ਸਾਂਵਲ ਧਾਮੀ
ਇਹ ਵਿਥਿਆ ਮੈਨੂੰ ਜ਼ਿਲ੍ਹਾ ਸੰਗਰੂਰ ਦੇ ਸਾਹੋਕੇ ਪਿੰਡ ’ਚ ਵੱਸਦੇ ਸ. ਗੁਰਦੀਪ ਸਿੰਘ ਵਿਰਕ ਹੋਰਾਂ ਸੁਣਾਈ ਸੀ। ਉਨ੍ਹਾਂ ਦਾ ਟੱਬਰ ਸ਼ੇਖੂਪੁਰ ਜ਼ਿਲ੍ਹੇ ਦੇ ਬੱਲੜਕੇ ਪਿੰਡ ਤੋਂ ਉੱਠ ਕੇ ਇੱਧਰ ਆਇਆ ਸੀ। ਉਨ੍ਹਾਂ ਦੇ ਨਾਨਕੇ ਜ਼ਿਲ੍ਹਾ ਗੁੱਜਰਾਂਵਾਲੇ ਦੇ ਕਸਬੇ ਕਿਲ੍ਹਾ ਦੀਦਾਰ ਸਿੰਘ ’ਚ ਸਨ। ਇਸੀ ਸਕੀਰੀ ਕਰਕੇ ਇਹ ਵਿਥਿਆ ਉਨ੍ਹਾਂ ਕੋਲ ਪਹੁੰਚੀ ਸੀ।
ਸੰਤਾਲੀ ਦੇ ਮੀਂਹ-ਝੱਖੜਾਂ ’ਚ ਇਹ ਵਿਥਿਆ ਕਿਲ੍ਹਾ ਦੀਦਾਰ ਸਿੰਘ ਤੋਂ ਤੁਰੀ ਤੇ ਡਿੱਗਦੀ-ਢਹਿੰਦੀ ਪਾਤੜਾਂ ਨੇੜਲੇ ਕਿਸੇ ਪਿੰਡ ’ਚ ਆਣ ਪਹੁੰਚੀ ਸੀ। ਇਸ ਸਫ਼ਰ ’ਚ ਕੁਝ ਰਿਸ਼ਤੇ ਕਿਰ ਗਏ ਤੇ ਕੁਝ ਗੁਆਚ ਗਏ ਸਨ। ਬੇਹੁਰਮਤੀਆਂ-ਭਰੀ ਇਸ ਕੁਲਹਿਣੀ ਰੁੱਤੇ ਸਭ ਕੁਝ ਬੁਰਾ ਹੀ ਵਾਪਰਿਆ ਸੀ। ਇਸ ਸਭ ਕੁਝ ਨੂੰ ਵੇਖਦੀ ਅਤੇ ਪਿੰਡੇ ਹੰਢਾਉਂਦੀ ਇਹ ਵਿਥਿਆ ਮੁਸਲਮਾਨਾਂ ਵੱਲੋਂ ਖਾਲੀ ਕੀਤੇ ਕਿਸੇ ਘਰ ’ਚ ਆਣ ਲੁਕੀ ਸੀ। 1950 ਤੋਂ ਪਹਿਲਾਂ -ਪਹਿਲਾਂ ਇਹਨੇ ਕਈ ਰੰਗ ਹੰਢਾਏ ਤੇ ਆਖਿਰ ਬਹਾਦਰ ਸਿੰਘ ਵੜਾਇਚ ਦੇ ਚੰਦ ਬੋਲਾਂ ਨਾਲ ਇਹ ਵਿਥਿਆ ਆਪਣੇ ਸਿਖਰ ਨੂੰ ਛੂੰਹਦੀ ਹੋਈ ਮਨੁੱਖੀ ਕਿਰਦਾਰ ਦਾ ਕੋਈ ਖ਼ੂਬਸੂਰਤ ਪੱਖ ਲਿਸ਼ਕਾ ਗਈ ਸੀ।
ਸੰਤਾਲੀ ਤੋਂ ਪਹਿਲਾਂ ਕਿਲ੍ਹਾ ਦੀਦਾਰ ਸਿੰਘ ’ਚ ਮਿਊਂਸੀਪਲ ਕਮੇਟੀ ਸੀ। ਇਹ ਕਸਬਾ ਗੁੱਜਰਾਂਵਾਲਾ-ਹਾਫ਼ਿਜ਼ਾਬਾਦ ਸੜਕ ’ਤੇ ਲਹਿੰਦੀ ਦਿਸ਼ਾ ’ਚ ਵੱਸਦਾ ਹੈ-ਗੁੱਜਰਾਂਵਾਲੇ ਤੋਂ ਤਕਰੀਬਨ ਸਤਾਰਾਂ ਕੁ ਕਿਲੋਮੀਟਰ ਦੂਰ।
ਜਦੋਂ ਸਰਦਾਰ ਦੀਦਾਰ ਸਿੰਘ ਵੜਾਇਚ ਦਾ ਵਿਆਹ ਹੋਇਆ ਤਾਂ ਇਹ ਇਲਾਕਾ ਉਹਦੇ ਬਾਪ ਨੇ ਉਹਨੂੰ ਤੋਹਫ਼ੇ ’ਚ ਦਿੱਤਾ ਸੀ। ਕਿਲ੍ਹੇ ਦੇ ਆਲੇ-ਦੁਆਲੇ ਦੀ ਸਾਰੀ ਜ਼ਮੀਨ ਕਦੇ ਇਨ੍ਹਾਂ ਸਰਦਾਰਾਂ ਦੀ ਮਲਕੀਅਤ ਸੀ। ਹੁਣ ਕਿਲ੍ਹੇ ਦੇ ਆਲੇ-ਦੁਆਲੇ ਦੇ ਵਸੇਬ ਨੂੰ ਪੁਰਾਣਾ ਕਿਲ੍ਹਾ ਕਿਹਾ ਜਾਂਦਾ ਹੈ। ਦਰਅਸਲ, ਇਹ ਕਿਲ੍ਹਾ ਨਹੀਂ ਸਗੋਂ ਬਹੁਤ ਵੱਡਾ ਅਤੇ ਉੱਚਾ ਮਹਿਲ ਹੁੰਦਾ ਸੀ। ਇਸ ਦੇ ਦੁਆਲੇ ਨਿੱਕੇ-ਨਿੱਕੇ ਘਰ ਹੁੰਦੇ ਸਨ। ਇਸ ਇਲਾਕੇ ਨੂੰ ਚੁਫ਼ੇਰਿਓਂ ਦੀਵਾਰ ਨੇ ਮਹਿਫ਼ੂਜ਼ ਕੀਤਾ ਹੋਇਆ ਸੀ ਤੇ ਇਸ ਦੀਵਾਰ ’ਚ ਕਈ ਦਰਵਾਜ਼ੇ ਸਨ। ਦਿੱਖ ’ਚ ਇਹ ਕਿਲ੍ਹੇ ਵਰਗਾ ਲੱਗਣ ਕਰਕੇ ਇਸ ਨੂੰ ਕਿਲ੍ਹਾ ਆਖਿਆ ਜਾਣ ਲੱਗ ਪਿਆ ਸੀ। ਅੱਜਕੱਲ੍ਹ ਇਹ ਗੁੱਜਰਾਂਵਾਲੇ ਦੇ ਚਾਰ ਵੱਡੇ ਕਸਬਿਆਂ ’ਚੋਂ ਇਕ ਹੈ।
ਸੰਤਾਲੀ ਤੋਂ ਪਹਿਲਾਂ ਇੱਥੇ ਬਹੁਤੇ ਸਿੱਖ-ਹਿੰਦੂ ਵੱਸਦੇ ਸਨ। ਸੰਤਾਲੀ ਤੋਂ ਬਾਅਦ ਮੌਜੂਦਾ ਹਰਿਆਣਾ ਦੇ ਮੁਸਲਮਾਨ ਜਾ ਵੱਸੇ। ਕਿਲ੍ਹਾ ਦੀਦਾਰ ਸਿੰਘ ਅਤੇ ਇਸ ਦੇ ਆਲੇ-ਦੁਆਲੇ ਸਿੱਖ ਅਤੇ ਮੁਸਲਮਾਨ ਵੜਾਇਚਾਂ ਦੇ ਕਈ ਪਿੰਡ ਹੁੰਦੇ ਸਨ। ਵੜਾਇਚਾਂ ਦੇ ਇਨ੍ਹਾਂ ਹਜ਼ਾਰਾਂ ਟੱਬਰਾਂ ’ਚੋਂ ਇਕ ਬਹਾਦਰ ਸਿੰਘ ਦਾ ਵੀ ਟੱਬਰ ਸੀ। ਸੰਤਾਲੀ ਤੋਂ ਬਾਅਦ ਬਹਾਦਰ ਸਿੰਘ ਹੋਰੀਂ ਜਿਸ ਪਿੰਡ ’ਚ ਡੇਰਾ ਲਗਾਇਆ ਉਸ ਪਿੰਡ ’ਚ ਪਹਿਲਾਂ ਅੱਧੇ ਹਿੰਦੂ-ਸਿੱਖ ਤੇ ਅੱਧੇ ਮੁਸਲਮਾਨ ਵੱਸਦੇ ਸਨ। ਇਨ੍ਹਾਂ ਮੁਸਲਮਾਨਾਂ ’ਚੋਂ ਬਹੁਤੇ ਕਿਰਤੀ ਤੇ ਪੰਜ-ਸੱਤ ਘਰ ਜ਼ਮੀਨ ਦੇ ਮਾਲਕ ਸਨ। ਬਹਾਦਰ ਸਿੰਘ ਹੋਰਾਂ ਦੇ ਟੱਬਰ ’ਚ ਕੁੱਲ ਛੇ ਜੀਅ ਸਨ। ਬਹਾਦਰ ਸਿੰਘ ਦੀ ਪਤਨੀ ਲਾਭ ਕੌਰ, ਤਿੰਨ ਪੁੱਤਰ ਤੇ ਇਕ ਧੀ। ਵੱਡੇ ਪੁੱਤਰ ਦੀ ਉਮਰ ਤਕਰੀਬਨ ਚੌਦਾਂ ਵਰ੍ਹੇ ਸੀ ਤੇ ਸਾਰਿਆਂ ਨਾਲੋਂ ਛੋਟੀ ਇਕਲੌਤੀ ਧੀ ਉਦੋਂ ਮਾਂ ਦੇ ਕੁੱਛੜ ਸੀ।
ਸੰਤਾਲੀ ਦਾ ਉਜਾੜਾ ਦੁਨੀਆ ਦੇ ਵੱਡੇ ਉਜਾੜਿਆਂ ’ਚੋਂ ਇਕ ਸੀ। ਇਸ ਉਜਾੜੇ ਤੋਂ ਬਾਅਦ ਮੁੜ ਵੱਸਣਾ ਹੋਰ ਵੀ ਵੱਡੀ ਸਮੱਸਿਆ ਬਣ ਗਈ ਸੀ। ਘਰ, ਡੰਗਰ, ਜ਼ਮੀਨ ਤੇ ਸੁੱਖ-ਆਰਾਮ: ਸਭ ਕੁਝ ਤਾਂ ਬਹੁਤ ਪਿੱਛੇ ਰਹਿ ਗਿਆ ਸੀ। ਬਾਰ ’ਚ ਗਏ ਬਹੁਤੇ ਲੋਕਾਂ ਦੀ ਕਹਾਣੀ ਬਹਾਦਰ ਸਿੰਘ ਵਰਗਿਆਂ ਨਾਲੋਂ ਵੱਖਰੀ ਸੀ। ਉਨ੍ਹਾਂ ਦੇ ਪੁਰਾਣੇ ਪਿੰਡਾਂ ’ਚ ਉਨ੍ਹਾਂ ਦੇ ਚੰਗੇ-ਮਾੜੇ ਘਰ ਹਾਲੇ ਖੜ੍ਹੇ ਸਨ। ਕਈਆਂ ਦੀਆਂ ਤਾਂ ਜ਼ਮੀਨਾਂ ਵੀ ਸਨ। ਉਨ੍ਹਾਂ ਦੀਆਂ ਬਹੁਤੀਆਂ ਰਿਸ਼ਤੇਦਾਰੀਆਂ ਵੀ ਇਸ ਪਾਸੇ ਸਨ। ਇਨ੍ਹਾਂ ਦੇ ਮੁਕਾਬਲੇ ਸਿਆਲਕੋਟ, ਗੁੱਜਰਾਂਵਾਲਾ ਤੇ ਜਿਹਲਮ ਵਰਗੇ ਜ਼ਿਲ੍ਹਿਆਂ ਤੋਂ ਆਏ ਲੋਕਾਂ ਦੀਆਂ ਸਮੱਸਿਆਵਾਂ ਵੱਡੀਆਂ ਸਨ। ਇੱਧਰ ਉਨ੍ਹਾਂ ਦਾ ਨਾ ਤਾਂ ਕੋਈ ਰਿਸ਼ਤੇਦਾਰ ਸੀ ਤੇ ਨਾ ਹੀ ਘਰ ਅਤੇ ਜ਼ਮੀਨ। ਉਨ੍ਹਾਂ ਲਈ ਇਹ ਮੁਲਕ ‘ਪਰਦੇਸ’ ਵਰਗਾ ਸੀ। ਉਨ੍ਹਾਂ ਨੂੰ ਆਪਣੀ ਰਾਖ ’ਚੋਂ ਆਪ ਉੱਗਣਾ ਪੈਣਾ ਸੀ।
