ਸੰਤੋਖ ਸਿੰਘ ਭਾਣਾ
ਜਦੋਂ ਪਤੀਲੇ ਵਿੱਚੋਂ ਨਿਕਲਦੀ ਭਾਫ਼, ਚੁੱਲ੍ਹੇ ’ਚ ਬਲ ਰਹੀਆਂ ਲੱਕੜਾਂ ਦੇ ਤਿੜਕਣ ਦੀਆਂ ਮਧੁਰ ਲਹਿਰਾਂ ਅਤੇ ਘਰ ਦੀ ਸੁਆਣੀ ਜਾਂ ਧੀ ਧਿਆਣੀ ਦਾ ਝਾੜੂ, ਕਿਸੇ ਸੁਰ ਤਾਲ ਵਿੱਚ ਥਿਰਕ ਪੈਣ ਤਾਂ ਸਮਝ ਲਓ ਕਿ ਪਤੀਲੇ ਵਿੱਚ ਜੋ ਬਣੇਗਾ, ਉਹ ਸੁਆਦੀ ਹੀ ਹੋਵੇਗਾ ਅਤੇ ਜਿਸ ਥਾਂ ਝਾੜੂ ਲੱਗੇਗਾ ਉਹ ਥਾਂ ਚਮਕ ਉੱਠੇਗੀ। ਜਦੋਂ ਕੰਮ ਕਰਦਿਆਂ ਲੜਕੀ ਗੁਣਗੁਣਾਉਣ ਲੱਗ ਪਏ ਤਾਂ ਉਹਦੇ ਮਾਤਾ-ਪਿਤਾ ਦੇ ਚਿਹਰੇ, ਉਨ੍ਹਾਂ ਬੋਲਾਂ ਨੂੰ ਸੁਣ ਕੇ ਖਿੜ ਉੱਠਣਗੇ ਅਤੇ ਉਹਦੇ ਭੈਣ-ਭਰਾ ਭਾਵੇਂ ਉਨ੍ਹਾਂ ਬੋਲਾਂ ਦੇ ਅਰਥ ਨਾ ਹੀ ਸਮਝ ਸਕਦੇ ਹੋਣ, ਪਰ ਪ੍ਰਸੰਨ ਚਿੱਤ ਰਹਿ ਕੇ ਗੁਣ ਗੁਣਾਉਂਦਿਆਂ ਹੋਇਆਂ ਕੰਮ ਕਰਨ ਦੀ ਆਦਤ ਤਾਂ ਉਨ੍ਹਾਂ ਨੂੰ ਪੈ ਹੀ ਜਾਵੇਗੀ।
ਦੁੱਧ ਚੋਣ ਵੇਲੇ ਸਾਡੀਆਂ ਮਾਵਾਂ ਜਦੋਂ ਮੱਝਾਂ ਗਾਵਾਂ ਦੇ ਥਣਾਂ ਨੂੰ ਪਾਣੀ ਨਾਲ ਧੋਅ ਰਹੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਦੇ ਬੁੱਲ੍ਹਾਂ ’ਤੇ ਬਾਣੀ ਦੇ ਮਿੱਠੜੇ ਬੋਲ ਥਿਰਕ ਰਹੇ ਹੁੰਦੇ ਹਨ, ਬਾਲਟੀ ਵਿੱਚ ਡਿੱਗ ਰਹੀਆਂ ਦੁੱਧ ਦੀਆਂ ਧਾਰਾਂ ਦੀ ਸੰਗੀਤਕ ਧੁਨੀ ਬਾਣੀ ਦੇ ਸ਼ਬਦਾਂ ਨਾਲ ਲੈਅ ਬੱਧ ਹੋ ਕੇ ਸਾਰੇ ਵਿਹੜੇ ਵਿੱਚ ਮਿੱਠੀ ਮਿੱਠੀ ਸੁਗੰਧ ਛੱਡਦੀ ਪੌਣ ਵਾਂਗ ਰੁਮਕ ਪੈਂਦੀ ਹੈ ਤਾਂ ਇੰਜ ਲੱਗਦਾ ਹੈ ਜਿਵੇਂ ਘਰ ਦੇ ਕੋਨੇ ਕੋਨੇ ਵਿੱਚ ਹਜ਼ਾਰਾਂ ਫੁੱਲ ਕਲੀਆਂ ਮੁਸਕਰਾ ਪਈਆਂ ਹੋਣ।
