ਸੁਖਵਿੰਦਰ ਸਿੰਘ ਮੁੱਲਾਂਪੁਰ
ਗੀਤਕਾਰ ਅਤੇ ਗਾਇਕ ਦੀਦਾਰ ਸੰਧੂ ਆਪਣੀ ਗੀਤਕਾਰੀ ਵਿੱਚ ਸ਼ਬਦਾਂ ਨੂੰ ਇਸ ਤਰ੍ਹਾਂ ਪਰੋ ਦਿੰਦਾ ਸੀ ਕਿ ਸੁਣਨ ਵਾਲਾ ਸੋਚ ਵੀ ਨਹੀਂ ਸਕਦਾ ਸੀ। ਉਹ ਫਿਰ ਆਪ ਹੀ ਇਨ੍ਹਾਂ ਗੀਤਾਂ ਨੂੰ ਗਾ ਕੇ ਚਾਰ ਚੰਨ ਲਾ ਦਿੰਦਾ ਸੀ।
ਇਸ ਮਹਾਨ ਗੀਤਕਾਰ ਅਤੇ ਗਾਇਕ ਦਾ ਜਨਮ 3 ਜੁਲਾਈ 1942 ਨੂੰ ਅਣਵੰਡੇ ਪੰਜਾਬ ਦੇ ਸਰਗੋਧਾ ਜ਼ਿਲ੍ਹੇ ਦੇ ਚੱਕ ਨੰਬਰ 133 ਵਿੱਚ ਹੋਇਆ। ਦੇਸ਼ ਦੀ ਵੰਡ ਵੇਲੇ ਇਹ ਪਰਿਵਾਰ ਚੜ੍ਹਦੇ ਪੰਜਾਬ ਵਿੱਚ ਪਿੰਡ ਬੋਤਲ ਵਾਲਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਆ ਗਿਆ, ਪਰ ਕੁਝ ਸਮੇਂ ਬਾਅਦ ਪਿੰਡ ਭਰੋਵਾਲ ਖੁਰਦ ਵਿਖੇ ਜ਼ਮੀਨ ਅਲਾਟ ਹੋਣ ਕਰਕੇ ਉਹ ਪੱਕੇ ਤੌਰ ’ਤੇ ਇੱਥੇ ਰਹਿਣ ਲੱਗ ਪਏ।
ਦੀਦਾਰ ਸੰਧੂ ਨੇ ਦਸਵੀਂ ਜਮਾਤ ਪਾਸ ਕਰਨ ਮਗਰੋਂ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਕਰ ਲਈ। ਉੱਥੇ ਹੀ ਮੁਹੰਮਦ ਸਦੀਕ ਨੌਕਰੀ ਕਰਦਾ ਸੀ। ਦੀਦਾਰ ਦੀ ਉਸ ਨਾਲ ਮੁਲਾਕਾਤ 1962 ਵਿੱਚ ਹੋਈ। ਜਿੱਥੇ ਉਸ ਨੇ ਆਪਣੇ ਲਿਖੇ ਗੀਤ ਮੁਹੰਮਦ ਸਦੀਕ ਨੂੰ ਦਿਖਾਏ। ਸਦੀਕ ਨੇ ਜਿੱਥੇ ਉਸ ਨੂੰ ਹੋਰ ਲਿਖਣ ਲਈ ਹੱਲਾਸ਼ੇਰੀ ਦਿੱਤੀ, ਉੱਥੇ ਹੀ ਉਸ ਦੇ ਲਿਖੇ ਗੀਤ ਗਾਏ ਵੀ ਜੋ ਬਹੁਤ ਮਕਬੂਲ ਹੋਏ। ਉਸ ਨੇ ਜਦੋਂ ਗਾਇਕੀ ਦੇ ਖੇਤਰ ਵਿੱਚ ਪੈਰ ਪਾਇਆ ਤਾਂ ਸਭ ਤੋਂ ਪਹਿਲਾ ਗੀਤ ਨਰਿੰਦਰ ਬੀਬਾ ਨਾਲ ਰਿਕਾਰਡ ਕਰਵਾਇਆ, ‘ਜੱਟ ਬੜਾ ਬੇਦਰਦੀ ਮੈਂ ਕਿੱਥੇ ਜਾਵਾਂ।’
