ਮੁੰਬਈ: ਡਾਂਸਰ ਤੇ ਅਦਾਕਾਰ ਧਰਮੇਸ਼ ਯੇਲਾਂਡੇ ਫਿਲਮ ਜਾਂ ਵੈੱਬ ਸੀਰੀਜ਼ ਦਾ ਨਿਰਦੇਸ਼ਨ ਕਰਨਾ ਚਾਹੁੰਦਾ ਹੈ। ਉਸ ਨੇ ਖੁਲਾਸਾ ਕੀਤਾ ਕਿ ਉਸ ਨੇ ਇੱਕ ਸਕ੍ਰਿਪਟ ਲਿਖਣੀ ਸ਼ੁਰੂ ਕੀਤੀ ਹੈ, ਹਾਲਾਂਕਿ ਉਹ ਇਸ ਪ੍ਰਾਜੈਕਟ ਬਾਰੇ ਵਧੇਰੇ ਜਾਣਕਾਰੀ ਨਹੀਂ ਦੇਵੇਗਾ ਕਿਉਂਕਿ ਇਹ ਅਜੇ ਪੂਰੀ ਨਹੀਂ ਹੋਈ। ਨ੍ਰਿਤ ਵਿੱਚ ਪੈਰ ਜਮਾਉਣ ਤੋਂ ਪਹਿਲਾਂ, ਧਰਮੇਸ਼ ਵੜੋਦਰਾ ਵਿੱਚ ਉਸਾਲ ਪਾਵ ਵੇਚਦਾ ਸੀ। ਉਹ 2009 ਵਿਚ ਨ੍ਰਿਤ-ਆਧਾਰਤ ਰਿਐਲਿਟੀ ਸ਼ੋਅ,‘ਡਾਂਸ ਇੰਡੀਆ ਡਾਂਸ’ ਵਿਚ ਹਿੱਸਾ ਲੈਣ ਤੋਂ ਬਾਅਦ ਟੈਲੀਵਿਜ਼ਨ ’ਤੇ ਮਸ਼ਹੂਰ ਹੋਇਆ ਸੀ। 2010 ਵਿੱਚ ਉਸ ਨੇ ਫਿਲਮ ‘ਤੀਸ ਮਾਰ ਖਾਨ’ ਵਿੱਚ ਕੋਰੀਓਗ੍ਰਾਫਰੀ ਕੀਤੀ ਅਤੇ ਫਿਰ ‘ਏਬੀਸੀਡੀ: ਐਨੀਬਡੀ ਕੈਨ ਡਾਂਸ’, ‘ਏਬੀਸੀਡੀ 2’ ਅਤੇ ‘ਸਟ੍ਰੀਟ ਡਾਂਸਰ 3 ਡੀ’ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਧਰਮੇਸ਼ ਨੇ ਆਈਏਐੱਨਐੱਸ ਨੂੰ ਦੱਸਿਆ, ‘ਜੋ ਕੁਝ ਵੀ ਮੈਨੂੰ ਪਸੰਦ ਹੈ ਅਤੇ ਮੇਰੇ ਹਿੱਤ ਵਿੱਚ ਸੀ, ਮੈਂ ਉਹ ਕਰਾਂਗਾ। ਹੁਣ ਮੈਂ ਫਿਲਮਾਂ ਜਾਂ ਵੈੱਬ ਸੀਰੀਜ਼ ਦਾ ਨਿਰਦੇਸ਼ਨ ਕਰਨਾ ਚਾਹੁੰਦਾ ਹਾਂ।’ ਉਸ ਨੇ ਅੱਗੇ ਕਿਹਾ ‘ਮੈਂ ਇਸ ਸਮੇਂ (ਸਕ੍ਰਿਪਟ) ਲਿਖ ਰਿਹਾ ਹਾਂ ਅਤੇ ਹੋ ਸਕਦਾ ਹੈ ਕਿ ਇਹ ਅਗਲੇ ਸਾਲ ਤਕ ਪੂਰੀ ਹੋ ਜਾਵੇ। ਮੈਂ ਇਸ ਬਾਰੇ ਜ਼ਿਆਦਾ ਗੱਲ ਨਹੀਂ ਕਰ ਸਕਦਾ ਕਿਉਂਕਿ ਪ੍ਰਾਜੈਕਟ ਅਜੇ ਪੂਰਾ ਨਹੀਂ ਹੋਇਆ।’ ਉਸ ਨੇ ਕਿਹਾ ‘ਮੈਂ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਮੈਨੂੰ ਮਾਧੁਰੀ ਦੀਕਸ਼ਿਤ ਨੇਨੇ ਨਾਲ ‘ਡਾਂਸ ਦੀਵਾਨੇ 3’ ਵਿੱਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ। ਇਕ ਸਮਾਂ ਹੁੰਦਾ ਸੀ ਕਿ ਅਸੀਂ ਗੁਜਰਾਤ ਵਿਚ ਬੈਠ ਕੇ ਮਾਧੁਰੀ ਦੀਆਂ ਫਿਲਮਾਂ ਦੇਖਦੇ ਅਤੇ ਵਿਦਿਆਰਥੀਆਂ ਨੂੰ ਉਸ ਦੇ ਨਾਚ ਸਿਖਾਉਂਦੇ ਸਾਂ। ਮੁੰਬਈ ਮੇਰੇ ਲਈ ਸੱਚਮੁਚ ਬਹੁਤ ਦੂਰ ਸੀ ਅਤੇ ਮਾਧੁਰੀ ਮੈਡਮ ਪਹੁੰਚ ਤੋਂ ਬਾਹਰ ਸੀ। ਮੈਨੂੰ ਨਹੀਂ ਪਤਾ ਕਿ ਇਹ ਯਾਤਰਾ ਕਿਵੇਂ ਪੂਰੀ ਹੋਈ ਅਤੇ ਮੈਨੂੰ ਮਾਧੁਰੀ ਮੈਡਮ ਨਾਲ ਬੈਠਣ ਦਾ ਮੌਕਾ ਮਿਲਿਆ।’ -ਆਈਏਐੱਨਐੱਸ