ਮੁੰਬਈ, 3 ਜੁਲਾਈ
ਮਾਧੁਰੀ ਦੀਕਸ਼ਿਤ, ਅਕਸ਼ੈ ਕੁਮਾਰ, ਕਰੀਨਾ ਕਪੂਰ ਸਮੇਤ ਕਈ ਬੌਲੀਵੁੱਡ ਹਸਤੀਆਂ ਨੇ ਸਰੋਜ ਖਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਦੂਜਿਆਂ ਲਈ ਪ੍ਰੇਰਨਾ ਸਰੋਤ ਦੱਸਿਆ।
ਮਾਧੁਰੀ ਨੇ ਟਵੀਟ ਕੀਤਾ, ‘ਮੈਂ ਆਪਣੀ ਦੋਸਤ ਤੇ ਗੁਰੂ ਸਰੋਜ ਖਾਨ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ। ਨ੍ਰਿਤ ’ਚ ਆਪਣੀ ਪੂਰੀ ਪ੍ਰਤਿਭਾ ਦਿਖਾਉਣ ਲਈ ਮੈਂ ਹਮੇਸ਼ਾ ਉਨ੍ਹਾਂ ਦੀ ਸ਼ੁਕਰਗੁਜ਼ਾਰ ਰਹਾਂਗੀ।’ ਅਕਸ਼ੈ ਕੁਮਾਰ ਨੇ ਕਿਹਾ, ‘ਸਵੇਰੇ ਸਵੇਰੇ ਦੁੱਖ ਭਰੀ ਖ਼ਬਰ ਮਿਲੀ ਕਿ ਉੱਘੀ ਕੋਰੀਓਗ੍ਰਾਫਰ ਸਰੋਜ ਖਾਨ ਜੀ ਨਹੀਂ ਰਹੀ। ਉਨ੍ਹਾਂ ਨ੍ਰਿਤ ਨੂੰ ਇੰਨਾ ਸੌਖਾ ਬਣਾਇਆ ਕਿ ਕੋਈ ਵੀ ਨੱਚ ਸਕਦਾ ਸੀ।’ ਸਰੋਜ ਖਾਨ ਨੇ 1987 ’ਚ ਆਈ ਸ਼ੇਖਰ ਕਪੂਰ ਦੀ ਫਿਲਮ ‘ਮਿਸਟਰ ਇੰਡੀਆ’ ’ਚ ਸ੍ਰੀਦੇਵੀ ’ਤੇ ਫਿਲਮਾਏ ਗੀਤ ‘ਹਵਾ ਹਵਾਈ’ ਰਾਹੀਂ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸ਼ੇਖਰ ਕਪੂਰ ਨੇ ਟਵੀਟ ਕੀਤਾ, ‘ਉਨ੍ਹਾਂ ਅਭਿਨੇਤਰੀਆਂ ਦੀ ਇੱਕ ਪੀੜ੍ਹੀ ਨੂੰ ਪਰਿਭਾਸ਼ਤ ਕੀਤਾ। ਲਾਜ਼ਮੀ ਤੌਰ ’ਤੇ ਸਰੋਜ ਖਾਨ ਤੋਂ ਬਿਨਾਂ ਮਿਸਟਰ ਇੰਡੀਆ ਬਣ ਹੀ ਨਹੀਂ ਸਕਦੀ ਸੀ।’ ਕਰੀਨਾ ਕਪੂਰ ਨੇ ਇੰਸਟਾਗ੍ਰਾਮ ’ਤੇ ਸਰੋਜ ਖਾਨ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਮਾਸਟਰਜੀ ਹਮੇਸ਼ਾ ਕਹਿੰਦੀ ਸੀ ਕਿ ਜੇਕਰ ਤੁਸੀਂ ਆਪਣੀ ਪੈਰ ਨਹੀਂ ਥਿਰਕਾ ਸਕਦੇ ਤਾਂ ਆਪਣੇ ਚਿਹਰੇ ’ਤੇ ਹਾਵਭਾਵ ਲਿਆਓ। ਉਨ੍ਹਾਂ ਮੈਨੂੰ ਨ੍ਰਿਤ ਦਾ ਆਨੰਦ ਲੈਣਾ, ਮੁਸਕੁਰਾਉਣਾ ਤੇ ਅੱਖਾਂ ਰਾਹੀਂ ਮੁਸਕੁਰਾਉਣਾ ਸਿਖਾਇਆ।’ ਫਰਾਹ ਖਾਨ ਨੇ ਟਵੀਟ ਕੀਤਾ, ‘ਅੱਲ੍ਹਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ। ਤੁਸੀਂ ਮੇਰੇ ਸਮੇਤ ਕਈ ਲੋਕਾਂ ਲਈ ਪ੍ਰੇਰਨਾ ਸਰੋਤ ਸੀ।’ ਕੋਰੀਓਗ੍ਰਾਫਰ ਤੋਂ ਫਿਲਮ ਨਿਰਮਾਤਾ ਬਣੇ ਰੈਮੋ ਡਿਸੂਜ਼ਾ, ਅਦਾਕਾਰਾ ਤਾਪਸੀ ਪੰਨੂ, ਅਭਿਸ਼ੇਕ ਬੱਚਨ, ਡਾਇਰੈਕਟਰ ਹੰਸਲ ਮਹਿਤਾ, ਅਦਾਕਾਰਾ ਸ਼ਬਾਨਾ ਆਜ਼ਮੀ, ਜੇਨੇਲੀਆ ਦੇਸ਼ਮੁਖ, ਤਮੰਨਾ ਭਾਟੀਆ, ਪ੍ਰੋਡਿਊਸਰ ਸੰਜੈ ਗੁਪਤਾ, ਡਾਇਰੈਕਟਰ ਕੁਨਾਲ ਕੋਹਲੀ ਨੇ ਵੀ ਸਰੋਜ ਖਾਨ ਦੀ ਮੌਤ ’ਤੇ ਦੁਖ ਜ਼ਾਹਿਰ ਕੀਤਾ ਹੈ। -ਪੀਟੀਆਈ