ਮੁੰਬਈ: ਉੱਘੀ ਅਦਾਕਾਰਾ ਸ਼ਾਇਰਾ ਬਾਨੋ ਨੇ ਅੱਜ ਆਪਣੇ ਪਤੀ ਦਿਲੀਪ ਕੁਮਾਰ ਦੀ ਪਹਿਲੀ ਬਰਸੀ ਮੌਕੇ ਆਖਿਆ ਕਿ ਉਸ ਦੀ ਜ਼ਿੰਦਗੀ ਦੇ ਰੰਗ ਫਿੱਕੇ ਪੈ ਚੁੱਕੇ ਹਨ। ਜਾਣਕਾਰੀ ਅਨੁਸਾਰ ਪਿਛਲੇ ਸਾਲ ਅੱਜ ਦੇ ਦਿਨ 98 ਸਾਲ ਦੀ ਉਮਰ ਵਿੱਚ ਉਸ ਦੇ ਪਤੀ ਦਿਲੀਪ ਕੁਮਾਰ ਦਾ ਦੇਹਾਂਤ ਹੋ ਗਿਆ ਸੀ। ਸਾਇਰਾ ਬਾਨੋ ਤੇ ਦਿਲੀਪ ਕੁਮਾਰ ਨੇ 55 ਵਰ੍ਹੇ ਇਕੱਠਿਆਂ ਗੁਜ਼ਾਰੇ ਸਨ। ਅੱਜ ਆਪਣੇ ਮਰਹੂਮ ਪਤੀ ਨੂੰ ਯਾਦ ਕਰਦਿਆਂ ਸਾਇਰਾ ਬਾਨੋ ਨੇ ਕਿਹਾ,‘‘ਯੂਸਫ ਸਾਹਬ ਤੋਂ ਬਗੈਰ ਮੇਰੀ ਜ਼ਿੰਦਗੀ ਦੇ ਰੰਗ ਮੁੱਕ ਗਏ ਹਨ ਤੇ ਜ਼ਿੰਦਗੀ ਫਿੱਕੀ ਪੈ ਗਈ ਹੈ। ਇਹ ਇਕ ਵੱਖਰੀ ਕਿਸਮ ਦਾ ਪਿਆਰ ਹੈ। ਤੁਹਾਡੀ ਜ਼ਿੰਦਗੀ ਵਿੱਚ ਕੁਝ ਲੋਕਾਂ ਦੀ ਥਾਂ ਕੋਈ ਨਹੀਂ ਲੈ ਸਕਦਾ। ਜੇਕਰ ਤੁਸੀਂ ਮੈਨੂੰ ਦੁਨੀਆ ਦੀ ਸਾਰੀ ਦੌਲਤ ਅਤੇ ਦਿਲੀਪ ਵਿੱਚੋਂ ਕਿਸੇ ਇਕ ਨੂੰ ਚੁਣਨ ਲਈ ਕਹੋਗੇ ਤਾਂ ਮੈਂ ਦਲੀਪ ਸਾਹਬ ਦਾ ਸਾਥ ਹੀ ਚਾਹਾਂਗੀ।’’ ‘ਮੁਗ਼ਲ-ਏ-ਆਜ਼ਮ’ ਤੇ ‘ਸ਼ਕਤੀ’ ਵਰਗੀਆਂ ਫ਼ਿਲਮਾਂ ਵਿੱਚ ਆਪਣਾ ਲੋਹਾ ਮਨਵਾਉਣ ਵਾਲਾ ਮਰਹੂਮ ਅਦਾਕਾਰ ਆਪਣੇ ਦਰਸ਼ਕਾਂ ਲਈ ਦਿਲੀਪ ਕੁਮਾਰ ਸੀ ਪਰ ਸਾਇਰਾ ਬਾਨੋ ਲਈ ਉਹ ਅੱਜ ਵੀ ‘ਸਾਹਬ’ ਹੀ ਹੈ। ਮਰਹੂਮ ਅਦਾਕਾਰ ਦਾ ਅਸਲ ਨਾਂ ਮੁਹੰਮਦ ਯੂਸਫ਼ ਖ਼ਾਨ ਸੀ। ਸਾਇਰਾ ਬਾਨੋ ਨੇ ਦੱਸਿਆ ਕਿ ਦਿਲੀਪ ਕੁਮਾਰ ਨੇ ਹਰ ਔਖੀ ਘੜੀ ਵਿੱਚ ਉਸ ਦਾ ਸਾਥ ਦਿੱਤਾ। ਉਸ ਦੀ ਦਾਦੀ ਸ਼ਮਸ਼ਾਦ ਬੇਗਮ ਸਾਹਿਬਾ, ਮਾਂ ਨਸੀਮ ਬਾਨੋ ਅਤੇ ਭਰਾ ਸੁਲਤਾਨ ਅਹਿਮਦ ਦੇ ਦੇਹਾਂਤ ਵੇਲੇ ਉਹ ਟੁੱਟ ਚੁੱਕੀ ਸੀ, ਪਰ ਦਿਲੀਪ ਉਸ ਦਾ ਸਹਾਰਾ ਬਣੇ। ਜ਼ਿਕਰਯੋਗ ਹੈ ਕਿ 77 ਸਾਲਾ ਸਾਇਰਾ ਬਾਨੋ ਦੀ ਸਿਹਤ ਪਿਛਲੇ ਇੱਕ ਸਾਲ ’ਚ ਕਾਫੀ ਵਿਗੜ ਚੁੱਕੀ ਹੈ ਤੇ ਉਹ ਹਸਪਤਾਲ ਦੇ ਕਈ ਚੱਕਰ ਕੱਟ ਰਹੀ ਹੈ। ਇਸ ਔਖੀ ਘੜੀ ਵਿੱਚ ਦਲੀਪ ਕੁਮਾਰ ਦੇ ਸਾਥੀ ਅਦਾਕਾਰ ਧਰਮਿੰਦਰ ਤੇ ਅਮਿਤਾਭ ਬੱਚਨ ਲਗਾਤਾਰ ਉਸ ਦੀ ਹਿੰਮਤ ਵਧਾ ਰਹੇ ਹਨ ਤੇ ਦੋਵਾਂ ਦੇ ਪਰਿਵਾਰ ਸਾਇਰਾ ਬਾਨੋ ਲਈ ਆਪਣੇ ਪਰਿਵਾਰ ਵਾਂਗ ਹਨ। -ਪੀਟੀਆਈ