ਡਾ. ਸਾਹਿਬ ਸਿੰਘ
ਪਿਛਲਾ ਸਾਲ (2021) ਜਦੋਂ ਸ਼ੁਰੂ ਹੋਇਆ ਸੀ ਤਾਂ ਪਰੰਪਰਿਕ ਰੰਗਮੰਚ ਲਈ ਹਾਲਾਤ ਸੁਖਾਵੇਂ ਨਹੀਂ ਸਨ, ਆਡੀਟੋਰੀਅਮ ਬੰਦ ਪਏ ਸਨ, ਇਕੱਠ ’ਤੇ ਪਾਬੰਦੀ ਸੀ। ਪਰ ਇਸ ਤੋਂ ਪਿਛਲੇ ਵਰ੍ਹੇ (2020) ਦੇ ਪਿਛਲੇ ਅੱਧ ਨੇ ਰੰਗਮੰਚ ਨੂੰ ਇੱਕ ਚੁਣੌਤੀ ਦੇ ਸਾਹਮਣੇ ਲਿਆ ਖੜ੍ਹਾ ਕੀਤਾ ਸੀ ਤੇ ਸਵਾਲ ਪਾਇਆ ਸੀ, ‘ਹੇ ਰੰਗਕਰਮੀ! ਤੈਨੂੰ ਨਾਟਕ ਕਰਨ ਲਈ ਕੀ ਚਾਹੀਦੈ?
ਸਿਰਫ਼ ਆਡੀਟੋਰੀਅਮ… ਸਰਕਾਰੀ ਮਦਦ… ਜਾਂ ਦਰਸ਼ਕ?’ ਰੰਗਕਰਮੀ ਦਾ ਜਵਾਬ ਸਪੱਸ਼ਟ ਸੀ, ‘ਜੇ ਲੋਕ ਕਿਸੇ ਬਿਮਾਰੀ ਦੇ ਡਰ ਕਾਰਨ ਘਰਾਂ ਵਿੱਚ ਬੰਦ ਸਨ ਤਾਂ ਮੈਂ ਵੀ ਆਪਣੀ ਸਰਗਰਮੀ ਤਿਆਗ ਕੇ ਸਮਾਜ ਦੇ ਭਲੇ ਲਈ ਘਰਾਂ ਵਿੱਚ ਬੰਦ ਸੀ, ਪਰ ਜੇ ਮੇਰੇ ਲੋਕ (ਦਰਸ਼ਕ) ਉਸ ਬਿਮਾਰੀ ਤੋਂ ਵੀ ਭੈੜੀ ‘ਮੌਤ’ ਨੂੰ ਲਲਕਾਰ ਰਹੇ ਹਨ, ਸੜਕਾਂ ’ਤੇ ਨਿਕਲ ਆਏ ਹਨ ਤਾਂ ਮੇਰਾ ਝੋਲਾ ਬਿਸਤਰਾ ਵੀ ਤਿਆਰ ਹੈ, ਮੈਂ ਉੱਥੇ ਜਾਵਾਂਗਾ ਜਿੱਥੇ ਮੇਰੇ ਲੋਕ ਹਨ, ਧੜਕਦੇ, ਜਾਗਦੇ, ਜਿਉਂਦੇ ਲੋਕ!’ ਰੰਗਕਰਮੀ ਘਰਾਂ ਦਫ਼ਤਰਾਂ ਤੋਂ ਨਿਕਲ ਕੇ ਲੋਕਾਂ ਦੀ ਕਚਹਿਰੀ ਵਿੱਚ ਜਾ ਵੜਿਆ। ਆਪਣੇ ਸ਼ਬਦਾਂ, ਬੋਲਾਂ, ਗੀਤਾਂ, ਲਲਕਾਰਦੀ ਆਵਾਜ਼, ਭਾਵਨਾਵਾਂ ਨਾਲ ਓਤਪੋਤ ਸੰਵਾਦ, ਫ਼ੈਸਲਾਕੁੰਨ ਪਹੁੰਚ ਤੇ ਸਾਦਗੀ ਭਰੀ ਨੀਤੀ ਸੰਗ ਠੰਢ ਵਿੱਚ ਠਰਦੇ ਜੁਝਾਰੂਆਂ ਕੋਲ ਜਾ ਪਹੁੰਚਿਆ। ਸੱਤਾ ਨੂੰ ਚੁਣੌਤੀ ਦਿੰਦੇ ਲੋਕ ਠੰਢ ਦੀ ਪਰਵਾਹ ਨਾ ਕਰਦੇ ਹੋਏ ਕਾਲੀਆਂ ਰਾਤਾਂ ਰੁਸ਼ਨਾ ਰਹੇ ਸਨ ਕਿਉਂਕਿ ਉਨ੍ਹਾਂ ਦੇ ਸਿਰਾਂ ’ਤੇ ਠੰਢੇ ਬੁਰਜ ਵਿੱਚ ਬੈਠੀ ਮਾਤਾ ਦੀ ਅਸੀਸ ਸੀ। ਨੰਨ੍ਹੇ ਪਰ ਸਾਬਤ ਕਦਮਾਂ ਨਾਲ ਵਜ਼ੀਦੇ ਦੀ ਕਚਹਿਰੀ ਵੱਲ ਵਧਦੇ ਸਾਹਿਬਜ਼ਾਦਿਆਂ ਦੀ ਦ੍ਰਿੜ੍ਹਤਾ ਸੀ। ਭਗਤ ਸਿੰਘ ਵੱਲੋਂ ਫਾਂਸੀ ਤੋਂ ਪਹਿਲਾਂ ਮੋੜਿਆ ਕਿਤਾਬ ਦਾ ਵਰਕਾ ਸੀ, ਸਰਾਭੇ ਦੀਆਂ ਗ਼ਦਰ ਗੂੰਜਾਂ ਤੇ ਊਧਮ ਸਿੰਘ ਦੀ ਸਾਧਨਾ ਸੀ। ਰੰਗਮੰਚ ਜਾਣਦਾ ਸੀ, ਠੰਢ ਨੂੰ ਕਿਵੇਂ ਮਘਾਉਣਾ ਹੈ, ਠੰਢ ਨਾਲ ਆਕੜਦੀਆਂ ਤਲ਼ੀਆਂ ਨੂੰ ਸੁਰਖ਼ ਤਪਿਸ਼ ਕਿਵੇਂ ਬਖ਼ਸ਼ਣੀ ਹੈ, ਕੋਰੇ ਨਾਲ ਬੰਦ ਹੁੰਦੀਆਂ ਅੱਖਾਂ ਨੂੰ ਅੰਗਿਆਰਾਂ ਵਾਂਗ ਦਹਿਕਦੀ ਤੱਕਣੀ ਵਿੱਚ ਬਦਲਣ ਲਈ ਕਿਹੜਾ ਸੰਵਾਦ ਕਿਸ ਸ਼ਿੱਦਤ ਨਾਲ ਬੋਲਣਾ ਹੈ ਤੇ ਸੜਕ ਕੰਢੇ ਬੈਠੇ ਸੰਗਰਾਮੀਆਂ ਦੀਆਂ ਅੱਖਾਂ ਵਿੱਚ ਅੱਖਾਂ ਪਾਉਣ ਲਈ ਕਿਸ ਮਾਤਰਾ ਵਿੱਚ ਸੁਰਮਾ ਪਾਉਣਾ ਹੈ ਤੇ ਕਿੱਦਾਂ ਮਟਕਾਉਣਾ ਹੈ।
