ਡਾ. ਸਾਹਿਬ ਸਿੰਘ
ਰੰਗਮੰਚ ਰੰਗਾਂ ਦੀ ਖੇਡ ਖੇਡਦਾ ਹੈ। ਰੰਗਾਂ ਨੂੰ ਅਰਥ ਪ੍ਰਦਾਨ ਕਰਦਾ ਹੈ। ਛੁਪੇ ਅਰਥ ਰੰਗਾਂ ਰਾਹੀਂ ਕਹਿੰਦਾ ਹੈ। ਮੰਚ ਉੱਤੇ ਰੰਗ ਉਡਾਣ ਭਰਦੇ ਹਨ। ਨਾਟਕਕਾਰ, ਨਿਰਦੇਸ਼ਕ, ਅਦਾਕਾਰ ਚਾਹੁੰਦੇ ਹਨ ਕਿ ਉਨ੍ਹਾਂ ਮਿਲ ਕੇ ਰੰਗਾਂ ਦੀ ਜੋ ਸਤਰੰਗੀ ਪੀਂਘ ਉਸਾਰੀ ਹੈ, ਦਰਸ਼ਕ ਉਸ ਪੀਂਘ ਦਾ ਝੂਟਾ ਲਵੇ। ਉਸ ਦੀ ਉਡਾਣ ਨੂੰ ਸਮਝੇ, ਉਸ ਦੇ ਰੰਗਾਂ ਰਾਹੀਂ ਸ਼ਬਦਾਂ ਦੇ ਅੰਦਰ ਵੜੇ ਤੇ ਸ਼ਬਦਾਂ ਰਾਹੀਂ ਉਹਦੇ ਵਾਕ ਨੂੰ ਜਿਊਂਦਾ ਕਰੇ। ਰੰਗਮੰਚ ਦੇ ਰੰਗ ਹਮੇਸ਼ਾਂ ਸਿੱਧ ਪੱਧਰੇ ਨਹੀਂ ਹੁੰਦੇ, ਨਾ ਹੀ ਹਮੇਸ਼ਾਂ ਇਕੋ ਜਿਹੇ ਹੁੰਦੇ ਹਨ। ਇਹੀ ਰੰਗਮੰਚ ਦੀ ਵਿਲੱਖਣਤਾ ਹੈ। ਇਹੀ ਜ਼ਿੰਦਗੀ ਦੇ ਜ਼ਿੰਦਾ ਹੋਣ ਦਾ ਪ੍ਰਮਾਣ ਹੈ। ਲਾਲ ਰੰਗ ਹਮੇਸ਼ਾਂ ਬਗਾਵਤ ਦਾ ਸੂਚਕ ਨਹੀਂ ਹੁੰਦਾ, ਖ਼ਤਰੇ ਦਾ ਚਿੰਨ੍ਹ ਵੀ ਹੁੰਦਾ ਹੈ। ਇਕ ਬਾਲੜੀ ਤੋਂ ਬਾਲਗ ਵਰੇਸ ਵੱਲ ਵਧਣ ਦੇ ਪਹਿਲੇ ਕਦਮ ਦਾ ਚਿੰਨ੍ਹ ਵੀ ਹੁੰਦਾ ਹੈ। ਜੋ ਦਰਸ਼ਕ ਮੰਚ ’ਤੇ ਫੈਲੇ ਰੰਗਾਂ ਨੂੰ ਮੁਕੰਮਲ ਤੇ ਸਹੀ ਅਰਥਾਂ ਵਿਚ ਪਕੜ ਗਿਆ, ਉਹ ਰੰਗਮੰਚ ਦਾ ਆਲੋਚਕ, ਵਿਦਵਾਨ ਬਣ ਜਾਂਦਾ ਹੈ। ਜੋ ਦਰਸ਼ਕ ਇਨ੍ਹਾਂ ਰੰਗਾਂ ਨੂੰ ਵੱਡੀ ਮਾਤਰਾ ’ਚ ਬੁੱਝ ਲੈਂਦਾ ਹੈ, ਉਹ ਰੰਗਮੰਚ ਦਾ ਸਿਆਣਾ ਦਰਸ਼ਕ ਬਣ ਜਾਂਦਾ ਹੈ। ਜੋ ਅੱਧ ਪਚੱਧੇ ਕਿਆਸ ਲਾ ਲੈਂਦਾ ਹੈ, ਉਹ ਰੰਗਮੰਚ ਦਾ ‘ਉੱਭਰਦਾ ਦਰਸ਼ਕ’ ਬਣ ਜਾਂਦਾ ਹੈ। ਜੋ ਉੱਕਾ ਨਹੀਂ ਸਮਝਦਾ ਕਿ ਇਨ੍ਹਾਂ ਰੰਗਾਂ ਦੇ ਅਰਥ ਕੀ ਹਨ, ਪਰ ਰੰਗਾਂ ਦੀ ਖੇਡ ਵੇਖ ਜਿਸ ਨੂੰ ਚੰਗਾ ਲੱਗਦਾ ਹੈ, ਉਹ ਰੰਗਮੰਚ ਦਾ ‘ਸਾਊ ਦਰਸ਼ਕ’ ਅਖਵਾਉਂਦਾ ਹੈ।
ਜਿਸ ਨੂੰ ਇਹ ਰੰਗ ਬੇਲੋੜੇ ਲੱਗਦੇ ਹਨ ਤੇ ਉਹ ਸਿਰਫ਼ ਸ਼ਬਦਾਂ ਦੇ ਸ਼ਾਬਦਿਕ ਅਰਥ ਮਗਰ ਦੌੜਦਾ ਹੈ, ਉਸ ਨੂੰ ਰੰਗਮੰਚ ਦਾ ‘ਕੱਬਾ ਦਰਸ਼ਕ’ ਕਿਹਾ ਜਾਂਦਾ ਹੈ। ਜੋ ਇਨ੍ਹਾਂ ਰੰਗਾਂ ਦੀ ਮਹਿਮਾ ਤੇ ਆਭਾ ਮੰਡਲ ਸਮਝ ਕੇ ਵੀ ਕਿਸੇ ਹੋਰ ਰੰਗ ਦੀ ਗ਼ੈਰਹਾਜ਼ਰੀ ਤੇ ਪ੍ਰਾਪਤ ਰੰਗ ਦੀ ਹਾਜ਼ਰੀ ਪ੍ਰਤੀ ਖਿਝਿਆ ਸੜਿਆ ਰਹਿੰਦਾ ਹੈ, ਉਸ ਨੂੰ ਜ਼ਿੱਦੀ ਤੇ ਇਕਪਾਸੜ ਦਰਸ਼ਕ ਕਿਹਾ ਜਾਂਦਾ ਹੈ। ਜੋ ਸਾਰੇ ਰੰਗਾਂ ਨੂੰ ਦਰਕਿਨਾਰ ਕਰਕੇ ਮੰਚ ਉੱਤੇ ਸਿਰਫ਼ ਇਕੋ ਹੀ ਰੰਗ ਦੇਖਣਾ ਚਾਹੁੰਦਾ ਹੈ, ਉਸ ਨੂੰ ‘ਤਾਨਾਸ਼ਾਹ ਦਰਸ਼ਕ’ ਕਿਹਾ ਜਾਂਦਾ ਹੈ। ਤੇ ਜੋ ਦਰਸ਼ਕ ਇਸ ਸਭ ਕੁਝ ਨੂੰ ਸਮਝਦਿਆਂ ਵੀ ਨਕਾਰਾਤਮਕ ਰਵੱਈਏ ਨੂੰ ਹਿੱਕ ਨਾਲ ਲਗਾ ਕੇ ਰੱਖਦਾ ਹੈ, ਉਸ ਲਈ ਪੰਜਾਬੀ ਸ਼ਬਦਾਵਲੀ ਵਿਚ ਬੜਾ ਹੀ ਭੈੜਾ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ ਜੋ ਇਸ ਕਾਲਮ ਦੀ ਮਰਿਆਦਾ ਤੋਂ ਬਾਹਰ ਹੈ। ਅੱਜ ਤਾਨਾਸ਼ਾਹ ਰੰਗ ਨਾਲ ਟੱਕਰ ਲੈਂਦਾ ਕਿਸਾਨੀ ਅੰਦੋਲਨ ਦਾ ਗੁਲਦਸਤਾ ਜੋ ਰੰਗ ਲੈ ਕੇ ਹਾਜ਼ਰ ਹੋ ਰਿਹਾ ਹੈ, ਉਸ ਦੇ ਦਰਸ਼ਕਾਂ ਦੀ ਵੰਡ ਵੀ ਲਗਪਗ ਇਹੋ ਜਿਹੀ ਹੀ ਹੈ ਕਿਉਂਕਿ ਮੋਰਚਾ ਜ਼ਿੰਦਗੀ ਦੀ ਛਾਨਣੀ ’ਚੋਂ ਛਣ ਕੇ ਪੇਸ਼ ਹੋਇਆ ਹੈ ਤੇ ਰੰਗਮੰਚ ਜ਼ਿੰਦਗੀ ਦੇ ਕੀਮਤੀ ਨਗ ਚੁਣਨ ਲਈ ਬਾਜ਼ੀ ਲਾਉਂਦਾ ਹੈ।
ਸ਼ਹੀਦ ਭਗਤ ਸਿੰਘ ਜਦੋਂ ‘ਬਸੰਤੀ ਚੋਲਾ’ ਰੰਗਣ ਦੀ ਗੱਲ ਕਰਦਾ ਹੈ ਤਾਂ ਬਸੰਤ ਨੱਚ ਉੱਠਦੀ ਹੈ, ਨਾਇਕ ਨੇ ਉਸ ਦੀ ਖ਼ਸਲਤ ਨੂੰ ਮਾਣ ਜੋ ਦਿੱਤਾ ਹੈ। ਅੱਜ ਉਹ ਰੰਗ ਪੰਜਾਬਣਾਂ ਦੇ ਸਿਰਾਂ ਦੀ ਸ਼ਾਨ ਬਣਿਆ ਕਿਸਾਨ ਮੋਰਚੇ ’ਚ ਇਉਂ ਲੱਗਦਾ ਹੈ ਜਿਵੇਂ ਬਾਰਡਰ ’ਤੇ ਦੂਰ ਤਕ ਸਰ੍ਹੋਂ ਖਿੜੀ ਹੋਵੇ! ਇਹ ਜਿਊਂਦਾ ਜਾਗਦਾ ਰੰਗਮੰਚ ਹੈ! ਰੰਗ ਆਪਣੇ ਅਰਥਾਂ ਸਮੇਤ ਲੋਕਾਈ ਦੇ ਦਿਲਾਂ ਤਕ ਰਸਾਈ ਕਰ ਗਿਆ ਹੈ ਤੇ ਇਸ ਰੰਗਮੰਚ ਦਾ ਦਰਸ਼ਕ ਮਹਾਂ ਵਿਦਵਾਨ ਬਣ ਗਿਆ ਹੈ। ਜਿਨ੍ਹਾਂ ਕਾਨੂੰਨਾਂ ਨੇ ਧੁਖਦੇ ਦਿਲਾਂ ਨੂੰ ਭਾਂਬੜ ਬਣਾਇਆ ਹੈ, ਉਨ੍ਹਾਂ ਨੂੰ ਕਾਲਾ ਰੰਗ ਨਸੀਬ ਹੋਇਆ ਹੈ। ਵਿਡੰਬਨਾ ਦੇਖੋ, ਕਾਲਾ ਰੰਗ ਰੰਗਮੰਚ ਦੇ ਮੁੱਢਲੇ ਰੰਗਾਂ ’ਚ ਸਰਦਾਰੀ ਰੱਖਦਾ ਹੈ। ਇਨ੍ਹਾਂ ਸੰਘਰਸ਼ੀ ਦਿਨਾਂ ਵਿਚ ਸ਼ਾਇਦ ਹਰ ਘੁੰਡੀ ਨੇ ਜੱਗ ਜ਼ਾਹਿਰ ਹੋਣਾ ਹੋਵੇ! ਰੰਗਮੰਚ ਦਾ ਨਿਰਦੇਸ਼ਕ ਹਮੇਸ਼ਾਂ ਆਪਣੇ ਵੱਲੋਂ ਕੀਤੀ ਰੰਗਾਂ ਦੀ ਵਿਉਂਤਬੰਦੀ ਨੂੰ ਕਾਲੇ ਰੰਗ ਦੇ ਸਾਹਮਣੇ ਉਭਾਰਨਾ ਚਾਹੁੰਦਾ ਹੈ। ਕਾਲੇ ਰੰਗ ਦੇ ਸਾਹਮਣੇ ਲਾਲ, ਪੀਲਾ, ਹਰਾ ਖ਼ੂਬ ਉੱਘੜਦੇ ਹਨ। ਰੰਗਮੰਚ ਚਾਨਣ ਦਾ ਪ੍ਰਤੀਕ ਹੈ, ਜਿੱਥੇ ਵੀ ਕਿਤੇ ਕਾਲਖ ਰੰਗਾ ਹਨੇਰਾ ਨਜ਼ਰ ਪਏ, ਇਹ ਆਪਣੀ ਮਸ਼ਾਲ ਫੜ ਕੇ ਭੱਜ ਲੈਂਦਾ ਹੈ। ਉਂਜ ਕਾਲੇ ਰੰਗ ਨਾਲ ਰੰਗਮੰਚ ਨੂੰ ਕੋਈ ਵੈਰ ਨਹੀਂ। ‘ਕਾਲਾ ਮੈਂਡਾ ਵੇਸ’ ਵਾਲੇ ਸਾਈਆਂ ਫ਼ਕੀਰਾਂ ਨਾਲ ਰੰਗਮੰਚ ਦੀ ਪੱਕੀ ਆੜੀ ਹੈ। ਬੁੱਲ੍ਹੇ ਸ਼ਾਹ ਵਾਂਗ ਸਰੇ ਬਾਜ਼ਾਰ ਨੱਚਣਾ ਇਸ ਦੀ ਖ਼ੂਬੀ ਹੈ, ਪਰ ਜਿੱਥੇ ਕਾਲਾ ਰੰਗ ਬਾਕੀ ਰੰਗਾਂ ਨੂੰ ਨਿਗਲ ਜਾਣਾ ਚਾਹੁੰਦਾ ਹੋਵੇ, ਉੱਥੇ ਰੰਗਮੰਚ ਬਾਕੀ ਰੰਗਾਂ ਦੀ ਪਛਾਣ ਬਚਾਉਣ ਲਈ ਨਿੱਤਰਦਾ ਹੈ। ਅਜਿਹਾ ਇਕ ਵਾਰ ਨਹੀਂ, ਅਨੇਕਾਂ ਵਾਰ ਹੋਇਆ, ਜਦੋਂ ਰੰਗਮੰਚ ਨੰਗੇ ਧੜ ਪੇਸ਼ ਹੋਇਆ ਹੈ। ਸਫ਼ਦਰ ਹਾਸ਼ਮੀ ਦੇ ਡੁੱਲ੍ਹੇ ਖ਼ੂਨ ਦਾ ਸੁਰਖ ਰੰਗ ਅੱਜ ਵੀ ਰੰਗਕਰਮੀਆਂ ਦੀਆਂ ਨਾੜਾਂ ’ਚ ਵੰਗਾਰ ਬਣ ਵਹਿੰਦਾ ਹੈ। ਸਫ਼ਦਰ ਕਾਲਖ ਨੂੰ ਚੁਣੌਤੀ ਦਿੰਦਾ, ਆਪਣਾ ਪਸੰਦੀਦਾ ਰੰਗ ਜ਼ਮੀਨ ਦੀ ਹਿੱਕ ’ਤੇ ਫੈਲਾ ਗਿਆ ਸੀ, ਉਸ ਜ਼ਮੀਨ ਨੇ ਅਨੇਕਾਂ ‘ਸਫ਼ਦਰ’ ਪੈਦਾ ਕੀਤੇ।
ਰੰਗ ਕਦੀ ਇਕਹਿਰੇ ਨਹੀਂ ਹੁੰਦੇ। ਚਿਤਰਕਲਾ ਦੇ ਮਾਹਿਰ ਜਾਣਦੇ ਹਨ ਕਿ ਕਿਸ ਰੰਗ ਵਿਚ ਕਿਹੜਾ ਰੰਗ ਮਿਲਾਈਏ ਤਾਂ ਫਲਾਣਾ ਰੰਗ ਤਿਆਰ ਹੋ ਜਾਂਦਾ ਹੈ। ਇਸੇ ਲਈ ਹਰ ਰੰਗ ਬਹੁਅਰਥੀ ਹੁੰਦਾ ਹੈ। ਅਜੇ ਕੱਲ੍ਹ ਤਕ ਹਰਾ ਰੰਗ ਇਕ ਫ਼ਿਰਕੇ ਨਾਲ ਜੋੜ ਕੇ ਤਾਨਾਸ਼ਾਹ ਤਾਕਤਾਂ ਉਸ ਫ਼ਿਰਕੇ ਦੇ ਗਲ਼ ’ਚ ਭਗਵਾਂ ਪਰਨਾ ਪਾ ਕੇ ਉਸ ਦੀ ਰਗ ਦਬਾਉਣਾ ਚਾਹੁੰਦੇ ਸਨ। ਅੱਜ ਉਹੀ ਹਰਾ ਰੰਗ ਹਰੀਆਂ ਭਰੀਆਂ ਫ਼ਸਲਾਂ ਉਗਾਉਣ ਵਾਲੇ ਕਿਸਾਨ ਦਾ ਚਿੰਨ੍ਹ ਬਣ ਗਿਆ ਹੈ। ਅੱਜ ਹਰਾ ਇਕ ਵੱਖਰੇ ਰੂਪ ’ਚ ਸੱਤਾ ਦੇ ਵਿਹੜੇ ਡਾਂਗ ਲਈ ਖੜ੍ਹਾ ਹੈ। ਰੰਗਮੰਚ ਇਸ ਰੰਗ ਦੀ ਅੱਡਰੀ ਤੇ ਨਿਵੇਕਲੀ ਪਹਿਚਾਣ ਨੂੰ ਆਪਣੀਆਂ ਪੇਸ਼ਕਾਰੀਆਂ ’ਚ ਸੰਜੋਅ ਕੇ ਗੂੜ੍ਹੇ ਅਰਥ ਦੇਵੇਗਾ, ਅਜਿਹਾ ਭਵਿੱਖ ਦੇ ਗਰਭ ’ਚ ਪਿਆ ਨਜ਼ਰੀਂ ਪੈਂਦਾ ਹੈ। ਹਰਿਆਲੀ ਬਚਾਉਣ ਵਾਲੇ ਹਰੇ ਪਰਨਿਆਂ ਤੇ ਹਰੀਆਂ ਪੱਗਾਂ ਦੇ ਵਾਰਿਸ ਝੂਲਦੇ ਹਰੇ ਝੰਡਿਆਂ ਸੰਗ ਵੱਖਰੀ ਦਿੱਖ ਤੇ ਪਛਾਣ ਕਾਇਮ ਕਰ ਰਹੇ ਹਨ। ਅੱਜ ਨੌਜਵਾਨਾਂ ਲਈ ਹਰੀ ਪੱਗ ਤੇ ਹਰਾ ਪਰਨਾ ਫੈਸ਼ਨ ਬਣ ਗਿਆ ਹੈ। ਰੰਗ ਇੰਜ ਹੀ ਬਾਜ਼ੀਆਂ ਪਾਉਂਦੇ ਵਕਤ ਦੇ ਬਾਰੀਕ ਕੜਿਆਂ ’ਚੋਂ ਲੰਘਦਾ ਹੈ ਤੇ ਆਵਾਮ ਦੀ ਸ਼ਾਬਾਸ਼ ਹਾਸਲ ਕਰਦਾ ਹੈ। ਰੰਗਮੰਚ ਫਿਰ ਉਸ ਸ਼ਾਬਾਸ਼ ’ਤੇ ਮੋਹਰ ਲਗਾਉਂਦਾ ਹੈ।
ਕਦੇ ਵੇਲਾ ਸੀ ਕਿ ਮੰਚ ਉੱਤੇ ਕੋਈ ਕਤਲ ਦਰਸਾਉਣਾ ਹੁੰਦਾ ਤਾਂ ਸੂਤਰਧਾਰ ਜਾਂ ਕੋਈ ਹੋਰ ਪਾਤਰ ਉਸ ਕਤਲ ਦੀ ਖ਼ਬਰ ਦੇ ਕੇ ਜਾਂ ਨਾਟਕੀ ਢੰਗ ਨਾਲ ਵਰਨਣ ਕਰਕੇ ਦਰਸ਼ਕ ਨੂੰ ਸੂਚਨਾ ਦਿੰਦੇ। ਕਦੇ ਤਲਵਾਰ ਹਵਾ ’ਚ ਉੱਲਰਦੀ… ਰੋਸ਼ਨੀ ਅਚਾਨਕ ਬੁਝਾ ਦਿੱਤੀ ਜਾਂਦੀ ਤੇ ਹਨੇਰੇ ’ਚ ਚੀਕ ਗੂੰਜਦੀ। ਫਿਰ ਰੰਗ ਨਿਰਦੇਸ਼ਕ ਨੇ ਰੰਗਾਂ ਦੇ ਬੂਹੇ ਦਸਤਕ ਦਿੱਤੀ। ਮੰਚ ਉੱਤੇ ਸਫ਼ੈਦ ਕੱਪੜਾ ਆਇਆ, ਬੇਦਾਗ਼ ਜ਼ਿੰਦਗੀ ਵਰਗਾ ਸਵੱਛ ਕੱਪੜਾ, ਦੂਜੇ ਕੋਨਿਉਂ ਲਹੂ ਰੰਗੇ ਪਾਣੀ ਨਾਲ ਭਰਿਆ ਕਟੋਰਾ ਆਇਆ, ਸੰਗੀਤ ਨੇ ਮਾਹੌਲ ਸਿਰਜਿਆ। ਕਟੋਰਾ ਕੱਪੜੇ ਦੀ ਹਿੱਕ ’ਤੇ ਮੂਧਾ ਕਰ ਦਿੱਤਾ ਗਿਆ, ਜ਼ਿੰਦਗੀ ਖ਼ੂਨ ਸੰਗ ਵਿਆਹੀ ਗਈ। ਕਟੋਰਾ ਮੰਚ ਦੀ ਜ਼ਮੀਨ ’ਤੇ ਡਿੱਗਿਆ, ਟੁੱਟ ਗਿਆ, ਉਸ ਦੇ ਟੁਕੜੇ ਇਧਰ ਉਧਰ ਬਿਖਰ ਗਏ, ਕਤਲ ਹੋ ਗਿਆ!
