ਮੁੰਬਈ: ਬਾਲੀਵੁੱਡ ਦੇ ਸੀਨੀਅਰ ਅਦਾਕਾਰ ਅਮਿਤਾਭ ਬੱਚਨ ਅਤੇ ਅਦਾਕਾਰ-ਸਿਆਸਤਦਾਨ ਜਯਾ ਬੱਚਨ ਦਾ ਵਿਆਹ ਹੋਏ ਨੂੰ ਅੱਜ 49 ਵਰ੍ਹੇ ਬੀਤ ਗਏ ਹਨ। ਇਸ ਮੌਕੇ ਅਮਿਤਾਭ ਬੱਚਨ ਨੇ ਸੋਸ਼ਲ ’ਤੇ ਆਪਣੇ ਵਿਆਹ ਮੌਕੇ ਦੀ ਤਸਵੀਰ ਸਾਂਝੀ ਕੀਤੀ ਹੈ। ਬਿੱਗ ਬੀ ਵੱਲੋਂ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਇਸ ਤਸਵੀਰ ਵਿੱਚ ਉਨ੍ਹਾਂ ਸੁਨਹਿਰੀ ਰੰਗ ਦੀ ਸ਼ੇਰਵਾਨੀ ਤੇ ਜਯਾ ਬੱਚਨ ਨੇ ਲਾਲ ਰੰਗ ਦੀ ਸਾੜੀ ਪਾਈ ਹੋਈ ਹੈ। ਇਸ ਤਸਵੀਰ ਨਾਲ ਅਮਿਤਾਭ ਨੇ ਲਿਖਿਆ ਹੈ, ‘ਜਯਾ ਤੇ ਮੇਰੇ ਵਿਆਹ ਦੀ ਵਰ੍ਹੇਗੰਢ ਮੌਕੇ ਜੋ ਪਿਆਰ ਤੇ ਸਤਿਕਾਰ ਤੁਸੀਂ ਦਿੱਤਾ, ਉਸ ਲਈ ਮੈਂ ਤੁਹਾਡਾ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ। ਸਾਰੇ ਸੁਨੇਹਿਆਂ ਦਾ ਉੱਤਰ ਨਹੀਂ ਦੇ ਸਕਾਂਗੇ, ਇਸ ਲਈ ਇਥੇ ਹੀ ਸਾਡਾ ਧੰਨਵਾਦ ਸਵੀਕਾਰ ਕਰੋ।’ ਜ਼ਿਕਰਯੋਗ ਹੈ ਕਿ ਫ਼ਿਲਮ ‘ਗੁੱਡੀ’ ਦੀ ਸ਼ੂਟਿੰਗ ਦੌਰਾਨ ਇਹ ਅਦਾਕਾਰ ਜੋੜੀ ਇੱਕ ਦੂਜੇ ਦੇ ਨੇੜੇ ਆਈ ਸੀ। ਦੋਵਾਂ ਨੇ ਹੁਣ ਤੱਕ ‘ਜ਼ੰਜੀਰ’, ‘ਅਭਿਮਾਨ’, ‘ਸਿਲਸਿਲਾ’, ‘ਚੁਪਕੇ ਚੁਪਕੇ’, ‘ਮਿਲੀ’, ‘ਸ਼ੋਅਲੇ’ ਤੇ ‘ਕਭੀ ਖੁਸ਼ੀ ਕਭੀ ਗ਼ਮ’ ਵਰਗੀਆਂ ਕਈ ਸਫ਼ਲ ਫਿਲਮਾਂ ਵਿੱਚ ਇਕੱਠਿਆਂ ਕੰਮ ਕੀਤਾ ਹੈ। ਜਾਣਕਾਰੀ ਅਨੁਸਾਰ ਅਮਿਤਾਭ ਛੇਤੀ ਹੀ ‘ਬ੍ਰਹਮਾਸਤਰ’ ਵਿੱਚ ਦਿਖਾਈ ਦੇਵੇਗਾ, ਜਦਕਿ ਜਯਾ ਬੱਚਨ ਇਸ ਵੇਲੇ ਕਰਨ ਜੌਹਰ ਦੀ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਲਈ ਸ਼ੂਟਿੰਗ ਕਰ ਰਹੀ ਹੈ। -ਆਈਏਐੱਨਐੱਸ