ਜਸਵਿੰਦਰ ਸਿੰਘ ਰੁਪਾਲ
ਚੁੰਨੀ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਰਹੀ ਹੈ। ਇਹ ਇਕ ਦੋ ਕੁ ਮੀਟਰ ਦਾ ਕੱਪੜਾ ਹੁੰਦਾ ਹੈ ਜੋ ਔਰਤਾਂ ਆਪਣਾ ਸਿਰ ਢਕਣ ਲਈ ਵਰਤਦੀਆਂ ਹਨ। ਅਸਲ ਵਿਚ ਇਹ ਸਿਰਫ਼ ਇਕ ਕੱਪੜਾ ਹੀ ਨਹੀਂ, ਸਗੋਂ ਇਸ ਦੇ ਨਾਲ ਸਾਡੇ ਸਮਾਜ ਦੀਆਂ ਕਦਰਾਂ ਕੀਮਤਾਂ ਵੀ ਜੁੜੀਆਂ ਹੋਈਆਂ ਹਨ। ਔਰਤ ਲਈ ਸਿਰ ਢੱਕ ਕੇ ਰੱਖਣਾ ਜ਼ਰੂਰੀ ਸਮਝਿਆ ਜਾਂਦਾ ਸੀ। ਇਸ ਦੇ ਕਾਰਨਾਂ ਵੱਲ ਵੀ ਝਾਤ ਮਾਰਦੇ ਚੱਲੀਏ। ਪਹਿਲੀ ਗੱਲ ਕਿ ਪੁਰਾਣੇ ਸਮੇਂ ਵਿਚ ਸਾਰੇ ਮਰਦ ਅਤੇ ਔਰਤਾਂ ਕੇਸ ਰੱਖਦੇ ਸਨ। ਔਰਤਾਂ ਲਈ ਤਾਂ ਲੰਮੇ ਕੇਸ, ਉਨ੍ਹਾਂ ਦੀ ਖੂਬਸੂਰਤੀ ਦੀ ਨਿਸ਼ਾਨੀ ਹੁੰਦੀ ਸੀ। ਔਰਤਾਂ ਨੇ ਇਕੱਲੇ ਰਸੋਈ ਦੇ ਹੀ ਕੰਮ ਨਹੀਂ ਕਰਨੇ ਹੁੰਦੇ ਸਨ, ਸਗੋਂ ਉਹ ਖੇਤੀਬਾੜੀ ਅਤੇ ਪਸ਼ੂਆਂ ਦੀ ਸਾਂਭ ਸੰਭਾਲ ਵੀ ਕਰਵਾਉਂਦੀਆਂ ਸਨ। ਇਸ ਕਰਕੇ ਥਾਂ ਥਾਂ ਤੋਂ ਮਿੱਟੀ ਘੱਟੇ ਨਾਲ ਸਿਰ ਗੰਦਾ ਹੋ ਸਕਦਾ ਸੀ। ਇਸ ਲਈ ਵੀ ਸਿਰ ਢੱਕਿਆ ਜਾਣ ਲੱਗਿਆ। ਉਂਜ ਜਿਸ ਦਾ ਵੀ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ, ਉਸ ਦੇ ਅੱਗੇ ਕਦੇ ਵੀ ਨੰਗੇ ਸਿਰ ਨਹੀਂ ਜਾਂਦੇ। ਸਾਡੇ ਗੁਰਦੁਆਰੇ, ਮੰਦਰ ਆਦਿ ਥਾਵਾਂ ’ਤੇ ਜਾਣ ਵੇਲੇ ਸਾਡਾ ਸਿਰ ਢੱਕਣ ਦਾ ਭਾਵ ਉਸ ਸਥਾਨ ਨੂੰ ਆਪਣੇ ਤੋਂ ਉੱਚਾ ਮੰਨ ਕੇ ਸਤਿਕਾਰ ਦੇਣਾ ਹੈ। ਪਰਿਵਾਰ ਵਿਚ ਵੱਡੇ ਮਾਤਾ-ਪਿਤਾ, ਸੱਸ-ਸਹੁਰੇ ਆਦਿ ਦੇ ਸਾਹਮਣੇ ਵੀ ਇਸੇ ਮਰਿਆਦਾ ਦਾ ਪਾਲਣ ਕੀਤਾ ਜਾਂਦਾ ਸੀ।
ਚੁੰਨੀ ਦੀ ਮਹੱਤਤਾ ਇਸ ਨਾਲ ਜੁੜੀ ਇੱਜ਼ਤ ਅਤੇ ਸ਼ਰਮ, ਇਸ ਨਾਲ ਜੁੜੀ ਖੂਬਸੂਰਤੀ ਆਦਿ ਬਾਰੇ ਸਾਡੇ ਲੋਕ-ਸਾਹਿਤ ਵਿਚ ਬਹੁਤ ਕੁਝ ਮਿਲਦਾ ਹੈ। ਚੁੰਨੀ ਲਈ ਹੋਰ ਵਰਤੇ ਜਾਂਦੇ ਸ਼ਬਦ ਜਾਂ ਰੂਪ ਹਨ- ਦੁਪੱਟਾ, ਫੁਲਕਾਰੀ, ਬਾਗ, ਡੋਰੀਆ ਆਦਿ। ਜਦੋਂ ਬੱਚੀ ਆਪਣੀ ਅੱਲ੍ਹੜ ਉਮਰ ਵਿਚ ਪੁੱਜਦੀ ਹੈ, ਅਸਲ ਵਿਚ ਉਹ ਉਦੋਂ ਹੀ ਚੁੰਨੀ ਨੂੰ ਬਾਕਾਇਦਾ ਜ਼ਰੂਰੀ ਪਹਿਰਾਵੇ ਵਜੋਂ ਲੈਂਦੀ ਸੀ। ਉਸ ਦੇ ਸੁਹੱਪਣ ਨੂੰ ਚਾਰ ਚੰਨ ਲਗਾਉਂਦੀ ਚੁੰਨੀ ਬਾਰੇ ਬੋਲ ਨੇ:
ਕਾਲੀ ਚੁੰਨੀ ’ਚੋਂ ਭਾਉਂਦੀਆਂ ਅੱਖੀਆਂ,
ਜਿਵੇਂ ਚਮਕਦੇ ਤਾਰੇ
ਸਭ ਨੂੰ ਮੋਹ ਲਿਆ ਨੀਂ,
ਬੋਤਲ ਵਰਗੀਏ ਨਾਰੇ।
ਕਦੇ ਕਦੇ ਉਹ ਆਪ ਵੀ ਆਪਣੀ ਚੁੰਨੀ ਕਾਰਨ ਆਪਣੇ ਹੁਸਨ ਬਾਰੇ ਅਤੇ ਮੁੰਡੇ ਦੇ ਮੋਹੇ ਜਾਣ ਦਾ ਜ਼ਿਕਰ ਕਰਦੀ ਹੈ:
* ਮੇਰੀ ਚੁੰਨੀ ਦੇ ਸਿਤਾਰੇ, ਜਿਵੇਂ ਅੰਬਰਾਂ ਦੇ ਤਾਰੇ,
ਅੱਜ ਪੈਂਦਾ ਲਿਸ਼ਕਾਰਾ ਸੱਤ ਰੰਗ ਵਰਗਾ
ਮੁੰਡਾ ਮੋਹ ਲਿਆ ਸੋਨੇ ਦੀ ਵੰਗ ਵਰਗਾ।
* ਫੁੱਲਾਂ ਵਾਲੀ ਲੈ ਫੁਲਕਾਰੀ,
ਜਦ ਮੈਂ ਦਿੱਤਾ ਗੇੜਾ,
ਦੂਹਰਾ ਹੋ ਗਿਆ ਰੰਗ ਗੁਲਾਬੀ,
ਨੱਚਣ ਲੱਗਿਆ ਵਿਹੜਾ,
ਗਿੱਧੇ ਦੇ ਵਿਚ ਨੱਚਦੀ ਜੱਟੀ,
ਕਰੂ ਮੁਕਾਬਲਾ ਕਿਹੜਾ
ਜੋਬਨ ਪਤਲੋ ਦਾ,
ਸੱਜਰੇ ਮੱਖਣ ਦਾ ਪੇੜਾ।
ਉਸ ਨੂੰ ਆਪਣੀ ਸੋਹਣੀ ਚੁੰਨੀ, ਫੁਲਕਾਰੀ ਨਾਲ ਪਿਆਰ ਜਿਹਾ ਹੋ ਜਾਂਦਾ ਹੈ। ਕਦੇ ਕਦੇ ਇਸ ਕਰਕੇ ਵੀ ਕਿਉਂਕਿ ਇਹ ਉਸ ਦੇ ਖ਼ਾਸ ਰਿਸ਼ਤੇਦਾਰ-ਵੀਰ, ਭਰਜਾਈ ਜਾਂ ਮਾਹੀਏ ਨੇ ਲੈ ਕੇ ਦਿੱਤੀ ਹੁੰਦੀ ਹੈ:
* ਮੇਰੀਏ ਦਾਜ ਦੀਏ ਫੁਲਕਾਰੀਏ,
ਨੀਂ ਘੁੱਟ ਘੁੱਟ ਮਾਰਾਂ ਬੁੱਕਲਾਂ।
* ਵੀਰ ਮੇਰੇ ਨੇ ਕੁੜਤੀ ਦਿੱਤੀ,
ਭਾਬੋ ਨੇ ਫੁਲਕਾਰੀ,
ਜੁੱਗ ਜੁੱਗ ਜੀ ਭਾਬੋ,
ਲੱਗੇ ਜਾਨ ਤੋਂ ਪਿਆਰੀ।
* ਮੇਰੀ ਚੁੰਨੀ ਦਾ ਚਮਕੇ ਗੋਟਾ ਵੇ,
ਮੈਂ ਕਿਵੇਂ ਲੁਕਾਵਾਂ ਖੁਸ਼ੀਆਂ ਨੂੰ
ਮੇਰਾ ਨੱਚਦਾ ਏ ਪੋਟਾ ਪੋਟਾ ਵੇ,
ਮੈਂ ਕਿਵੇਂ ਲੁਕਾਵਾਂ ਖੁਸ਼ੀਆਂ ਨੂੰ।
ਗੱਭਰੂ ਭਾਵੇਂ ਉਸ ਦਾ ਪ੍ਰੇਮੀ ਹੋਵੇ ਜਾਂ ਮਾਹੀਆ, ਉਸ ਨੂੰ ਪੂਰਾ ਪੂਰਾ ਗਿਆਨ ਹੈ ਕਿ ਚੁੰਨੀ ਜਾਂ ਫੁਲਕਾਰੀ ਉਸ ਦੇ ਸੁਹੱਪਣ ਨੂੰ ਕਈ ਗੁਣਾ ਕਰਦੀ ਹੈ। ਉਹ ਅਜਿਹੇ ਵਾਅਦੇ ਵੀ ਕਰਦੇ ਹਨ, ਉਸ ਦੀ ਪ੍ਰਸੰਸਾ ਵੀ ਕਰਦੇ ਹਨ:
* ਤੇਰੀ ਚੁੰਨੀ ਦੇ ਚਮਕਣ ਤਾਰੇ,
ਜਿਉਂ ਬਿਜਲੀ ਦੇ ਲਿਸ਼ਕਾਰੇ,
* ਅੰਬਰਾਂ ਦੇ ਤਾਰੇ ਤੋੜ ਕੇ,
ਤੇਰੀ ਚੁੰਨੀ ਨੂੰ ਸਿਤਾਰੇ ਲਾਵਾਂ।
* ਚਿੱਟਾ ਕੁੱਕੜ ਬਨੇਰੇ ’ਤੇ,
ਕਾਸ਼ਨੀ ਦੁਪੱਟੇ ਵਾਲੀਏ,
ਮੁੰਡਾ ਆਸ਼ਕ ਤੇਰੇ ’ਤੇ।
ਚੁੰਨੀ ਨੂੰ ਸਮਾਜ ਵਿਚ ਇੱਜ਼ਤ, ਸ਼ਰਮ ਅਤੇ ਅਣਖ ਦੇ ਪ੍ਰਤੀਕ ਵਜੋਂ ਵੀ ਦੇਖਿਆ ਜਾਂਦਾ ਹੈ:
* ਚੁੰਨੀ ਸ਼ਾਨ ਏ ਪੰਜਾਬਣੇ ਤੇਰੀ,
ਸਿਰ ਉੱਤੋਂ ਲਹਿਣ ਨਾ ਦੇਈਂ।
* ਚੁੰਨੀ ਲੱਜ ਮਾਪਿਆਂ ਦੀ,
ਇਹਨੂੰ ਸਿਰ ਤੋਂ ਲਹਿਣ ਨਾ ਦੇਣਾ।
