ਗੁਰਸ਼ਰਨ ਸਿੰਘ ਕੁਮਾਰ
ਜਨਮ ਅਤੇ ਮਰਨ ਕੁਦਰਤ ਦਾ ਅਸੂਲ ਹੈ। ਜਿਵੇਂ ਪੁਰਾਣੇ ਪੱਤੇ ਝੜਦੇ ਹਨ ਅਤੇ ਨਵੀਆਂ ਕਰੂੰਬਲਾਂ ਫੁੱਟਦੀਆਂ ਹਨ, ਇਸੇ ਤਰ੍ਹਾਂ ਕੁਝ ਬੰਦੇ ਇਸ ਧਰਤੀ ਤੋਂ ਰੁਖ਼ਸਤ ਹੁੰਦੇ ਹਨ ਅਤੇ ਕੁਝ ਬੱਚੇ ਜਨਮ ਲੈ ਕੇ ਸ੍ਰਿਸ਼ਟੀ ਨੂੰ ਅੱਗੇ ਤੋਰਦੇ ਹਨ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਬਹੁਤ ਸੋਹਣਾ ਲਿਖਿਆ ਹੈ, ‘ਕਿਸੇ ਮਨੁੱਖ ਦੀ ਸਭ ਤੋਂ ਵੱਡੀ ਖ਼ੁਸ਼ੀ ਹੁੰਦੀ ਹੈ ਉਸ ਦਾ ਲਾਇਕ ਬੱਚਾ।’ ਮਾਂ-ਪਿਓ ਦਾ ਕੰਮ ਕੇਵਲ ਬੱਚੇ ਪੈਦਾ ਕਰ ਕੇ ਆਪਣੀ ਗ੍ਰਹਿਸਥੀ ਨੂੰ ਅੱਗੇ ਤੋਰਨਾ ਹੀ ਨਹੀਂ ਹੋਣਾ ਚਾਹੀਦਾ। ਬੱਚੇ ਨੂੰ ਲਾਇਕ ਅਤੇ ਕਾਮਯਾਬ ਬਣਾਉਣਾ ਵੀ ਉਨ੍ਹਾਂ ਦਾ ਮੰਤਵ ਹੋਣਾ ਚਾਹੀਦਾ ਹੈ।
ਮਾਂ-ਪਿਓ ਬੱਚੇ ਨੂੰ ਕੇਵਲ ਜਨਮ ਹੀ ਨਹੀਂ ਦਿੰਦੇ ਸਗੋਂ ਉਨ੍ਹਾਂ ਨੂੰ ਸੰਸਕਾਰ ਵੀ ਦਿੰਦੇ ਹਨ। ਗਰਭ ਅਵਸਥਾ ਦੇ ਦੌਰਾਨ ਮਾਂ ਜੋ ਵੀ ਕੰਮ ਕਰਦੀ ਹੈ, ਉਸ ਦਾ ਗਰਭ ਵਿਚ ਪਲ ਰਹੇ ਬੱਚੇ ’ਤੇ ਅਚੇਤ ਹੀ ਪ੍ਰਭਾਵ ਪੈਂਦਾ ਹੈ। ਮਾਂ ਦਾ ਖਾਣ ਪੀਣ, ਹਾਸੀ ਖ਼ੁਸ਼ੀ, ਕਾਟੋ ਕਲੇਸ਼ ਅਤੇ ਵਿਚਾਰ ਗਰਭ ਵਿਚ ਪਲ ਰਹੇ ਬੱਚੇ ’ਤੇ ਕੁਝ ਨਾ ਕੁਝ ਪ੍ਰਭਾਵ ਜ਼ਰੂਰ ਪਾਉਂਦੇ ਹਨ। ਸਿਆਣੀਆਂ ਮਾਵਾਂ ਗਰਭ ਦੌਰਾਨ ਕੋਈ ਬੁਰਾ ਕੰਮ ਨਹੀਂ ਕਰਦੀਆਂ ਤਾਂ ਕਿ ਉਨ੍ਹਾਂ ਦੇ ਹੋਣ ਵਾਲੇ ਬੱਚੇ ’ਤੇ ਕੋਈ ਦੁਸ਼ਪ੍ਰਭਾਵ ਨਾ ਪਵੇ। ਗਰਭ ਅਵਸਥਾ ਦੌਰਾਨ ਔਰਤਾਂ ਨੂੰ ਤੰਬਾਕੂ, ਜੰਕ ਫੂਡ ਅਤੇ ਜ਼ਿਆਦਾ ਤਲੇ ਹੋਏ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਘਰ ਦਾ ਕਾਟੋ ਕਲੇਸ਼ ਅਤੇ ਅਨੈਤਿਕ ਕੰਮ ਵੀ ਬੱਚੇ ’ਤੇ ਦੁਸ਼ਪ੍ਰਭਾਵ ਪਾਉਂਦੇ ਹਨ।
ਜਿਹੜੀਆਂ ਮਾਵਾਂ ਸੁਚੇਤ ਤੌਰ ’ਤੇ ਆਪਣੇ ਗਰਭ ਵਿਚ ਪਲ ਰਹੇ ਬੱਚੇ ਨਾਲ ਆਤਮਿਕ ਅਤੇ ਮਾਨਸਿਕ ਰੂਪ ਵਿਚ ਜੁੜਦੀਆਂ ਹਨ, ਉਹ ਇਸ ਸਮੇਂ ਦੌਰਾਨ ਸਾਤਵਿਕ ਅਤੇ ਪੋਸ਼ਟਿਕ ਭੋਜਨ ਕਰਦੀਆਂ ਹਨ। ਉਹ ਧਾਰਮਿਕ ਜਾਂ ਸੂਰਬੀਰਾਂ ਦਾ ਸਾਹਿਤ ਪੜ੍ਹਦੀਆਂ ਹਨ ਜਾਂ ਗਣਿਤ ਅਤੇ ਵਿਗਿਆਨਕ ਵਿਸ਼ਿਆਂ ’ਤੇ ਚਰਚਾ ਕਰਦੀਆਂ ਹਨ ਅਤੇ ਸੰਗੀਤ ਅਤੇ ਕੋਮਲ ਕਲਾਵਾਂ ਨਾਲ ਜੁੜਦੀਆਂ ਹਨ। ਉਹ ਇਕ ਸੁਨੱਖੇ ਬੱਚੇ ਨੂੰ ਜਨਮ ਦਿੰਦੀਆਂ ਹਨ ਜੋ ਵੱਡਾ ਹੋ ਕੇ ਹੋਣਹਾਰ ਬਣਦਾ ਹੈ ਅਤੇ ਦੇਸ਼ ਅਤੇ ਕੌਮ ਦਾ ਨਾਮ ਰੌਸ਼ਨ ਕਰ ਕੇ ਮਾਂ-ਪਿਓ ਦੇ ਸੁਪਨਿਆਂ ਨੂੰ ਸਾਕਾਰ ਕਰਦਾ ਹੈ।
ਪਿਤਾ ਘਰ ਵਿਚ ਸੁਖਾਵਾਂ ਮਾਹੌਲ ਸਿਰਜਣ ਵਿਚ ਸਹਾਈ ਹੁੰਦਾ ਹੈ। ਬੱਚੇ ਪ੍ਰਤੀ ਮਾਤਾ-ਪਿਤਾ ਦਾ ਪਿਆਰ ਬਿਲਕੁਲ ਸੱਚਾ, ਪਵਿੱਤਰ ਅਤੇ ਬਿਨਾਂ ਕਿਸੇ ਸੁਆਰਥ ਤੋਂ ਹੁੰਦਾ ਹੈ ਜੋ ਕਿਸੇ ਹੋਰ ਤੋਂ ਮਿਲਣਾ ਮੁਸ਼ਕਲ ਹੁੰਦਾ ਹੈ।
ਜਨਮ ਤੋਂ ਬਾਅਦ ਕੁਝ ਵੱਡਾ ਹੋ ਕੇ ਬੱਚਾ ਜਦੋਂ ਹੋਸ਼ ਸੰਭਾਲਦਾ ਹੈ ਤਾਂ ਉਹ ਆਪਣੇ ਪਰਿਵਾਰ ਵਿਚ ਅਤੇ ਆਲੇ ਦੁਆਲੇ ਜੋ ਕੁਝ ਦੇਖਦਾ ਹੈ ਉਸ ਤੋਂ ਬਹੁਤ ਕੁਝ ਸਿੱਖਦਾ ਹੈ। ਬੱਚਿਆਂ ਦੇ ਖਿਡੌਣੇ ਵੀ ਬੱਚਿਆਂ ਦੀ ਸੋਚਣੀ ਅਤੇ ਉਨ੍ਹਾਂ ਦੇ ਵਿਕਾਸ ਵਿਚ ਵਿਸ਼ੇਸ਼ ਹਿੱਸਾ ਪਾਉਂਦੇ ਹਨ। ਜੇ ਅਸੀਂ ਉਨ੍ਹਾਂ ਨੂੰ ਬੰਦੂਕਾਂ ਅਤੇ ਪਿਸਤੌਲਾਂ ਖੇਡਣ ਲਈ ਦੇਵਾਂਗੇ ਤਾਂ ਹੋ ਸਕਦਾ ਹੈ ਕਿ ਉਹ ਵੱਡੇ ਹੋ ਕਿ ਡਾਕੂ ਜਾਂ ਖ਼ੂਨੀ ਬਣਨ। ਇਸ ਲਈ ਬਚਪਨ ਤੋਂ ਹੀ ਉਨ੍ਹਾਂ ਦੀਆਂ ਰੁਚੀਆਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸੁਚੱਜੀ ਅਗਵਾਈ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਮਹਾਂਪੁਰਸ਼ਾਂ ਅਤੇ ਵੀਰ ਪੁਰਸ਼ਾਂ ਦੀਆਂ ਕਹਾਣੀਆਂ ਸੁਣਾਉਣੀਆਂ ਚਾਹੀਦੀਆਂ ਹਨ।
ਮਾਂ-ਪਿਓ ਦੀ ਸੁਚੱਜੀ ਅਗਵਾਈ, ਪਿਆਰ ਅਤੇ ਸਰੀਰਿਕ ਸਪਰਸ਼ ਬੱਚੇ ਦਾ ਬਲ ਵਧਾਉਂਦੇ ਹਨ ਜਿਸ ਨਾਲ ਉਸ ਵਿਚ ਸੁਰੱਖਿਆ ਅਤੇ ਆਤਮਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ। ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਮਾਤਾ-ਪਿਤਾ ਦੋਹਾਂ ਦੇ ਪੂਰਨ ਸਹਿਯੋਗ ਦੀ ਜ਼ਰੂਰਤ ਹੈ। ਇਸ ਲਈ ਉਨ੍ਹਾਂ ਨੂੰ ਘਰ ਵਿਚ ਸੁਹਿਰਦ ਵਾਤਾਵਰਨ ਬਣਾ ਕੇ ਰੱਖਣਾ ਚਾਹੀਦਾ ਹੈ ਅਤੇ ਹਰ ਹਾਲਾਤ ਵਿਚ ਪਰਿਵਾਰ ਨੂੰ ਟੁੱਟਣ ਤੋਂ ਬਚਾਉਣਾ ਚਾਹੀਦਾ ਹੈ।
ਜੇ ਬੱਚਿਆਂ ਵਿਚ ਸੰਸਕਾਰਾਂ ਦੀ ਗੱਲ ਕਰੀਏ ਤਾਂ ਸਿੱਖ ਕੌਮ ਇਸ ਦੀ ਪ੍ਰਤੱਖ ਮਿਸਾਲ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਕੌਮ ਇਕ ਮਾਰਸ਼ਲ ਕੌਮ ਹੈ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਇਨ੍ਹਾਂ ਦਾ ਮੂਲ ਸਿਧਾਂਤ ਹੈ। ਉਹ ਜੀਵਨ ਦੀ ਸੇਧ ਗੁਰਬਾਣੀ ਅਤੇ ਗੁਰਦੁਆਰਿਆਂ ਤੋਂ ਲੈਂਦੇ ਹਨ। ਸਿੱਖ ਸੰਗਤ ਵਿਚ ਕੋਈ ਵੱਡਾ ਜਾਂ ਛੋਟਾ ਨਹੀਂ ਹੁੰਦਾ। ਉੱਥੇ ਸਭ ਤਰ੍ਹਾਂ ਦੇ ਲੋਕ ਜਿਨ੍ਹਾਂ ਵਿਚ ਧਨਾਢ ਵੀ ਸ਼ਾਮਲ ਹੁੰਦੇ ਹਨ, ਉਹ ਸੰਗਤ ਦੇ ਜੂਠੇ ਭਾਂਡੇ ਮਾਂਜਦੇ ਹਨ ਅਤੇ ਫਰਸ਼ ਸਾਫ਼ ਕਰਦੇ ਹਨ। ਇਹ ਹੀ ਸੰਸਕਾਰ ਸਿੱਖ ਬੱਚਿਆਂ ਵਿਚ ਵੀ ਭਰੇ ਜਾਂਦੇ ਹਨ ਜਿਸ ’ਤੇ ਉਹ ਵੱਡੇ ਹੋ ਕੇ ਪਹਿਰਾ ਦਿੰਦੇ ਹਨ ਅਤੇ ਦੇਸ਼ ਅਤੇ ਕੌਮ ਦਾ ਨਾਮ ਰੌਸ਼ਨ ਕਰਦੇ ਹਨ। ਇਨ੍ਹਾਂ ਸੰਸਕਾਰਾਂ ਸਦਕਾ ਹੀ ਸਿੱਖ ਸਰਦਾਰ ਅੱਜ ਕੱਲ੍ਹ ਦੁਨੀਆ ਭਰ ਵਿਚ ਚਰਚਾ ਹੈ। ਕੁਦਰਤੀ ਆਫ਼ਤ ਸਮੇਂ ਵਪਾਰੀ ਲੋਕ ਖਾਣ ਪੀਣ ਵਾਲੀਆਂ ਵਸਤੂਆਂ ਦੀ ਕਾਲਾਬਜ਼ਾਰੀ ਕਰਦੇ ਹਨ, ਪਰ ਸਿੱਖ ਹਰ ਮੁਸੀਬਤ ਵਿਚ ਸਭ ਤੋਂ ਪਹਿਲਾਂ ਪਹੁੰਚ ਕੇ ਇਨ੍ਹਾਂ ਵਸਤੂਆਂ ਦੇ ਲੰਗਰ ਲਾ ਦਿੰਦੇ ਹਨ। ਜਦੋਂ ਕਰੋਨਾ ਮਹਾਮਾਰੀ ਫੈਲੀ ਤਾਂ ਸਰਕਾਰਾਂ ਮਰੀਜ਼ਾਂ ਨੂੰ ਮਿਆਰੀ ਇਲਾਜ ਅਤੇ ਆਕਸੀਜਨ ਦੇਣ ਵਿਚ ਫੇਲ੍ਹ ਹੋ ਗਈਆਂ, ਪਰ ਸਿੱਖ ਸਰਦਾਰ ਨਹੀਂ ਫੇਲ੍ਹ ਹੋਏ। ਉਨ੍ਹਾਂ ਨੇ ਦਵਾਈਆਂ ਅਤੇ ਆਕਸੀਜਨ ਦੇ ਲੰਗਰ ਲਾ ਕੇ ਹਜ਼ਾਰਾਂ ਕੀਮਤੀ ਜਾਨਾਂ ਬਚਾਈਆਂ। ਇਸੇ ਲਈ ਦੁਨੀਆ ਭਰ ਵਿਚ ਸਿੱਖਾਂ ਦਾ ਡੰਕਾ ਵੱਜਦਾ ਹੈ।
ਜਿਸ ਬੱਚੇ ਨੂੰ ਆਪਣੇ ਮਾਂ-ਪਿਓ ਕੋਲੋਂ ਚੰਗੇ ਸੰਸਕਾਰ ਮਿਲੇ ਹੋਣ, ਉਸ ਨੂੰ ਇਹ ਦੱਸਣ ਦੀ ਲੋੜ ਨਹੀਂ ਹੁੰਦੀ ਕਿ ਕੀ ਚੰਗਾ ਅਤੇ ਕੀ ਮਾੜਾ ਹੈ। ਕਿਹੜਾ ਕੰਮ ਕਰਨਾ ਹੈ ਅਤੇ ਕਿਹੜਾ ਨਹੀਂ। ਅਜਿਹੇ ਮਾਤਾ ਪਿਤਾ ਨੂੰ ਬ੍ਰਿਧ ਆਸ਼ਰਮ ਦਾ ਮੁਹਤਾਜ ਨਹੀਂ ਹੋਣਾ ਪੈਂਦਾ। ਉਨ੍ਹਾਂ ਨੂੰ ਘਰ ਵਿਚ ਪੂਰਾ ਸਨਮਾਨ ਮਿਲਦਾ ਹੈ ਅਤੇ ਉਨ੍ਹਾਂ ਦਾ ਬੁਢਾਪਾ ਬਹੁਤ ਸੌਖਾ ਬੀਤਦਾ ਹੈ।
ਬੱਚਿਆਂ ਦੇ ਯੋਗ ਪਾਲਣ ਪੋਸ਼ਣ ਅਤੇ ਵਿਕਾਸ ਵੱਲ ਉਚੇਰੇ ਧਿਆਨ ਦੀ ਲੋੜ ਹੁੰਦੀ ਹੈ। ਬੱਚਿਆਂ ਦੀ ਸੰਗਤ ਉਨ੍ਹਾਂ ਦੇ ਆਚਰਣ ਅਤੇ ਆਦਤਾਂ ’ਤੇ ਬਹੁਤ ਪ੍ਰਭਾਵ ਪਾਉਂਦੀ ਹੈ। ਉਦਾਹਰਨ ਦੇ ਤੌਰ ’ਤੇ ਇਕ ਗਾਜਰ ਲਓ। ਉਸ ਦੇ ਦੋ ਟੁਕੜੇ ਕਰ ਲਓ। ਇਕ ਵਿਚ ਨਮਕ ਮਿਲਾ ਦਿਓ ਅਤੇ ਦੂਜੇ ਵਿਚ ਖੰਡ। ਕੁਝ ਦਿਨਾਂ ਬਾਅਦ ਇਕ ਦਾ ਮੁਰੱਬਾ ਬਣ ਜਾਵੇਗਾ ਅਤੇ ਦੂਜੇ ਦਾ ਅਚਾਰ। ਇਹ ਹੈ ਸੰਗਤ ਦਾ ਅਸਰ। ਇਸ ਲਈ ਮਾਂ-ਪਿਓ ਨੂੰ ਬੱਚਿਆਂ ਦੀ ਸੰਗਤ ਬਾਰੇ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ। ਬੱਚਿਆਂ ਨੂੰ ਹਰ ਹਾਲਾਤ ਵਿਚ ਮਾੜੀ ਸੰਗਤ ਤੋਂ ਬਚਾਉਣਾ ਚਾਹੀਦਾ ਹੈ। ਬੱਚੇ ਫੁੱਲਾਂ ਦੀ ਤਰ੍ਹਾਂ ਨਾਜ਼ੁਕ ਹੁੰਦੇ ਹਨ। ਉਨ੍ਹਾਂ ਦੇ ਮੁਸਕਰਾਉਂਦੇ ਹੋਏ ਭੋਲੇ ਭਾਲੇ ਅਤੇ ਨਿਰਛੱਲ ਚਿਹਰੇ ਦੇਖਣ ਵਾਲੇ ਦੇ ਮਨ ਵਿਚ ਤਾਜ਼ਗੀ ਭਰ ਦਿੰਦੇ ਹਨ। ਇਸ ਲਈ ਬੱਚਿਆਂ ਨੂੰ ਪੌਸ਼ਟਿਕ ਭੋਜਨ, ਮਿਆਰੀ ਵਿਦਿਆ ਅਤੇ ਚੰਗੇ ਸੰਸਕਾਰ ਦੇ ਕੇ ਕਾਬਲ ਬਣਾਉਣਾ ਹਰ ਮਾਂ-ਪਿਓ ਦਾ ਫਰਜ਼ ਹੈ। ਬੱਚਿਆਂ ਨੇ ਹੀ ਵੱਡੇ ਹੋ ਕੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੁੰਦਾ ਹੈ। ਅੱਜ ਦੇ ਬੱਚੇ ਹੀ ਸਾਡੇ ਕੱਲ੍ਹ ਦੇ ਵਾਰਸ ਹਨ। ਉਨ੍ਹਾਂ ਨੇ ਹੀ ਭਵਿੱਖ ਵਿਚ ਦੇਸ਼ ਅਤੇ ਸਮਾਜ ਦੀ ਵਾਗਡੋਰ ਸੰਭਾਲਣੀ ਹੈ।
ਸੰਪਰਕ: 83608-42861