ਪਰਮਜੀਤ ਸਿੰਘ ਬਾਗੜੀਆ
ਸਿੱਖ ਫ਼ੌਜੀ ਅਫ਼ਸਰ ਅਤੇ ਯੁੱਧ ਰਣਨੀਤੀ ਦੇ ਮਾਹਿਰ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਪੁੰਛ ਖਿੱਤੇ ਨੂੰ ਪਾਕਿਸਤਾਨ ਦੇ ਕਬਜ਼ੇ ਵਿਚੋਂ ਛੁਡਵਾਉਣ ਲਈ ਲਗਭਗ ਇਕ ਸਾਲ ਤੱਕ ਲੜੀ ਲੰਬੀ ਲੜਾਈ ਬਾਰੇ ਬਹੁਤਾ ਕੁਝ ਸਾਹਮਣੇ ਨਹੀਂਂ ਆਇਆ। ਇਹ ਉਪਰਾਲਾ ਕੀਤਾ ਹੈ ਆਈ ਪਿਕਚਰ ਫ਼ਿਲਮ ਪ੍ਰੋਡਕਸ਼ਨ ਨੇ। ਨਿਰਮਾਤਾ ਕਰਨਵੀਰ ਸਿੰਘ ਸਿਵੀਆ ਨੇ ਇਸ ਬੈਨਰ ਹੇਠ ‘ਦਿ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ’ ਦੇ ਨਾਂ ’ਤੇ ਫ਼ਿਲਮ ਬਣਾਈ ਹੈ। ਉਹ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਜੀਵਨੀ ਸਬੰਧੀ ਤਿਆਰ ਹੋ ਰਹੀ ਪੁਸਤਕ ਦੇ ਲੇਖਕ ਵੀ ਹਨ। ਫ਼ਿਲਮ ਦੇ ਨਿਰਦੇਸ਼ਕ ਡਾ. ਪਰਮਜੀਤ ਸਿੰਘ ਕੱਟੂ ਅਤੇ ਸਹਿ ਸੰਪਾਦਕ ਜੈਸਲ ਚੌਹਾਨ ਹਨ।
ਫ਼ਿਲਮ ਦੇਸ਼ ਅਤੇ ਭਾਰਤੀ ਸੈਨਾ ਨੂੰ ਜੰਗੀ ਪ੍ਰਾਪਤੀਆਂ ਦਾ ਮਾਣ ਦਿਵਾਉਣ ਵਾਲੇ ਮਹਾਨਾਇਕ ਨੂੰ ਤੁੱਛ ਕਾਰਨਾਂ ਦੇ ਆਧਾਰ ’ਤੇ ਕੋਰਟ ਮਾਰਸ਼ਲ ਕਰਨ ਅਤੇ ਇਸ ਘਟਨਾਕ੍ਰਮ ਦੀਆਂ ਪਰਤਾਂ ਫਰੋਲਦੀ ਹੈ ਕਿ ਉਹ ਨਾਇਕ ਜੋ ਪੁੰਛ ਦੇ ਹਜ਼ਾਰਾਂ ਲੋਕਾਂ ਅਤੇ ਖਿੱਤੇ ਦਾ ਰਾਖਾ ਸੀ, ਕੀ ਉਹ ਅਜਿਹੇ ਵਤੀਰੇ ਦਾ ਹੱਕਦਾਰ ਸੀ? ਅਜਿਹੇ ਕਈ ਸਵਾਲ ਹਨ ਜੋ ਇਸ ਫ਼ਿਲਮ ਨੇ ਉਠਾਉਣ ਦੀ ਕੋਸ਼ਿਸ਼ ਕੀਤੀ ਹੈ। ਬ੍ਰਿਗੇਡੀਅਰ ਪ੍ਰੀਤਮ ਸਿੰਘ 1975 ਵਿਚ ਆਪਣੇ ਪਿੰਡ ਦੇਹ ਕਲਾਂ (ਸੰਗਰੂਰ) ਵਿਖੇ ਇਸ ਵਿਤਕਰੇ ਅਤੇ ਬੇਇਨਸਾਫੀ ਭਰੀ ਕਾਰਵਾਈ ਦਾ ਦੁਖ ਆਪਣੇ ਸੀਨੇ ਵਿਚ ਲੈ ਕੇ ਜਹਾਨ ਤੋਂ ਰੁਖ਼ਸਤ ਹੋ ਗਏ। ਇਕ ਤੋਂ ਵੱਧ ਸਫਲ ਮਿਲਟਰੀ ਆਪਰੇਸ਼ਨਾਂ ਨੂੰ ਨੇਪਰੇ ਚਾੜ੍ਹ ਕੇ ਦੇਸ਼ ਦੀ ਪ੍ਰਭੁਸੱਤਾ ਅਤੇ ਵੱਕਾਰ ਨੂੰ ਕਾਇਮ ਰੱਖਣ ਵਾਲੇ ਬ੍ਰਿਗੇਡੀਅਰ ਦੀ ਦੇਸ਼ ਦੇ ਸੈਨਿਕ ਖੇਤਰ ਵਿਚ ਕੀਤੀ ਘਾਲਣਾ ਮਿਸਾਲੀ ਹੈ।
ਬ੍ਰਿਗੇਡੀਅਰ ਪ੍ਰੀਤਮ ਸਿੰਘ ਬ੍ਰਿਟਿਸ਼ ਫ਼ੌਜ ਵਿਚ ਹੁੰਦਿਆਂ ਦੂਜੀ ਵਿਸ਼ਵ ਜੰਗ ਦੌਰਾਨ ਸਿੰਘਾਪੁਰ ਵਿਚ ਜਪਾਨੀਆਂ ਨਾਲ ਲੜਦੇ ਜੰਗੀ ਕੈਦੀ ਬਣਾ ਲਏ ਗਏ, ਪਰ ਉਹ ਮਈ 1942 ਵਿਚ ਆਪਣੇ ਕੁਝ ਸਾਥੀਆਂ ਸਮੇਤ ਜਪਾਨੀਆਂ ਦੀ ਕੈਦ ਵਿਚੋਂ ਭੱਜਣ ਵਿਚ ਸਫਲ ਰਹੇ ਅਤੇ 6 ਮਹੀਨੇ ਦੇ ਅਰਸੇ ਵਿਚ ਮਲੇਸ਼ੀਆ, ਥਾਈਲੈਂਡ ਅਤੇ ਬਰਮਾ ਦੇ ਜੰਗਲਾਂ ਅਤੇ ਪਹਾੜਾਂ ਨੂੰ ਪਾਰ ਕਰਦੇ ਮਨੀਪੁਰ ਦੀ ਸਰਹੱਦ ਰਾਹੀਂ ਭਾਰਤ ਪਹੁੰਚੇ ਤਾਂ ਉਨ੍ਹਾਂ ਨੂੰ ਇਸ ਬਹਾਦਰੀ ਅਤੇ ਬਚਾਅ ਸਦਕਾ ਵੱਕਾਰੀ ਸਨਮਾਨ ‘ਮਿਲਟਰੀ ਕਰਾਸ’ ਨਾਲ ਸਨਮਾਨਤ ਕੀਤਾ ਗਿਆ।
ਦੇਸ਼ ਵੰਡ ਵਾਲੇ ਸਾਲ 1947 ਵਿਚ ਪਾਕਿਸਤਾਨ ਨੇ ਕਸ਼ਮੀਰ ਨੂੰ ਹਥਿਆਉਣ ਲਈ ਕਬਾਇਲੀ ਲੜਾਕਿਆਂ ਨਾਲ ਉੜੀ ਰਾਹੀਂ ਸ਼ਾਲਟਾਂਗ ਖੇਤਰ ਵਿਚ ਘੁਸਪੈਠ ਕੀਤੀ। ਉਸ ਸਮੇਂ ਲੈਫਟੀਨੈੱਟ ਕਰਨਲ ਪ੍ਰੀਤਮ ਸਿੰਘ ਦੀ ਜੰਗੀ ਸੂਝ ਅਤੇ ਅਦਭੁੱਤ ਹੌਸਲੇ ਅਤੇ ਸਮਰੱਥ ਸੈਨਿਕ ਅਗਵਾਈ ਸਦਕਾ ਕਬਾਇਲੀਆਂ ਨੂੰ ਪਿੱਛੇ ਧੱਕ ਦਿੱਤਾ। ਫਿਰ ਉਨ੍ਹਾਂ ਦੀ ਇਸ ਬਹਾਦਰੀ ਨੂੰ ਵੇਖਦਿਆਂ ਉਨ੍ਹਾਂ ’ਤੇ ਪੁੰਛ ਨੂੰ ਬਚਾਉਣ ਦੀ ਜ਼ਿੰਮੇਵਾਰੀ ਪਾਈ ਗਈ। ਨਵੰਬਰ 1947 ਤੋਂ ਨਵੰਬਰ 1948 ਤਕ ਇਕ ਸਾਲ ਦੇ ਸਮੇਂ ਵਿਚ ਉਨ੍ਹਾਂ ਨੇ ਪੁੰਛ ਸਮੇਤ ਮਾਂਢੇਰ ਅਤੇ ਰਾਜੌਰੀ ਦੇ ਕੁਝ ਹਿੱਸੇ ਨੂੰ ਪਾਕਿ ਫ਼ੌਜ ਅਤੇ ਕਬਾਇਲੀਆਂ ਤੋਂ ਮੁਕਤ ਕਰਵਾ ਲਿਆ। ਇਸ ਤੋਂ ਬਾਅਦ ਉਨ੍ਹਾਂ ਖਿਲਾਫ਼ ਸਾਜ਼ਿਸ਼ਾਂ ਤਹਿਤ ਕੋਰਟ ਮਾਰਸ਼ਲ ਕੀਤਾ ਗਿਆ ਜਿਸ ਤੋਂ ਇਹ ਫ਼ਿਲਮ ਪਰਦਾ ਚੁੱਕਦੀ ਹੈ।