ਪਰ ਉਹ ਮੁਟਿਆਰ ਜਿਹੜੀ ਵਿਆਹ ਤੋਂ ਪਹਿਲਾਂ ਚਾਵਾਂ ਨਾਲ ਅਤੇ ਮਿਹਨਤਾਂ ਨਾਲ ਫੁਲਕਾਰੀਆਂ ਅਤੇ ਚੁੰਨੀਆਂ ਕੱਢਦੀ ਹੁੰਦੀ ਸੀ। ਜਿਹੜੀ ਲਲਾਰੀ ਨੂੰ ਆਖਦੀ ਸੀ- ਚੁੰਨੀ ਰੰਗ ਦੇ ਲਲਾਰੀਆ ਮੇਰੀ, ਵੇ ਮਿੱਤਰਾਂ ਦੀ ਪੱਗ ਵਰਗੀ। ਜਦੋਂ ਵਿਆਹ ਹੋ ਜਾਂਦਾ ਹੈ ਅਤੇ ਜ਼ਿੰਮੇਵਾਰੀਆਂ ਦੀ ਪੰਡ ਸਿਰ ’ਤੇ ਪੈਂਦੀ ਹੈ, ਕੰਮ ਵਿਚ ਰੁੱਝੀ ਹੋਈ ਨੂੰ ਉਹ ਸਭ ਭੁੱਲ ਜਾਂਦਾ ਹੈ। ਫਿਰ ਉਹ ਆਪਣਾ ਦਰਦ ਕਦੇ ਕਦੇ ਬੋਲਾਂ ਜ਼ਰੀਏ ਦੱਸਦੀ ਹੈ:
* ਰੇਸ਼ਮੀ ਦੁਪੱਟੇ ਉੱਤੇ ਤਿੰਨ ਧਾਰੀਆਂ,
ਸਾਨੂੰ ਪਹਿਨਣ ਨਾ ਦਿੱਤੀਆਂ ਕਬੀਲਦਾਰੀਆਂ।
* ਕਿਹੜਾ ਰੰਗ ਵੇ ਲਲਾਰੀਆ ਲਾਇਆ,
ਦੁਪੱਟਾ ਬੇਈਮਾਨ ਹੋ ਗਿਆ।
* ਚੋਲੀ ਨੂੰ ਆਈਆਂ ਅਰਕਾਂ ਨੀਂ ਮਾਏ,
ਮੇਰੇ ਸਾਲੂ ਨੂੰ ਆਇਆ ਲੰਗਾਰ,
ਅੱਗੇ ਤੇ ਮਿਲਦੀ ਸੀ ਨਿੱੱਤ ਨੀਂ ਮਾਏ
ਹੁਣ ਕਿਉਂ ਦਿੱਤਾ ਏ ਵਿਸਾਰ
ਜਿਵੇਂ ਸਿਰ ’ਤੇ ਚੁੰਨੀ ਲੈਣਾ ਵਧੀਆ ਸਲੀਕਾ ਮੰਨਿਆ ਜਾਂਦਾ ਸੀ, ਉਸੇ ਤਰ੍ਹਾਂ ਸਿਰ ਤੋਂ ਚੁੰਨੀ ਲਹਿ ਜਾਣਾ ਬਦਸ਼ਗਨੀ ਮੰਨਿਆ ਜਾਂਦਾ ਸੀ। ਜਿਸ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਉਸ ਨੂੰ ‘ਸਿਰੋਂ ਨੰਗੀ’ ਕਿਹਾ ਜਾਂਦਾ ਸੀ। ਇਸ ਲਈ ਜਲਦੀ ਕੀਤਿਆਂ ਕੋਈ ਵੀ ਲੜਕੀ, ਖ਼ਾਸ ਕਰਕੇ ਵਿਆਹੀ ਹੋਈ, ਆਪਣੇ ਸਿਰ ਤੋਂ ਚੁੰਨੀ ਨਹੀਂ ਸੀ ਲਹਿਣ ਦਿੰਦੀ। ਉਸ ਨੂੰ ਸਹੁਰਿਆਂ ਤੋਂ ਮਿਲਣ ਵਾਲੀ ਫਿਟਕਾਰ ਦਾ ਵੀ ਡਰ ਹੁੰਦਾ ਸੀ। ਇਕ ਇਹ ਵੀ ਸੀ ਕਿ ਉਸ ਸਮੇਂ ਘੁੰਢ ਦੀ ਰਸਮ ਪ੍ਰਚੱਲਿਤ ਸੀ। ਘੁੰਢ ਚੁੰਨੀ ਨਾਲ ਹੀ ਕੱਢਿਆ ਜਾਣਾ ਸੀ। ਨੂੰਹ ਅਤੇ ਧੀ ਦਾ ਫ਼ਰਕ ਵੀ ਇਹ ਘੁੰਢ ਹੀ ਦਰਸਾਉਂਦਾ ਸੀ। ਚੁੰਨੀ ਜਾਣ ਬੁੱਝ ਕੇ ਸਿਰਫ਼ ਉਦੋਂ ਹੀ ਲਾਹੀ ਜਾਂਦੀ ਸੀ, ਜਦੋਂ ਆਪਣੀ ਗ਼ਲਤੀ ਕਾਰਨ ਕਿਸੇ ਨੂੰ ਮਨਾਉਣਾ ਹੁੰਦਾ ਸੀ। ਉਦੋਂ ਸਿਰੋਂ ਚੁੰਨੀ ਲਾਹ ਕੇ ਅਗਲੇ ਦੇ ਪੈਰਾਂ ਵਿਚ ਧਰਨੀ। ਇਕ ਲੋਕ ਗੀਤ ਇਸ ਦੀ ਗਵਾਹੀ ਵੀ ਦਿੰਦਾ ਹੈ:
* ਅੜੀਏ ਅੜੀਏ ਅੜੀਏ,
ਰੁੱਸੇ ਮਾਹੀ ਦਾ ਕੀ ਕਰੀਏ,
ਅੰਦਰ ਵੜੇ ਤਾਂ ਮਗਰੇ ਵੜੀਏ,
ਚੁੰਨੀ ਲਾਹ ਪੈਰਾਂ ਵਿਚ ਧਰੀਏ,
ਇਕ ਵਾਰੀ ਬੋਲ ਪਓ ਜੀ,
ਆਪਾਂ ਫੇਰ ਕਦੇ ਨਾ ਲੜੀਏ।
ਕਦੇ ਕੋਈ ਗੱਲ ਯਾਦ ਰੱਖਣ ਲਈ ਚੁੰਨੀ ਨੂੰ ਗੰਢ ਦਿੱਤੀ ਜਾਂਦੀ ਸੀ। ਅੱਜ ਚੁੰਨੀ ਲੈਣ ਦਾ ਰੁਝਾਨ ਘਟ ਰਿਹਾ ਹੈ। ਪਹਿਲਾਂ ਇਹ ਸਿਰ ਤੋਂ ਲਹਿ ਕੇ ਗਲ ਵਿਚ ਆਈ। ਆਕਾਰ ਘਟਿਆ ਤੇ ਹੁਣ ਹੌਲੀ ਹੌਲੀ ਗਵਾਚ ਹੀ ਰਹੀ ਹੈ। ਅੱਜ ਔਰਤਾਂ ਹਰ ਖੇਤਰ ਵਿਚ ਕੰਮ ਕਰਦੀਆਂ ਹਨ। ਇਹ ਵੀ ਠੀਕ ਹੈ ਕਿ ਅੱਜ ਘੁੰਢ ਆਦਿ ਦੀ ਲੋੜ ਨਹੀਂ ਰਹੀ। ਔਰਤਾਂ ਦੇ ਕੰਮਕਾਜੀ ਹੋਣ ਕਾਰਨ ਉਨ੍ਹਾਂ ਨੂੰ ਅਜਿਹੇ ਕੱਪੜੇ ਪਹਿਨਣੇ ਪੈਂਦੇ ਹਨ ਜਿਨ੍ਹਾਂ ਨੂੰ ਜ਼ਿਆਦਾ ਸੰਭਾਲਣ ਦੀ ਲੋੜ ਨਾ ਪਵੇ ਕਿਉਂਕਿ ਹੋ ਸਕਦਾ ਹੈ ਕਿ ਕੁਝ ਕੰਮਾਂ ਵਿਚ ਚੁੰਨੀ ਅੜਿੱਕਾ ਵੀ ਪਾਉਂਦੀ ਹੋਵੇ। ਇਸ ਲਈ ਉਨ੍ਹਾਂ ਦਾ ਰੁਝਾਨ ਆਧੁਨਿਕ ਪਹਿਰਾਵੇ ਵੱਲ ਜ਼ਰੂਰ ਹੋ ਗਿਆ ਹੈ, ਪਰ ਇਸ ਦੇ ਬਾਵਜੂਦ ਚੁੰਨੀ ਦੀ ਸਰਦਾਰੀ ਕਦੇ ਖ਼ਤਮ ਨਹੀਂ ਹੋਵੇਗੀ।
ਸੰਪਰਕ: 98147-15796