ਮਨਜਿੰਦਰ ਸਿੰਘ ਸਰੌਦ
ਪੰਜਾਬੀ ਗਾਇਕੀ ਦੇ ਇਤਿਹਾਸ ਵਿੱਚ ਕੋਈ ਸਮਾਂ ਸੀ ਜਦੋਂ ਦੋਗਾਣਾ ਜੋੜੀਆਂ ਦੀ ਚੜ੍ਹਤ ਹੁੰਦੀ ਸੀ।
ਇੱਕ ਦਿਨ ਵਿੱਚ ਇਹ ਕਈ-ਕਈ ਪ੍ਰੋਗਰਾਮ ਕਰਦੇ ਸਨ। ਫਿਰ ਅਜਿਹਾ ਦੌਰ ਆਇਆ ਕਿ ਇਨ੍ਹਾਂ ਕਲਾਕਾਰਾਂ ਨੂੰ ਦਰਸ਼ਕਾਂ ਨੇ ਹਾਸ਼ੀਏ ’ਤੇ ਧੱਕ ਦਿੱਤਾ। ਗਲੈਮਰ ਭਰਪੂਰ ਗਾਇਕੀ ਅੱਗੇ ਟਿਕੇ ਰਹਿਣ ਲਈ ਇਨ੍ਹਾਂ ਨੇ ਪੂਰੀ ਵਾਹ ਲਾਈ, ਪਰ ਦਰਸ਼ਕਾਂ ਨੇ ਇਨ੍ਹਾਂ ਨੂੰ ਆਪਣੀ ਬਾਂਹ ਨਾ ਫੜਾਈ। ਪੰਜਾਬੀ ਗਾਇਕੀ ਵਿੱਚ ਆਏ ਇਸ ਰੁਝਾਨ ਨੇ ਆਪਣੇ ਸਮੇਂ ਦੀਆਂ ਸੁਪਰਹਿੱਟ ਜੋੜੀਆਂ ਨੂੰ ਗੁੰਮਨਾਮ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਦਿੱਤਾ।
ਗੱਲ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਦੋਗਾਣਾ ਜੋੜੀ ਤੋਂ ਸ਼ੁਰੂ ਕਰਦੇ ਹਾਂ। ਇਸ ਜੋੜੀ ਨੇ ਪੰਜਾਬੀ ਗਾਇਕੀ ’ਤੇ ਲਗਪਗ ਤਿੰਨ ਦਹਾਕੇ ਚਾਨਣ ਦੀਆਂ ਰਿਸ਼ਮਾਂ ਨੂੰ ਬਿਖੇਰੀ ਰੱਖਿਆ, ਪਰ ਪਿਛਲੇ ਕੁਝ ਸਮੇਂ ਤੋਂ ਇਹ ਜੋੜੀ ਵੀ ਚਕਾਚੌਂਧ ਵਿੱਚ ਗੁਆਚ ਗਈ ਪ੍ਰਤੀਤ ਹੁੰਦੀ ਸੀ। ਇਹ ਗੱਲ ਸਰਦੂਲ ਸਿਕੰਦਰ ਨੇ ਆਪ ਵੀ ਮੰਨੀ ਸੀ ਕਿ ‘ਮੈਂ ਹੁਣ ਕੀ ਗਾਵਾਂ। ਮੈਂ ਜੋ ਗਾਉਣਾ ਚਾਹੁੰਦਾ ਹਾਂ, ਉਸ ਨੂੰ ਕੋਈ ਸੁਣਨ ਨੂੰ ਤਿਆਰ ਹੀ ਨਹੀਂ ਤੇ ਜੋ ਅੱਜਕੱਲ੍ਹ ਸੁਣਿਆ ਜਾ ਰਿਹੈ ਉਸ ਨੂੰ ਮੈਂ ਗਾਉਣਾ ਨਹੀਂ ਚਾਹੁੰਦਾ।’ ਸੋ ਇਸ ਜੋੜੀ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਚੁੱਪ ਰਹਿਣਾ ਹੀ ਠੀਕ ਸਮਝਿਆ। ਇੱਕ ਵਾਰ ਮੁਲਾਕਾਤ ਦੌਰਾਨ ਸਰਦੂਲ ਨੇ ਬੇਬਾਕੀ ਨਾਲ ਆਖਿਆ ਸੀ, ‘ਅਸੀਂ ਇਸ ਚਕਾਚੌਂਧ ਤੇ ਗੰਧਲੀ ਹੋ ਚੁੱਕੀ ਗਾਇਕੀ ਦਾ ਹਿੱਸਾ ਨਹੀਂ ਬਣ ਸਕਦੇ।’ ਉਸ ਤੋਂ ਬਾਅਦ ਉਨ੍ਹਾਂ ਦੇ ਭਾਵੇਂ ਗੀਤ ਜ਼ਰੂਰ ਆਏ, ਪਰ ਬਹੁਤ ਘੱਟ। ਫਿਰ ਉਹ ਦੁਨੀਆ ਤੋਂ ਹੀ ਰੁਖ਼ਸਤ ਹੋ ਗਏ।
ਮਨਜੀਤ ਰਾਹੀ ਤੇ ਦਲਜੀਤ ਕੌਰ ਦੀ ਜੋੜੀ ਦਾ ਮਾਲਵਾ ਖਿੱਤੇ ਅੰਦਰ ਆਪਣਾ ਵੱਖਰਾ ਮੁਕਾਮ ਹੁੰਦਾ ਸੀ। ਇਸ ਜੋੜੀ ਤੋਂ ਬਿਨਾਂ ਕੋਈ ਵੀ ਪ੍ਰੋਗਰਾਮ ਅਧੂਰਾ ਮੰਨਿਆ ਜਾਂਦਾ ਸੀ। ਵਿਆਹ ਸ਼ਾਦੀਆਂ ਤੋਂ ਲੈ ਕੇ ਕਬੱਡੀ ਟੂਰਨਾਮੈਂਟ, ਲੋਹੜੀਆਂ ’ਤੇ ਇਸ ਜੋੜੀ ਦੀ ਹਾਜ਼ਰੀ ਜ਼ਰੂਰੀ ਮੰਨੀ ਜਾਂਦੀ ਸੀ। ਸਮੇਂ ਨੇ ਅਜਿਹੀ ਕਰਵਟ ਬਦਲੀ ਕਿ ਇਹ ਜੋੜੀ ਪਰਿਵਾਰਕ ਤੇ ਬਦਲੀਆਂ ਪ੍ਰਸਥਿਤੀਆਂ ਅਨੁਕੂਲ ਢਲ ਨਾ ਸਕੀ ਤੇ ਹੌਲੀ ਹੌਲੀ ਹਾਸ਼ੀਏ ’ਤੇ ਪਹੁੰਚ ਗਈ।
ਅਵਤਾਰ ਸਿੰਘ ਚਮਕ ਤੇ ਅਮਨਜੋਤ ਨੇ ਜਿਸ ਸਮੇਂ ਪੰਜਾਬੀ ਗਾਇਕੀ ਵਿੱਚ ਪੈਰ ਰੱਖਿਆ, ਉਸ ਸਮੇਂ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੇ ਦੁਨੀਆ ਤੋਂ ਤੁਰ ਜਾਣ ਕਾਰਨ ਦੋਗਾਣਾ ਗਾਇਕੀ ਵਿੱਚ ਵੱਡਾ ਖਲਾਅ ਪੈਦਾ ਹੋ ਗਿਆ ਸੀ, ਪਰ ਅਵਤਾਰ ਸਿੰਘ ਚਮਕ ਤੇ ਅਮਨਜੋਤ ਦੀ ਜੋੜੀ ਦੀ ਦਸਤਕ ਨੇ ਇੱਕ ਵਾਰ ਚਮਕੀਲੇ ਤੇ ਅਮਰਜੋਤ ਦੀ ਥਾਂ ਨੂੰ ਮੱਲਣ ਦਾ ਭਰਵਾਂ ਯਤਨ ਜ਼ਰੂਰ ਕੀਤਾ। ਇਸ ਜੋੜੀ ਵੱਲੋਂ ਗਾਇਆ ਗੀਤ ‘ਕੌਣ ਗ਼ਰੀਬਾਂ ਦੇ ਨਾਲ ਰੱਖਦਾ ਸਾਂਝ ਪਿਆਰਾਂ ਦੀ’ ਵਿਆਹਾਂ ਅੰਦਰ ਵੀ ਰੱਜ ਕੇ ਸੁਣਿਆ ਗਿਆ।
ਹਰਪਾਲ ਠੱਠੇਵਾਲਾ ਤੇ ਮਨਜੀਤ ਕੌਰ ਵੀ ਗਲੈਮਰ ਭਰੀ ਗਾਇਕੀ ਦੇ ਅੱਗੇ ਟਿਕ ਨਾ ਸਕੇ। ਉਨ੍ਹਾਂ ਦਾ ਵੀ ਮਾਝੇ ਵਿੱਚ ਆਪਣਾ ਵੱਖਰਾ ਸਥਾਨ ਸੀ। ਹਾਕਮ ਬਖਤੜੀਵਾਲਾ ਤੇ ਦਲਜੀਤ ਕੌਰ ਉੱਘੀ ਜੋੜੀ ਸੀ। ਇਹ ਜੋੜੀ ਜਿੱਥੇ ਇੱਕ ਚੰਗੀ ਗਾਇਕ ਜੋੜੀ ਸੀ, ਉੱਥੇ ਹੀ ਗੀਤਕਾਰੀ ਦੇ ਖੇਤਰ ਵਿੱਚ ਵੀ ਹਾਕਮ ਨੇ ਚੰਗਾ ਨਾਮਣਾ ਖੱਟਿਆ। ਇਸ ਗਾਇਕ ਜੋੜੀ ਦੇ ਗਾਏ ਗੀਤ ਲੰਮਾ ਸਮਾਂ ਪੰਜਾਬ ਦੀ ਫਿਜ਼ਾ ਅੰਦਰ ਗੂੰਜਦੇ ਰਹੇ ਤੇ ਪੰਜਾਬੀ ਸਰੋਤਿਆਂ ਨੇ ਇਨ੍ਹਾਂ ਦੇ ਗੀਤਾਂ ਨੂੰ ਰੱਜ ਕੇ ਮਾਣਿਆ ਤੇ ਰੂਹ ਨਾਲ ਸੁਣਿਆ।
ਫਕੀਰ ਚੰਦ ਪਤੰਗਾ ਤੇ ਸੁਚੇਤ ਬਾਲਾ ਦੀ ਜੋੜੀ ਨੂੰ ਕੌਣ ਭੁੱਲ ਸਕਦੈ। ਸੁਚੇਤ ਬਾਲਾ ਵੱਲੋਂ ਵਜਾਈ ਜਾਂਦੀ ਤਾੜੀ ਨੂੰ ਵੇਖਣ ਲੋਕ ਦੂਰੋਂ-ਦੂਰੋਂ ਪ੍ਰੋਗਰਾਮ ਵਿੱਚ ਪਹੁੰਚਦੇ ਸਨ। ਜਦੋਂ ਫਕੀਰ ਚੰਦ ਪਤੰਗਾ ਵੱਲੋਂ ‘ਨੀਂ ਮੈਂ ਪੁੱਤ ਤਾਂ ਜੱਟ ਦਾ ਸੀ’ ਕਲੀ ਕੰਨ ’ਤੇ ਹੱਥ ਰੱਖ ਕੇ ਗਾਈ ਜਾਂਦੀ ਸੀ ਤਾਂ ਇੰਜ ਲੱਗਦਾ ਸੀ ਜਿਵੇਂ ਸਮੁੱਚੀ ਕਾਇਨਾਤ ਫਕੀਰ ਚੰਦ ਪਤੰਗਾ ਨੂੰ ਸੁਣਦੀ ਹੋਵੇ। ਅਫ਼ਸੋਸ ਇਹ ਜੋੜੀ ਵੀ ਲੰਬਾ ਸਮਾਂ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਤੋਂ ਬਾਅਦ ਅਲੋਪ ਹੋ ਗਈ।
ਹਾਂ, ਬਾਕੀਆਂ ਦੇ ਮੁਕਾਬਲੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਮੁਹੰਮਦ ਸਦੀਕ ਨੇ ਜਿਸ ਦਿਨ ਤੋਂ ਆਪਣੀ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ, ਉਸ ਦਿਨ ਤੋਂ ਲੈ ਕੇ ਅੱਜ ਤੱਕ ਕਦੇ ਵੀ ਮੰਦਾ ਨਹੀਂ ਵੇਖਿਆ। ਪਹਿਲਾਂ ਰਣਜੀਤ ਕੌਰ ਤੇ ਉਸ ਤੋਂ ਬਾਅਦ ਉਸ ਦੇ ਸਹਿ ਕਲਾਕਾਰ ਸਾਥੀ ਬਦਲਦੇ ਰਹੇ, ਪਰ ਮੁਹੰਮਦ ਸਦੀਕ ਦੀ ਆਵਾਜ਼ ਦਾ ਦਮ ਖਮ ਉਸੇ ਤਰ੍ਹਾਂ ਬਰਕਰਾਰ ਰਿਹਾ ਜੋ ਅੱਜ ਵੀ ਜਾਰੀ ਹੈ। ਉਸੇ ਤਰ੍ਹਾਂ ਦੀਦਾਰ ਸੰਧੂ ਦੀ ਜੋੜੀ ਨੇ ਵੀ ਕਦੇ ਮਾੜਾ ਸਮਾਂ ਨਹੀਂ ਸੀ ਵੇਖਿਆ। ਕਰਤਾਰ ਰਮਲਾ ਤੇ ਸੁਖਵੰਤ ਕੌਰ, ਜਸਵੰਤ ਸੰਦੀਲਾ ਤੇ ਪਰਮਿੰਦਰ ਸੰਧੂ ਵੀ ਉਮਰ ਦੇ ਹਿਸਾਬ ਨਾਲ ਚੰਗਾ ਗਾ ਗਏ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਰਾਜ ਬਰਾੜ ਦੇ ਨਾਲ ਅਨੀਤਾ ਸਮਾਣਾ ਨੇ ਆਪਣੀ ਆਵਾਜ਼ ਦੀ ਗਹਿਰੀ ਛਾਪ ਛੱਡੀ, ਪਰ ਇੱਥੇ ਵੀ ਸਮਾਂ ਬਦਲਦਿਆਂ ਦੇਰ ਨਾ ਲੱਗੀ। ਬਾਅਦ ਵਿੱਚ ਜੋ ਹਾਲਾਤ ਬਣੇ ਉਸ ਤੋਂ ਸਾਰੇ ਚੰਗੀ ਤਰ੍ਹਾਂ ਜਾਣੂ ਹਨ।
