ਗੁਰਮੀਤ ਸਿੰਘ*
ਗੁਲਦਮ, ਬੁਲਬੁਲ ਦੇ ਨਾਂ ਨਾਲ ਵੀ ਪ੍ਰਸਿੱਧ ਪੰਛੀ ਹੈ। ਇਹ ਭਾਰਤੀ ਉਪ ਮਹਾਂਦੀਪ ਦਾ ਇਕ ਰਿਹਾਇਸ਼ੀ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿਚ ਰੈੱਡ ਵੈਂਟਡ ਬੁਲਬੁਲ (Red Vented Bulbul) ਅਤੇ ਹਿੰਦੀ ਵਿਚ ਗੁਲਦਮ ਬੁਲਬੁਲ ਕਹਿੰਦੇ ਹਨ। ਇਸ ਬੁਲਬੁਲ ਦੀ ਪਛਾਣ ਇਸ ਦੇ ਛੋਟੇ ਸਿਰ ਉੱਤੇ ਉੱਚੀ ਜਿਹੀ ਟੋਪੀ ਤੋਂ ਹੁੰਦੀ ਹੈ ਜਿਸ ਨਾਲ ਇਸ ਨੂੰ ਹਰ ਕੋਈ ਆਸਾਨੀ ਨਾਲ ਪਛਾਣ ਲੈਂਦਾ ਹੈ। ਸਰੀਰ ਗੂੜ੍ਹੇ ਭੂਰੇ ਰੰਗ ਦਾ ਹੁੰਦਾ ਹੈ ਜਦੋਂ ਕਿ ਸਿਰ ਅਤੇ ਗਲਾ ਗਹਿਰਾ ਜਾਂ ਲਿਸ਼ਕਦੇ ਕਾਲੇ ਰੰਗ ਦਾ ਹੁੰਦਾ ਹੈ। ਇਸ ਦੀ ਹੋਰ ਵੱਡੀ ਨਿਸ਼ਾਨੀ ਇਸ ਦੇ ਪੂੰਝੇ ਦਾ ਹੇਠਲਾ ਹਿੱਸਾ ਗੂੜ੍ਹੇ ਲਾਲ ਰੰਗ ਦਾ ਹੁੰਦਾ ਹੈ। ਇਸ ਦਾ ਰੈਂਪ ਚਿੱਟਾ ਹੁੰਦਾ ਹੈ ਜਦੋਂ ਕਿ ਕਾਲੀ ਪੂਛ ਨੂੰ ਚਿੱਟੇ ਰੰਗ ਦਾ ਚਟਾਕ ਦਿੱਤਾ ਗਿਆ ਲੱਗਦਾ ਹੈ। ਇਸ ਦੀ ਲੰਬਾਈ 20 ਸੈਂਟੀਮੀਟਰ ਅਤੇ ਭਾਰ 40 ਗ੍ਰਾਮ ਦੇ ਲਗਭਗ ਹੁੰਦਾ ਹੈ।
ਇਸ ਦੀਆਂ ਸੁਹਾਣੀਆਂ ਆਵਾਜ਼ਾਂ ਅਤੇ ਜਿੰਦਾ ਦਿਲ ਸੁਭਾਅ ਕਰਕੇ ਬਾਗ਼ਾਂ ਵਿਚ ਇਸ ਦਾ ਸੁਆਗਤ ਹੁੰਦਾ ਹੈ। ਇਹ ਭੰਬਟ, ਟਿੱਡੇ, ਮੱਕੜੀਆਂ ਅਤੇ ਹੋਰ ਪਰਾਂ ਵਾਲੇ ਕੀੜੇ-ਮਕੌੜੇ ਵੀ ਖਾ ਜਾਂਦੇ ਹਨ। ਗੋਲ੍ਹਾਂ ਇਸ ਦੀ ਮੂਲ ਖੁਰਾਕ ਹਨ। ਕਈ ਵਾਰੀ ਇਹ ਸਬਜ਼ੀ ਵਾਲੀਆਂ ਥਾਵਾਂ ਲਈ ਹਾਨੀਕਾਰਕ ਸਾਬਤ ਹੁੰਦੇ ਹਨ ਕਿਉਂਕਿ ਮਟਰ ਆਦਿ ਇਸ ਨੂੰ ਬਹੁਤ ਪਸੰਦ ਹਨ। ਨਰ ਤੇ ਮਾਦਾ ਰੰਗ ਰੂਪ ਵਿਚ ਇਕੋ ਜਿਹੇ ਹੁੰਦੇ ਹਨ। ਬੁਲਬੁਲ ਝਾੜੀਆਂ ਵਿਚ ਆਪਣੇ ਆਲ੍ਹਣੇ ਨੂੰ ਲਗਭਗ 2 ਤੋਂ 10 ਫੁੱਟ ਦੀ ਉੱਚਾਈ ’ਤੇ ਬਣਾਉਂਦੀ ਹੈ। ਇਨ੍ਹਾਂ ਦੇ ਆਲ੍ਹਣੇ ਛੋਟੇ ਛੋਟੇ ਫਲੈਟ ਕੱਪ ਦੇ ਆਕਾਰ ਵਿਚ ਹੁੰਦੇ ਹਨ। ਕਈ ਵਾਰ ’ਤੇ ਇਹ ਘਰਾਂ ਵਿਚ ਵੀ ਆਲ੍ਹਣੇ ਬਣਾ ਲੈਂਦੀਆਂ ਹਨ। ਇਨ੍ਹਾਂ ਦਾ ਆਲ੍ਹਣਾ ਹੋਰ ਬੁਲਬੁਲਾਂ ਵਾਂਗ ਜੜਾਂ, ਪੱਤਿਆਂ ਦੀਆਂ ਡੰਡੀਆਂ ਅਤੇ ਘਾਹ ਆਦਿ ਦਾ ਬਣਾਇਆ ਖੋਲ ਜਿਹਾ ਹੁੰਦਾ ਹੈ। ਬੁਲਬੁਲ ਅਪਰੈਲ ਤੋਂ ਅਗਸਤ ਤਕ ਪ੍ਰਜਣਨ ਕਰਦੇ ਹਨ। ਇਨ੍ਹਾਂ ਦੇ ਦੋ ਤੋਂ ਤਿੰਨ ਆਂਡੇ ਗੁਲਾਬੀ ਧੱਬਿਆਂ ਵਾਲੇ ਹੁੰਦੇ ਹਨ। ਆਂਡਿਆਂ ਵਿਚੋਂ ਚੂਜ਼ੇ ਲਗਭਗ 14 ਦਿਨਾਂ ਬਾਅਦ ਨਿਕਲਦੇ ਹਨ। ਨਰ ਤੇ ਮਾਦਾ ਬੁਲਬੁਲ ਦੋਵੇਂ ਮਿਲ ਕੇ ਚੂਜ਼ਿਆਂ ਨੂੰ ਖੁਆਉਂਦੇ ਹਨ। ਇਸ ਪੰਛੀ ਲਈ ਬਾਗ਼ ਬਗੀਚਿਆਂ ਵਿਚ ਮੌਨਸੂਨ ਦੇ ਪਹਿਲੇ ਮੀਂਹ ਦੀਆਂ ਕਣੀਆਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ਉਸ ਵੇਲੇ ਇਹ ਪੰਛੀ ਸਿੱਲੀ ਧਰਤੀ ਵਿਚੋਂ ਉੱਠਦੇ ਕੀੜੇ-ਮਕੌੜਿਆਂ ਨੂੰ ਫੜਨ ਲਈ ਟਪੂਸੀਆਂ ਮਾਰਦੇ ਰਹਿੰਦੇ ਹਨ। ਜਦੋਂ ਇਹ ਕੀੜੇ ਝਾੜ ਹੇਠੋਂ ਮੋਰੀਆਂ ਵਿਚੋਂ ਨਿਕਲਦੇ ਹਨ ਤਾਂ ਇਹ ਇਕਦਮ ਹਵਾ ਵਿਚ ਹੀ ਦਬੋਚ ਲੈਂਦੇ ਹਨ।
ਬੁਲਬੁਲ ਦਾ ਅਹਿਮ ਰੋਲ ਸਾਡੇ ਵਾਤਾਵਰਨ ਵਿਚ ਕਰੌਂਦੇ ਦੇ ਬੀਜਾਂ ਨੂੰ ਖਿੰਡਾਉਣ ਦਾ ਹੈ। ਕਰੌਂਦੇ ਦੇ ਬੀਜ ਕਈ ਪੰਛੀਆਂ, ਤਿਤਲੀਆਂ ਅਤੇ ਕੀੜੇ ਮਕੌੜਿਆਂ ਲਈ ਖਿੱਚ ਦਾ ਕੇਂਦਰ ਬਣਦੇ ਹਨ।
ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਬੁਲਬੁਲ ਨੂੰ ਕਈ ਲੋਕਾਂ ਵੱਲੋਂ ਪਾਲਤੂ ਰੱਖਿਆ ਜਾਂਦਾ ਸੀ ਅਤੇ ਬਾਜ਼ਾਰ ਵਿਚ ਵੇਚਿਆ ਜਾਂਦਾ ਸੀ। ਅਸਾਮ ਵਿਚ ਤਾਂ ਨਰ ਬੁਲਬੁਲ ਨੂੰ ਫੜ ਕੇ ਬੀਹੂ ਦੇ ਤਿਉਹਾਰ ’ਤੇ ਲੜਾਇਆ ਜਾਂਦਾ ਸੀ। ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਹੋਣ ਤੋਂ ਬਾਅਦ ਇਨ੍ਹਾਂ ਸਾਰੀਆਂ ਕੁਰੀਤੀਆਂ ਲਈ ਸਖ਼ਤ ਸਜ਼ਾ ਰੱਖੀ ਗਈ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910