ਮੁੰਬਈ, 16 ਮਾਰਚ
ਬੀਐੱਮਸੀ ਨੇ ਅਦਾਕਾਰਾ ਗੌਹਰ ਖ਼ਾਨ ਦੇ ਕਰੋਨਾ ਪਾਜ਼ੇਟਿਵ ਆਉਣ ਦੇ ਬਾਵਜੂਦ ਉਸ ਵੱਲੋਂ ਫਿਲਮ ਦੀ ਸ਼ੂਟਿੰਗ ਕਰਨ ਤੇ ਕਰੋਨਾ ਨਾਲ ਸਬੰਧਤ ਹਦਾਇਤਾਂ ਦੀ ਉਲੰਘਣਾ ਕਰਨ ’ਤੇ ਉਸ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਇਸ ਦੀ ਪੁਸ਼ਟੀ ਕਰਦਿਆਂ ਟਵੀਟ ਕੀਤਾ ਤੇ ਅਣਗਹਿਲੀ ਵਰਤਣ ’ਤੇ ਗੌਹਰ ਖ਼ਾਨ ਦੀ ਆਲੋਚਨਾ ਕੀਤੀ। ਉਸ ਨੇ ਲਿਖਿਆ ਕਿ ਸ਼ੂਟਿੰਗ ’ਚ ਆ ਕੇ ਗੌਹਰ ਖਾਨ ਨੇ ਹੋਰਨਾਂ ਟੀਮ ਮੈਂਬਰਾਂ ਦੀ ਜਾਨ ਨੂੰ ਵੀ ਖ਼ਤਰੇ ’ਚ ਪਾਇਆ ਹੈ। ਦੂਜੇ ਪਾਸੇ ਗੌਹਰ ਖਾਨ ਦੀ ਟੀਮ ਅਨੁਸਾਰ ਗੌਹਰ ਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ।
ਗੌਹਰ ਖਾਨ ਦੀ ਟੀਮ ਦਾ ਕਹਿਣਾ ਹੈ ਕਿ ਅਦਾਕਾਰਾ ਦੀ ਕੋਵਿਡ-19 ਰਿਪੋਰਟ ਨੈਗੇਟਿਵ ਆਈ ਹੈ ਤੇ ਉਸ ਨੇ ਬੀਐੱਮਸੀ ਵੱਲੋਂ ਜਾਰੀ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਹੈ। ਟੀਮ ਦੇ ਬਿਆਨ ਅਨੁਸਾਰ 37 ਸਾਲਾ ਅਦਾਕਾਰਾ ਬੀਐੱਮਸੀ ਨਾਲ ਸਹਿਯੋਗ ਕਰ ਰਹੀ ਹੈ। ਇਸ ਬਿਆਨ ਨਾਲ ਗੌਹਰ ਖ਼ਾਨ ਦੀ 15 ਮਾਰਚ ਨੂੰ ਆਈ ਕੋਵਿਡ-19 ਟੈਸਟ ਰਿਪੋਰਟ ਵੀ ਜਾਰੀ ਕੀਤੀ ਗਈ ਹੈ। ਬਿਆਨ ’ਚ ਕਿਹਾ ਗਿਆ ਹੈ, ‘ਗੌਹਰ ਖਾਨ ਲਈ ਸ਼ੁੱਭਕਾਮਨਾਵਾਂ ਭੇਜਣ ਵਾਲਿਆਂ ਦਾ ਧੰਨਵਾਦ। ਉਹ ਵੱਖ ਵੱਖ ਰਿਪੋਰਟਾਂ ’ਚ ਕਰੋਨਾ ਨੈਗੇਟਿਵ ਪਾਈ ਗਈ ਹੈ। ਉਹ ਕਾਨੂੰਨ ਦਾ ਪਾਲਣ ਕਰਨ ਵਾਲੀ ਨਾਗਰਿਕ ਹੈ ਤੇ ਬੀਐੱਮਸੀ ਨਾਲ ਸਹਿਯੋਗ ਕਰ ਰਹੀ ਹੈ।’ ਦੂਜੇ ਪਾਸੇ ਬੀਐੱਮਸੀ ਦਾ ਕਹਿਣਾ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। -ਪੀਟੀਆਈ