ਜਿੱਥੇ ਕਈ ਦੋਗਾਣਾ ਜੋੜੀਆਂ ਇਸ ਸਮੇਂ ਮੰਦੀ ਦਾ ਸ਼ਿਕਾਰ ਹੋ ਕੇ ਆਪਣੇ ਘਰਾਂ ਵਿੱਚ ਬੈਠਣ ਲਈ ਮਜਬੂਰ ਹਨ, ਉੱਥੇ ਹੀ ਕਈ ਚੰਗੇ ਗਵੱਈਏ ਮੰਦਹਾਲੀ ਦੇ ਚੱਲਦਿਆਂ ਦੁਨੀਆ ਤੋਂ ਹੀ ਕੂਚ ਕਰ ਗਏ। ਆਤਮਾ ਬੁੱਢੇਵਾਲੀਆ ਤੇ ਮਿਸ ਰੋਜ਼ੀ ਜ਼ਰੂਰ ਆਪਣੇ ਸਰੋਤਿਆਂ ਨੂੰ ਹਲਕਾ ਫੁਲਕਾ ਪੇਸ਼ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਪੰਜਾਬੀ ਗਾਇਕੀ ਤੇ ਫ਼ਿਲਮ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਅਜਿਹੇ ਹਨ ਜੋ ਗੁੰਮਨਾਮੀ ਵਾਲੀ ਜ਼ਿੰਦਗੀ ਜਿਉਂ ਰਹੇ ਹਨ ਖ਼ਾਸ ਕਰ ਕਈ ਦੋਗਾਣਾ ਜੋੜੀਆਂ ਉਹ ਹਨ ਜਿਨ੍ਹਾਂ ਦੀ ਕਿਸੇ ਸਮੇਂ ਤੂਤੀ ਬੋਲਦੀ ਸੀ, ਪਰ ਬਦਲੇ ਸਮੇਂ ਦਾ ਸੰਤਾਪ ਇਨ੍ਹਾਂ ਕਲਾਕਾਰਾਂ ’ਤੇ ਭਾਰੀ ਪੈ ਚੁੱਕਿਆ ਪ੍ਰਤੀਤ ਹੁੰਦਾ ਹੈ। ਭਾਵੇਂ ਆਪਣੇ ਤੌਰ ’ਤੇ ਇਨ੍ਹਾਂ ਕਲਾਕਾਰਾਂ ਵੱਲੋਂ ਬਦਲੇ ਸਮੇਂ ਨਾਲ ਚੱਲਣ ਦੀ ਵਾਹ ਜ਼ਰੂਰ ਲਾਈ ਗਈ ਹੋਵੇ, ਪਰ ਇਨ੍ਹਾਂ ਫ਼ਨਕਾਰਾਂ ਦੀ ਗੁੰਮਨਾਮੀ ਭਰੀ ਜ਼ਿੰਦਗੀ ’ਤੇ ਅੱਜ ਇੱਕ ਸ਼ਿਅਰ ਹੂਬਹੂ ਢੁੱਕਦਾ ਹੈ:
ਵਾਜ਼ਾਂ ਮਾਰੀਆਂ ਬੁਲਾਇਆ ਕਈ ਬਾਰ ਮੈਂ,
ਪਰ ਕਿਸੇ ਨੇ ਮੇਰੀ ਗੱਲ ਨਾ ਸੁਣੀ
ਸੋ ਜਿੱਥੇ ਇਸ ਸਮੇਂ ਪੰਜਾਬੀ ਗਾਇਕੀ ਤੇ ਫ਼ਿਲਮ ਇੰਡਸਟਰੀ ਅੰਦਰ ਕਰੋੜਾਂ ਦੇ ਲੈਣ-ਦੇਣ ਹੁੰਦੇ ਹਨ, ਉੱਥੇ ਹੀ ਆਪਣੇ ਸਮੇਂ ਦੇ ਸੁਪਰਹਿੱਟ ਬਹੁਤ ਸਾਰੇ ਕਲਾਕਾਰਾਂ ਨੂੰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਜਿਊਣ ਲਈ ਮੁਸ਼ਕਿਲ ਭਰੇ ਹਾਲਾਤ ਨਾਲ ਜੰਗ ਲੜਨੀ ਪੈ ਰਹੀ ਹੈ।
ਸੰਪਰਕ: 94634-63136