ਮੁੰਬਈ, 19 ਅਕਤੂਬਰ
ਬਜ਼ੁਰਗ ਗੀਤਕਾਰ ਜਾਵੇਦ ਅਖਤਰ ਨੇ ਮੰਗਲਵਾਰ ਨੂੰ ਕਿਹਾ ਕਿ ਹਿੰਦੀ ਫਿਲਮ ਇੰਡਸਟਰੀ ਸਕੈਨਰ ਹੇਠ ਹੈ, ਇਸ ਨੂੰ ਸ਼ੁਹਰਤ ਵਿੱਚ ਰਹਿਣ ਦੀ ਕੀਮਤ ਚੁਕਾਉਣੀ ਪਵੇਗੀ। ਬਜ਼ੁਰਗ ਲੇਖਕ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਸੁਪਰਸਟਾਰ ਸ਼ਾਹਰੁਖ ਖਾਨ ਦਾ ਪੁੱਤ ਕਥਿਤ ਨਸ਼ਾ ਬਰਾਮਦਗੀ ਦੇ ਕੇਸ ਸਬੰਧੀ ਜੇਲ੍ਹ ਵਿੱਚ ਬੰਦ ਹੈ। ਸੋਸ਼ਲ ਮੀਡੀਆ ’ਤੇ ਇਹ ਕਿਹਾ ਜਾ ਰਿਹਾ ਹੈ ਕਿ ਫਿਲਮ ਇੰਡਸਟਰੀ ਨੂੰ ਨਿਸ਼ਾਨਾ ਬਣਾਉਣ ਲਈ ਮਿੱਥ ਕੇ ਆਰਿਅਨ ਖ਼ਾਨ ਖ਼ਿਲਾਫ਼ ਇਹ ਕੇਸ ਬਣਾਇਆ ਗਿਆ ਹੈ।
ਜਦੋਂ ਅਖ਼ਤਰ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਰੋਜ਼ਾਨਾ ਛਾਪੇ ਮਾਰ ਕੇ ਬੌਲੀਵੁੱਡ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਕਿਹਾ,‘ਫਿਲਮ ਇੰਡਸਟਰੀ ਨੂੰ ਆਪਣੀ ‘ਸ਼ੁਹਰਤ’ ਦੀ ਕੀਮਤ ਅਦਾ ਕਰਨੀ ਪਵੇਗੀ। ਜਦੋਂ ਤੁਸੀਂ ਬੁਲੰਦੀ ’ਤੇ ਹੁੰਦੇ ਹੋ ਤਾਂ ਲੋਕਾਂ ਨੂੰ ਤੁਹਾਨੂੰ ਹੇਠਾਂ ਖਿੱਚਣ ਅਤੇ ਚਿੱਕੜ ਉਛਾਲਣ ਵਿੱਚ ਆਨੰਦ ਆਉਂਦਾ ਹੈ। ਜੇ ਤੁਸੀਂ ਆਮ ਇਨਸਾਨ ਹੋ ਤਾਂ ਕਿਸੇ ਕੋਲ ਤੁਹਾਡੇ ’ਤੇ ਪੱਥਰ ਮਾਰਨ ਦਾ ਸਮਾਂ ਨਹੀਂ ਹੁੰਦਾ।’ ਅਖਤਰ, ਪੁਸਤਕ ‘ਚੇਂਜਮੇਕਰਜ਼’ ਦੇ ਰਿਲੀਜ਼ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਹ ਪੁਸਤਕ ਲੇਖਕ ਅਲਮਸ ਵੀਰਾਨੀ ਅਤੇ ਸ਼ਵੇਤਾ ਸਮੋਤਾ ਨੇ ਲਿਖੀ ਹੈ। ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਮੁੰਦਰਾ ਤੱਟ ਤੋਂ 2,988 ਕਿਲੋ ਦੀ ਹੈਰੋਇਨ ਬਰਾਮਦਗੀ ਦਾ ਹਵਾਲਾ ਦਿੰਦਿਆਂ ਅਖਤਰ ਨੇ ਕਿਸੇ ਦਾ ਨਾਂ ਲਏ ਬਗ਼ੈਰ ਕਿਹਾ ਕਿ ਤੱਟ ਤੋਂ ਇਕ ਬਿਲੀਅਨ ਡਾਲਰ ਦੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੋਂ ਵੱਧ ਮੀਡੀਆ ਦਾ ਧਿਆਨ ਸੁੁਪਰਸਟਾਰ ਦੇ ਪੁੱਤ ਦੇ ਮਾਮਲੇ ਨੇ ਖਿੱਚਿਆ ਹੈ। -ਪੀਟੀਆਈ