ਫਿਰ ਛੇਤੀ ਹੀ ਉਸ ਦੀ ਜੋੜੀ ਸਨੇਹ ਲਤਾ ਨਾਲ ਬਣ ਗਈ ਜੋ ਬਹੁਤ ਮਕਬੂਲ ਹੋਈ। 1975 ਵਿੱਚ ਦੀਦਾਰ ਸੰਧੂ ਦਾ ਸਨੇਹ ਲਤਾ ਨਾਲ ਇੱਕ ਛੇ ਗੀਤਾਂ ਦਾ ਤਵਾ ਆਇਆ ਜਿਸ ਨੇ ਦੀਦਾਰ ਦੀ ਗੀਤਕਾਰੀ ਅਤੇ ਗਾਇਕੀ ਦਾ ਲੋਹਾ ਮਨਵਾਇਆ, ਪਰ ਇਸ ਤਵੇ ਵਿਚਲੇ ਗੀਤ ‘ਜੋੜੀ ਜਦੋਂ ਚੁਬਾਰੇ ਚੜ੍ਹਦੀ’ ਨੇ ਦੀਦਾਰ ਸੰਧੂ ਦੀ ਗਾਇਕੀ ਸਿਖਰਾਂ ’ਤੇ ਕਰ ਦਿੱਤੀ।
ਦੀਦਾਰ ਸੰਧੂ ਦੇ ਮੁਕਤਸਰ, ਬਠਿੰਡਾ ਤੋਂ ਲੈ ਕੇ ਗੰਗਾਨਗਰ ਤੱਕ ਬਹੁਤ ਜ਼ਿਆਦਾ ਅਖਾੜੇ ਲੱਗਦੇ ਸਨ। ਰਸਤੇ ਵਿੱਚ ਕੋਟਕਪੂਰੇ ਦਾ ਰੇਲਵੇ ਫਾਟਕ ਪੈਂਦਾ ਸੀ ਜੋ ਅਕਸਰ ਬੰਦ ਰਹਿੰਦਾ ਸੀ। ਇਸ ਕਰਕੇ ਉਸ ਨੇ ਉੱਥੇ ਖੜ੍ਹ ਕੇ ਗੀਤ ਲਿਖਿਆ ‘ਹੁਣ ਬੰਦ ਪਿਆ ਦਰਵਾਜ਼ਾ ਜਿਉਂ ਫਾਟਕ ਕੋਟਕਪੂਰੇ ਦਾ।’ ਉਹ ਕਲਾ ਦਾ ਖ਼ਜ਼ਾਨਾ ਸੀ। ਉਹ ਇੱਕ ਲਾਈਨ ਵਿੱਚ ਹੀ ਖ਼ੁਸ਼ੀ ਤੇ ਗ਼ਮੀ ਦੋਵੇਂ ਇਕੱਠੀਆਂ ਕਰ ਦਿੰਦਾ ਸੀ। ਉਸ ਦੀ ਗੀਤਕਾਰੀ ਕਮਾਲ ਦੀ ਸੀ। ਉਸ ਦਾ ਪਤਾ ਹੀ ਨਹੀਂ ਲੱਗਦਾ ਸੀ ਕਿ ਕਿਹੜੇ ਵੇਲੇ ਗੀਤ ਰਚ ਦਿੰਦਾ ਸੀ। ਉਹ ਜਦੋਂ ਘਰ ਤੋਂ ਬਾਹਰ ਹੁੰਦਾ ਸੀ ਤਾਂ ਹਰ ਚੀਜ਼ ਅਤੇ ਘਟਨਾ ਨੂੰ ਬਹੁਤ ਬਾਰੀਕੀ ਨਾਲ ਦੇਖਦਾ ਸੀ। ਫਿਰ ਉਸ ’ਤੇ ਗੀਤ ਦੀ ਰਚਨਾ ਕਰ ਦਿੰਦਾ ਸੀ। ਦੀਦਾਰ ਸੰਧੂ ਬਿੰਬਾਂ ਵਿੱਚ ਲਿਖਦਾ ਸੀ। ਉਹ ਲਿਖਣ ਵੇਲੇ ਇਸ ਤਰ੍ਹਾਂ ਨਾਲ ਦ੍ਰਿਸ਼ ਪੇਸ਼ ਕਰਦਾ ਸੀ ਕਿ ਸੁਣਨ ਵਾਲੇ ਨੂੰ ਇਸ ਤਰ੍ਹਾਂ ਲੱਗਦਾ ਕਿ ਜੋ ਹੋ ਰਿਹਾ ਹੈ ਸਾਹਮਣੇ ਹੀ ਹੋ ਰਿਹਾ ਹੈ। ਜਿਸ ਤਰ੍ਹਾਂ ‘ਮੇਰਾ ਉੱਡੇ ਡੋਰੀਆ ਮਹਿਲਾਂ ਵਾਲੇ ਘਰ ਵੇ’, ‘ਤੈਨੂੰ ਬੁੱਕਦਾ ਵੇਖਣਾ ਹੋ ਕੇ ਸ਼ਰਾਬੀ ਆ ਵੇ’, ‘ਚੰਨ ਹੋ ਬੱਦਲਾਂ ਦੇ ਓਹਲੇ ਕੰਨੀਆਂ ਨੂੰ ਇੰਝ ਰੁਸ਼ਨਾਵੇ ਕੋਈ ਗੋਟੇ ਵਾਲੀ ਚੁੰਨੀ ਅੰਬਰ ’ਤੇ ਸੁੱਟ ਸੁਕਾਵੇ’, ‘ਮੂੰਹ ਨੇਰ੍ਹੇ ਵਿੱਚ ਫਿਰਦੀ ਏਦਾ ਰੁਸ਼ਨਾਈ ਹੁੰਦੀ ਏ ਜਿਵੇਂ ਕਿਸੇ ਨੇ ਆਲੇ ਦੇ ਵਿੱਚ ਜੋਤ ਜਗਾਈ ਹੁੰਦੀ ਏ।’
ਇੱਕ ਵਾਰ ਦੀਦਾਰ ਸੰਧੂ ਦੇ ਸਾਜ਼ੀ ਦੀਦਾਰ ਨੂੰ ਕਹਿਣ ਲੱਗੇ ਕਿ ‘ਉਸਤਾਦ ਜੀ ਲੰਡੂ ਪੈੱਗ ਕੀ ਹੁੰਦਾ ਹੈ? ਆਪਾ ਕਹਿ ਦਿੰਦੇ ਹਾਂ ਮੈਂ ਫਿਰ ਲੰਡੂ ਜਿਹਾ ਪੈੱਗ ਲਾ ਲਿਆ, ਪਰ ਤੁਸੀਂ ਕਦੇ ਲੰਡੂ ਪੈੱਗ ਦਾ ਗੀਤਾਂ ਵਿੱਚ ਜ਼ਿਕਰ ਨਹੀਂ ਕੀਤਾ।’ ਦੀਦਾਰ ਕਹਿੰਦਾ ਲਓ ਫਿਰ ਆਪਾ ਲੰਡੂ ਪੈੱਗ ’ਤੇ ਲਿਖ ਕੇ ਗੀਤ ਗਾ ਦਿੰਦੇ ਹਾਂ। ਫਿਰ ਉਸ ਨੇ ਲਿਖਿਆ, ‘ਸਾਨੂੰ ਲੰਡੂ ਪੈੱਗ ਲੱਗੇ ਦਾ ਸਰੂਰ ਹੋ ਗਿਆ।’
ਦੀਦਾਰ ਸੰਧੂ ਨੇ ਸਮਜਿਕ ਰਿਸ਼ਤਿਆਂ ਦਾ ਜ਼ਿਕਰ ਵੀ ਬਾਖੂਬੀ ਨਾਲ ਕੀਤਾ ਹੈ, ‘ਜੇਠ ਚੰਦਰੇ ਦਾ ਕੀ, ਜਿਹਦਾ ਪੁੱਤ ਨਾ ਕੋਈ ਧੀ’, ‘ਜਾਂਦਾ ਘੁੱਟ ਕੁ ਸ਼ਰਾਬ ਪਿੱਛੇ ਮਰ ਨੀਂ, ਦੜ ਵੱਟ ਕੇ ਗੁਜ਼ਾਰਾ ਕਰ ਨੀਂ।’ ਉਹ ਫ਼ਿਲਮਾਂ ਤੱਕ ਵੀ ਜਾ ਪਹੁੰਚਿਆ ਸੀ। ਉਸ ਨੇ ‘ਗੱਭਰੂ ਪੰਜਾਬ ਦਾ’ ਫ਼ਿਲਮ ਵਿੱਚ ਅਮਰ ਨੂਰੀ ਨਾਲ ਬੋਲੀਆਂ ਪਾਈਆਂ ਸਨ। ਉਹ ਲਗਾਤਾਰ 13 ਸਾਲ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਬਣਦਾ ਆ ਰਿਹਾ ਸੀ। ਜਦੋਂ ਉਸ ਦੀ ਮੌਤ ਹੋਈ, ਉਸ ਸਮੇਂ ਵੀ ਉਹ ਪਿੰਡ ਦਾ ਸਰਪੰਚ ਸੀ।