ਜਦੋਂ ਘਾਹ ਚਰਦੀਆਂ ਭੇਡਾਂ ਬੱਕਰੀਆਂ ਦੇ ਗਲਾਂ ਵਿੱਚ ਪਈਆਂ ਟੱਲੀਆਂ ਖੜਕਦੀਆਂ ਹਨ ਤਾਂ ਉਨ੍ਹਾਂ ਵਿੱਚ ਨਿਕਲਣ ਵਾਲੀ ਟੁਣਕਾਰ ਬੜੀ ਕੋਮਲ ਹੁੰਦੀ ਹੈ। ਜਦੋਂ ਇਹ ਟੁਣਕਾਰ ਭੇਡਾਂ ਬੱਕਰੀਆਂ ਦੀ ਮੈਂਅ-ਮੈਂਅ, ਚਮਕਦੀ ਧੁੱਪ ਦੀ ਮੱਧਮ ਧੁਨੀ, ਸਰਕੜਿਆਂ ਅਤੇ ਰੁੱਖਾਂ ਬੂਟਿਆਂ ਦੇ ਪੱਤਿਆਂ ਵਿੱਚੋਂ ਨਿਕਲਦੀ ਹਵਾ ਦੀ ਸ਼ੂਕ, ਪੰਛੀਆਂ ਦੀ ਚਹਿਚਹਾਟ ਅਤੇ ਆਜੜੀ ਦੀ ਕੰਨ ’ਤੇ ਹੱਥ ਰੱਖ ਕੇ ਗਾਈ ਹੀਰ ਦੀ ਕਲੀ ਨਾਲ ਇੱਕ ਸੁਰ ਹੁੰਦੇ ਹਨ ਤਾਂ ਮਧੁਰ ਸੰਗੀਤ ਦਾ ਇੱਕ ਵੱਖਰਾ ਹੀ ਜਹਾਨ ਸਿਰਜਿਆ ਜਾਂਦਾ ਹੈ। ਇੰਜ ਲੱਗਦਾ ਹੈ ਜਿਵੇਂ ਸੁਰਾਂ ਦੀ ਸੁੰਦਰਤਾ ਦਾ ਇੱਕ ਨਿਵੇਕਲਾ ਜਿਹਾ ਝਰਨਾ ਵਹਿ ਤੁਰਿਆ ਹੋਵੇ।
ਤੁਹਾਨੂੰ ਖ਼ੁਦ ਨੂੰ ਭਾਵੇਂ ਬਿਲਕੁਲ ਗਾਉਣਾ ਨਹੀਂ ਆਉਂਦਾ, ਪਰ ਜੇਕਰ ਤੁਹਾਡੇ ਮਨ ਵਿੱਚ ਸੰਗੀਤ ਪ੍ਰਤੀ ਥੋੜ੍ਹੀ ਜਿਹੀ ਵੀ ਸੰਵੇਦਨਾ ਹੈ ਤਾਂ ਸਮਝ ਲਓ ਤੁਹਾਡੀ ਜ਼ਿੰਦਗੀ ਦੇ ਆਨੰਦ ਦਾ ਇਹ ਵੱਡਾ ਸਰੋਤ ਹੈ। ਕੁਝ ਲੋਕ ਜ਼ਿੰਦਗੀ ਦੇ ਰਾਹਾਂ ’ਤੇ ਇਸ ਤਰ੍ਹਾਂ ਮਟਕਣੀ ਤੋਰ ਤੁਰਦੇ ਹਨ ਜਿਵੇਂ ਗਲੀ ਵਿੱਚ ਬੈਂਡ ਵੱਜਦਾ ਜਾ ਰਿਹਾ ਹੋਵੇ ਅਤੇ ਹਰ ਪਾਸੇ ਹਵਾ ਵਿੱਚ ਸੰਗੀਤ ਦੀਆਂ ਮਧੁਰ ਧੁਨਾਂ ਦੀ ਵਾਛੜ ਹੋ ਰਹੀ ਹੋਵੇ। ਜੋ ਕੋਈ ਵੀ ਅਜਿਹੇ ਸੰਗੀਤ ਨੂੰ ਸੁਣਦਾ ਹੈ, ਅਨੰਦਿਤ ਹੋ ਉੱਠਦਾ ਹੈ। ਕੁਝ ਆਦਮੀ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਆਵਾਜ਼ ਨਾਲ ਵਾਤਾਵਰਨ ਨੂੰ ਬੋਝਲ ਬਣਾ ਦਿੰਦੇ ਹਨ। ਅਜਿਹੇ ਲੋਕਾਂ ਦਾ ਵਿਵਹਾਰ ਅਤੇ ਆਵਾਜ਼ ਡਰਾਉਣੀ ਲੱਗਦੀ ਹੈ।
ਕਈ ਲੋਕਾਂ ਦੀ ਆਵਾਜ਼ ਵਿੱਚ ਮਧੁਰਤਾ ਹੁੰਦੀ ਹੈ ਜਦੋਂ ਉਹ ਬੋਲਦੇ ਹਨ ਤਾਂ ਲੱਗਦਾ ਹੈ ਜਿਵੇਂ ਕਿਸੇ ਬਾਗ਼ ਵਿੱਚੋਂ ਪੱਕੇ ਹੋਏ ਫ਼ਲਾਂ ਦੀ ਰਸੀਲੀ ਮਹਿਕ ਆ ਰਹੀ ਹੋਵੇ। ਅਜਿਹੇ ਲੋਕ ਜਿੱਥੇ ਵੀ ਜਾਂਦੇ ਹਨ, ਉੱਥੋਂ ਦੇ ਵਾਤਾਵਰਨ ਵਿੱਚ ਸੰਗੀਤਕ ਲਹਿਰਾਂ ਖਿਲਾਰਦੇ ਤੁਰੇ ਜਾਂਦੇ ਹਨ। ਸਾਰੇ ਲੋਕ ਅਜਿਹੇ ਹੀ ਬੰਦਿਆਂ ਦੀਆਂ ਨਜ਼ਦੀਕੀਆਂ ਲੋੜਦੇ ਹਨ। ਅਜਿਹੇ ਬੰਦਿਆਂ ਨਾਲ ਗੱਲਬਾਤ ਕਰਨ ਦਾ ਇੱਕ ਵੱਖਰਾ ਹੀ ਸੁਆਦ ਹੁੰਦਾ ਹੈ। ਅਜਿਹੇ ਬੰਦਿਆਂ ਨੂੰ ਮਿਲ ਕੇ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਤਪਦੀ ਸਿਖਰ ਦੁਪਹਿਰ ਦੀ ਧੁੱਪ ਵਿੱਚੋਂ ਨਿਕਲਦੇ ਕਿਸੇ ਛਾਂਦਾਰ ਰੁੱਖ ਦੇ ਹੇਠਾਂ ਆ ਕੇ ਬਹਿ ਗਏ ਹੋਈਏ। ਹਰੇਕ ਆਦਮੀ ਅਜਿਹੇ ਬੰਦਿਆਂ ਨੂੰ ਮਿਲਣਾ ਪਸੰਦ ਕਰਦਾ ਹੈ ਜੋ ਆਪਣੇ ਨਾਲ ਕੀਤੇ ਮਜ਼ਾਕ ਵਿੱਚੋਂ ਵੀ ਆਨੰਦ ਲਵੇ ਅਤੇ ਖੁਸ਼ ਹੋਵੇ ਕਿਉਂਕਿ ਇਸ ਵਿੱਚ ਉਸ ਦੀ ਦਰਿਆ ਦਿਲੀ ਅਤੇ ਸੂਝਬੂਝ ਝਲਕਦੀ ਦਿਸਦੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡਾ ਮਜ਼ਾਕ ਉਡਾਉਣਾ ਛੱਡ ਦੇਣ ਤਾਂ ਖ਼ੁਦ ਆਪਣਾ ਮਜ਼ਾਕ ਉਡਾਉਣਾ ਸ਼ੁਰੂ ਕਰ ਦੇਵੋ।
ਕੁਝ ਲੋਕ ਕਿਸੇ ਖਾਸ ਧੁਨਾਂ ਪ੍ਰਤੀ ਬੋਲੇ ਅਤੇ ਰੰਗਾਂ ਪ੍ਰਤੀ ਅੰਨ੍ਹੇ ਹੁੰਦੇ ਹਨ। ਇਸੇ ਤਰ੍ਹਾਂ ਕੁਝ ਆਦਮੀ ਅਜਿਹੇ ਹੁੰਦੇ ਹਨ ਜੋ ਆਨੰਦ ਪ੍ਰਤੀ ਬੋਲੇ ਅਤੇ ਅੰਨ੍ਹੇ ਹੁੰਦੇ ਹਨ। ਕਈ ਅਜਿਹੀਆਂ ਗੱਲਾਂ ਜਿਨ੍ਹਾਂ ਨੂੰ ਸੁਣ ਕੇ ਸਾਡੀਆਂ ਹੱਸ ਹੱਸ ਕੇ ਢਿੱਡੀਂ ਪੀੜਾਂ ਪੈ ਜਾਂਦੀਆਂ ਹਨ, ਉਨ੍ਹਾਂ ਗੱਲਾਂ ਦਾ ਕੁਝ ਲੋਕਾਂ ਉੱਤੇ ਭੋਰਾ ਵੀ ਅਸਰ ਨਹੀਂ ਹੁੰਦਾ ਅਤੇ ਉਹ ਭਾਵਹੀਣ ਅੱਖਾਂ ਨਾਲ ਹੱਸਣ ਵਾਲਿਆਂ ਦੇ ਚਿਹਰੇ ਵੱਲ ਬਿਟ ਬਿਟ ਝਾਕਦੇ ਰਹਿੰਦੇ ਹਨ।
