ਬਹਾਦਰ ਸਿੰਘ ਗੋਸਲ
ਅੱਜ ਵੀ ਜਦੋਂ ਸਾਨੂੰ ਪੰਜਾਬ ਦੇ ਕੁਝ ਵੱਡੇ ਪਿੰਡਾਂ ਵਿਚ ਜਾਣ ਦਾ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਪਿੰਡਾਂ ਵਿਚ ਪੁਰਾਣੇ ਦਰਵਾਜ਼ੇ ਦੇਖਣ ਨੂੰ ਮਿਲਦੇ ਹਨ। ਪੁਰਾਣੇ ਸਮਿਆਂ ਵਿਚ ਇਨ੍ਹਾਂ ਦਰਵਾਜ਼ਿਆਂ ਦਾ ਬਹੁਤ ਮਹੱਤਵ ਸੀ ਅਤੇ ਪਿੰਡ ਵਿਚਲੇ ਦਰਵਾਜ਼ੇ ਨੂੰ ਪਿੰਡ ਦੀ ਸੁਰੱਖਿਆ ਅਤੇ ਸ਼ਾਨ ਦਾ ਪ੍ਰਤੀਕ ਮੰਨਿਆ ਜਾਂਦਾ ਸੀ।
ਕਈ ਵੱਡੇ ਪਿੰਡਾਂ ਵਿਚ ਇਕ ਦੀ ਥਾਂ ਦੋ ਦੋ ਜਾਂ ਤਿੰਨ ਤਿੰਨ ਦਰਵਾਜ਼ੇ ਵੀ ਹੁੰਦੇ ਸਨ ਜੋ ਮੁੱਖ ਤੌਰ ’ਤੇ ਪਿੰਡ ਦੀ ਸੁਰੱਖਿਆ ਪੱਖੋਂ ਬਣਾਏ ਜਾਂਦੇ ਸਨ ਕਿਉਂਕਿ ਪਿੰਡ ਦੇ ਸਾਰੇ ਪਰਿਵਾਰਾਂ ਦੇ ਘਰ ਇਸ ਦਰਵਾਜ਼ੇ ਦੇ ਅੰਦਰ ਅੰਦਰ ਹੀ ਹੁੰਦੇ ਸਨ ਅਤੇ ਰਾਤ ਸਮੇਂ ਇਹ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਸਨ ਜਾਂ ਇਨ੍ਹਾਂ ’ਤੇ ਠੀਕਰੀ ਪਹਿਰਾ ਲਗਾਇਆ ਜਾਂਦਾ ਸੀ, ਇਸ ਤਰ੍ਹਾਂ ਇਨ੍ਹਾਂ ਦਰਵਾਜ਼ਿਆਂ ਕਾਰਨ ਸਾਰਾ ਪਿੰਡ ਸੁਰੱਖਿਅਤ ਮਹਿਸੂਸ ਕਰਦਾ ਸੀ। ਦੂਜਾ ਇਨ੍ਹਾਂ ਦਰਵਾਜ਼ਿਆਂ ਦੀ ਪਿੰਡ ਵਿਚ ਸਮਾਜਿਕ ਗਤੀਵਿਧੀਆਂ ਦੇ ਤੌਰ ’ਤੇ ਵੀ ਵਰਤੋਂ ਕੀਤੀ ਜਾਂਦੀ ਸੀ। ਆਮ ਤੌਰ ’ਤੇ ਪਿੰਡ ਦੀ ਪੰਚਾਇਤ ਦੀ ਸਭਾ ਜਾਂ ਸਿਆਣਿਆਂ ਦੀ ਸੱਥ ਇਨ੍ਹਾਂ ਦਰਵਾਜ਼ਿਆਂ ਵਿਚ ਹੀ ਲੱਗਦੀ ਸੀ। ਦਰਵਾਜ਼ੇ ਵਿਚ ਇਕੱਠੇ ਹੋ ਕੇ ਪਿੰਡ ਦੇ ਲੋਕ, ਇਸ ਨੂੰ ਸਾਂਝੀ ਥਾਂ ਸਮਝ ਕੇ ਪਿੰਡ ਦੀ ਭਲਾਈ ਲਈ ਵੱਡੇ ਵੱਡੇ ਫ਼ੈਸਲੇ ਲੈਂਦੇ ਸਨ। ਇੱਥੋਂ ਤਕ ਕਿ ਜੋ ਕੋਈ ਪਿੰਡ ਵਿਚ ਮੁਸਾਫ਼ਿਰ ਜਾਂ ਚੀਜ਼ਾਂ ਵਸਤਾਂ ਵੇਚਣ ਵਾਲਾ ਰਾਤ ਰਹਿਣ ਲਈ ਰੁਕਦਾ ਤਾਂ ਉਸਦਾ ਠਹਿਰਾਅ ਪਿੰਡ ਵਾਸੀਆਂ ਵੱਲੋਂ ਉਸ ਦਰਵਾਜ਼ੇ ਵਿਚ ਹੀ ਕੀਤਾ ਜਾਂਦਾ ਅਤੇ ਲਾਗ-ਪਾਸ ਦੇ ਘਰ ਉਸ ਦੀ ਰੋਟੀ ਜਾਂ ਚਾਹ-ਪਾਣੀ ਨਾਲ ਮਹਿਮਾਨ ਨਿਵਾਜ਼ੀ ਵੀ ਚੰਗੀ ਕਰ ਦਿੰਦੇ। ਇਸ ਤਰ੍ਹਾਂ ਇਹ ਦਰਵਾਜ਼ਾ ਇਕ ਧਰਮਸ਼ਾਲਾ ਜਾਂ ਰੈਣ-ਬਸੇਰੇ ਦਾ ਵੀ ਚੰਗਾ ਸਾਧਨ ਸਿੱਧ ਹੁੰਦਾ।
ਇਸ ਦਰਵਾਜ਼ੇ ਦੀ ਉਸ ਸਮੇਂ ਖ਼ਾਸ ਮਹੱਤਤਾ ਬਣ ਜਾਂਦੀ ਜਦੋਂ ਪਿੰਡ ਵਿਚ ਕਿਸੇ ਕੁੜੀ ਦੀ ਬਰਾਤ ਆਉਂਦੀ ਅਤੇ ਸਾਰਾ ਪਿੰਡ ਉਸ ਬਰਾਤ ਨੂੰ ਦੇਖਣ ਅਤੇ ਸਵਾਗਤ ਲਈ ਦਰਵਾਜ਼ੇ ’ਤੇ ਪਹੁੰਚ ਜਾਂਦਾ। ਬਰਾਤ ਵਾਲੇ ਵੀ ਪਿੰਡ ਦੇ ਬਾਹਰ ਤੋਂ ਹੀ ਆਪਣੇ ਰੱਥਾਂ, ਗੱਡਿਆਂ, ਘੋੜਿਆਂ ਅਤੇ ਊਠਾਂ ’ਤੇ ਸਵਾਰ ਹੋ ਕੇ ਜਦੋਂ ਪਿੰਡ ਦੇ ਦਰਵਾਜ਼ੇ ਕੋਲ ਪਹੁੰਚਦੇ ਤਾਂ ਉਹ ਆਪਣੇ ਆਪ ਵਿਚ ਬਰਾਤੀ ਹੋਣ ਦਾ ਮਾਣ ਮਹਿਸੂਸ ਕਰਦੇ। ਪਿੰਡਾਂ ਦੀਆਂ ਕੁੜੀਆਂ ਨਾਲ ਸਭ ਔਰਤਾਂ ਦਰਵਾਜ਼ੇ ਦੀ ਛੱਤੋਂ ਜਾਂ ਨਾਲ ਲੱਗਦੇ ਘਰਾਂ ਦੀਆਂ ਛੱਤਾਂ ’ਤੇ ਬਰਾਤ ਦੇ ਆਉਣ ਦਾ ਨਜ਼ਾਰਾ ਦੇਖਦੀਆਂ। ਇਹ ਔਰਤਾਂ ਬਰਾਤੀਆਂ ਦੇ ਸਵਾਗਤੀ ਗੀਤਾਂ ਅਤੇ ਸਿੱਠਣੀਆਂ ਨਾਲ ਰੌਣਕ ਲਾ ਦਿੰਦੀਆਂ। ਜਿਉਂ ਜਿਉਂ ਬਰਾਤੀਆਂ ਵੱਲੋਂ ਔਰਤਾਂ ਵੱਲ ਪੈਸੇ ਸੁੱਟਣ ਦਾ ਜ਼ੋਰ ਲੱਗਦਾ ਤਾਂ ਇਨ੍ਹਾਂ ਔਰਤਾਂ ਦੀਆਂ ਸਿੱਠਣੀਆਂ ਦੀ ਆਵਾਜ਼ ਵੀ ਆਸਮਾਨ ਨੂੰ ਗੂੰਜਣ ਲਾ ਦਿੰਦੀ। ਕੁਝ ਵੀ ਹੋਵੇ, ਪੰਜਾਬੀ ਸੱਭਿਆਚਾਰ ਦਾ ਇਹ ਨਜ਼ਾਰਾ ਦੇਖਣਯੋਗ ਹੁੰਦਾ ਸੀ ਜੋ ਕੇਵਲ ਮਿਠਾਸਾਂ ਦਾ ਰੰਗ ਹੀ ਨਹੀਂ ਸੀ ਬੰਨ੍ਹਦਾ ਸਗੋਂ ਪੇਂਡੂ ਭਾਈਚਾਰੇ ਅਤੇ ਮਿਲਵਰਤਣ ਦਾ ਸੁਨੇਹਾ ਵੀ ਦੇ ਜਾਂਦਾ ਸੀ। ਇਸ ਸਭ ਕੁਝ ਦਾ ਗਵਾਹ ਹੁੰਦਾ ਸੀ ਪਿੰਡ ਦਾ ਇਹ ਵੱਡਾ ਦਰਵਾਜ਼ਾ।
ਜਦੋਂ ਬਰਾਤੀਆਂ ਵੱਲੋਂ ਭਾਰੇ, ਗਲੀ ਵਾਲੇ ਜਾਂ ਡੱਬਲੀ ਪੈਸੇ ਸੁੱਟਣ ਨਾਲ ਕੁਝ ਔਰਤਾਂ ਨੂੰ ਸੱਟਾਂ ਲੱਗ ਜਾਂਦੀਆਂ ਤਾਂ ਦਰਵਾਜ਼ਿਆਂ ਉੱਪਰ ਵੱਡੇ ਉੱਚੇ ਕਿੰਗਰੇ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਅਤੇ ਇਸ ਤਰ੍ਹਾਂ ਨਾਲ ਪਿੰਡਾਂ ਦੇ ਦਰਵਾਜ਼ਿਆਂ ਦੀ ਸ਼ਾਨ ਪੂਰੇ ਪਿੰਡ ਦੀ ਸ਼ਾਨ ਬਣ ਜਾਂਦੀ ਅਤੇ ਨਾਲ ਹੀ ਸੁਰੱਖਿਆ ਵਿਚ ਵਾਧਾ ਹੋ ਜਾਂਦਾ। ਪਿੰਡ ਵਿਚ ਬਣੇ ਕਿਸੇ ਚੰਗੇ ਵਧੀਆ ਦਰਵਾਜ਼ੇ ਦੀਆਂ ਦੂਰ ਦੂਰ ਤਕ ਗੱਲਾਂ ਹੁੰਦੀਆਂ ਸਨ। ਇੱਥੋਂ ਤਕ ਕਿ ਪਿੰਡਾਂ ਵਿਚ ਵਿਚਰਨ ਵਾਲੇ ਵਣਜ਼ਾਰੇ, ਮਦਾਰੀ, ਬਾਜ਼ੀਗਰ, ਮੰਗਤੇ, ਭਾਂਡੇ ਜਾਂ ਕੱਪੜੇ ਵੇਚਣ ਵਾਲੇ ਜਾਂ ਨਾਟਕ ਮੰਡਲੀਆਂ ਵਾਲੇ ਜਾਣਦੇ ਹੁੰਦੇ ਸਨ ਕਿ ਕਿਸ ਪਿੰਡ ਵਿਚ ਚੰਗਾ ਦਰਵਾਜ਼ਾ ਹੈ ਅਤੇ ਉਹ ਉੱਥੇ ਜਾ ਕੇ ਹੀ ਪਿੰਡ ਵਿਚ ਰਹਿਣ ਦਾ ਪ੍ਰਬੰਧ ਕਰਦੇ।
