ਜਸਪ੍ਰੀਤ ਕੌਰ ਸੰਘਾ
ਸੱਭਿਆਚਾਰ ਤੋਂ ਭਾਵ ਲੋਕ ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ ਜਾਚ ਤੋਂ ਹੈ। ਪੰਜਾਬ ਦਾ ਆਪਣਾ ਇੱਕ ਅਮੀਰ ਸੱਭਿਆਚਾਰ ਹੈ ਜਿਸ ਵਿੱਚੋਂ ਪੰਜਾਬੀ ਜੀਵਨ ਦੀ ਝਲਕ ਮਿਲਦੀ ਹੈ। ਪੰਜਾਬੀਆਂ ਦਾ ਰਹਿਣ-ਸਹਿਣ, ਖਾਣ-ਪੀਣ, ਪਹਿਰਾਵਾ, ਹਾਰ-ਸ਼ਿੰਗਾਰ ਆਦਿ ਸਭ ਪੰਜਾਬੀ ਸੱਭਿਆਚਾਰ ਦਾ ਹੀ ਅੰਗ ਹਨ। ਜਦੋਂ ਗੱਲ ਹੁੰਦੀ ਹੈ ਪੰਜਾਬਣ ਮੁਟਿਆਰ ਦੇ ਪਹਿਰਾਵੇ ਅਤੇ ਸ਼ਿੰਗਾਰ ਦੀ ਤਾਂ ਉਹ ਪਰਾਂਦੇ ਤੋਂ ਬਿਨਾਂ ਅਧੂਰਾ ਜਾਪਦਾ ਹੈ। ਪਰਾਂਦਾ ਪੰਜਾਬਣਾਂ ਦੀ ਸੁੰਦਰਤਾ ਦਾ ਸ਼ਿੰਗਾਰ ਹੈ। ਕਿਸੇ ਸਮੇਂ ਇਹ ਪੰਜਾਬ ਦੀਆਂ ਮੁਟਿਆਰਾਂ ਦੇ ਪਹਿਰਾਵੇ ਦਾ ਅਨਿੱਖੜਵਾਂ ਅੰਗ ਹੁੰਦਾ ਸੀ। ਪਰਾਂਦਾ ਪੰਜਾਬਣ ਮੁਟਿਆਰ ਦੀ ਖ਼ੂਬਸੂਰਤੀ ਨੂੰ ਚਾਰ ਚੰਦ ਲਗਾ ਦਿੰਦਾ ਹੈ।
ਇਹ ਵਾਲਾਂ ਦਾ ਇੱਕ ਪ੍ਰਮੁੱਖ ਗਹਿਣਾ ਹੈ ਜਿਸ ਨੂੰ ਪੰਜਾਬਣਾਂ ਮੁੱਢ ਤੋਂ ਹੀ ਆਪਣੇ ਵਾਲਾਂ ਦੀ ਗੁੱਤ ਵਿੱਚ ਸਜਾਉਂਦੀਆਂ ਹਨ। ਇਸ ਨੂੰ ਪਰਾਂਦੀ ਜਾਂ ਡੋਰੀ ਵੀ ਕਿਹਾ ਜਾਂਦਾ ਹੈ। ਲੰਬੀ ਗੁੱਤ ਵਿੱਚ ਗੁੰਦਿਆ ਲਾਲ ਪਰਾਂਦਾ ਜਦੋਂ ਪੰਜਾਬਣ ਮੁਟਿਆਰ ਦੇ ਲੱਕ ਦੇ ਦੁਆਲੇ ਮੇਲ੍ਹਦਾ ਹੈ ਤਾਂ ਉਹ ਕਿਸੇ ਪਰੀ ਤੋਂ ਘੱਟ ਨਹੀਂ ਲੱਗਦੀ। ਲਾਲ ਰੰਗ ਦਾ ਪਰਾਂਦਾ ਮੁੱਢ ਤੋਂ ਹੀ ਪੰਜਾਬਣਾਂ ਦੀ ਪਹਿਲੀ ਪਸੰਦ ਰਿਹਾ ਹੈ ਜਿਸ ਦਾ ਜ਼ਿਕਰ ਸਾਡੇ ਗੀਤਾਂ ਵਿੱਚ ਵੀ ਵੇਖਣ ਨੂੰ ਮਿਲਦਾ ਹੈ:
ਕਾਲ਼ੀ ਤੇਰੀ ਗੁੱਤ ਤੇ
ਪਰਾਂਦਾ ਤੇਰਾ ਲਾਲ ਨੀਂ
ਰੂਪ ਦੀਏ ਰਾਣੀਏ
ਪਰਾਂਦੇ ਨੂੰ ਸੰਭਾਲ ਨੀਂ ।
ਪਰਾਂਦਾ ਬਣਾਉਣ ਵੇਲੇ ਰੇਸ਼ਮੀ ਅਤੇ ਸੂਤੀ ਵੱਖ-ਵੱਖ ਰੰਗਾਂ ਦੇ ਧਾਗਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰਾਂਦੇ ਦੀ ਸੁੰਦਰਤਾ ਵਿੱਚ ਵਾਧਾ ਕਰਨ ਲਈ ਉਸ ਨੂੰ ਛੋਟੇ-ਛੋਟੇ ਸ਼ੀਸ਼ਿਆਂ, ਮੋਤੀਆਂ, ਮਣਕਿਆਂ, ਬਾਰੀਕ ਘੁੰਗਰੂਆਂ, ਮੋਤੀਆਂ ਦੀਆਂ ਲੜੀਆਂ ਨਾਲ ਸ਼ਿੰਗਾਰਿਆ ਜਾਂਦਾ ਹੈ। ਪੰਜਾਬ ਵਿੱਚ ਪਟਿਆਲਾ, ਜਲੰਧਰ, ਅੰਮ੍ਰਿਤਸਰ, ਲੁਧਿਆਣਾ ਆਦਿ ਸ਼ਹਿਰਾਂ ਦੇ ਬਣੇ ਪਰਾਂਦਿਆਂ ਨੂੰ ਮੁਟਿਆਰਾਂ ਕਾਫ਼ੀ ਪਸੰਦ ਕਰਦੀਆਂ ਹਨ। ਪਰਾਂਦੇ ਦਾ ਜ਼ਿਕਰ ਤਾਂ ਸਾਡੇ ਲੋਕ ਗੀਤਾਂ ਵਿੱਚ ਵੀ ਵਾਰ-ਵਾਰ ਆਉਂਦਾ ਹੈ ਜਿਵੇਂ:
* ਤੇਰੀ ਮੇਰੀ ਆਂਏ ਲੱਗਜੇ
ਜਿਵੇਂ ਗੁੱਤ ਦੀ ਪਰਾਂਦੇ ਨਾਲ ਯਾਰੀ।
* ਉਹਦੇ ਨਾਲ ਜੱਚਦੀ ਹਾਂ ਮੈਂ
ਤੇ ਮੇਰੇ ਨਾਲ ਉਹ ਜੱਚਦਾ
ਮਾਹੀ ਨਾਲ ਨੱਚਦੀ ਹਾਂ ਮੈਂ
ਤੇ ਗੁੱਤ ਨਾਲ ਪਰਾਂਦਾ ਨੱਚਦਾ।
ਪਟਿਆਲਾ ਸ਼ਹਿਰ ਦਾ ਨਾਮ ਲੈਂਦੇ ਹੀ ਉੱਥੇ ਦੀਆਂ ਮਸ਼ਹੂਰ ਚੀਜ਼ਾਂ ਜਿਵੇਂ ਪਟਿਆਲਾ ਸਲਵਾਰ, ਪਟਿਆਲਾ ਪੈੱਗ ਅਤੇ ਪਟਿਆਲੇ ਦੇ ਪਰਾਂਦੇ ਆਪਣੇ ਆਪ ਜ਼ਿਹਨ ਵਿੱਚ ਆ ਜਾਂਦੇ ਹਨ। ਪਰਾਂਦੇ ਦੀ ਸ਼ੁਰੂਆਤ ਪਟਿਆਲਾ ਦੀਆਂ ਰਾਣੀਆਂ ਵੱਲੋਂ ਕੀਤੀ ਮੰਨੀ ਜਾਂਦੀ ਹੈ। ਉਹ ਆਪਣੇ ਪਰਾਂਦੇ ਵਿੱਚ ਹੀਰੇ, ਮੋਤੀ ਅਤੇ ਸੋਨੇ ਦੀਆਂ ਤਾਰਾਂ ਆਦਿ ਜੜਵਾਉਂਦੀਆਂ ਸਨ। ਉਸ ਤੋਂ ਬਾਅਦ ਪਰਾਂਦਾ ਪੂਰੇ ਪੰਜਾਬ ਵਿੱਚ ਮਸ਼ਹੂਰ ਹੋਇਆ। ਪਟਿਆਲੇ ਦੇ ਪਰਾਂਦਿਆਂ ਦਾ ਜ਼ਿਕਰ ਤਾਂ ਸਾਡੇ ਲੋਕ ਗੀਤਾਂ ਵਿੱਚ ਵੀ ਵੇਖਣ ਨੂੰ ਮਿਲਦਾ ਹੈ:
ਕਾਲ਼ੇ ਰੰਗ ਦਾ ਪਰਾਂਦਾ
ਪਟਿਆਲਿਓਂ ਲਿਆਂਦਾ
ਉਹਦੀ ਖੁੱਲ੍ਹਦੀ ਡੋਰ ਨੂੰ
ਬੁਣ ਭਾਬੀਏ
ਮੇਰੀਆਂ ਝਾਂਜਰਾਂ ਦਾ
