਰੋ, ਖੁਦ ਨੂੰ ਜਾਅਲੀ ਨਾ ਬਣਾਓ ਕਿਉਂਕਿ ਇੱਕ ਵਾਰ ਜਦੋਂ ਤੁਸੀਂ ਆਪਣੀ ਹਸਤੀ ਨੂੰ ਨਕਲੀ ਬਣਾਉਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਸੀਂ ਆਖਰਕਾਰ ਆਪਣਾ ਮੂਲ ਵਿਅਕਤੀਤਵ ਹੀ ਭੁੱਲ ਜਾਂਦੇ ਹੋ। ਆਪਣੇ ਲਈ ਖੁਸ਼ ਰਹੋ ਨਾ ਕਿ ਦੁਨੀਆ ਨੂੰ ਦਿਖਾਉਣ ਲਈ। ਤੁਹਾਨੂੰ ਖੁਸ਼ ਰਹਿਣ ਲਈ ਕੋਸ਼ਿਸ਼ ਕਰਨ ਦੀ ਲੋੜ ਨਹੀਂ ਹੈ, ਇਸ ਨੂੰ ਮਹਿਸੂਸ ਕਰਨ ਲਈ ਤੁਹਾਡੇ ਕੋਲ ਕੋਈ ਖਾਸ ਕਾਰਨ ਨਹੀਂ ਹੋਣਾ ਚਾਹੀਦਾ। ਖੁਸ਼ੀ ਆਲੇ-ਦੁਆਲੇ ਵਿੱਚ ਕਿਤੋਂ ਵੀ ਲੱਭੀ ਜਾ ਸਕਦੀ ਹੈ। ਕਿਸੇ ਮੰਜ਼ਿਲ ਪ੍ਰਾਪਤੀ ਲਈ ਮਿਹਨਤ ਕਰਦੇ ਹੋਏ ਤੁਸੀਂ ਭਵਿੱਖ ਵਿੱਚ ਮਿਲਣ ਵਾਲੀ ਮੰਜ਼ਿਲ ਬਾਰੇ ਮਹਿਸੂਸ ਕਰਕੇ ਖੁਸ਼ੀ ਦੀ ਲਹਿਰ ਮਹਿਸੂਸ ਕਰ ਸਕਦੇ ਹੋ। ਅਸੀਂ ਕੰਮ ਕਰਕੇ ਨਹੀਂ ਥੱਕਦੇ ਸਗੋਂ ਅੰਦਰਲੀ ਅਣਵਰਤੀ ਊਰਜਾ ਕਰਕੇ ਬੋਝਲ ਹੋ ਜਾਂਦੇ ਹਾਂ। ਗੱਲ ਧਿਆਨ ਕੇਂਦਰਿਤ ਕਰਨ ਦੀ ਹੈ, ਕਦੇ ਕਦੇ ਇਹ ਅਹਿਸਾਸ ਹੋ ਸਕਦਾ ਹੈ ਕਿ ਤੁਸੀਂ ਆਪਣੇ ਕੰਮ ਨੂੰ ਕਿੰਨਾ ਪਿਆਰ ਕਰਦੇ ਹੋ। ਆਪਣੇ ਪਾਲਤੂ ਜਾਨਵਰ ਨੂੰ ਆਪਣੇ ਘਰ ਦੇ ਆਲੇ-ਦੁਆਲੇ ਦੌੜਦੇ ਦੇਖ ਕੇ ਗਦਗਦ ਹੋ ਸਕਦੇ ਹੋ। ਇਸ ਤਰ੍ਹਾਂ ਦੇ ਪਲਾਂ ਵਿੱਚ ਸਿਰਫ਼ ਤੁਸੀਂ ਅਤੇ ਤੁਹਾਡੀ ਖੁਸ਼ੀ ਹੁੰਦੀ ਹੈ। ਅਜਿਹੇ ਮਸਤ ਮੌਜੀ ਪਲਾਂ ਵਿੱਚ ਕੋਈ ਹੋਰ ਚੀਜ਼ ਮਾਅਨੇ ਨਹੀਂ ਰੱਖਦੀ ਤੇ ਇਸ ਸਮੇਂ ਤੁਸੀਂ ਮੌਜੂਦ, ਵਿਅਸਤ ਅਤੇ ਜੀਵਤ ਹੁੰਦੇ ਹੋ। ਇਹ ਉਹ ਜੀਵਨ ਸਾਰ ਹੈ ਜੋ ਸਾਨੂੰ ਜ਼ਿੰਦਗੀ ਦੀ ਡੂੰਘੀ ਸੰਤੁਸ਼ਟੀ ਪ੍ਰਦਾਨ ਕਰਦਾ ਹੈ। ਨਕਲੀ ਅਹਿਸਾਸ ਤੇ ਵਿਸ਼ਵਾਸ ਸਾਨੂੰ ਮਾਨਸਿਕ ਰੋਗੀ ਬਣਾ ਦਿੰਦੇ ਹਨ, ਇਸ ਲਈ ਆਲੇ-ਦੁਆਲੇ ਦੇ ਵਰਤਾਰਿਆਂ ਨੂੰ ਮਹਿਸੂਸ ਕਰਨ ਦੀ ਸੱਚਮੁੱਚਤਾ ਨੂੰ ਸਮਝਦੇ ਹੋਏ ਆਪਣੇ ਅਸਲ ਖਾਸੇ ਨਾਲ ਜੁੜੇ ਰਹਿਣਾ ਅਤੀ ਜ਼ਰੂਰੀ ਹੈ। ਕਿਰਤ ਵਿੱਚੋਂ ਨਿਕਲੀਆਂ ਅਸਲ ਖੁਸ਼ੀਆਂ ਦੀ ਕਸਤੂਰੀ ਮਹਿਕ ਨਾਲ ਜ਼ਿੰਦਗੀ ਰੁਮਾਂਚਿਤ ਤੇ ਖੁਸ਼ਗਵਾਰ ਬਣ ਜਾਂਦੀ ਹੈ। ਆਓ! ਅੱਜ ਆਪਣੇ ਆਪ ਨਾਲ ਵਾਅਦਾ ਕਰੀਏ ਕਿ ਅਸੀਂ ਕੇਵਲ ਆਪਣੇ ਲਈ ਧੁਰ ਅੰਦਰੋਂ ਖੁਸ਼ ਰਹਿਣਾ ਹੈ। ਇਸ ਮਾਰਗ ’ਤੇ ਤੁਰਨ ਨਾਲ ਹੀ ਖੁਸ਼ੀਆਂ ਦੇ ਦਰਵਾਜ਼ੇ ਖੁੱਲ੍ਹਣੇ ਹਨ।
ਸੰਪਰਕ: 94630-24575