ਜਿਸ ਪਿੰਡ ’ਚ ਬਹਾਦਰ ਸਿੰਘ ਹੋਰਾਂ ਦਾ ਟੱਬਰ ਆਇਆ, ਉਸ ਪਿੰਡ ਦੇ ਬਹੁਤੇ ਲੋਕਾਂ ਦਾ ਸਲੂਕ ਉਨ੍ਹਾਂ ਨਾਲ ਮਾੜਾ ਰਿਹਾ। ਉਨ੍ਹਾਂ ਨੂੰ ‘ਰਫਿਊਜ਼ੀ’ ਅਤੇ ‘ਪਨਾਹਗੀਰ’ ਜਿਹੇ ਨਾਵਾਂ ਨਾਲ ਬੁਲਾਇਆ ਜਾਂਦਾ ਸੀ। ਵਕਤ ਅਤੇ ਰਹਬਿਰਾਂ ਦੇ ਸਤਾਏ ਇਨ੍ਹਾਂ ਲੋਕਾਂ ਨੂੰ ਹਰ ਪਾਸਿਓਂ ਹਮਦਰਦੀ ਦੀ ਲੋੜ ਸੀ, ਪਰ ਇਨ੍ਹਾਂ ਨਾਲ ਘ੍ਰਿਣਾ ਕੀਤੀ ਜਾਂਦੀ ਸੀ। ਉੱਜੜੇ ਹੋਏ ਇਹ ਲੋਕ ਸਥਾਨਕ ਲੋਕਾਂ ਲਈ ‘ਓਪਰੇ ਤੇ ਅਨੋਖੇ’ ਜਿਹੇ ਜੀਵ ਸਨ ਜਿਨ੍ਹਾਂ ਦਾ ਪਹਿਰਾਵਾ, ਬੋਲੀ ਤੇ ਰਹੁ-ਰੀਤਾਂ ਸਥਾਨਕ ਵਾਸੀਆਂ ਨਾਲ ਮੇਲ ਨਹੀਂ ਸੀ ਖਾਂਦੀਆਂ।
ਇਸ ਪਿੰਡ ’ਚ ਲਹਿੰਦੇ ਪਾਸਿਓਂ ਕੁਝ ਹੋਰ ਟੱਬਰ ਵੀ ਆਏ ਸਨ। ਇਹ ਪੰਜ-ਸੱਤ ਟੱਬਰ ਮੁਸਲਮਾਨਾਂ ਵਾਲੇ ਖੂਹ ਤੋਂ ਪਾਣੀ ਭਰਦੇ। ਪਿੰਡ ਵਾਲੇ ਉੱਜੜ ਕੇ ਆਇਆਂ ਨੂੰ ਮਿਹਣੇ ਮਾਰਦੇ ਕਿ ਪਤਾ ਨਹੀਂ ਕਿਹੜੀ ਨਸਲ ਦੇ ਲੋਕ ਸਾਡੇ ਵਿਚ ਆਣ ਕੇ ਵੱਸ ਗਏ ਨੇ। ਕਦੇ-ਕਦੇ ਪਹਿਲਾਂ ਤੋਂ ਵੱਸਦੀਆਂ ਔਰਤਾਂ ‘ਪਨਾਹਗੀਰ’ ਬੀਬੀਆਂ ਨੂੰ ਉਸ ਖੂਹ ਤੋਂ ਪਾਣੀ ਨਾ ਭਰਨ ਦਿੰਦੀਆਂ।
ਇਕ ਦਿਨ ਪਾਣੀ ਭਰਦਿਆਂ ਲਾਭ ਕੌਰ ਨੇ ਵਾਧੂ ਪਾਣੀ ਕਿਸੇ ਔਰਤ ਦੇ ਘੜੇ ’ਚ ਪਾ ਦਿੱਤਾ। ਉਸ ਔਰਤ ਨੇ ਰੌਲਾ ਪਾ ਦਿੱਤਾ। ਉਹ ਲਾਭ ਕੌਰ ਨੂੰ ਆਖਣ ਲੱਗੀ- ਤੇਰੇ ਪਾਣੀ ਨਾਲ ਮੇਰਾ ਘੜਾ ਭਿੱਟ ਗਿਆ ਏ!
