ਗੁਰਮੀਤ ਸਿੰਘ*
ਲਾਲ ਸਿਰ ਤੋਤਾ ਭਾਰਤ, ਪਾਕਿਸਤਾਨ, ਸ੍ਰੀਲੰਕਾ ਅਤੇ ਬੰਗਲਾਦੇਸ਼ ਵਿਚ ਮਿਲਦਾ ਹੈ। ਇਸ ਨੂੰ ਅੰਗਰੇਜ਼ੀ ਵਿਚ ‘Plum-headed Parakeet’ ਅਤੇ ਹਿੰਦੀ ਵਿਚ ਤੂਈਆ ਤੋਤਾ ਕਹਿੰਦੇ ਹਨ। ਇਹ ਖੁੱਲ੍ਹੇ ਜੰਗਲ ਦਾ ਪੰਛੀ ਹੈ। ਇਹ ਹਰੇ ਰੰਗ ਦਾ ਤੋਤਾ ਹੈ, ਜਿਸ ਦੀ ਲੰਬਾਈ 13 ਤੋਂ 14 ਇੰਚ ਹੁੰਦੀ ਹੈ। ਇਸ ਦੀ ਪੂਛ ਲਗਭਗ ਦੋ ਤਿਹਾਈ ਹੁੰਦੀ ਹੈ। ਇਸ ਦੇ ਨਰ ਦਾ ਸਿਰ ਲਾਲ ਹੁੰਦਾ ਹੈ। ਇਸ ਦੀ ਗਰਦਨ ਪਿੱਛੇ ਕਾਲੀ ਗਾਨੀ ਹੁੰਦੀ ਹੈ। ਇਸ ਦੇ ਮੋਢਿਆਂ ਦੇ ਖੰਭਾਂ ’ਤੇ ਲਾਲ ਨਿਸ਼ਾਨ ਹੁੰਦਾ ਹੈ। ਇਸ ਦੀ ਪੂਛ ਨੀਲੀ-ਹਰੇ ਰੰਗ ਦੀ ਹੁੰਦੀ ਹੈ। ਇਸ ਦੀ ਚੁੰਝ ਦਾ ਉੱਪਰਲਾ ਪਾਸਾ ਸੰਤਰੀ-ਪੀਲਾ ਹੁੰਦਾ ਹੈ ਅਤੇ ਹੇਠਲਾ ਪਾਸਾ ਕਾਲੀ ਭਾਹ ਮਾਰਦਾ ਹੈ। ਮਾਦਾ ਦੇ ਸਿਰ ਦਾ ਰੰਗ ਸਲੇਟੀ ਹੁੰਦਾ ਹੈ ਅਤੇ ਉਸ ਦੇ ਮੋਢਿਆਂ ’ਤੇ ਨਰ ਦੀ ਤਰ੍ਹਾਂ ਲਾਲ ਧੱਬਾ ਨਹੀਂ ਹੁੰਦਾ। ਮਾਦਾ ਦੀ ਚੁੰਝ ਉੱਪਰੋਂ ਪੀਲੀ ਹੁੰਦੀ ਹੈ। ਮਾਦਾ ਦੀ ਗਰਦਨ ’ਤੇ ਕਾਲੇ ਰਿੰਗ ਦੀ ਥਾਂ ਪੀਲੇ ਰੰਗ ਦਾ ਰਿੰਗ ਹੁੰਦਾ ਹੈ।
ਇਹ ਤੋਤਿਆਂ ਦੀ ਸ਼ੋਰ ਸ਼ਰਾਬਾ ਕਰਨ ਵਾਲੀ ਪ੍ਰਜਾਤੀ ਵਿਚੋਂ ਹੈ। ਇਸ ਦੀ ਉਡਾਣ ਤੇਜ਼ ਹੁੰਦੀ ਹੈ। ਲਾਲ ਸਿਰ ਤੋਤੇ ਦੀ ਇਹ ਪ੍ਰਜਾਤੀ ਮੁੱਖ ਤੌਰ ’ਤੇ ਅਨਾਜ, ਫ਼ਲਾਂ, ਫੁੱਲਾਂ ਅਤੇ ਨਰਮ ਪੱਤਿਆਂ ਨੂੰ ਆਪਣੀ ਖੁਰਾਕ ਬਣਾਉਂਦੀ ਹੈ। ਇਹ ਕਈ ਵਾਰੀ ਖੇਤਾਂ ਅਤੇ ਬਗੀਚਿਆਂ ਵਿਚ ਇਕੱਠੇ ਹੋ ਕੇ ਹਮਲਾ ਵੀ ਕਰ ਦਿੰਦੇ ਹਨ।