ਪਿੰਡਾਂ ਵਿਚ ਬਣੇ ਇਨ੍ਹਾਂ ਦਰਵਾਜ਼ਿਆਂ ਦੇ ਇੰਨੇ ਮਹੱਤਵ ਦਾ ਨਤੀਜਾ ਇਹ ਹੋਇਆ ਕਿ ਇਹ ਦਰਵਾਜ਼ੇ ਪੰਜਾਬ ਦੇ ਪੇਂਡੂ ਸੱਭਿਆਚਾਰ ਲਈ ਇਕ ਵਿਲੱਖਣ ਦਿੱਖ ਬਣ ਗਏ ਅਤੇ ਬਹੁਤ ਸਾਰੇ ਲੋਕ ਗੀਤ, ਪੰਜਾਬੀ ਬੋਲੀਆਂ, ਗੀਤਾਂ ਅਤੇ ਮੁਹਾਵਰਿਆਂ ਵਿਚ ਇਨ੍ਹਾਂ ਦਰਵਾਜ਼ਿਆਂ ਦਾ ਜ਼ਿਕਰ ਹੋਣ ਲੱਗਿਆ :
ਆ ਵੇ ਨਾਜਰਾ, ਜਾ ਵੇ ਨਾਜਰਾ
ਬੋਤਾ ਬੰਨ੍ਹ ਦਰਵਾਜ਼ੇ
ਬੋਤੇ ਤੇਰੇ ਨੂੰ ਭੌਂ ਦਾ ਟੋਕਰਾ ਤੈਨੂੰ ਦੋ ਪ੍ਰਸਾਦੇ
ਗਿੱਧੇ ਵਿਚ ਨੱਚਦੀ ਦੀ ਧਮਕ ਸੁਣੇ ਦਰਵਾਜ਼ੇ।
ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿਚ ਅੱਜ ਵੀ ਪੁਰਾਣੇ ਦਰਵਾਜ਼ੇ ਬਣੇ ਹੋਏ ਮਿਲਦੇ ਹਨ ਜੋ ਦੇਖਣ ਨੂੰ ਬੜੇ ਚੰਗੇ ਲੱਗਦੇ ਹਨ। ਕਈ ਪਿੰਡਾਂ ਵਿਚ ਇਨ੍ਹਾਂ ਦਰਵਾਜ਼ਿਆਂ ਨੂੰ ਬਹੁਤ ਸਾਂਭ-ਸੰਭਾਲ ਨਾਲ ਰੱਖਿਆ ਗਿਆ ਹੈ ਅਤੇ ਕਈ ਪਿੰਡਾਂ ਦੀਆਂ ਪੰਚਾਇਤਾਂ ਜਾਂ ਨੌਜਵਾਨ ਸਭਾਵਾਂ ਨੇ ਇਨ੍ਹਾਂ ਨੂੰ ਰੰਗ-ਰੋਗਨ ਅਤੇ ਮੁਰੰਮਤ ਕਰਕੇ ਲੰਬੇ ਸਮੇਂ ਤਕ ਕਾਇਮ ਰੱਖਣ ਦਾ ਉਪਰਾਲਾ ਕੀਤਾ ਹੈ।
ਸਾਡੀ ਸਰਕਾਰ ਨੂੰ ਵੀ ਚਾਹੀਦਾ ਹੈ ਵਿਰਸੇ ਦੀ ਸੰਭਾਲ ਅਤੇ ਸੱਭਿਆਚਾਰ ਦੀਆਂ ਨਿਸ਼ਾਨੀਆਂ ਨੂੰ ਸੰਭਾਲਣ ਲਈ ਉੱਚ-ਪੱਧਰੀ ਤਰਜੀਹ ਦੇ ਕੇ ਹੋਰ ਵਿਕਸਤ ਕਰਨਾ ਚਾਹੀਦਾ ਹੈ ਤਾਂ ਕਿ ਸਾਡੇ ਬੱਚੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਸਾਡੀ ਬਹੁਮੁੱਲੀ ਵਿਰਾਸਤ ਦਾ ਆਨੰਦ ਲੈ ਸਕਣ।
ਸੰਪਰਕ: 98764-52223