ਲਾਭ ਕੌਰ ਬੜੀ ਰੋਹਬ ਵਾਲੀ ਔਰਤ ਸੀ, ਪਰ ਵਕਤ ਦੀ ਮਜਬੂਰੀ ਕਰਕੇ ਉਹਨੇ ਦੜ ਵੱਟੀ ਹੋਈ ਸੀ। ਉਸ ਦਿਨ ਉਹਦਾ ਸਬਰ ਜਵਾਬ ਦੇ ਗਿਆ। ਉਹਨੇ ਮਿਹਣੇ ਮਾਰਨ ਵਾਲੀ ਔਰਤ ਦਾ ਘੜਾ ਭੰਨ ਦਿੱਤਾ। ਉਹਦੇ ਮੂੰਹ ’ਤੇ ਦੋ-ਤਿੰਨ ਚਪੇੜਾਂ ਮਾਰ ਕੇ ਆਖਣ ਲੱਗੀ- ਅਸੀਂ ਤਾਂ ਕਮਜ਼ਾਤ ਆਂ! ਮੇਰੇ ਥੱਪੜਾਂ ਨਾਲ ਹੁਣ ਤੂੰ ਵੀ ਭਿੱਟੀ ਗਈ ਏ! ਜੇ ਬਹੁਤੀ ਸੁੱਚਮ ਵਾਲੀ ਏਂ ਤਾਂ ਖੂਹ ’ਚ ਛਾਲ ਮਾਰ ਕੇ ਮਰ ਜਾ! ਤੁਸੀਂ ਸਾਨੂੰ ਆਂਹਦੇ ਓ ਕਿ ਅਸੀਂ ਮੁਸਲਮਾਨਾਂ ਦੇ ਵੱਟੇ ਆਏ ਆਂ। ਫਿਰ ਸਾਡਾ ਹੱਕ ਏ ਨਾ ਇਸ ਮੁਸਲਮਾਨਾਂ ਵਾਲੇ ਖੂਹ ’ਤੇ! ਤੂੰ ਇਸ ਖੂਹ ਤੋਂ ਪਾਣੀ ਕਿਉਂ ਭਰਦੀ ਏ? ਬਹੁਤੀ ਅਣਖ ਏ ਤਾਂ ਆਪਣਾ ਨਵਾਂ ਖੂਹ ਲਗਵਾ ਲਓ।
ਪੂਰੇ ਪਿੰਡ ’ਚ ਰੌਲਾ ਪੈ ਗਿਆ। ਲਾਭੋ ਰਫਿਊਜ਼ਣ ਨੇ ਦੁਕਾਨਦਾਰ ਦੀ ਘਰ ਵਾਲੀ ਕੁੱਟ ਦਿੱਤੀ ਏ। ਖੂਹ ’ਤੇ ਲੋਕ ਇਕੱਠੇ ਹੋ ਗਏ। ਭਾਂਤ-ਭਾਂਤ ਦੀਆਂ ਗੱਲਾਂ ਹੋਣ ਲੱਗੀਆਂ। ਪਿੰਡ ਦੇ ਇਕ ਬਜ਼ੁਰਗ ਪੂਰਨ ਸਿੰਘ ਨੇ ਲਾਭ ਕੌਰ ਨੂੰ ਪੁੱਛਿਆ- ਬੀਬੀ, ਤੁਸੀਂ ਕੌਣ ਹੁੰਦੇ ਓ? ਲਾਭ ਕੌਰ ਅੱਗਿਓਂ ਬੋਲੀ-ਬਾਪੂ ਅਸੀਂ ਹੁੰਦੇ ਤਾਂ ਜੱਟ ਆਂ, ਪਰ ਵਕਤ ਦੇ ਝੰਬੇ ਹੋਏ ਆਂ! ਉਹਨੇ ਅਗਾਂਹ ਪੁੱਛਿਆ- ਬੀਬੀ, ਤੁਹਾਡਾ ਗੋਤ ਕੀ ਏ? ਲਾਭ ਕੌਰ ਆਖਣ ਲੱਗੀ -ਮੇਰੇ ਸਹੁਰਿਆਂ ਦੀ ਜਾਤ ਵੜਾਇਚ ਏ ਤੇ ਮੈਂ ਸਿੱਧੂਆਂ ਦੀ ਧੀ ਆਂ।
ਇਤਫ਼ਾਕਨ ਇਹ ਪਿੰਡ ਵੀ ਨੱਬੇ ਫੀਸਦੀ ਸਿੱਧੂਆਂ ਦਾ ਸੀ। ਪੂਰਨ ਸਿੰਘ ਬੋਲਿਆ- ਤੁਸੀਂ ਫਿਰ ਕਿਉਂ ਡੋਲਦੇ ਓ? ਫਿਰ ਤਾਂ ਤੁਹਾਡੀ ਬਰਾਦਰੀ ਬਥੇਰੀ ਆ ਇੱਧਰ। ਨਾਲ ਦਾ ਸਾਰਾ ਪਿੰਡ ਵੜਾਇਚਾਂ ਦਾ ਏਂ ਤੇ ਤੂੰ ਤਾਂ ਲਾਭ ਕੌਰੇ ਸਾਡੀ ਆਪਦੀ ਧੀ ਏਂ।