ਮਨੋਰੰਜਨ ਦੇ ਅਨੇਕਾਂ ਸਾਧਨ ਹਨ। ਲੋੜ ਇਸ ਗੱਲ ਦੀ ਹੈ ਕਿ ਅਸੀਂ ਇਨ੍ਹਾਂ ਵਿੱਚੋਂ ਆਨੰਦ, ਖੁਸ਼ੀ ਅਤੇ ਰੂਹ ਦੀ ਤ੍ਰਿਪਤੀ ਕਿਵੇਂ ਪ੍ਰਾਪਤ ਕਰੀਏ। ਜੇਕਰ ਅਸੀਂ ਖੁਸ਼ ਅਤੇ ਸੰਤੁਸ਼ਟ ਹਾਂ ਤਾਂ ਸਾਨੂੰ ਕਾਇਨਾਤ ਹੀ ਹੱਸਦੀ ਮੁਸਕਰਾਉਂਦੀ ਲੱਗੇਗੀ। ਜ਼ਿੰਦਗੀ ਖੂਬਸੂਰਤ ਹੈ। ਸਵੇਰੇ ਸੌਂ ਕੇ ਉੱਠਦਿਆਂ ਸਾਰ ਆਪਣੇ ਮਨ ਵਿੱਚ ਹੁਲਾਸ ਭਰਕੇ ਕੁਦਰਤ ਨੂੰ ਭਰਵੀਂ ਨਿਗ੍ਹਾ ਨਾਲ ਨਿਹਾਰੋ, ਮਹਿਕਦੀਆਂ ਪੌਣਾਂ ਦਾ ਲੁਤਫ਼ ਉਠਾਓ, ਉੱਗਦੇ ਸੂਰਜ ਦੀਆਂ ਪਹਿਲੀਆਂ ਕੋਮਲ ਕਿਰਨਾਂ ਨੂੰ ਆਪਣੇ ਪਿੰਢੇ ਉੱਪਰ ਲਪੇਟ ਕੇ ਸਦਾ ਖੁਸ਼ ਰਹਿਣ ਦਾ ਅਹਿਦ ਲਓ। ਕੁਦਰਤ ਦੀ ਮਧੁਰਤਾ ਅਤੇ ਸੁੰਦਰਤਾ ਦੇ ਰੰਗਲੇ ਅਹਿਸਾਸ ਨਾਲ ਤੁਹਾਡਾ ਰੋਮ ਰੋਮ ਖਿੜ ਉੱਠਗਾ। ਸਮੁੱਚੇ ਸਰੀਰ ਵਿੱਚ ਨਵੀਂ ਸ਼ਕਤੀ ਦਾ ਸੰਚਾਰ ਹੋਣ ਲੱਗ ਪਵੇਗਾ। ਮਹਿਸੂਸ ਹੋਵੇਗਾ ਕਿ ਜਿਹੜੇ ਸੰਸਾਰ ਵਿੱਚ ਅਸੀਂ ਰਹਿ ਰਹੇ ਹਾਂ ਇਹ ਤਾਂ ਬਹੁਤ ਦੀ ਸੁੰਦਰ ਅਤੇ ਸੰਗੀਤਮਈ ਹੈ।
ਤੁਸੀਂ ਭਾਵੇਂ ਕਿੰਨੇ ਵੀ ਆਪਣੀ ਜ਼ਿੰਦਗੀ ਦੇ ਟੀਚੇ ਪ੍ਰਾਪਤ ਕਰਨ ਲਈ ਸੰਘਰਸ਼ਸ਼ੀਲ ਹੋਵੋ, ਪਰ ਆਪਣੇ ਅੰਦਰ ਸੰਗੀਤ, ਕਲਾ, ਆਨੰਦ ਅਤੇ ਖੁਸ਼ੀ ਨੂੰ ਕਦੇ ਵੀ ਖ਼ਤਮ ਨਾ ਹੋਣ ਦੇਵੋ। ਨਿਰੰਤਰ ਚਿੰਤਨ ਰਾਹੀਂ ਤੁਸੀਂ ਆਪਣੇ ਮਨ ਦੀਆਂ ਸੁੰਦਰ ਪਰਤਾਂ ਵਿੱਚੋਂ ਮਨੋਰੰਜਨ ਦੇ ਕੋਈ ਨਾ ਕੋਈ ਸੁਰੀਲੇ ਕਣ ਲੱਭ ਕੇ ਆਪਣੀ ਜ਼ਿੰਦਗੀ ਨੂੰ ਆਨੰਦਮਈ ਬਣਾ ਸਕਦੇ ਹੋ।
ਸੰਪਰਕ: 98152-96475