ਮੁੰਬਈ, 29 ਅਕਤੂਬਰ
ਕਰੂਜ਼ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਆਰੀਅਨ ਖ਼ਾਨ ਨੂੰ ਬੰਬਈ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਸ ਦੇ ਵਕੀਲ ਜੇਲ੍ਹ ਤੋਂ ਰਿਹਾਈ ਸਬੰਧੀ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਅਦਾਲਤੀ ਹੁਕਮਾਂ ਦੀ ਕਾਪੀ ਦੀ ਉਡੀਕ ਕਰ ਰਹੇ ਹਨ। ਹਾਈ ਕੋਰਟ ਤੋਂ ਆਰੀਅਨ ਖਾਨ ਦੀ ਜ਼ਮਾਨਤ ਦੇ ਹੁਕਮਾਂ ਦੀ ਕਾਪੀ ਮਿਲਣ ਤੋਂ ਬਾਅਦ ਉਸ ਦੇ ਵਕੀਲਾਂ ਨੂੰ ਐੱਨਡੀਪੀਐੱਸ ਕੇਸਾਂ ਦੀ ਸੁਣਵਾਈ ਲਈ ਵਿਸ਼ੇਸ਼ ਅਦਾਲਤ ਵਿੱਚ ਜ਼ਮਾਨਤਾਂ ਦੇਣ ਵਾਲਿਆਂ ਸਮੇਤ ਹੋਰ ਜ਼ਰੂਰੀ ਦਸਤਾਵੇਜ਼ਾਂ ਸਮੇਤ ਪੇਸ਼ ਕਰਨਾ ਹੋਵੇਗਾ। ਵਿਸ਼ੇਸ਼ ਅਦਾਲਤ ਫਿਰ ਰਿਹਾਈ ਦੇ ਦਸਤਾਵੇਜ਼ ਜਾਰੀ ਕਰੇਗੀ, ਜਿਸ ਨੂੰ ਸ਼ਾਮ 6 ਵਜੇ ਤੱਕ ਜੇਲ੍ਹ ਸੁਪਰਡੈਂਟ ਦੇ ਸਾਹਮਣੇ ਪੇਸ਼ ਕਰਨਾ ਹੋਵੇਗਾ, ਤਦ ਹੀ ਆਰੀਅਨ ਨੂੰ ਅੱਜ ਰਿਹਾਅ ਕੀਤਾ ਜਾ ਸਕੇਗਾ। ਕਿਸੇ ਵੀ ਦੇਰੀ ਨਾਲ ਆਰੀਅਨ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਇੱਕ ਹੋਰ ਰਾਤ ਗੁਜ਼ਾਰਨੀ ਪੈ ਸਕਦੀ ਹੈ ਤੇ ਉਸ ਦੀ ਰਿਹਾਈ ਸ਼ਨਿਚਰਵਾਰ ਨੂੰ ਹੋਵੇਗੀ।