ਉਸ ਦਿਨ ਲਾਭ ਕੌਰ ਅੱਧੇ ਪਿੰਡ ਦੀ ਭੂਆ ਬਣ ਗਈ। ਕੱਲ੍ਹ ਤਕ ਓਪਰੀ ਜਿਹੀ ਔਰਤ ਉਨ੍ਹਾਂ ਲਈ ਆਪਣੀ ਹੋ ਗਈ। ਕੁਝ ਦੇਰ ਬਾਅਦ ਉਨ੍ਹਾਂ ਨੂੰ ਖੁੱਲ੍ਹਾ-ਡੁੱਲ੍ਹਾ ਘਰ ਵੀ ਮਿਲ ਗਿਆ। ਵਧੀਆ ਜ਼ਮੀਨ ਵੀ ਮਿਲ ਗਈ। ਤਿੰਨ ਵਰ੍ਹਿਆਂ ਦੀ ਜ਼ਹਿਮਤ ਤੋਂ ਬਾਅਦ ਵੜਾਇਚਾਂ ਦੇ ਇਸ ਟੱਬਰ ਦਾ ਗੁਜ਼ਾਰਾ ਵਧੀਆ ਹੋਣ ਲੱਗ ਪਿਆ। ਜ਼ਿੰਦਗੀ ਲੀਹ ’ਤੇ ਆ ਗਈ। ਬਲਦਾਂ ਦੀ ਜੋਗ ਬਣ ਗਈ। ਖੁੰਡਾਂ ’ਤੇ ਮੱਝਾਂ ਗਾਵਾਂ ਵੀ ਬੱਝ ਗਈਆਂ।
ਦਿਨ ਤਾਂ ਭਾਵੇਂ ਫਿਰ ਗਏ ਸਨ, ਪਰ ਬਹਾਦਰ ਸਿੰਘ ਦੇ ਦਿਲ ਦੇ ਉਬਾਲੇ ਹਾਲੇ ਸ਼ਾਂਤ ਨਹੀਂ ਸਨ ਹੋਏ। ਉਹਦਾ ਛੋਟਾ ਭਰਾ, ਜਿਸ ਨੂੰ ਉਹਨੇ ਹੱਥੀਂ ਪਾਲਿਆ ਸੀ ਉਹਦੀਆਂ ਅੱਖਾਂ ਸਾਹਵੇਂ ਕਤਲ ਕਰ ਦਿੱਤਾ ਗਿਆ ਸੀ। ਕਤਲ ਕਰਨ ਵਾਲੇ ਵੀ ਉਸੀ ਕਸਬੇ ਦੇ ਸਨ। ਉਹ ਸਰੂ ਵਰਗਾ ਸੋਹਣਾ-ਸੁਨੱਖਾ ਜਵਾਨ ਪਲਾਂ-ਛਿਣਾਂ ’ਚ ਮਿੱਟੀ ਦੀ ਢੇਰੀ ਹੋ ਗਿਆ ਸੀ।
ਛੋਟੇ ਭਰਾ ਦੇ ਆਖਰੀ ਬੋਲ ‘ਭਾਈ ਬਚਾ ਲੈ ਮੈਨੂੰ’ ਉਹਦੇ ਕੰਨਾਂ ’ਚ ਨਿਰੰਤਰ ਗੂੰਜਦੇ ਰਹਿੰਦੇ ਸਨ। ਕਦੇ-ਕਦੇ ਬਹਾਦਰ ਸਿੰਘ ਸੁੱਤਾ ਪਿਆ ਚੀਕ ਮਾਰਕੇ ਉੱਠ ਖੜੋਂਦਾ। ਭਰਾ ਨੂੰ ਆਵਾਜ਼ਾਂ ਮਾਰਨ ਲੱਗ ਜਾਂਦਾ। ਹੋਸ਼ ਆਉਂਦੀ ਤਾਂ ਉਹਦੇ ਕੋਲੋਂ ਮੁਆਫ਼ੀਆਂ ਮੰਗਣ ਲੱਗ ਜਾਂਦਾ। ਮੁੜ ਉਹਦੀ ਅੱਖ ਨਾ ਲੱਗਦੀ। ਛੋਟੇ ਭਰਾ ਦੇ ਕਾਤਲਾਂ ਨੂੰ ਯਾਦ ਕਰਕੇ ਕਚੀਚੀਆਂ ਵੱਟਦਾ ਰਹਿੰਦਾ। ਢੀਮਾਂ ਭੰਨਦਿਆਂ ਜਾਂ ਦਾਤਰ ਨਾਲ ਕੋਈ ਲੱਕੜ ਵੱਢਦਿਆਂ ਉਹ ਕਿਸੇ ਹੋਰ ਦੁਨੀਆ ’ਚ ਪਹੁੰਚ ਜਾਂਦਾ। ਉਹਨੂੰ ਇਉਂ ਲੱਗਣ ਲੱਗ ਜਾਂਦਾ ਕਿ ਉਹ ਛੋਟੇ ਭਾਈ ਦੇ ਕਾਤਲਾਂ ਦੇ ਸਿਰ ਭੰਨ ਜਾਂ ਵੱਢ ਰਿਹਾ ਏ।