ਦੁਨੀਆ ਤੋਂ ਜਾਂਦਾ ਹੋਇਆ ਉਹ ਇੱਕ ਗੀਤਾਂ ਦੀ ਕੈਸੇਟ ਅਧੂਰੀ ਛੱਡ ਗਿਆ। ਉਸ ਨੇ ਇਸ ਦੇ ਚਾਰ ਗੀਤ ਰਿਕਾਰਡ ਕਰਵਾ ਦਿੱਤੇ ਸਨ ਤੇ ਚਾਰ ਰਿਕਾਰਡ ਕਰਵਾਉਣੇ ਬਾਕੀ ਸਨ। ਕੰਪਨੀ ਨੇ ਉਹ ਕੈਸੇਟ ਪੂਰੀ ਕਰਨ ਦੀ ਡਿਊਟੀ ਮੁਹੰਮਦ ਸਦੀਕ ਦੀ ਲਗਾਈ, ਪਰ ਸਦੀਕ ਵਾਸਤੇ ਉਹ ਦੁਖਦਾਈ ਘਟਨਾ ਸੀ। ਉਸ ਦਾ ਗਾਇਕੀ ਦੇ ਪਿੜ ਵਿੱਚ ਹੱਥੀਂ ਲਾਇਆ ਬੂਟਾ ਸੁੱਕ ਗਿਆ ਸੀ। ਉਸ ਨੂੰ ਧਰਮ ਕੰਮੇਆਣੇ ਦੀ ਦੀਦਾਰ ਸੰਧੂ ਨੂੰ ਦਿੱਤੀ ਸ਼ਰਧਾਂਜਲੀ ਇਸ ਕੈਸੇਟ ਵਿੱਚ ਦੇਣੀ ਪਈ ਸੀ। ਇਸ ਵਿੱਚ ਬੋਲ ਸਨ ‘ਭਰੋਵਾਲ ਦੇ ਦੀਦਾਰਾ ਸੰਧੂਆ ਯਾਰਾ, ਰੋ ਰੋ ਤੈਨੂੰ ਯਾਦ ਕਰੀਏ।’ ਦੀਦਾਰ ਸੰਧੂ ਦਾ 16 ਫਰਵਰੀ 1991 ਨੂੰ ਦੇਹਾਂਤ ਹੋ ਗਿਆ।
ਦੀਦਾਰ ਸੰਧੂ ਦੇ ਲਿਖੇ ਗੀਤ ਮੁਹੰਮਦ ਸਦੀਕ, ਰਣਜੀਤ ਕੌਰ, ਰਮੇਸ਼ ਰੰਗੀਲਾ, ਸੰਦੇਸ਼ ਕਪੂਰ, ਕਰਨੈਲ ਗਿੱਲ, ਸਵਰਨ ਲਤਾ, ਪ੍ਰੀਤੀ ਬਾਲਾ, ਬੀਰ ਚੰਦ ਗੋਪੀ, ਨਰਿੰਦਰ ਬੀਬਾ, ਪ੍ਰੋਮਿਲਾ ਪੰਮੀ ਆਦਿ ਨੇ ਗਾਏ ਹਨ। ਉਸ ਨੇ ਬਹੁਤ ਸਾਰੀਆਂ ਗਾਇਕਾਵਾਂ ਨਾਲ ਗਾਇਆ ਜਿਨ੍ਹਾਂ ਵਿੱਚ ਸ਼ਾਮਲ ਹਨ ਸਨੇਹ ਲਤਾ, ਸੁਰਿੰਦਰ ਕੌਰ, ਕੁਲਦੀਪ ਕੌਰ, ਪਰਮਿੰਦਰ ਸੰਧੂ, ਅਮਰ ਨੂਰੀ, ਬਲਜੀਤ ਬੱਲੀ, ਨਰਿੰਦਰ ਬੀਬਾ, ਸੁਖਵੰਤ ਕੌਰ ਅਤੇ ਸੁਸ਼ਮਾ ਆਦਿ।
ਭਾਵੇਂ ਅੱਜ ਉਹ ਸਾਡੇ ਵਿੱਚ ਸਰੀਰਕ ਤੌਰ ’ਤੇ ਮੌਜੂਦ ਨਹੀਂ ਹੈ, ਪਰ ਉਸ ਦੀ ਆਵਾਜ਼ ਸਦਾ ਗੁੰਜਦੀ ਰਹੇਗੀ। ਉਸ ਦੀ ਯਾਦ ਵਿੱਚ ਹਰ ਸਾਲ 21 ਨਵੰਬਰ ਨੂੰ ਭਰੋਵਾਲ ਖੁਰਦ (ਲੁਧਿਆਣਾ) ਵਿਖੇ ਉਸ ਦੇ ਘਰ ਕੋਲ ਖੁੱਲ੍ਹਾ ਪੰਡਾਲ ਲਗਾ ਕੇ ਦੀਦਾਰ ਸੰਧੂ ਯਾਦਗਾਰੀ ਮੇਲਾ ਕਰਵਾਇਆ ਜਾਂਦਾ ਹੈ।
ਸੰਪਰਕ: 99141-84794