ਮੁੰਬਈ: ਬੌਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਅਤੇ ਅਦਾਕਾਰ ਅਕਸ਼ੈ ਕੁਮਾਰ ਫਿਲਮ ‘ਟੌਇਲਟ: ਏਕ ਪ੍ਰੇਮ ਕਥਾ’ ਤੋਂ ਬਾਅਦ ਦੁਬਾਰਾ ਫਿਲਮ ‘ਰਕਸ਼ਾ ਬੰਧਨ’ ਵਿੱਚ ਫਿਲਮ ਨਿਰਮਾਤਾ ਆਨੰਦ ਐੱਲ ਰਾਏ ਨਾਲ ਇਕੱਠਿਆਂ ਕੰਮ ਰਹੇ ਹਨ। ਇਸ ਤੋਂ ਪਹਿਲਾ ਅਦਾਕਾਰਾ ਨੇ ਆਨੰਦ ਨਾਲ ‘ਸ਼ੁਭ ਮੰਗਲ ਸਾਵਧਾਨ’ ਵਿੱਚ ਕੰਮ ਕੀਤਾ ਸੀ। ਅਦਾਕਾਰਾ ਨੇ ਦੋਵਾਂ ਸ਼ਖ਼ਸੀਅਤਾਂ ਨੂੰ ਜ਼ਿੰਦਗੀ ਵਿੱਚ ਖਾਸ ਦੱਸਦਿਆਂ ਟੈਗ ਕੀਤਾ ਹੈ ਅਤੇ ਆਉਣ ਵਾਲੀ ਫਿਲਮ ਨੂੰ ‘ਰੀਯੂਨੀਅਨ’ ਦੱਸਿਆ ਹੈ। ਭੂਮੀ ਨੇ ਕਿਹਾ, ‘‘ਰਕਸ਼ਾ ਬੰਧਨ’ ਮੇਰੀ ਜ਼ਿੰਦਗੀ ਦੇ ਖਾਸ ਲੋਕਾਂ ਨਾਲ ਪੁਨਰ-ਮਿਲਾਪ ਹੈ! ਆਨੰਦ ਰਾਏ ਸਰ ਮੇਰੇ ਲਈ ਗੁਰੂ ਹਨ, ਜਿਨ੍ਹਾਂ ਅਦਾਕਾਰਾ ਵਜੋਂ ਮੇਰੀ ਕਾਬਲੀਅਤ ’ਤੇ ਭਰੋਸਾ ਕੀਤਾ, ਜਦੋਂ ਮੈਂ ਹਾਲੇ ਸ਼ੁਰੂਆਤ ਹੀ ਕੀਤੀ ਸੀ ਅਤੇ ‘ਸ਼ੁਭ ਮੰਗਲ ਸਾਵਧਾਨ’ ਰਾਹੀਂ ਮੌਕਾ ਦੇਣ ਲਈ ਮੈਂ ਸਦਾ ਉਨ੍ਹਾਂ ਦੀ ਸ਼ੁਕਰਗੁਜ਼ਾਰ ਰਹਾਂਗੀ।’’ ਉਸ ਨੇ ਅੱਗੇ ਕਿਹਾ, ‘‘ਇਸ ਲਈ, ਮੈਂ ਖੁਸ਼ ਹਾਂ ਕਿ ਮੈਨੂੰ ਉਨ੍ਹਾਂ ਨਾਲ ਦੁਬਾਰਾ ਕੰਮ ਕਰਨ ਦਾ ਮੌਕਾ ਮਿਲਿਆ।’’ ਅਕਸ਼ੈ ਬਾਰੇ ਗੱਲ ਕਰਦਿਆਂ ਭੂਮੀ ਨੇ ਕਿਹਾ, ‘‘ਅਕਸ਼ੈ ਕੁਮਾਰ ਸਰ ਨੇ ਮੈਨੂੰ ਫਿਲਮ ਇਸ ਲਈ ਦਿੱਤੀ ਸੀ ਕਿਉਂਕਿ ਮੇਰੀ ਪਹਿਲੀ ਫਿਲਮ ਕਾਫ਼ੀ ਹਿੱਟ ਰਹੀ ਸੀ। ਉਨ੍ਹਾਂ ‘ਟੌਇਲਟ: ਏਕ ਪ੍ਰੇਮ ਕਥਾ’ ਵਿੱਚ ਮੇਰੇ ’ਤੇ ਭਰੋਸਾ ਕੀਤਾ ਅਤੇ ਸਾਡੀ ਜੋੜੀ ਨੇ ਦਿਲ ਜਿੱਤੇ। ਉਨ੍ਹਾਂ ਮੇਰੇ ਅੰਦਰ ਵਿਸ਼ਵਾਸ ਪੈਦਾ ਕੀਤਾ, ਜਿਸ ਨੇ ਮੈਨੂੰ ਇਸ ਇੰਡਸਟਰੀ ਵਿੱਚ ਅੱਗੇ ਵਧਣ ਲਈ ਪ੍ਰੇਰਿਆ।’’ ਅਦਾਕਾਰਾ ਨੇ ਕਿਹਾ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਹ ਦੁਬਾਰਾ ਅਕਸ਼ੈ ਨਾਲ ‘ਰਕਸ਼ਾ ਬੰਧਨ’ ਵਿੱਚ ਕੰਮ ਕਰ ਰਹੀ ਹੈ ਤਾਂ ਬੇਹੱਦ ਖੁਸ਼ ਹੋਈ। ਅਦਾਕਾਰਾ ਨੂੰ ਪੂਰਾ ਭਰੋਸਾ ਹੈ ਕਿ ਫਿਲਮ ‘ਰਕਸ਼ਾ ਬੰਧਨ’ ਹਰ ਉਮਰ ਦੇ ਦਰਸ਼ਕਾਂ ਨੂੰ ਪਸੰਦ ਆਵੇਗੀ। ਉਸ ਨੇ ਕਿਹਾ, ‘‘ਇਹ ਇੱਕ ਅਜਿਹੀ ਸਕ੍ਰਿਪਟ ਹੈ, ਜੋ ਹਰ ਕਿਸੇ ਦਾ ਦਿਲ ਜਿੱਤੇਗੀ ਅਤੇ ਮੈਨੂੰ ਉਮੀਦ ਹੈ ਕਿ ਅਕਸ਼ੈ ਸਰ ਨਾਲ ਮੇਰੀ ਜੋੜੀ ਨੂੰ ਦੁਬਾਰਾ ਪਿਆਰ ਮਿਲੇਗਾ।’’ -ਆਈਏਐੱਨਐੱਸ