ਗੁਰਮੀਤ ਸਿੰਘ*
ਸੁੰਦਰ ਜਲ ਮੁਰਗੇ ਨੂੰ ਕੋਰਾ ਕਿਹਾ ਜਾਂਦਾ ਹੈ। ਇਹ ਇੱਕ ਵੱਖਰੀ ਕਿਸਮ ਦੀ ਪ੍ਰਜਾਤੀ ਹੈ। ਇਹ ਨੀਲੀ ਜਲ ਕੁੱਕੜੀ ਵਰਗਾ ਹੈ ਅਤੇ ਇਸ ਪ੍ਰਜਾਤੀ ਦੇ ਨਾਲ ਸਬੰਧਤ ਮੰਨਿਆ ਜਾਂਦਾ ਹੈ। ਇਸ ਨੂੰ ਅੰਗਰੇਜ਼ੀ ਵਿੱਚ ‘ਵਾਟਰਕੌਕ’(Watercock) ਅਤੇ ਹਿੰਦੀ ਵਿੱਚ ਕੋਰਾ ਜਾਂ ਕੰਗਰਾ ਕਹਿੰਦੇ ਹਨ। ਇਹ ਪਾਕਿਸਤਾਨ, ਭਾਰਤ ਦੇ ਅੰਡੇਮਾਨ ਟਾਪੂ ਤੇ ਨਿਕੋਬਾਰ ਟਾਪੂ, ਸ੍ਰੀਲੰਕਾ, ਮਾਲਦੀਵ, ਦੱਖਣੀ ਚੀਨ, ਕੋਰੀਆ, ਜਪਾਨ, ਦੱਖਣੀ-ਪੂਰਬੀ ਏਸ਼ੀਆ, ਫਿਲੀਪੀਨਜ਼ ਅਤੇ ਇੰਡੋਨੇਸ਼ੀਆ ਵਿੱਚ ਮਿਲਦਾ ਹੈ। ਇਹ ਦਰਮਿਆਨੇ ਆਕਾਰ ਦਾ ਪੰਛੀ ਹੈ ਜਿਸ ਵਿੱਚ ਨਰ ਥੋੜ੍ਹਾ ਵੱਖਰਾ ਹੁੰਦਾ ਹੈ। ਨਰ ਪੰਛੀ ਵੱਡਾ ਹੁੰਦਾ ਹੈ ਅਤੇ ਇਸ ਦੀ ਲੰਬਾਈ 42 ਸੈਂਟੀਮੀਟਰ ਅਤੇ ਭਾਰ 300 ਤੋਂ 600 ਗ੍ਰਾਮ ਹੁੰਦਾ ਹੈ। ਮਾਦਾ ਪੰਛੀ ਦੀ ਲੰਬਾਈ 35 ਸੈਂਟੀਮੀਟਰ ਅਤੇ ਭਾਰ 200 ਤੋਂ 400 ਗ੍ਰਾਮ ਹੁੰਦਾ ਹੈ। ਇਸ ਦੇ ਨਰ ਦਾ ਰੰਗ ਕਾਲਾ-ਸਲੇਟੀ ਹੁੰਦਾ ਹੈ, ਜੋ ਹੇਠਲੇ ਪਾਸੇ ਪੀਲਾ ਹੁੰਦਾ ਹੈ। ਮਾਦਾ ਦਾ ਰੰਗ ਭੂਰਾ ਹੁੰਦਾ ਹੈ ਜੋ ਹੇਠਲੇ ਪਾਸੇ ਤੋਂ ਪੀਲੀ ਭਾਹ ਮਾਰਦਾ ਹੈ। ਇਨ੍ਹਾਂ ਦੇ ਹੇਠਲੇ ਪਾਸੇ ਭੂਰੇ ਰੰਗ ਵਿੱਚ ਧਾਰੀਆਂ ਹੁੰਦੀਆਂ ਹਨ।
ਇਸ ਦੀ ਚੁੰਜ ਪੀਲੇ ਰੰਗੀ ਹੁੰਦੀ ਹੈ ਅਤੇ ਲੱਤਾਂ ਲੰਬੀਆਂ ਅਤੇ ਪੈਰਾਂ ਦੀਆਂ ਉਂਗਲਾਂ ਹਰੇ-ਪੀਲੇ ਰੰਗੀਆਂ ਹੁੰਦੀਆਂ ਹਨ। ਇਨ੍ਹਾਂ ਦਾ ਸਰੀਰ ਪਿੱਛੇ ਤੋਂ ਚੌੜਾ ਹੁੰਦਾ ਹੈ ਤਾਂ ਕਿ ਇਹ ਪੰਛੀ ਕਾਨਿਆਂ ਵਿੱਚੋਂ ਆਸਾਨੀ ਨਾਲ ਨਿਕਲ ਸਕਣ। ਇਹ ਪੰਛੀ ਸੰਘਣੇ ਕਾਨੇ, ਗਿੱਲੀਆਂ ਥਾਵਾਂ, ਦਲਦਲੀਆਂ ਜ਼ਮੀਨਾਂ, ਹੜ੍ਹਾਂ ਵਾਲੀਆਂ ਚਰਾਗਾਹਾਂ, ਹੜ੍ਹਾਂ ਨਾਲ ਭਰੇ ਮੈਦਾਨਾਂ, ਸਿੰਜਾਈ ਵਾਲੀਆਂ ਜ਼ਮੀਨਾਂ ਅਤੇ ਹੜ੍ਹਾਂ ਨਾਲ ਭਰੇ ਖੇਤੀਬਾੜੀ ਖੇਤਰਾਂ ਵਿੱਚ ਰਹਿੰਦੇ ਹਨ। ਜਲ ਮੁਰਗੇ ਛੋਟੀਆਂ ਮੱਛੀਆਂ, ਰੀੜ੍ਹ ਰਹਿਤ ਕੀੜੇ ਅਤੇ ਘੋਗਿਆਂ ਨੂੰ ਖਾਂਦੇ ਹਨ। ਉਹ ਭੋਜਨ ਲਈ ਚਿੱਕੜ ਜਾਂ ਹੇਠਲੇ ਪਾਣੀ ਵਿੱਚ ਆਪਣੀ ਲੰਮੀ ਚੁੰਜ ਨਾਲ ਖਾਣ ਦੀਆਂ ਚੀਜ਼ਾਂ ਦੀ ਪਹਿਲਾਂ ਘੋਖ ਕਰਦੇ ਹਨ। ਉਹ ਬੀਜ, ਘਾਹ, ਸਬਜ਼ੀਆਂ ਆਦਿ ਨੂੰ ਵੀ ਖਾਂਦੇ ਹਨ।
ਭਾਰਤੀ ਉਪ-ਮਹਾਂਦੀਪ ਵਿੱਚ ਕੋਰੇ ਦਾ ਪ੍ਰਜਣਨ ਆਮਤੌਰ ’ਤੇ ਜੂਨ ਤੋਂ ਸਤੰਬਰ ਦੇ ਦੌਰਾਨ ਹੁੰਦਾ ਹੈ। ਇਹ ਆਮ ਤੌਰ ’ਤੇ ਬਰਸਾਤੀ ਮੌਸਮ ਦੇ ਦੌਰਾਨ ਜਾਂ ਉਸ ਤੋਂ ਬਾਅਦ ਆਲ੍ਹਣਾ ਬਣਾਉਂਦੇ ਹਨ। ਆਲ੍ਹਣਾ ਜ਼ਮੀਨ ਤੇ ਪੌਦਿਆਂ ਦੀ ਸਮੱਗਰੀ ਰਾਹੀਂ ਇੱਕ ਉੱਚੇ ਥੜ੍ਹੇ ਦੇ ਰੂਪ ਵਿੱਚ ਬਣਾਇਆ ਜਾਂਦਾ ਹੈ। ਇਹ ਅਕਸਰ ਕਾਨੇ ਜਾਂ ਲੰਬੇ ਘਾਹ ਦੇ ਵਿਚਕਾਰ ਲੁਕਿਆ ਹੋਇਆ ਹੁੰਦਾ ਹੈ। ਇਸ ਵਿੱਚ ਮਾਦਾ ਵੱਲੋਂ 3 ਤੋਂ 6 ਆਂਡੇ ਦਿੱਤੇ ਜਾਂਦੇ ਹਨ।
ਇਨ੍ਹਾਂ ਦੀ ਜ਼ਿਆਦਾਤਰ ਆਬਾਦੀ ਸਥਾਈ ਹੁੰਦੀ ਹੈ। ਚੀਨ, ਕੋਰੀਆ ਅਤੇ ਜਪਾਨ ਵਿੱਚ ਇਨ੍ਹਾਂ ਦੀ ਆਬਾਦੀ ਸਰਦੀਆਂ ਵਿੱਚ ਦੱਖਣੀ ਹਿੱਸਿਆਂ ਵਿੱਚ ਚਲੀ ਜਾਂਦੀ ਹੈ। ਉਹ ਚਾਰੇ ਅਤੇ ਪ੍ਰਜਣਨ ਲਈ ਆਪਣੀ ਸੀਮਾ ਦੇ ਅੰਦਰ ਸਥਾਨਕ ਤੌਰ ’ਤੇ ਚਲੇ ਜਾਂਦੇ ਹਨ। ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ-ਆਈਯੂਸੀਐੱਨ ਨੇ ਇਨ੍ਹਾਂ ਨੂੰ ਘੱਟ ਚਿੰਤਾ ਵਜੋਂ ਸੂਚੀਬੱਧ ਕੀਤਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910