ਮੁੰਬਈ, 6 ਜਨਵਰੀ
ਅਮਿਤਾਭ ਬੱਚਨ ਦੀ ਬੁੱਧਵਾਰ ਸਵੇਰੇ ਲੱਦਾਖ ਦੇ ਮਨਫ਼ੀ 33 ਡਿਗਰੀ ਦੌਰੇ ਬਾਰੇ ਗੱਲਬਾਤ ਨੇ ਪ੍ਰਸ਼ੰਸਕਾਂ ਨੂੰ ਫ਼ਿਕਰਾਂ ’ਚ ਪਾ ਦਿੱਤਾ ਹੈ। ਬੱਚਨ ਨੇ ਫੇਸਬੁੱਕ ’ਤੇ ਪੋਸਟ ਕੀਤਾ, ‘‘ਲੱਦਾਖ ਗਿਆ ਅਤੇ ਵਾਪਸ… ਮਨਫ਼ੀ 33 ਡਿਗਰੀ… ਇੱਥੋਂ ਤਕ ਕਿ ਇਹ ਮੈਨੂੰ ਠੰਢ ਤੋਂ ਨਹੀਂ ਬਚਾ ਸਕਿਆ..!!!’’ ਪੋਸਟ ’ਤੇ ਟਿੱਪਣੀ ਕਰਦਿਆਂ ਪ੍ਰਸ਼ੰਸਕਾਂ ਨੇ 79 ਸਾਲਾ ਅਦਾਕਾਰ ਦੀ ਸਿਹਤ ਬਾਰੇ ਚਿੰਤਾ ਜਾਹਰ ਕੀਤੀ ਕਿਉਂਕਿ ਹਾਲ ਹੀ ’ਚ ਉਹ ਕੋਵਿਡ-19 ਤੋਂ ਠੀਕ ਹੋਏ ਹਨ। ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ, ‘‘ਪਿਆਰੇ ਅਮਿਤ ਜੀ, ਤੁਸੀਂ ਕਿਸੇ ਵੀ ਹੋਰ ਜੁਆਨ ਅਦਾਕਾਰ ਤੋਂ ਵੱਧ ਕੰਮ ਕਰ ਰਹੇ ਹੋ। ਮੈਂ ਖ਼ੁਸ਼ ਹਾਂ ਕਿ ਤੁਸੀਂ ਅਜਿਹੀ ਮੰਗ ਵਿੱਚ ਹੋ। ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਕਿਰਪਾ ਕਰਕੇ ਆਪਣੀ ਸਿਹਤ ਦਾ ਧਿਆਨ ਰੱਖਣਾ। ਸਾਨੂੰ ਤੁਹਾਡੀ ਲੋੜ ਹੈ। ਬਹੁਤ ਸਾਰੇ ਪਿਆਰ ਨਾਲ।’’
ਇੱਕ ਹੋਰ ਪ੍ਰਸ਼ੰਸਕ ਨੇ ਸਲਾਹ ਦਿੱਤੀ, ‘‘ਮੈਨੂੰ ਲੱਗਦਾ ਕਿ ਤੁਹਾਨੂੰ ਆਪਣੀ ਜ਼ਿੰਦਗੀ ਨੂੰ ਜੋਖ਼ਮ ’ਚ ਨਹੀਂ ਪਾਉਣਾ ਚਾਹੀਦਾ। ਭਾਵੇਂ ਕਿ ਕੰਮ ਮਹੱਤਵਪੂਰਨ ਹੈ! ਜੇਕਰ ਜ਼ਿੰਦਗੀ ਚਲੀ ਗਈ ਤਾਂ ਪਿੱਛੇ ਕੁਝ ਨਹੀਂ ਬਚਦਾ। ਤੁਸੀਂ ਬਹੁਤ ਪੈਸਾ ਕਮਾ ਲਿਆ, ਹੁਣ ਕੋਈ ਸਾਹਸ ਕਰਨ ਦੀ ਕੋਸ਼ਿਸ਼ ਨਾ ਕਰੋ।’’ ਇੱਕ ਹੋਰ ਪ੍ਰਸ਼ੰਸਕ ਨੇ ਇਸ ਉਮਰ ਵਿੱਚ ਅਜਿਹਾ ਕੰਮ ਕਰਨ ’ਤੇ ਫ਼ਿਕਰ ਕਰਦਿਆਂ ਸਿਹਤਮੰਦ ਅਤੇ ਸੁਰੱਖਿਅਤ ਰਹਿਣ ਦੀ ਕਾਮਨਾ ਕੀਤੀ। ਬਿੱਗ ਬੀ, ਜਿਨ੍ਹਾਂ ਦੇ ਦੁਨੀਆ ਭਰ ਵਿੱਚ ਵੱਡੀ ਗਿਣਤੀ ’ਚ ਪ੍ਰਸ਼ੰਸਕ ਹਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਪ੍ਰਸਿੱਧੀ ਦੀ ਇੱਕ ਝਲਕ ਪੇਸ਼ ਕੀਤੀ। ਅਦਾਕਾਰ ਨੇ 1990-91 ਵਿੱਚ ਮਾਸਕੋ, ਸੋਵੀਅਤ ਯੂਨੀਅਨ ਵਿੱਚ ਖਿੱਚੀ ਇੱਕ ਤਸਵੀਰ ਸਾਂਝੀ ਕੀਤੀ, ਜਿੱਥੇ ਉਹ ਆਟੋਗ੍ਰਾਫ਼ ਲਈ ਪ੍ਰਸ਼ੰਸਕਾਂ ਦੀ ਭੀੜ ’ਚ ਘਿਰੇ ਦਿਖਾਈ ਦਿੰਦੇ ਹਨ।
-ਆਈਏਐੱਨਐੱਸ