ਇਨ੍ਹਾਂ ਦਾ ਭਾਰਤ ਵਿਚ ਪ੍ਰਜਣਨ ਦਾ ਸਮਾਂ ਮੁੱਖ ਤੌਰ ’ਤੇ ਦਸੰਬਰ ਤੋਂ ਅਪਰੈਲ ਅਤੇ ਜੁਲਾਈ ਤਕ ਹੁੰਦਾ ਹੈ। ਪ੍ਰਜਣਨ ਵਿਚ ਨਰ ਤੋਤਾ ਮਾਦਾ ਦੇ ਅੱਗੇ ਆਪਣੀ ਚੁੰਝ ਨੂੰ ਆਲੇ ਦੁਆਲੇ ਫੇਰਦਾ ਅਤੇ ਖਾਣ ਸਬੰਧੀ ਕਰਤੱਬ ਕਰਦਾ ਹੈ। ਪ੍ਰਜਣਨ ਤੋਂ ਬਾਅਦ ਨਰ ਤੇ ਮਾਦਾ ਰੁੱਖ ਦੇ ਤਣੇ ਵਿਚ ਆਲ੍ਹਣੇ ਲਈ ਮੋਰੀ ਕੱਢਦੇ ਹਨ। ਕਈ ਬਾਰ ਆਲ੍ਹਣੇ ਲਈ ਸੁੱਕਾ ਰੁੱਖ ਚੁਣਿਆ ਜਾਂਦਾ ਹੈ। ਅਕਸਰ ਮਾਦਾ ਆਲ੍ਹਣੇ ਦੀ ਥਾਂ ਚੁਣਦੀ ਹੈ। ਮਾਦਾ 4 ਤੋਂ 5 ਚਿੱਟੇ ਆਂਡੇ ਦਿੰਦੀ ਹੈ। ਆਂਡਿਆਂ ਵਿਚੋਂ ਚੂਚੇ ਨਿਕਲਣ ਲਈ 24 ਤੋਂ 25 ਦਿਨ ਲੱਗ ਜਾਂਦੇ ਹਨ। ਚੂਚਿਆਂ ਨੂੰ ਆਲ੍ਹਣੇ ਤੋਂ ਬਾਹਰ ਆ ਕੇ ਉਡਾਰੀ ਮਾਰਨ ਲਈ 7 ਤੋਂ 8 ਹਫ਼ਤੇ ਲੱਗ ਜਾਂਦੇ ਹਨ।
ਸਾਡੇ ਦੇਸ਼ ਵਿਚੋਂ ਲਾਲ ਸਿਰ ਤੋਤੇ ਅਤੇ ਰਾਅ ਤੋਤਿਆਂ ਦੀ ਚੋਰੀ ਦੇ ਬਹੁਤ ਸਾਰੇ ਕੇਸ ਫੜੇ ਜਾਂਦੇ ਹਨ। ਪੰਛੀਆਂ ਦੇ ਸ਼ਿਕਾਰੀਆਂ ਵੱਲੋਂ ਤੋਤਿਆਂ ਦੇ ਚੂਚਿਆਂ ਨੂੰ ਆਲ੍ਹਣੇ ਵਿਚੋਂ ਬਾਹਰ ਕੱਢ ਕੇ ਕੁਝ ਦਿਨ ਪਾਲਤੂ ਰੱਖ ਕੇ ਬਾਹਰਲੇ ਦੇਸ਼ਾਂ ਵਿਚ ਭੇਜਿਆ ਜਾਂਦਾ ਹੈ। ਸਾਡੇ ਦੇਸ਼ ਵਿਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਹੈ। ਇਸ ਐਕਟ ਅਨੁਸਾਰ ਕੋਈ ਵੀ ਆਦਮੀ ਨਾ ਤਾਂ ਤੋਤੇ ਨੂੰ ਫੜ ਸਕਦਾ ਹੈ, ਨਾ ਹੀ ਬੰਦੀ ਬਣਾ ਕੇ ਰੱਖ ਸਕਦਾ ਹੈ ਅਤੇ ਨਾ ਹੀ ਦੇਸ਼ ਤੋਂ ਬਾਹਰ ਭੇਜ ਸਕਦਾ ਹੈ। ਦੋਸ਼ੀ ਨੂੰ 3 ਸਾਲ ਦੀ ਕੈਦ ਤੇ 25000 ਰੁਪਏ ਜੁਰਮਾਨਾ ਹੋ ਸਕਦਾ ਹੈ।
*ਪ੍ਰਧਾਨ ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910