ਉਹਦਾ ਇਹ ਗੁੱਸਾ ਇਸ ਨਵੇਂ ਪਿੰਡ ਦੇ ਵਾਸੀਆਂ ਨੂੰ ਸਾਫ਼ ਦਿਖਾਈ ਦੇਣ ਲੱਗ ਪਿਆ ਸੀ। ਹੁਣ ਹਰ ਕੋਈ ਬਹਾਦਰ ਸਿੰਘ ਦੇ ਇਸ ਦੁੱਖ ਨੂੰ ਜਾਣਦਾ ਸੀ।
ਦਸੰਬਰ 1950 ਦੀ ਗੱਲ ਏ। ਸ਼ਾਮ ਦਾ ਵਕਤ ਸੀ। ਖੇਸ ਦੀ ਬੁੱਕਲ ਮਾਰੀ ਬਹਾਦਰ ਸਿੰਘ ਬਾਹਰਲੀ ਫਿਰਨੀ ਤੋਂ ਘਰ ਵੱਲ ਤੁਰਿਆ ਆ ਰਿਹਾ ਸੀ।
ਸੰਤਾਲੀ ’ਚ ਇਸ ਪਿੰਡ ਦੇ ਨੌਜਵਾਨਾਂ ਨੇ ਨੇੜਲੇ ਪਿੰਡਾਂ ’ਚ ਲੁੱਟਮਾਰ ਕੀਤੀ ਸੀ। ਉਹ ਕੁਝ ਕੁੜੀਆਂ ਵੀ ਚੁੱਕ ਲਿਆਏ ਸਨ। ਹਿਜਰਤ ਤੋਂ ਬਾਅਦ ਜਦੋਂ ਦੋਹਾਂ ਪਾਸਿਆਂ ਤੋਂ ਰਹਿ ਗਈਆਂ ਔਰਤਾਂ ਨੂੰ ਬਰਾਮਦ ਕਰਨ ਦਾ ਸਿਲਸਿਲਾ ਚੱਲਿਆ ਤਾਂ ਤਕੜੇ ਬੰਦਿਆਂ ਨੇ ਉਹ ਔਰਤਾਂ ਲੁਕੋ ਲਈਆਂ ਸਨ। ਕੁਝ ਤਾਂ ਯੂ.ਪੀ. ਜਾਂ ਕਲਕੱਤੇ ਵੱਲ ਵੀ ਨਿਕਲ ਗਏ ਸਨ।
ਨੇੜਲੇ ਪਿੰਡਾਂ ’ਚ ਪਾਕਿਸਤਾਨ ਤੋਂ ਆਏ ਟਰੱਕ ਘੁੰਮਣ ਲੱਗ ਪਏ ਸਨ। ਇਸ ਪਿੰਡ ’ਚ ਉਦੋਂ ਤਕ ਤਿੰਨ ਕੁੜੀਆਂ ਰਹਿ ਗਈਆਂ ਸਨ। ਅਗਵਾ ਕਰਨ ਵਾਲਿਆਂ ਨੇ ਸੋਚਿਆ ਕਿ ਉਨ੍ਹਾਂ ਕੁੜੀਆਂ ਨੂੰ ਹੁਣ ਅਗਾਂਹ ਵੇਚਣ ’ਚ ਹੀ ਭਲਾ ਹੈ। ਜਦੋਂ ਤਕ ਕੋਈ ਗਾਹਕ ਨਹੀਂ ਸੀ ਮਿਲ ਜਾਂਦਾ, ਉਨ੍ਹਾਂ ‘ਪੁੰਨ’ ਕਰਨ ਬਾਰੇ ਸੋਚਿਆ ਸੀ। ਪਿੰਡ ਦੇ ਦਰਵਾਜ਼ੇ ਦੇ ਨਾਲ ਲੱਗਦੇ ਇਕ ਕਮਰੇ ’ਚ ਉਨ੍ਹਾਂ ਕੁੜੀਆਂ ਨੂੰ ਨਗਨ ਕਰਕੇ ਵਾੜ ਦਿੱਤਾ ਸੀ ਤੇ ਆਉਂਦੇ-ਜਾਂਦੇ ਪਿੰਡ ਦੇ ਨੌਜਵਾਨਾਂ ਨੂੰ ‘ਖੇਹ ਖਾਣ’ ਲਈ ਦਾਅਵਤ ਦੇਣ ਲੱਗ ਪਏ ਸਨ।
