ਮੁੰਬਈ: ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲਾਈਜ਼ (ਐੱਫਡਬਲਯੂਆਈਸੀਈ), ਸਿਨੇ ਤੇ ਟੀਵੀ ਕਲਾਕਾਰ ਐਸੋਸੀਏਸ਼ਨ (ਸੀਆਈਐੱਨਟੀਏਏ) ਅਤੇ ਭਾਰਤੀ ਫਿਲਮ ਤੇ ਪ੍ਰੋਡਿਊਸਰਜ਼ ਕੌਂਸਲ (ਆਈਐੱਫਟੀਪੀਸੀ) ਨੇ ਅੱਜ ਕਿਹਾ ਕਿ ਉਨ੍ਹਾਂ ਨੇ ਫਿਲਮੀ ਗਤੀਵਿਧੀਆਂ ਜਲਦੀ ਸ਼ੁਰੂ ਕਰਨ ਲਈ ਆਪਣੇ ਮੈਂਬਰਾਂ ਨਾਲ ਤਨਖ਼ਾਹ ਤੇ ਬੀਮੇ ਬਾਰੇ ਮਸਲੇ ਸੁਲਝਾ ਲਏ ਹਨ। ਮਹਾਰਾਸ਼ਟਰ ਸਰਕਾਰ ਨੇ ਪਿਛਲੇ ਮਹੀਨੇ ਫਿਲਮਾਂ, ਟੀਵੀ ਸੀਰੀਅਲ ਤੇ ਵੈੱਬ ਸੀਰੀਜ਼ਾਂ ਨੂੰ ਸ਼ਰਤਾਂ ਤਹਿਤ ਸ਼ੂਟਿੰਗ ਦੀ ਇਜਾਜ਼ਤ ਦੇ ਦਿੱਤੀ ਸੀ। ਆਈਐੱਫਟੀਪੀਸੀ ਵੱਲੋਂ ਬੀਮੇ ਦੀ ਮੰਗ ਨਾ ਮੰਨੇ ਜਾਣ ’ਤੇ ਸੀਆਈਐਨਟੀਏਏ ਤੇ ਐੱਫਡਬਲਯੂਆਈਸੀਈ ਨੇ ਆਪਣੇ ਟੀਵੀ ਸ਼ੋਅ ਦੀਆਂ ਸ਼ੂਟਿੰਗਾਂ ਰੋਕ ਦਿੱਤੀ ਸਨ। ਸੀਆਈਐੱਨਟੀਏਏ ਤੇ ਐੱਫਡਬਲਯੂਆਈਸੀਈ ਨੇ ਸਾਂਝੇ ਬਿਆਨ ’ਚ ਦੱਸਿਆ ਕਿ ਆਈਐੱਫਟੀਪੀਸੀ ਵੱਲੋਂ ਦੋ ਤਰ੍ਹਾਂ ਦੇ ਬੀਮੇ ਦੀ ਸ਼ਰਤ ਮੰਨੇ ਜਾਣ ਤੋਂ ਬਾਅਦ ਹੁਣ ਸਾਰਾ ਮਸਲਾ ਹੱਲ ਹੋ ਗਿਆ ਹੈ। ਆਈਐੱਫਟੀਪੀਸੀ ਨੇ ਕੋਵਿਡ-19 ਕਾਰਨ ਮੌਤ ਹੋਣ ’ਤੇ ਕਲਾਕਾਰਾਂ ਤੇ ਸ਼ੂਟਿੰਗ ਟੀਮ ਦੇ ਮੈਂਬਰਾਂ ਨੂੰ 25 ਲੱਖ ਰੁਪਏ ਦੇਣ ਤੇ ਹਸਪਤਾਲ ਭਰਤੀ ਹੋਣ ’ਤੇ ਇਲਾਜ ਲਈ 2 ਲੱਖ ਰੁਪਏ ਦਾ ਬੀਮਾ ਕਰਨ ਲਈ ਸਹਿਮਤੀ ਦੇ ਦਿੱਤੀ ਹੈ। -ਪੀਟੀਆਈ