ਲਖਵਿੰਦਰ ਜੌਹਲ ਧੱਲੇਕੇ
ਬਲਵਾਨ ਸਮੇਂ ਦੇ ਗੇੜ ਅੱਗੇ ਕਦੇ ਕੁਝ ਇੱਕੋ ਜਿਹਾ ਨਾ ਰਹਿ ਸਕਿਆ, ਇਸ ਲਈ ਬਦਲਦੇ ਸਮੇਂ ਦੇ ਨਾਲ ਨਾਲ ਦੁਨੀਆ ਬਦਲਦੀ ਗਈ, ਲੋਕ ਬਦਲਦੇ ਗਏ ਅਤੇ ਰਹਿਣ ਸਹਿਣ ਵੀ ਬਦਲਦਾ ਗਿਆ। ਇੱਕ ਦੋ ਪੁਰਾਣੀਆਂ ਪੀੜ੍ਹੀਆਂ ਦੇ ਜਿਹੜੇ ਪੰਜਾਬੀਆਂ ਨੇ ਚਾਲੀ-ਪੰਜਾਹ ਸਾਲ ਪਹਿਲਾਂ ਵਾਲਾ ਪੰਜਾਬ ਵੇਖਿਆ ਹੋਇਆ ਹੈ, ਉਨ੍ਹਾਂ ਲਈ ਪੰਜਾਬ ਦਾ ਉਹ ਦੌਰ ਵੀ ਸੁਨਹਿਰੀ ਦੌਰ ਹੀ ਸੀ। ਪਿੰਡਾਂ ਵਿੱਚ ਮੋਬਾਈਲ ਅਤੇ ਟੈਲੀਵਿਜ਼ਨ ਅਜੇ ਆਮ ਨਹੀਂ ਸਨ ਤਾਂ ਲੋਕ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਇਕੱਠੇ ਬੈਠਦੇ ਸਨ, ਟਿਕਾਣੇ ਹੁੰਦੇ ਸਨ ਸੱਥਾਂ, ਖੂਹ ਅਤੇ ਦਰਵਾਜ਼ੇ। ਇਸ ਤੋਂ ਬਿਨਾਂ ਦਾਣੇ ਭੁੰਨਣ ਵਾਲੀਆਂ ਦੀਆਂ ਭੱਠੀਆਂ ’ਤੇ ਆਥਣ ਵੇਲੇ ਨੂੰ ਖ਼ੂਬ ਰੌਣਕਾਂ ਲੱਗਦੀਆਂ। ਇਨ੍ਹਾਂ ਸਾਰੀਆਂ ਥਾਵਾਂ ਉੱਤੇ ਸਾਰੇ ਜੱਗ ਜਹਾਨ ਦੀਆਂ ਗੱਲਾਂ ਵੀ ਸਾਂਝੀਆਂ ਹੁੰਦੀਆਂ, ਇਸ ਕਰਕੇ ਸਿਆਣਿਆਂ ਨੇ ਸੱਚ ਹੀ ਕਿਹਾ ਸੀ:
ਹੱਟੀ ਭੱਠੀ ਖੂਹ ਦਰਵਾਜ਼ੇ
ਗੱਲਾਂ ਹੋਣ ਜਹਾਨ ਦੀਆਂ।
ਇਨ੍ਹਾਂ ਥਾਵਾਂ ਤੋਂ ਇਲਾਵਾ ਪੁਰਾਣੇ ਸਮਿਆਂ ਵਿੱਚ ਜ਼ਿਆਦਾਤਰ ਘਰਾਂ ਦੇ ਮੁੱਖ ਦਰਵਾਜ਼ੇ ਦੇ ਨਾਲ ਹੀ ਛੱਤ ਪਾ ਕੇ ਦਲਾਨ ਬਣੇ ਹੁੰਦੇ ਸਨ ਅਤੇ ਇਹ ਕੱਚੇ ਵੀ ਹੁੰਦੇ ਸਨ ਅਤੇ ਪੱਕੇ ਵੀ। ਕਈ ਜੀਆਂ ਵਾਲੇ ਵੱਡੇ ਵੱਡੇ ਸਾਂਝੇ ਟੱਬਰ ਇਨ੍ਹਾਂ ਘਰਾਂ ਵਿੱਚ ਰਹਿੰਦੇ ਸਨ। ਹਰ ਇੱਕ ਟੱਬਰ ਨੂੰ ਇਸ ਦੇ ਬੜੇ ਫਾਇਦੇ ਹੁੰਦੇ ਸਨ। ਇਨ੍ਹਾਂ ਖੁੱਲ੍ਹੇ ਅਤੇ ਹਵਾਦਾਰ ਦਲਾਨਾਂ ਵਿੱਚ ਪੂਰਾ ਦਿਨ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਘਰ ਦੇ ਸਾਰੇ ਜੀਅ ਇਕੱਠੇ ਹੋ ਕੇ ਦਲਾਨਾਂ ਵਿੱਚ ਬੈਠਦੇ ਸਨ। ਆਮ ਤੌਰ ’ਤੇ ਘਰ ਦੇ ਬਜ਼ੁਰਗ ਸਾਰਾ ਦਿਨ ਇਨ੍ਹਾਂ ਦਲਾਨਾਂ ਵਿੱਚ ਹੀ ਬੈਠੇ ਰਹਿੰਦੇ ਸਨ। ਆਂਢਣਾਂ-ਗੁਆਂਢਣਾਂ ’ਕੱਠੀਆਂ ਹੋ ਕੇ ਦਲਾਨਾਂ ਵਿੱਚ ਖ਼ੂਬ ਰੌਣਕਾਂ ਲਾਉਂਦੀਆਂ।
ਇੱਥੇ ਹੀ ਕੁੜੀਆਂ ਇਕੱਠੀਆਂ ਹੋ ਕੇ ਕਤਾਈ, ਬੁਣਾਈ ਅਤੇ ਹੋਰ ਨਿੱਕੇ ਮੋਟੇ ਕੰਮ ਕਰਦੀਆਂ ਰਹਿੰਦੀਆਂ। ਰਾਤਾਂ ਨੂੰ ਘਰ ਦੇ ਕਈ ਸਿਆਣੇ ਅਤੇ ਨਿਆਣੇ ਦਲਾਨਾਂ ਵਿੱਚ ਹੀ ਮੰਜੇ ਡਾਹ ਕੇ ਸੌਂ ਜਾਂਦੇ। ਘਰ ਆਏ ਓਪਰੇ ਬੰਦੇ ਅਤੇ ਪ੍ਰਾਹੁਣੇ ਦਾ ਸੁਆਗਤ ਜ਼ਿਆਦਾਤਰ ਦਲਾਨ ਵਿੱਚ ਹੀ ਬੈਠੇ ਕਿਸੇ ਘਰ ਦੇ ਜੀਅ ਵੱਲੋਂ ਸਭ ਤੋਂ ਪਹਿਲਾਂ ਕੀਤਾ ਜਾਂਦਾ ਸੀ। ਕੁਝ ਸਰਦੇ ਪੁੱਜਦੇ ਪਰਿਵਾਰਾਂ ਵੱਲੋਂ ਦਲਾਨ ਦੇ ਸਿਰਿਆਂ ਨਾਲ ਹੈਸੀਅਤ ਮੁਤਾਬਕ ਬੈਠਕਾਂ ਵੀ ਬਣਾਈਆਂ ਜਾਂਦੀਆਂ ਸਨ, ਜਿੱਥੇ ਮਹਿਮਾਨ ਨੂੰ ਠਹਿਰਾਇਆ ਜਾਂਦਾ ਸੀ। ਹੋਰ ਤਾਂ ਹੋਰ ਘਰ ਨਵਾਂ ਆਇਆ ਅਨਾਜ ਵੀ ਮੀਂਹ ਕਣੀ ਤੋਂ ਬਚਾਅ ਲਈ ਉਦੋਂ ਤੱਕ ਦਲਾਨਾਂ ਵਿੱਚ ਹੀ ਰੱਖ ਲਿਆ ਜਾਂਦਾ ਸੀ ਜਦੋਂ ਤੱਕ ਭੜੋਲੀਆਂ ਵਿੱਚ ਸੰਭਾਲ ਨਾ ਲਿਆ ਜਾਂਦਾ। ਜੋਗੀ ਅਤੇ ਫਕੀਰ ਇਨ੍ਹਾਂ ਦਰਵਾਜ਼ਿਆਂ ਅੱਗੇ ਆਣ ਅਲਖ ਜਗਾਉਂਦੇ ਅਤੇ ਭਿੱਖਿਆ ਮੰਗਦੇ। ਵਿਆਹ ਵੇਲੇ ਨਾਨਕਾ ਮੇਲ ਜਦੋਂ ਦਰਵਾਜ਼ੇ ’ਤੇ ਆ ਜਾਂਦਾ ਤਾਂ ਤੇਲ ਚੋਅ ਕੇ ਨਾਨਕਿਆਂ ਨੂੰ ਜੀ ਆਇਆ ਨੂੰ ਆਖਿਆ ਜਾਂਦਾ। ਬੋਲੀਆਂ ਵਿੱਚ ਦਾਦਕੀਆਂ ਮਾਮਾ-ਮਾਮੀ ਨੂੰ ਟਿੱਚਰ ਕਰਦੀਆਂ:
ਰੜਕੇ ਰੜਕੇ ਰੜਕੇ
ਨਾਨਕਾ ਛੱਕ ਦਾ ਵੇਲਾ ਹੋ ਗਿਆ
ਮਾਮਾ-ਮਾਮੀ ਲੜਪੇ
ਨੀਂ ਮਾਮਾ, ਮਾਮੀ ਨੇ
ਕੁੱਟਿਆ ਦਲਾਨ ਵਿੱਚ ਖੜ੍ਹਕੇ
ਅੱਜ ਵੀ ਬਹੁਤੇ ਪਿੰਡਾਂ ਵਿੱਚ ਪੁਰਾਣੇ ਡਿਜ਼ਾਇਨ ਵਾਲੇ ਦਰਵਾਜ਼ੇ ਅਤੇ ਦਲਾਨਾਂ ਵਾਲੇ ਘਰ ਬਚੇ ਹੋਏ ਹਨ। ਕਈ ਸ਼ੌਕੀਆਂ ਵੱਲੋਂ ਤਾਂ ਆਪਣੇ ਬਜ਼ੁਰਗਾਂ ਦੀਆਂ ਇਨ੍ਹਾਂ ਨਿਸ਼ਾਨੀਆਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ, ਪਰ ਜ਼ਿਆਦਾਤਰ ਇਹ ਮਕਾਨ ਹੁਣ ਅਣਗੌਲੇ ਹੀ ਹਨ। ਮੇਰੇ ਪਿੰਡ ਵੀ ਪੁਰਾਣੇ ਦਲਾਨਾਂ ਅਤੇ ਦਰਵਾਜ਼ਿਆਂ ਵਾਲੇ ਦੋ ਮਕਾਨ ਸਹੀ ਸਲਾਮਤ ਖੜ੍ਹੇ ਹਨ। ਜਦੋਂ ਹਾਲੇ ਪਿੰਡ ਪੁਰਾਣੀ ਫਿਰਨੀ ਤੋਂ ਬਾਹਰ ਨਹੀਂ ਸੀ ਵਧਿਆ ਤਾਂ ਸੋਚਕੇ ਦੇਖਿਆ ਜਾ ਸਕਦਾ ਹੈ ਕਿ ਉਸ ਸਮੇਂ ਇਨ੍ਹਾਂ ਦੀ ਕਿੰਨੀ ਟੌਹਰ ਹੁੰਦੀ ਹੋਵੇਗੀ। ਪਹਿਲੇ ਘਰ ਦੇ ਦਰਵਾਜ਼ੇ ਉੱਪਰ ਕੀਤਾ ਹੋਇਆ ਰੰਗ ਸ਼ਾਇਦ ਉਦੋਂ ਦਾ ਹੀ ਹੈ। ਸਮੇਂ ਨਾਲ ਰੰਗ ਭਾਵੇਂ ਫਿੱਕਾ ਪੈ ਗਿਆ ਹੈ, ਪਰ ਅੱਜ ਵੀ ਇਹ ਅਦਭੁੱਤ ਕਲਾ ਦੇ ਨਮੂਨੇ ਹਨ ਜੋ ਉਸ ਜ਼ਮਾਨੇ ਦੇ ਕਾਰੀਗਰਾਂ ਦੀ ਕੀਤੀ ਮਿਹਨਤ ਤੇ ਹੁਨਰ ਦੀ ਗਵਾਹੀ ਭਰਦੇ ਹਨ। ਇਸ ਦੇ ਨਾਲ ਲੱਗਦੇ ਹਰੇ ਰੰਗ ਵਾਲੇ ਪੁਰਾਣੇ ਦਰਵਾਜ਼ੇ ਵਾਲਾ ਘਰ ਪਿੰਡ ਦੇ ਹੀ ਠਾਣਾ ਸਿੰਘ ਦਾ ਹੈ ਜਿਨ੍ਹਾਂ ਦਾ ਪੂਰਾ ਪਰਿਵਾਰ ਵਿਦੇਸ਼ ਰਹਿੰਦਾ ਹੈ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਇਸ ਦਰਵਾਜ਼ੇ ਤੇ ਦਲਾਨ ਦੀ ਲੋੜੀਂਦੀ ਮੁਰੰਮਤ ਕਰਵਾਕੇ ਰੰਗ ਕਰਵਾ ਦਿੱਤਾ। ਇਸ ਦਰਵਾਜ਼ੇ ਉੱਪਰ ਵਿਚਕਾਰ ਗੁਰੂ ਗੋਬਿੰਦ ਸਿੰਘ ਜੀ ਦੀ ਉੱਭਰਵੀ ਤਸਵੀਰ ਬਣੀ ਹੋਈ ਹੈ ਅਤੇ ਥੱਲੇ ਇਸ ਦਰਵਾਜ਼ੇ ਦੇ ਬਣਨ ਦਾ ਸਾਲ ਤੇ ਮਹੀਨਾ ਲਿਖਿਆ ਹੋਇਆ ਹੈ (ਜੂਨ, 1941)। ਸਪੱਸ਼ਟ ਹੈ ਕਿ ਇਹ ਦੋਵੇਂ ਦਰਵਾਜ਼ੇ ਸੰਤਾਲੀ ਦੀ ਵੰਡ ਤੋਂ ਪਹਿਲਾਂ ਬਣੇ ਸਨ। ਦੋਵੇਂ ਮਕਾਨਾਂ ਦੇ ਮੁੱਖ ਦਰਵਾਜ਼ਿਆਂ ’ਤੇ ਬਣੇ ਦੀਵੇ ਰੱਖਣ ਵਾਲੇ ਆਲੇ, ਵੇਲ-ਬੂਟੀਆਂ ਅਤੇ ਫੁੱਲਾਂ ਦੇ ਹੋਰ ਡਿਜ਼ਾਇਨ ਹਰ ਇੱਕ ਨੂੰ ਹੈਰਾਨ ਕਰਦੇ ਹਨ ਕਿ ਕਿੰਨੇ ਸਬਰ ਅਤੇ ਮਿਹਨਤ ਨਾਲ ਕਾਰੀਗਰਾਂ ਨੇ ਇਹ ਕੰਮ ਕੀਤਾ ਹੋਵੇਗਾ।
ਬਜ਼ੁਰਗਾਂ ਮੁਤਾਬਕ ਇਹੋ ਜਿਹੇ ਦਰਵਾਜ਼ੇ ਬਣਾਉਣ ਦੇ ਮਾਹਰ ਕੁਝ ਗਿਣੇ ਚੁਣੇ ਕਾਰੀਗਰ ਹੀ ਹੁੰਦੇ ਸਨ। ਚਿਣਾਈ ਜ਼ਿਆਦਾਤਰ ਚੂਨੇ ਦੀ ਹੀ ਹੁੰਦੀ ਸੀ। ਕਹਿੰਦੇ ਨੇ ਕਿ ਸੀਮਿੰਟ ਦੀ ਚਿਣਾਈ ਦੀ ਮੁਨਿਆਦ ਪੰਜਾਹ ਸਾਲ ਤੱਕ ਮਿਥੀ ਜਾਂਦੀ ਹੈ ਜਦੋਂਕਿ ਚੂਨੇ ਦੀ ਉਮਰ ਹੀ ਪੰਜਾਹ ਸਾਲ ਤੋਂ ਸ਼ੁਰੂ ਹੁੰਦੀ ਹੈ ਅਤੇ ਸਦੀਆਂ ਤੱਕ ਇਸ ਦੀ ਮੁਨਿਆਦ ਹੁੰਦੀ ਹੈ। ਇਹ ਗੱਲ ਵੀ ਸੱਚ ਹੀ ਜਾਪਦੀ ਹੈ ਤੇ ਆਸਪਾਸ ਪੁਰਾਣੀਆਂ ਇਮਾਰਤਾਂ ਤੋਂ ਇਸ ਦੀ ਪੁਸ਼ਟੀ ਵੀ ਕੀਤੀ ਜਾ ਸਕਦੀ ਹੈ। ਪਿੰਡ ਵਿੱਚ ਇਹੋ ਜਿਹੇ ਹੋਰ ਵੀ ਕਈ ਘਰ ਹੋਣਗੇ ਜੋ ਤਰੱਕੀ ਦੀ ਭੇਟ ਚੜ੍ਹ ਗਏ ਹਨ। ਇਨ੍ਹਾਂ ਦੋਵਾਂ ਦਰਵਾਜ਼ਿਆਂ ਨਾਲ ਵੱਡੇ ਵੱਡੇ ਭਾਰੀ ਅਤੇ ਮਜ਼ਬੂਤ ਸ਼ਤੀਰਾਂ ਸਹਾਰੇ ਖੜ੍ਹੇ ਦਲਾਨ ਹੁਣ ਵੀ ਵੇਖੇ ਜਾ ਸਕਦੇ ਹਨ।
ਬਦਲਦੇ ਸਮੇਂ ਨਾਲ ਲੋਕਾਂ ਨੇ ਨਵੇਂ ਘਰ ਬਣਾਉਣੇ ਸ਼ੁਰੂ ਕੀਤੇ ਤਾਂ ਬਹੁਤੇ ਪੁਰਾਣੇ ਦਰਵਾਜ਼ੇ ਅਤੇ ਦਲਾਨ ਢਾਹ ਦਿੱਤੇ ਗਏ। ਨਵੀਂ ਤਕਨੀਕ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਆਲੀਸ਼ਾਨ ਕੋਠੀਆਂ ਉਸਾਰ ਲਈਆਂ ਗਈਆਂ। ਬਹੁਤੇ ਪਰਿਵਾਰ ਤਾਂ ਪਿੰਡਾਂ ਵਿੱਚੋਂ ਉੱਠ ਕੇ ਬਾਹਰ ਨਿਆਈਆਂ ਵਿੱਚ ਨਵੇਂ ਘਰ ਅਤੇ ਕੋਠੀਆਂ ਪਾ ਕੇ ਰਹਿਣ ਲੱਗ ਪਏ ਤੇ ਪਿੰਡਾਂ ਵਿੱਚ ਰੌਣਕ ਘਟਣੀ ਸ਼ੁਰੂ ਹੋ ਗਈ। ਘਰ-ਘਰ ਮੋਬਾਈਲ ਅਤੇ ਟੈਲੀਵਿਜ਼ਨ ਆਮ ਆ ਗਏ। ਆਪਸੀ ਸਾਂਝ ਅਤੇ ਮੋਹ ਪਿਆਰ ਖਤਮ ਹੋ ਗਏ ਜਦੋਂਕਿ ਪਹਿਲਾਂ ਕਦੇ ਇੱਕ ਦੂਜੇ ਨਾਲ ਮਿਲਦਿਆਂ ਚਾਅ ਜਿਹਾ ਚੜ੍ਹ ਜਾਂਦਾ ਸੀ। ਜਿਹੜੇ ਦਲਾਨਾਂ ਵਿੱਚ ਕਦੇ ਟੱਬਰਾਂ ਦੇ ਟੱਬਰ ਇਕੱਠੇ ਹੋ ਕੇ ਬੈਠਦੇ ਸਨ, ਉਹ ਹੁਣ ਬਹੁਤੇ ਬਚੇ ਨਹੀਂ ਅਤੇ ਜਿਹੜੇ ਬਚੇ ਹੋਏ ਹਨ, ਉਨ੍ਹਾਂ ਘਰਾਂ ਨੂੰ ਜ਼ਿਆਦਾਤਰ ਤਾਲੇ ਲੱਗੇ ਹੋਏ ਹਨ। ਬਹਤੇ ਪੁਰਾਣੇ ਦਲਾਨ ਜਾਂ ਤਾਂ ਅੱਜ-ਕੱਲ੍ਹ ਤੂੜੀ ਨਾਲ ਡੱਕੇ ਹੋਏ ਹਨ ਜਾਂ ਫਿਰ ਉਨ੍ਹਾਂ ਵਿੱਚ ਪਸ਼ੂ ਬੰਨ੍ਹੇ ਹੋਏ ਹੀ ਮਿਲਦੇ ਹਨ। ਵੱਡੇ ਸਾਂਝੇ ਟੱਬਰ ਟੁੱਟ ਚੁੱਕੇ ਹਨ। ਇਕੱਠੇ ਹੋ ਕੇ ਬੈਠਣ ਦਾ ਵਿਹਲ ਅੱਜ-ਕੱਲ੍ਹ ਕਿਸੇ ਕੋਲ ਵੀ ਨਹੀਂ। ਟੱਬਰਾਂ ਦੇ ਟੱਬਰ ਆਏ ਦਿਨ ਵਿਦੇਸ਼ਾਂ ਨੂੰ ਜਾ ਰਹੇ ਹਨ ਅਤੇ ਬਹੁਤੀਆਂ ਕੋਠੀਆਂ ਵੀਰਾਨ ਪਈਆਂ ਹਨ, ਉਨ੍ਹਾਂ ਦੇ ਦਰਵਾਜ਼ਿਆਂ ’ਤੇ ਜਿੰਦਰੇ ਲੱਗੇ ਹੋਏ ਹਨ।
ਇਹ ਸੱਚ ਹੈ ਕਿ ਬਦਲਦੇ ਸਮੇਂ ਦੇ ਨਾਲ ਨਾਲ ਹੀ ਚੱਲਣਾ ਪੈਂਦਾ ਹੈ। ਆਉਣ ਵਾਲੇ ਵਕਤ ਵਿੱਚ ਬਚੇ ਹੋਏ ਇਹ ਪੁਰਾਣੇ ਘਰ ਅਤੇ ਦਲਾਨ ਹੋਰ ਕਿੰਨੀ ਦੇਰ ਤੱਕ ਸਲਾਮਤ ਰਹਿੰਦੇ ਹਨ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਇਹ ਜ਼ਰੂਰ ਕਿਹਾ ਜਾ ਸਕਦਾ ਕਿ ਜੋ ਮੋਹ ਪਿਆਰ ਅਤੇ ਸਾਂਝ ਪਹਿਲਾਂ ਲੋਕਾਂ ਵਿੱਚ ਹੁੰਦੀ ਸੀ, ਉਹ ਕਦੇ ਵਾਪਸ ਨਹੀਂ ਆ ਸਕਦੀ। ਜੋ ਰੌਣਕ ਕਦੇ ਦਰਵਾਜ਼ਿਆਂ ਅਤੇ ਦਲਾਨਾਂ ਵਿੱਚ ਲੱਗਦੀ ਹੁੰਦੀ ਸੀ, ਉਹ ਦੁਬਾਰਾ ਨਹੀਂ ਲੱਗਣੀ। ਛੋਟੇ ਟੱਬਰਾਂ ਦੇ ਇਕਲੌਤੇ ਧੀਆਂ-ਪੁੱਤਾਂ ਦੇ ਵਿਦੇਸ਼ਾਂ ਵਿੱਚ ਵੱਸਣ ਦਾ ਰੁਝਾਨ ਪਿੰਡਾਂ ਦੀ ਬਚੀ ਖੁਚੀ ਰੌਣਕ ਵੀ ਖਤਮ ਕਰ ਦੇਵੇਗਾ। ਪੁਰਾਣੇ ਜ਼ਮਾਨੇ ਦੇ ਪੰਜਾਬ ਦਾ ਜ਼ਿਕਰ ਸਿਰਫ਼ ਗੱਲਾਂ ਬਾਤਾਂ ਵਿੱਚ ਹੀ ਰਹਿ ਜਾਵੇਗਾ, ਤੇ ਇਹ ਗੱਲਾਂ ਬਾਤਾਂ ਸੁਣਨ ਦਾ ਵਕਤ ਵੀ ਸ਼ਾਇਦ ਕਿਸੇ ਕੋਲ ਨਾ ਰਹੇ।
ਸੰਪਰਕ: 98159-59476