ਔਰਤ ਸੁੱਤੀ ਪਈ ਹੈ, ਸਫ਼ੈਦ ਰੋਸ਼ਨੀ ਨਜ਼ਰੀਂ ਪੈ ਰਹੀ ਹੈ। ਆਹਿਸਤਾ ਆਹਿਸਤਾ ਸਫ਼ੈਦੀ ਨਿਲੱਤਣ ’ਚ ਤਬਦੀਲ ਹੋ ਰਹੀ ਹੈ, ਸੁਪਨੇ ਦਾ ਰੰਗ ਫਿਜ਼ਾ ’ਚ ਫੈਲ ਗਿਆ ਹੈ। ਸੁਪਨਾ ਟੁੱਟਿਆ, ਔਰਤ ਸਹਿਮ ਗਈ, ਡਰੀ ਹੋਈ ਹੈ। ਰੋਸ਼ਨੀ ਲਾਲ ਰੰਗ ਵੱਲ ਵਧ ਰਹੀ ਹੈ,ਤਣਾਅ ਫੈਲ ਗਿਆ ਹੈ। ਔਰਤ ਕੀ ਕਰੇ! ਉਸ ਦੇ ਚਿਹਰੇ ਦੇ ਹਾਵ ਭਾਵ ਬਦਲਦੇ ਹਨ, ਉਹ ਫ਼ੈਸਲੇ ਵੱਲ ਵੱਧਦੀ ਹੈ, ਲਾਲ ਰੰਗ ਹੋਰ ਗੂੜ੍ਹਾ ਹੋ ਗਿਆ ਹੈ, ਉਹਦਾ ਚਿਹਰਾ ਭਖਦਾ ਹੋਇਆ ਦਿਸਣ ਲੱਗ ਪੈਂਦਾ ਹੈ, ਉਹ ਮੰਜਾ ਚੁੱਕ ਖੜ੍ਹਾ ਕਰ ਦਿੰਦੀ ਹੈ। ਦੌਣ ਵਾਲਾ ਪਾਸਾ ਉਤਾਂਹ ਵੱਲ ਹੈ, ਦਰਸ਼ਕ ਰੰਗਾਂ ਦੀ ਖੇਡ ’ਚ ਸਭ ਸਮਝ ਗਿਆ ਹੈ ਕਿ ਔਰਤ ਕੀ ਕਰਨਾ ਲੋਚ ਰਹੀ ਹੈ! ਰੰਗ ਰੰਗਮੰਚ ਦਾ ਹਥਿਆਰ ਹਨ। ਰੰਗ ਜ਼ਿੰਦਗੀ ਦਾ ਸ਼ਗਨ ਹਨ। ਮੋਰਚੇ ’ਚ ਬੈਠੀ ਔਰਤ ਜਦੋਂ ਗੁੱਸੇ ਵਿਚ ਆ ਕੇ ਆਪਣੀ ਮੁੱਠੀ ਘੁੱਟਦੀ ਹੈ ਤਾਂ ਹਥੇਲੀ ਦੀਆਂ ਰਗਾਂ ਦਾ ਰੰਗ ਕੁਝ ਹੋਰ ਹੁੰਦਾ ਹੈ। ਉਹੀ ਔਰਤ ਜਦੋਂ ਦੁਨੀਆਂ ਦੀ ਸਾਰੀ ਮਮਤਾ ਆਪਣੇ ਅੰਦਰ ਭਰ ਕੇ ਅਸੀਸ ਦਿੰਦੀ ਹੈ ਤਾਂ ਉਸੇ ਹਥੇਲੀ ਦੀਆਂ ਰਗਾਂ ਦਾ ਰੰਗ ਬਦਲ ਜਾਂਦਾ ਹੈ। ਨੀਲੇ ਬਾਣੇ ’ਚ ਸਜਿਆ ਸਾਬਤ ਸੂਰਤ ਸਿੰਘ ਜਦੋਂ ਹੱਥ ’ਚ ਬਰਛੀ ਘੁੱਟ ਕੇ ਇਨਕਲਾਬ ਜ਼ਿੰਦਾਬਾਦ ਕਹਿੰਦਾ ਹੈ ਤਾਂ ਉਨ੍ਹਾਂ ਰੰਗਾਂ ਦਾ ਮਿਸ਼ਰਣ ਕਿਸ ਨਤੀਜੇ ’ਚ ਢਲਦਾ ਹੈ, ਇਹ ਰੰਗ ਮੇਰੇ ਰੰਗਮੰਚ ਨੇ ਪਕੜਨਾ ਹੈ! ਜਦੋਂ ਟਰਾਲੀ ਦੀ ਖੂੰਜੇ ਬੈਠਾ ਗੁੜ ਗੁੜ ਕਰਦਾ ਹਰਿਆਣਵੀ ਬੋਲੇ ਸੋ ਨਿਹਾਲ ਦਾ ਜੈਕਾਰਾ ਦੇ ਮਾਰਦਾ ਹੈ, ਤਾਂ ਰੰਗ ਮਜੀਠੀ ਖਿੜ ਉੱਠਦਾ ਹੈ! ਵ੍ਹੀਲਚੇਅਰ ’ਤੇ ਬੈਠਾ ਮਾਲੇਰਕੋਟਲੇ ਦਾ ਸ਼ੇਰ ਮੁਹੰਮਦ ਜਦੋਂ ਲਲਕਾਰਾ ਮਾਰ ਕੇ ਕਹਿੰਦਾ ਹੈ, ‘ਅਜੇ ਨਾ ਆਈ ਮੰਜ਼ਿਲ ਤੇਰੀ, ਅਜੇ ਹਨੇਰਾ ਗਾੜ੍ਹਾ ਹੈ!’ ਤਾਂ ਉਸ ਦੇ ਚਿਹਰੇ ਵੱਲ ਨਹੀਂ, ਪੈਰਾਂ ਵੱਲ ਦੇਖੋ, ਰੰਗਾਂ ਦੀ ਕਲਾਬਾਜ਼ੀ ਤੁਹਾਨੂੰ ਹੈਰਾਨ ਕਰ ਦੇਵੇਗੀ। ਉਨ੍ਹਾਂ ਪੈਰਾਂ ਦੀ ਹਰਕਤ ਦਾ ਰੰਗ ਮੇਰੇ ਰੰਗਮੰਚ ਨੇ ਅਵੱਸ਼ ਪਕੜਨਾ ਹੈ! ਸੈਂਕੜੇ ਜਾਨਾਂ ਸ਼ਹੀਦ ਹੋ ਜਾਣ ਤੋਂ ਬਾਅਦ ਵੀ ਜਦੋਂ ਛਿਦਰੀ ਦਾੜ੍ਹੀ ਵਾਲਾ ਬਾਬਾ ਕਹਿੰਦਾ ਹੈ, ‘ਅਸੀਂ ਲੜਾਂਗੇ, ਤੇ ਅਸੀਂ ਜਿੱਤਾਂਗੇ!’ ਉਸ ਦਾੜ੍ਹੀ ਦੇ ਥੱਲੇ ਭਖਦੀਆਂ ਸੁਰਖ ਗੁਲਾਬੀ ਗੱਲ੍ਹਾਂ ਦੇ ਬੇਜੋੜ ਜਜ਼ਬੇ ਦਾ ਰੰਗ ਪਕੜਨ ਦਾ ਵੇਲਾ ਆ ਗਿਆ ਹੈ।
ਸੰਪਰਕ: 98880-11096