ਸ਼ੋਰ ਗੁਲ ਸੁਣ ਭਾਬੀਏ।
ਪਰਾਂਦਿਆਂ ਨਾਲ ਤੂੰਬੀ, ਅਲਗੋਜ਼ੇ, ਢੋਲ ਆਦਿ ਜਿਹੇ ਲੋਕ ਸਾਜ਼ਾਂ ਦਾ ਸ਼ਿੰਗਾਰ ਵੀ ਕੀਤਾ ਜਾਂਦਾ ਹੈ ਅਤੇ ਪਰਾਂਦਾ ਸ਼ਗਨ ਦੇ ਰੂਪ ਵਿੱਚ ਕੁੜੀ ਨੂੰ ਵੀ ਭੇਜਿਆ ਜਾਂਦਾ ਹੈ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਪਰਾਂਦਾ ਸੌਗਾਤ ਦੇ ਰੂਪ ਵਿੱਚ ਵੀ ਭੇਂਟ ਕੀਤਾ ਜਾਂਦਾ ਸੀ। ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਅਤੇ ਪਤੀ ਆਪਣੀ ਪਤਨੀ ਨੂੰ ਪਰਾਂਦਾ ਸੌਗਾਤ ਦੇ ਰੂਪ ਵਿੱਚ ਲਿਆ ਕੇ ਦਿੰਦਾ ਸੀ। ਪਰਾਂਦੇ ਨੂੰ ਪਿਆਰ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ। ਜਿਸ ਦਾ ਜ਼ਿਕਰ ਇੱਕ ਗੀਤ ਦੀਆਂ ਸਤਰਾਂ ਵਿੱਚ ਇਸ ਤਰ੍ਹਾਂ ਕੀਤਾ ਗਿਆ ਹੈ:
* ਆਹ ਲੈ ਰੇਸ਼ਮੀ ਪਰਾਂਦਾ
ਨੀਂ ਸੰਭਾਲ ਕੇ ਰੱਖੀਂ
ਨਾਗ ਵਾਂਗੂੰ ਵਲ ਖਾਂਦਾ
ਨੀਂ ਸੰਭਾਲ ਕੇ ਰੱਖੀਂ।
* ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਲਿਆਂਦਾ
ਨੀਂ ਮੈਂ ਚੁੰਮ-ਚੁੰਮ ਰੱਖਦੀ ਫਿਰਾਂ…
ਪੰਜਾਬਣ ਮੁਟਿਆਰ ਦੀ ਲੰਬੀ ਗੁੱਤ ਤੇ ਪਰਾਂਦੇ ਦਾ ਬਹੁਤ ਗੂੜ੍ਹਾ ਸਬੰਧ ਰਿਹਾ ਹੈ। ਉੱਚੀ- ਲੰਬੀ, ਸੋਹਣੀ- ਸੁਨੱਖੀ ਪੰਜਾਬਣ ਮੁਟਿਆਰ ਆਪਣੀ ਕਾਲ਼ੀ ਗੁੱਤ ਵਿੱਚ ਜਦੋਂ ਲਾਲ ਪਰਾਂਦਾ ਸਜਾ ਲੈਂਦੀ ਤਾਂ ਵੇਖਣ ਵਾਲਾ ਉਸ ਦੀ ਖ਼ੂਬਸੂਰਤੀ ਵੇਖ ਅਸ਼-ਅਸ਼ ਕਰ ਉੱਠਦਾ। ਇਸ ਦਾ ਜ਼ਿਕਰ ਸਾਡੇ ਲੋਕ ਗੀਤਾਂ ਵਿੱਚ ਇਸ ਤਰ੍ਹਾਂ ਕੀਤਾ ਗਿਆ ਹੈ:
ਨੀਂ ਤੇਰਾ ਲਾਲ ਪਰਾਂਦਾ
ਹਾਏ ਨੀਂ ਦਿਲ ਲੁੱਟਦਾ ਜਾਂਦਾ।