ਰੰਗਮੰਚ ਦਾ ਆਪਣਾ ਕਿਰਦਾਰ ਹੈ। ਰੰਗਮੰਚ ਨੇ ਕਹਾਣੀ ਕਹਿਣੀ, ਸੁਣਾਉਣੀ ਤੇ ਦਿਖਾਉਣੀ ਹੈ। ਪਰ ਕਹਿਣ ਦੇ ਢੰਗ ਹਜ਼ਾਰਾਂ ਨੇ। ਰੰਗਮੰਚ ਜ਼ਿੰਦਾ ਹੀ ਤਾਂ ਹੈ ਕਿ ਉਸ ਕੋਲ ਹਜ਼ਾਰਾਂ ਅੰਦਾਜ਼ ਨੇ। ਫ਼ਿਲਮ, ਕਹਾਣੀ, ਕਵਿਤਾ, ਲੇਖ, ਨਾਵਲ ਤੋਂ ਵੱਖਰਾ ਇਸੇ ਲਈ ਹੈ ਕਿ ਇੱਕ ਵਾਰ ਲਿਖੇ ਤੇ ਛਪ ਜਾਣ ਜਾਂ ਰਿਕਾਰਡ ਹੋਣ ਤੋਂ ਬਾਅਦ ਜਿੱਥੇ ਬਾਕੀ ਸਾਰੀਆਂ ਵਿਧਾਵਾਂ ਦਾ ਤਬਦੀਲੀ ਵਾਲਾ ਬੂਹਾ ਲਗਪਗ ਬੰਦ ਹੋ ਜਾਂਦਾ ਹੈ, ਰੰਗਮੰਚ ਉਸ ਬੂਹੇ ਨੂੰ ਕਦੇ ਜਿੰਦਰਾ ਨਹੀਂ ਮਾਰਦਾ। ਉਸ ਦਾ ਦਰਸ਼ਕ ਉਸ ਦੇ ਰੰਗਮੰਚ ਦਾ ਹਿੱਸਾ ਹੈ… ਉਸ ਦਾ ਰੰਗਮੰਚ ਸਥਾਨ ਉਸ ਦੀ ਰੰਗਮੰਚ ਵਿਉਂਤ ਦਾ ਹਿੱਸਾ ਹੈ। ਸਮਾਂ, ਸਥਾਨ, ਰੁੱਤਾਂ, ਸਮਾਜਿਕ ਵੇਗ, ਇਹ ਸਭ ਉਸ ਦੀ ਵਿਉਂਤ ਦਾ ਹਿੱਸਾ ਹਨ। ਰੰਗਮੰਚ ਇੱਕੋ ਵਿਸ਼ੇ ਨੂੰ ਬਿਨਾਂ ਬਦਲਿਆਂ ਅੰਦਾਜ਼ ਬਦਲ ਲੈਂਦਾ ਹੈ। ਅਦਾਕਾਰ ਅਦਾਕਾਰੀ ਦੇ ਢੰਗ ਤਰੀਕੇ ਨਵਿਆ ਲੈਂਦਾ ਹੈ। ਨਿਰਦੇਸ਼ਕ ਆਪਣੀ ਡਿਜ਼ਾਈਨਿੰਗ ਉਲਟਾ ਦਿੰਦੇ ਹਨ। ਪਿਛਲੇ ਵਰ੍ਹੇ ਨੇ ਅਜਿਹੇ ਅਨੇਕਾਂ ਤਜਰਬੇ ਦੇਖੇ। ਇਹ ਵਰ੍ਹਾ ਇਸ ਗੱਲ ਦਾ ਗਵਾਹ ਬਣ ਕੇ ਵਿਦਾ ਹੋ ਗਿਆ ਕਿ ਜਿਵੇਂ ਲੋਕ ਹਰ ਦੁੱਖ ਸੁੱਖ ਵਿੱਚ ਸੰਘਰਸ਼ ਕਰਦੇ ਹਨ, ਉਵੇਂ ਹੀ ਰੰਗਮੰਚ ਆਪਣੀ ਕਲਾਤਮਕਤਾ ਨਾਲ ਸਮਝੌਤਾ ਕੀਤੇ ਬਗੈਰ ਹਰ ਤਰ੍ਹਾਂ ਦੀ ਪ੍ਰਸਥਿਤੀ ਵਿੱਚ ਭੂਮਿਕਾ ਨਿਭਾਉਣੀ ਜਾਣਦਾ ਹੈ। ਲੋਕਾਂ ਨੇ ਦੇਖਿਆ ਕਿ ਕਿਵੇਂ ਰੰਗਕਰਮੀ ਹਜ਼ਾਰਾਂ ਦੇ ਇਕੱਠ ਨੂੰ ਕਦੇ ਇੱਕ ਮਾਈਕ ਨਾਲ ਜਾਂ ਕਦੇ ਮੂਲੋਂ ਹੀ ਸਾਊਂਡ ਸਿਸਟਮ ਤੋਂ ਬਿਨਾਂ ਆਪਣੀ ਕਲਾ ਨਾਲ ਜੋੜਦੇ ਰਹੇ। ਲੋਕਾਂ ਨੇ ਦੇਖਿਆ ਕਿ ਕਿਵੇਂ ਸੜਕਾਂ ’ਤੇ ਬਣੇ ਟੌਲ ਪਲਾਜ਼ੇ ਰੰਗਕਰਮੀਆਂ ਦੀ ਸਟੇਜ ਬਣ ਗਏ ਤੇ ਉੱਚੇ ਨੀਵੇਂ ਥੜ੍ਹੇ ਨੂੰ ਨਿਵੇਕਲੇ ਢੰਗ ਨਾਲ ਵਰਤ ਕੇ ਅਲੋਕਾਰੀ ਮੰਚ ਸੱਜਾ ਕੀਤੀ ਗਈ। ਲੋਕਾਂ ਦੇਖਿਆ ਕਿ ਰੇਲਵੇ ਟਰੈਕ ’ਤੇ ਦੂਰ ਤਕ ਬੈਠੇ ਦਰਸ਼ਕਾਂ ਸਾਹਮਣੇ ਜਦੋਂ ਰੰਗਕਰਮੀ ਵੀ ਉਸੇ ਟਰੈਕ ਦੀ ਇੱਕ ਵੱਖੀ ਵਿੱਚ ਗਰਜਣ ਲੱਗਾ ਤਾਂ ਦਰਸ਼ਕ ਹੌਲੀ ਹੌਲੀ ਖਿਸਕਦੇ ਖਿਸਕਦੇ ਉਸੇ ਟਰੈਕ ’ਤੇ ਰੰਗਕਰਮੀ ਦੇ ਨਜ਼ਦੀਕ ਇਵੇਂ ਸਰਕ ਰਹੇ ਸਨ ਜਿਵੇਂ ਧੀਮੀ ਰਫ਼ਤਾਰ ਦੀ ਮੁਸਾਫ਼ਰ ਗੱਡੀ ਚੱਲ ਰਹੀ ਹੋਵੇ। ਲੋਕ ਗਵਾਹ ਨੇ ਕਿ ਕਿਵੇਂ ਧੁੰਦ ਤੇ ਸੀਤ ਹਵਾ ਨੂੰ ਚੁਣੌਤੀ ਦਿੰਦੇ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਬਹਾਦਰਗੜ੍ਹ ਦੇ ਪਕੌੜਾ ਚੌਕ ’ਤੇ ਰਾਤ ਨੂੰ ਰੁਸ਼ਨਾਉਣ ਲਈ ਟਰਾਲੀਆਂ ਵਿੱਚੋਂ ਨਿਕਲ ਆਏ ਸਨ, ਰੌਸ਼ਨੀ ਪ੍ਰਬੰਧ ਧੋਖਾ ਦੇ ਗਿਆ ਸੀ ਤਾਂ ਕਿਸਾਨ ਮੋਰਚੇ ਦਾ ਪ੍ਰਤੀਕ ਬਣੇ ਟਰੈਕਟਰਾਂ ਨੇ ਉਸ ਰਾਤ ਨਾਟਕ ਲਈ ਲੋੜੀਂਦੀ ਰੌਸ਼ਨੀ ਵਿਉਂਤ ਸਿਰਜੀ ਸੀ! ਇਹ ਵਿਲੱਖਣ ਰੌਸ਼ਨੀ ਪ੍ਰਬੰਧ ਸੀ। ਜੋਗਿੰਦਰ ਬਾਹਰਲਾ ਦੇ ਓਪੇਰਿਆਂ ਵੇਲੇ ਗੈਸ ਨਾਲ ਮੰਚ ਰੁਸ਼ਨਾਉਣ ਦੀ ਤਕਨੀਕ ਨਵੇਂ ਰੂਪ ਵਿੱਚ ਲੋਕ ਅਖਾੜਿਆਂ ਦਾ ਸ਼ਿੰਗਾਰ ਬਣ ਰਹੀ ਸੀ।
ਕੋਈ ਸਮਾਂ ਸੀ ਜਦੋਂ ਗੁਰਸ਼ਰਨ ਸਿੰਘ ਆਪਣੀ ਟੀਮ ਨਾਲ ਇੱਕੋ ਦਿਨ ਵਿੱਚ ਤਿੰਨ ਤਿੰਨ ਪਿੰਡਾਂ ਵਿੱਚ ਨਾਟਕ ਮੰਚਨ ਕਰ ਦਿੰਦੇ ਸਨ। ਇਸ ਨੇ ਰੰਗਕਰਮੀਆਂ ਨੂੰ ਉਹ ਯਾਦ ਤਾਜ਼ਾ ਕਰਵਾ ਦਿੱਤੀ। ਇੱਕ ਥਾਂ ਤੋਂ ਚੱਲਦੇ ਤੇ ਸ਼ਾਮ ਤੱਕ ਕਿੰਨੀਆਂ ਹੀ ਥਾਵਾਂ ’ਤੇ ਨਾਟ ਪੇਸ਼ਕਾਰੀਆਂ ਕਰਦੇ, ਲੋਕਾਂ ਵਿੱਚ ਘੁਲ ਮਿਲ ਜਾਂਦੇ। ਉਨ੍ਹਾਂ ਵਾਂਗ ਹੀ ਵਿਚਰਦੇ, ਹੱਥਾਂ ’ਤੇ ਧਰ ਦਾਲ ਫੁਲਕਾ ਛਕਦੇ। ਮਾਵਾਂ ਬਜ਼ੁਰਗਾਂ ਦੀਆਂ ਮੋਹ ਮਮਤਾ ਨਾਲ ਭਰੀਆਂ ਛਾਤੀਆਂ ’ਤੇ ਸਿਰ ਰੱਖਦੇ, ਭੈਣਾਂ ਭਰਾਵਾਂ ਨਾਲ ਜੱਫੀਆਂ ਪਾਉਂਦੇ, ਬੱਚਿਆਂ ਨਾਲ ਲਾਡ ਲਡਾਉਂਦੇ, ਦੂਰ ਤਕ ਬੈਠੇ ਦਰਸ਼ਕਾਂ ਦੇ ਹੜ੍ਹ ਵਿੱਚ ਆਪਣੇ ਰੰਗਮੰਚ ਰਾਹੀਂ ਚੇਤਨਾ ਦੀ ਗੀਟੀ ਖਿਸਕਾ ਦਿੰਦੇ ਤੇ ਉਹ ਗੀਟੀ ਉਸ ਹੜ੍ਹ ਦੇ ਅੰਦਰ ਬਾਹਰ ਤੈਰਦੀ ਹੋਈ ਧੁਰ ਪਿਛਲੇ ਪੱਤਣ ਤੱਕ ਜਾ ਪਹੁੰਚਦੀ। ਉੱਥੋਂ ਸ਼ਾਬਾਸ਼ੀ ਦੀ ਛੱਲ ਉੱਚੀ ਹੁੰਦੀ ਤੇ ਪਿਆਰ ਸਤਿਕਾਰ ਵਾਲੀ ਗੀਟੀ ਹਵਾ ਵਿੱਚ ਤੈਰਦੀ ਰੰਗਕਰਮੀ ਦੀ ਝੋਲੀ ਵਿੱਚ ਆ ਡਿੱਗਦੀ। ਉਹ ਹੋਰ ਜੋਸ਼ ਫੜਦਾ, ਹੋਰ ਚੇਤੰਨ ਹੋ ਜਾਂਦਾ, ਅੱਖਾਂ ਦੇ ਕੋਏ ਨਮ ਹੁੰਦੇ, ਮਾਣ ਨਾਲ ਭਰ ਜਾਂਦਾ ਤੇ ਉੱਚੀ ਆਵਾਜ਼ ਵਿੱਚ ਗਰਜਦਾ, ‘ਜ਼ਿੰਦਗੀ ਜ਼ਿੰਦਾਬਾਦ ਸੀ, ਜ਼ਿੰਦਗੀ ਜ਼ਿੰਦਾਬਾਦ ਹੈ, ਜ਼ਿੰਦਗੀ ਜ਼ਿੰਦਾਬਾਦ ਰਹੇਗੀ!’ ਜ਼ਿੰਦਾਬਾਦ- ਜ਼ਿੰਦਾਬਾਦ ਦੀ ਗੂੰਜ ਪੈਦਾ ਹੋ ਜਾਂਦੀ ਤੇ ਸੜਕੋ ਸੜਕੀ ਹੁੰਦੀ ਹੋਈ ਦਿੱਲੀ ਦਰਬਾਰ ਦੀ ਹਿੱਕ ਵਿੱਚ ਜਾ ਵੱਜਦੀ। ਰੰਗਮੰਚ ਲਈ 2021 ਸ਼ਾਬਾਸ਼ੀ ਤੇ ਮਾਣ ਵਾਲਾ ਸਾਲ ਸੀ, ਲੋਕਾਂ ਨਾਲ ਖੜ੍ਹਨ ਦਾ ਵਰ੍ਹਾ ਸੀ ਤੇ ਆਪਣੀ ਕਲਾ ਨੂੰ ਨਵਿਆਉਣ ਦਾ ਸਮਾਂ ਸੀ।
ਇੱਕ ਅੰਦਾਜ਼ੇ ਮੁਤਾਬਕ 2021 ਵਿੱਚ ਪੰਜਾਬੀ ਰੰਗਕਰਮੀਆਂ ਨੇ 12000 ਪੇਸ਼ਕਾਰੀਆਂ ਕੀਤੀਆਂ, ਲਗਪਗ ਹਰ ਰੋਜ਼ 33 ਪੇਸ਼ਕਾਰੀਆਂ! ਤਕਰੀਬਨ 200 ਰੰਗਕਰਮੀ ਹਰ ਰੋਜ਼ ਕਿਤੇ ਨਾ ਕਿਤੇ ਨਾਟਕ ਖੇਡ ਰਿਹਾ ਸੀ, ਰੋਜ਼ਾਨਾ 33000 ਦੇ ਕਰੀਬ ਗਿਣਤੀ ਵਿੱਚ ਦਰਸ਼ਕ ਰੰਗਮੰਚ ਮਾਣ ਰਿਹਾ ਸੀ। ਇਨ੍ਹਾਂ ਰੰਗਕਰਮੀਆਂ ਦੀ ਉਮਰ ਅੱਠ ਸਾਲ ਤੋਂ ਲੈ ਕੇ ਅੱਸੀ ਸਾਲ ਤੱਕ ਦੀ ਸੀ। ਖੇਡੇ ਗਏ ਨਾਟਕਾਂ ਦੀ ਮੰਚਨ ਅਵਧੀ 10 ਮਿੰਟ ਤੋਂ ਲੈ ਕੇ 100 ਮਿੰਟ ਤੱਕ ਦੀ ਸੀ। ਨਾਟਕਾਂ ਦੇ ਵਿਸ਼ੇ ਇਤਿਹਾਸਕ, ਸਮਾਜਿਕ, ਰਾਜਨੀਤਕ ਸਨ। ਵਿਅੰਗ ਤੇ ਤਿੱਖੇ ਬਾਣ ਇਨ੍ਹਾਂ ਨਾਟਕਾਂ ਦਾ ਪ੍ਰਮੁੱਖ ਲੱਛਣ ਸਨ। ਜਜ਼ਬਾਤ ਸਿਰਜਣਾ ਤੇ ਲੋਕਾਂ ਨੂੰ ਉਸ ਜਜ਼ਬਾਤ ਨਾਲ ਜੋੜ ਕੇ ਇੱਕ ਸਮੂਹਿਕ ਭਾਵਨਾਤਮਕ ਪਲ ਸਿਰਜਣਾ ਇਨ੍ਹਾਂ ਨਾਟਕਾਂ ਦੀ ਮੁੱਖ ਤੰਦ ਰਹੀ ਤੇ ਇੱਕ ਸਮੂਹਿਕ ਬਦਲਾਅ ਲਈ ਜ਼ੋਰਦਾਰ ਹੰਭਲਾ ਮਾਰਨ ਦਾ ਸੁਨੇਹਾ ਇਨ੍ਹਾਂ ਨਾਟਕਾਂ ਨੇ ਆਪੋ ਆਪਣੇ ਵੱਖਰੇ ਅੰਦਾਜ਼ ਵਿੱਚ ਦਿੱਤਾ। ਕਿਸੇ ਇੱਕ ਨਾਟਕ ਵਿੱਚ ਪਾਤਰਾਂ ਦੀ ਗਿਣਤੀ 1 ਤੋਂ ਲੈ ਕੇ 30 ਤੱਕ ਦੀ ਰਹੀ। ਗੀਤ ਸੰਗੀਤ ਇਨ੍ਹਾਂ ਨਾਟਕਾਂ ਦੀ ਜਿੰਦ ਜਾਨ ਸਨ। ਇਨ੍ਹਾਂ ਨਾਟਕਾਂ ਨੇ ਬਹੁਤ ਸਾਰੇ ਸੱਜਰੇ ਰੰਗਮੰਚ ਪ੍ਰੇਮੀ ਪੈਦਾ ਕੀਤੇ। ਰੰਗਮੰਚ ਦੀ ਇਸ ਵਿਲੱਖਣ ਪ੍ਰਾਪਤੀ ਲਈ ਜਿੱਥੇ ਰੰਗਕਰਮੀ ਸ਼ਾਬਾਸ਼ ਦੇ ਹੱਕਦਾਰ ਹਨ, ਉੱਥੇ ਲੋਕ ਘੋਲਾਂ ਨੂੰ ਪ੍ਰਣਾਏ ਜਥੇਬੰਦਕ ਆਗੂ ਤੇ ਆਮ ਜਨਤਾ ਵੀ ਸ਼ਾਬਾਸ਼ ਦੀ ਹੱਕਦਾਰ ਹੈ। 2021 ਵਿੱਚ ਜੋ ਪ੍ਰਾਪਤ ਹੋਇਆ, ਉਸ ਨੂੰ ਸੰਭਾਲਣ ਦੀ ਲੋੜ ਹੈ। ਰੰਗਮੰਚ ਨੇ ਭਵਿੱਖ ਵਿੱਚ ਕਿਹੜੀ ਦਸ਼ਾ ਅਤੇ ਦਿਸ਼ਾ ਅਖਤਿਆਰ ਕਰਨੀ ਹੈ, ਇਸ ਸਵਾਲ ਦੇ ਰੂਬਰੂ ਹੋਣਾ ਬਹੁਤ ਲਾਜ਼ਮੀ ਹੈ। ਪਿੜਾਂ ਵਿੱਚ ਲੰਬੇ ਸਮੇਂ ਲਈ ਉਹੀ ਭਲਵਾਨ ਟਿਕਦੇ ਹਨ ਜਿਨ੍ਹਾਂ ਦੇ ਸਰੀਰ ਵਿੱਚ ਜਾਨ ਵੀ ਹੁੰਦੀ ਹੈ ਤੇ ਘੁਲਣ ਦਾ ਪੈਂਤੜਾ ਵੀ ਆਉਂਦਾ ਹੁੰਦਾ ਹੈ।
ਸੰਪਰਕ: 98880-11096