ਬਹਾਦਰ ਸਿੰਘ ਜਿਉਂ ਹੀ ਪਿੰਡ ਦੇ ਦਰਵਾਜ਼ੇ ਕੋਲ ਦੀ ਲੰਘਣ ਲੱਗਾ ਤਾਂ ਇਕ ਨੌਜਵਾਨ ਉਹਦੀ ਬਾਂਹ ਫੜਦਿਆਂ ਬੋਲਿਆ- ਆ ਫੁੱਫੜਾ ਤੈਨੂੰ ਕੋਈ ਨਜ਼ਾਰਾ ਵਿਖਾਈਏ। ਬਹਾਦਰ ਸਿੰਘ ਉਸ ਮੁੰਡੇ ਦੀ ਗੱਲ ਨੂੰ ਸਮਝ ਨਾ ਸਕਿਆ ਤੇ ਅਣਭੋਲ ਹੀ ਉਹਦੇ ਨਾਲ ਤੁਰ ਪਿਆ। ਨੌਜਵਾਨ ਨੇ ਦਰਵਾਜ਼ੇ ਦਾ ਕੁੰਡਾ ਖੋਲ੍ਹਿਆ। ਬਹਾਦਰ ਸਿੰਘ ਨੂੰ ਅੰਦਰ ਵਾੜਿਆ ਤੇ ਫਿੱਕਾ ਜਿਹਾ ਹੱਸ ਕੇ ਬੋਲਿਆ- ਫੁੱਫੜਾ ਲੈ ਲਾ ਅੱਜ ਬਦਲਾ, ਆਪਣੇ ਛੋਟੇ ਭਾਈ ਦਾ।
ਬਹਾਦਰ ਸਿੰਘ ਨੇ ਕਮਰੇ ਦੇ ਘੁਸਮੁਸੇ ’ਚ ਅੱਖਾਂ ਉਘਾੜਦਿਆਂ ਵੇਖਿਆ ਕਿ ਤਿੰਨ ਮਾਸੂਮ ਕੁੜੀਆਂ ਨਗਨ ਅਵਸਥਾ ’ਚ ਇਕ-ਦੂਜੀ ਨਾਲ ਲੱਗ ਕੇ ਸਹਿਮੀਆਂ ਬੈਠੀਆਂ ਨੇ। ਉਹਨੇ ਫੁਰਤੀ ਨਾਲ ਆਪਣਾ ਖੇਸ ਉਨ੍ਹਾਂ ਕੁੜੀਆਂ ’ਤੇ ਦੇ ਦਿੱਤਾ ਤੇ ਗੁੱਸੇ ’ਚ ਕੰਬਦੀ ਦੇਹ ਨਾਲ ਕਮਰੇ ’ਚੋਂ ਬਾਹਰ ਨਿਕਲ ਆਇਆ। ਤੇਜ਼ ਕਦਮੀਂ ਮੁੰਡਿਆਂ ਕੋਲੋਂ ਲੰਘਦਿਆਂ, ਉਹ ਕਚੀਚੀ ਵੱਟ ਕੇ ਬੋਲਿਆ- ਅੱਜ ਤਕ ਮੈਂ ਇਹੋ ਸੋਚਦਾ ਰਿਹਾ ਕਿ ਹਰਾਮਜ਼ਾਦੇ ਸਿਰਫ਼ ਓਧਰ ਹੀ ਨੇ!
ਕੁਝ ਪਲਾਂ ਬਾਅਦ ਉਹ ਘਰੋਂ ਮੁੜਿਆ ਤਾਂ ਉਹਦੇ ਇਕ ਹੱਥ ’ਚ ਲਾਭ ਕੌਰ ਦੇ ਤਿੰਨ ਸੂਟ ਸਨ ਤੇ ਦੂਜੇ ਹੱਥ ’ਚ ਪੰਜ ਫੁੱਟੀ ਨੰਗੀ ਤਲਵਾਰ ਸੀ। ਉਸ ਰਾਤ ਉਹ ਕੁੜੀਆਂ ਨੂੰ ਆਪਣੇ ਘਰ ਲੈ ਆਇਆ। ਅਗਲੀ ਸਵੇਰ ਕੁਝ ਮੋਹਤਬਰਾਂ ਨੂੰ ਨਾਲ ਲੈ ਕੇ ਉਨ੍ਹਾਂ ਨੂੰ ਪਾਤੜਾ ਥਾਣੇ ’ਚ ਛੱਡ ਆਇਆ। ਘਰ ਮੁੜਿਆ ਤਾਂ ਧਾਹ ਮਾਰਦਿਆਂ ਪਤਨੀ ਨੂੰ ਆਖਣ ਲੱਗਾ- ਲੈ ਬਈ ਲਾਭ ਕੌਰੇ ਮਸੀਂ ਦਿਲ ਸ਼ਾਂਤ ਹੋਇਆ! ਅੱਜ ਲੈ ਲਿਆ ਮੈਂ ਆਪਣੇ ਛੋਟੇ ਭਾਈ ਦਾ ਬਦਲਾ!
ਸੰਪਰਕ: 97818-43444