ਪੁਰਾਣੇ ਸਮੇਂ ਵਿੱਚ ਪਰਾਂਦੇ ਦੀ ਬਹੁਤ ਚੜ੍ਹਤ ਰਹੀ ਹੈ। ਪੰਜਾਬਣਾਂ ਨੂੰ ਪਰਾਂਦੇ ਨਾਲ ਬਹੁਤ ਲਗਾਅ ਰਿਹਾ ਹੈ। ਬਾਬਲ ਦੁਆਰਾ ਲੱਭਿਆ ਵਰ ਕੱਦ ਵਿੱਚ ਛੋਟਾ ਹੋਣ ਕਾਰਨ ਜੇਕਰ ਕਿਸੇ ਮੁਟਿਆਰ ਨੂੰ ਪਸੰਦ ਨਾ ਆਉਣਾ ਤਾਂ ਉਹ ਇੱਥੋਂ ਤੱਕ ਆਖ ਦਿੰਦੀ ਸੀ:
ਬਾਬਲੇ ਨੇ ਵਰ ਟੋਲਿਆ
ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ
ਪਰ ਹੁਣ ਸਮਾਂ ਬਦਲ ਚੁੱਕਾ ਹੈ ਅਤੇ ਪੰਜਾਬਣ ਮੁਟਿਆਰਾਂ ਦੇ ਹਾਰ ਸ਼ਿੰਗਾਰ ਦਾ ਢੰਗ ਵੀ। ਹੁਣ ਪੰਜਾਬਣਾਂ ਦੇ ਜੀਵਨ ਵਿੱਚ ਪਰਾਂਦੇ ਦੀ ਪਹਿਲਾਂ ਜਿਹੀ ਸਰਦਾਰੀ ਨਹੀਂ ਰਹੀ। ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਪੰਜਾਬਣਾਂ ਨੇ ਲੰਬੀਆਂ ਗੁੱਤਾਂ ਤੇ ਪਰਾਂਦਿਆਂ ਨੂੰ ਅਲਵਿਦਾ ਆਖ ਦਿੱਤਾ ਹੈ। ਹੁਣ ਕਿਤੇ ਵਿਆਹ ਸਮਾਗਮਾਂ ਜਾਂ ਕਾਲਜ, ਯੂਨੀਵਰਸਿਟੀ ਵਿੱਚ ਹੋਣ ਵਾਲੇ ਸੱਭਿਆਚਾਰਕ ਸਮਾਗਮਾਂ ਵਿੱਚ ਹੀ ਪੰਜਾਬਣ ਮੁਟਿਆਰ ਦੀ ਗੁੱਤ ਵਿੱਚ ਪਰਾਂਦਾ ਸਜਿਆ ਦਿਖਾਈ ਦਿੰਦਾ ਹੈ। ਕਿਸੇ ਸਮੇਂ ਪੰਜਾਬਣ ਮੁਟਿਆਰ ਦੀ ਗੁੱਤ ਦਾ ਸ਼ਿੰਗਾਰ ਰਿਹਾ ਪਰਾਂਦਾ ਅੱਜ ਜਾਂ ਤਾਂ ਅਜਾਇਬ ਘਰਾਂ ਵਿੱਚ ਪਿਆ ਦਿਖਾਈ ਦਿੰਦਾ ਹੈ ਜਾਂ ਫਿਰ ਪੁਰਾਣੀਆਂ ਬਜ਼ੁਰਗ ਔਰਤਾਂ ਦੇ ਟਰੰਕਾਂ ਵਿੱਚ ਸੰਭਾਲਿਆ ਹੋਇਆ ਮਿਲ ਸਕਦਾ ਹੈ। ਕੀਲੀਆਂ ਉੱਤੇ ਟੰਗੇ ਹੋਏ ਪਰਾਂਦੇ ਅੱਜ ਪੰਜਾਬਣ ਮੁਟਿਆਰਾਂ ਦੀ ਲੰਬੀ ਗੁੱਤ ਵਿੱਚ ਸਜਣ ਲਈ ਤਰਸ ਰਹੇ ਹਨ। ਇਸੇ ਲਈ ਤਾਂ ਕਿਹਾ ਗਿਆ ਹੈ :
ਕਿੱਥੋਂ ਨਵਾਂ ਫੈਸ਼ਨ ਲਿਆਂਦਾ ਨੀਂ ਪੰਜਾਬਣੇ
ਕਿੱਲੀ ਉੱਤੇ ਟੰਗਤਾ ਪਰਾਂਦਾ ਨੀਂ ਪੰਜਾਬਣੇ।
ਸੰਪਰਕ: 99150-33176