ਬਲਜਿੰਦਰ ਜੌੜਕੀਆ
ਦੁਨੀਆ ਵੱਡੀ ਪ੍ਰਯੋਗਸ਼ਾਲਾ ਹੈ। ਕੁਝ ਨਾ ਕੁਝ ਵਾਪਰਦਾ ਹੀ ਰਹਿੰਦਾ ਹੈ। ਬੰਦਾ ਜੀਵਨ ਵਧੀਆ ਬਣਾਉਣ ਲਈ ਜੁਗਤਾਂ ਲੱਭਦਾ ਰਹਿੰਦਾ ਹੈ। ਚੰਗੇ ਕੱਲ੍ਹ ਦੀ ਆਸ ਸਾਨੂੰ ਜ਼ਿੰਦਗੀ ਨਾਲ ਜੋੜੀ ਰੱਖਦੀ ਹੈ। ਵਿਹਲੇ ਲੋਕ ਜ਼ਿੰਦਗੀ ਨੂੰ ਕੋਸਦੇ ਰਹਿੰਦੇ ਹਨ ਜਦੋਂਕਿ ਕਿੰਨੇ ਕੰਮ ਹਨ ਜੋ ਸਾਡੇ ਜੀਵਨ ਨੂੰ ਵਧੀਆ ਬਣਾ ਦਿੰਦੇ ਹਨ। ਖਾਸ ਤੌਰ ’ਤੇ ਸੈਰ ਕਰਨਾ, ਆਪਣੇ ਬਗੀਚੇ ਵਿੱਚ ਕੰਮ ਕਰਨਾ, ਸਮਾਜਿਕ-ਸੱਭਿਆਚਾਰਕ ਸਮਾਗਮਾਂ ਵਿੱਚ ਸ਼ਾਮਲ ਹੋਣਾ ਅਤੇ ਝੂਲਾ ਝੂਲਦੇ ਕਿਤਾਬ ਪੜ੍ਹਦੇ ਹੋਏ ਜ਼ਿੰਦਗੀ ਮਜ਼ੇਦਾਰ ਬਣ ਜਾਂਦੀ ਹੈ। ਪੌਦਿਆਂ ਨੂੰ ਵੇਖ ਕੇ ਉਨ੍ਹਾਂ ਦੇ ਸਬਰ ’ਤੇ ਵਾਰੇ ਵਾਰੇ ਜਾਣ ਨੂੰ ਜੀ ਕਰਦਾ ਹੈ। ਥਕਾਵਟ, ਚਿੰਤਾ ਅਤੇ ਉਦਾਸੀ ਤੋਂ ਬਚਣ ਲਈ ਅੰਦਰੂਨੀ ਤਾਕਤ ਦੀ ਲੋੜ ਪੈਂਦੀ ਹੈ। ਨਿਰਾਸ਼ ਕਰਨ ਵਾਲੇ ਮਨੁੱਖ ਤੇ ਮੁੱਦਿਆਂ ਨੂੰ ਦਰ-ਕਿਨਾਰ ਕਰਕੇ ਉਸਾਰੂ ਕੰਮਾਂ ਵਿੱਚ ਰੁੱਝੇ ਰਹਿਣ ਨਾਲ ਵੀ ਮਾਨਸਿਕ ਮਜ਼ਬੂਤੀ ਮਿਲਦੀ ਹੈ।
ਸਕਾਰਾਤਮਕ ਗੱਲਾਂ ਊਰਜਾ ਦਾ ਸਰੋਤ ਹੁੰਦੀਆਂ ਹਨ। ਖੁਸ਼ੀ ਲਈ ਆਪਣੇ ਬਗੀਚਿਆਂ, ਪਰਿਵਾਰਾਂ, ਕਿਤਾਬਾਂ, ਫਿਲਮਾਂ ਅਤੇ ਸਥਾਨਕ ਪ੍ਰਾਜੈਕਟਾਂ ਬਾਰੇ ਮਿੱਤਰਾਂ ਨਾਲ ਗੱਲਾਂ ਕਰਦੇ ਰਹੋ। ਅਸੀਂ ਇੱਕ-ਦੂਜੇ ਨੂੰ ਨਿਰਾਸ਼ ਅਤੇ ਬੇਵੱਸ ਮਹਿਸੂਸ ਨਹੀਂ ਕਰਵਾਉਣਾ ਸਗੋਂ ਪ੍ਰੇਰਿਤ ਕਰਨਾ ਹੈ। ਪਿੱਛੇ ਰਹਿ ਗਿਆਂ ਨੂੰ ਅੱਗੇ ਨਿਕਲਣ ਲਈ ਮਦਦਗਾਰ ਬਣਨਾ ਹੈ। ਸਾਡੇ ਵਿੱਚੋਂ ਬਹੁਤ ਸਾਰੇ ਰੱਜੇ-ਪੁੱਜੇ ਵੀ ਮਹਿਸੂਸ ਕਰਦੇ ਹਨ ਕਿ ਉਹ ਚਿੱਕੜ ਵਿੱਚੋਂ ਲੰਘ ਰਹੇ ਹਨ। ਮੁਕਾਬਲੇਬਾਜ਼ੀ ਦੀ ਅਜੀਬ ਮਾਨਸਿਕ ਜੜਤਾ ਸਾਨੂੰ ਘੇਰੀ ਰੱਖਦੀ ਹੈ। ਸਬਰ ਤੇ ਸ਼ਕਤੀ ਖਤਮ ਹੈ। ਹਾਰਨ ਦਾ ਡਰ ਇਸ ਕਦਰ ਭਾਰੂ ਹੈ ਕਿ ਕਿਸੇ ਕੰਮ ਲਈ ਪਹਿਲ ਹੀ ਨਹੀਂ ਕਰਦੇ। ਵੱਡੇ ਪਰਿਵਾਰਾਂ ਦਾ ਭੋਗ ਪੈ ਗਿਆ ਹੈ। ਗਿਣ ਕੇ ਰੋਟੀਆਂ ਪਕਾਈਆਂ ਜਾਂਦੀਆਂ ਹਨ। ਕਹਿਣੀ ਤੇ ਕਰਨੀ ਦਾ ਜ਼ਮੀਨ ਆਸਮਾਨ ਦਾ ਫਰਕ ਹੈ। ਅੰਦਰੂਨੀ ਮਾਨਵਵਾਦੀ ਗੁਣਾਂ ਤੋਂ ਕੋਰੇ ਕਿਰਤ ਵਿਹੂਣੇ ਲੋਕ ਫੋਕੀ ਵਾਹ-ਵਾਹ ਖੱਟਣ ਲਈ ਕੁਦਰਤ ਬਚਾਉਣ ਦੀਆਂ ਗੱਲਾਂ ਕਰਦੇ ਬੜੇ ਹਾਸੋਹੀਣੇ ਲੱਗਦੇ ਹਨ। ਪਿੱਛੇ ਰਹਿ ਗਏ ਬੋਹੜਾਂ ਵਰਗੇ ਲੋਕਾਂ ਦੀ ਗੱਲ ਕਰੀਏ ਤਾਂ ਦਾਦੀ ਫਲੀਆਂ ਤੇ ਸਾਗ ਚੀਰਦੀ ਨੈਤਿਕ ਮੁੱਲਾਂ ਬਾਰੇ ਸਾਨੂੰ ਬਾਤਾਂ-ਬੁਝਾਰਤਾਂ ਰਾਹੀਂ ਜਾਣੂ ਕਰਵਾ ਦਿੰਦੀ ਸੀ। ਉਹ ਸਾਧਾਰਨ ਸ਼ਬਦਾਂ ਰਾਹੀਂ ਡੂੰਘੀਆਂ ਗੱਲ ਕਰ ਜਾਂਦੇ ਸਨ। ਨੰਦ ਕੌਰ ਧੀਰਜ ਦਾ ਨਮੂਨਾ ਸਨ, ਹਮੇਸ਼ਾਂ ਹੱਸਮੁੱਖ ਅਤੇ ਉਤਸੁਕ ਰਹਿੰਦੇ ਸਨ। ਦਾਨ-ਪੁੰਨ ਕਰਦੇ। ਸਾਧਾਂ ਸੰਤਾਂ ਨੂੰ ਲੰਗਰ ਪਾਣੀ ਲਾਈ ਰੱਖਦੇ ਸਨ। ਅਕਸਰ ਕਹਿੰਦੇ ਸਨ ਕਿ ਸਾਡੇ ਸ਼ੁਭ ਕੰਮਾਂ ਨੇ ਦੁਨੀਆ ਨੂੰ ਪਿਛਲੇ ਲੋਕਾਂ ਲਈ ਬਿਹਤਰ ਬਣਾਉਣਾ ਹੈ।
ਮੁਸ਼ਕਿਲਾਂ ਸਾਨੂੰ ਲੋਹੇ ਤੋਂ ਸੋਨਾ ਬਣਾਉਂਦੀਆਂ ਹਨ। ਸਥਿਤੀਆਂ ਦਾ ਟਾਕਰਾ ਕਰਨ ਵਾਲੇ ਬਹਾਦਰ ਬਣੋ ਵਰਨਾ ਸਮਾਜ ਵਿੱਚ ਹਾਲਤਾਂ ਤੋਂ ਡਰਨ ਵਾਲੇ ਵਿਚਾਰਿਆਂ ਦੀ ਭਰਮਾਰ ਹੈ। ਮਨੋਵਿਗਿਆਨ ਸਿਖਾਉਂਦਾ ਹੈ ਕਿ ਦੁੱਖਾਂ ਨਾਲ ਸਿੱਝਣ ਦਾ ਸਭ ਤੋਂ ਵਧੀਆ ਤਰੀਕਾ ਇਨ੍ਹਾਂ ਦਾ ਸਾਹਮਣਾ ਕਰਨਾ ਹੈ। ਸਮੱਸਿਆਵਾਂ ਨੂੰ ਸਮਝਦੇ ਹੋਏ ਜੜ੍ਹ ਤੱਕ ਜਾ ਕੇ ਪੱਕੇ ਹੱਲ ਲੱਭਣੇ ਚਾਹੀਦੇ ਹਨ। ਅੱਗੇ ਵਧਣ ਲਈ ਆਪਣੇ ਅੰਦਰੂਨੀ ਸਰੋਤਾਂ ਨੂੰ ਇਕੱਠਾ ਕਰਨਾ ਚਾਹੀਦਾ ਹੈ। ਨਿਰਾਸ਼ਾ ਨੂੰ ਖੁਸ਼ੀ ਨਾਲ ਸੰਤੁਲਿਤ ਕਰਨ ਵਾਲੇ ਲੋਕ ਕਦੇ ਵੀ ਉਦਾਸ ਨਹੀਂ ਹੁੰਦੇ। ਦੋਸਤਾਂ ਤੇ ਸਕੇ-ਸਬੰਧੀਆਂ ਨਾਲ ਗੱਲਾਂ-ਬਾਤਾਂ ਰਾਹੀਂ ਹੱਲ ਨਿਕਲ ਆਉਂਦੇ ਹਨ, ਪਰ ਨਤੀਜੇ ਹਮੇਸ਼ਾਂ ਕੰਮ ਅਤੇ ਕੋਸ਼ਿਸ਼ਾਂ ਨਾਲ ਹੀ ਮਿਲਦੇ ਹਨ। ਬੋਧੀ ਭਿਕਸ਼ੂ ਥਿਚ ਨਟ ਹਾਨਹ ਨੇ ਫਰਾਂਸੀਸੀ ਅਤੇ ਅਮਰੀਕੀ ਯੁੱਧਾਂ ਦੌਰਾਨ ਵੀਅਤਨਾਮ ਵਿੱਚ ਬਹੁਤ ਦੁੱਖ ਦੇਖਿਆ। ਖੁਦ ਅਤੇ ਪੈਰੋਕਾਰਾਂ ਦੇ ਮਨਾਂ ਵਿੱਚੋਂ ਡਰ ਕੱਢਣ ਅਤੇ ਉਨ੍ਹਾਂ ਨੂੰ ਅੰਦਰੋਂ ਤਾਕਤਵਰ ਕਰਨ ਲਈ ਉਸ ਨੇ ਮਾਨਸਿਕਤਾ ਦੇ ਬਹੁਤ ਕਮਾਲ ਦੇ ਅਭਿਆਸ ਵਿਕਸਤ ਕੀਤੇ। ਉਸ ਨੇ ਆਪਣੇ ਪੈਰੋਕਾਰਾਂ ਨੂੰ ਡੂੰਘੇ ਅਤੇ ਹੌਲੀ-ਹੌਲੀ ਸਾਹ ਲੈਂਦੇ ਹੋਏ ਵਰਤਮਾਨ ਵਿੱਚ ਰਹਿਣ ਦਾ ਅਭਿਆਸ ਕਰਵਾਇਆ। ਉਸ ਦਾ ਨਾਅਰਾ ਸੀ ‘ਮੌਜੂਦਾ ਪਲ-ਸੁੰਦਰ ਪਲ।’ ਉਸ ਨੇ ਧਿਆਨ ’ਤੇ ਜ਼ੋਰ ਦਿੱਤਾ, ਉਸ ਨੇ ਆਪਣੇ ਯੁੱਧ-ਗ੍ਰਸਤ ਦੇਸ਼ ਦੀ ਮਦਦ ਕਰਨ ਲਈ ਸਮਾਜ ਸੇਵਾ ਲਈ ਵੱਡਾ ਪਲੈਟਫਾਰਮ ਬਣਾਇਆ। ਉਸ ਦੇ ਸਮੂਹ ਨੇ ਬੇਘਰਿਆਂ ਦੀ ਮਦਦ ਕੀਤੀ, ਮੈਡੀਕਲ ਯੂਨਿਟ ਸਥਾਪਿਤ ਕੀਤੇ ਅਤੇ ਸਕੂਲ ਦੁਬਾਰਾ ਬਣਾਏ। ਇਸ ਦੇ ਲਈ ਉਸ ਨੂੰ ਵੀਅਤਨਾਮ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਉਸ ਨੇ ਬੁੱਧ ਧਰਮ ਦੇ ਇੱਕ ਨਵੇਂ ਸਕੂਲ ਦੀ ਸਥਾਪਨਾ ਕੀਤੀ ਜਿਸ ਨੂੰ ‘ਰੁੱਝਿਆ ਹੋਇਆ ਬੁੱਧ ਧਰਮ’ ਕਿਹਾ ਜਾਂਦਾ ਹੈ ਅਤੇ ਫਰਾਂਸ ਦੇ ਪਲਮ ਪਿੰਡ ਵਿੱਚ ਆਪਣੇ ਘਰ ਤੋਂ ਧਰਤੀ ਨੂੰ ਸ਼ਾਂਤ ਤੇ ਟਿਕਾਊ ਗ੍ਰਹਿ ਬਣਾਉਣ ਲਈ ਵੱਡਾ ਮਿਸ਼ਨ ਸ਼ੁਰੂ ਕੀਤਾ। ਉਸ ਦੀ ਸਭ ਤੋਂ ਗਹਿਰੀ ਸਿੱਖਿਆ ਜ਼ਿੰਦਗੀ ਨਾਲ ਸਾਡੇ ਆਪਸੀ ਸਬੰਧਾਂ ਨਾਲ ਸਬੰਧਤ ਸੀ। ਉਸ ਦੇ ਫਲਸਫੇ ਅਨੁਸਾਰ ਅਸੀਂ ਸਾਰੇ ਡਰੇ ਹੋਏ ਸਕੂਲੀ ਬੱਚੇ ਵਾਂਗ ਇੱਕੋ ਜਿਹੀ ਚੇਤਨਾ ਸਾਂਝੇ ਕਰਦੇ ਹਾਂ-ਭੁੱਖ, ਬੇਘਰ, ਬੇਰੁਜ਼ਗਾਰੀ ਤੇ ਗਰੀਬੀ।
ਸਾਡੇ ਵਿੱਚੋਂ ਬਹੁਤੇ ਮਹਾਨ ਨਾਇਕ ਨਹੀਂ ਹੋ ਸਕਦੇ ਹਾਲਾਂਕਿ ਸਾਡੇ ਸਾਰਿਆਂ ਵਿੱਚ ਆਮ ਹੀਰੋ ਬਣਨ ਦੀ ਸਮਰੱਥਾ ਹੈ। ਸਰਕਾਰਾਂ ਤੋਂ ਬਿਨਾਂ ਜੋ ਕੰਮ ਸਾਡੇ ਕਰਨ ਵਾਲੇ ਹਨ ਕੀਤੇ ਜਾ ਸਕਦੇ ਹਨ- ਸਫ਼ਾਈ ਰੱਖਣਾ, ਪਲਾਸਟਿਕ ਦੀ ਵਰਤੋਂ ਬੰਦ ਕਰਨਾ, ਰੁੱਖ ਲਾਉਣੇ, ਯਤਨਾਂ ਨੂੰ ਸ਼ਾਬਾਸ਼ੇ ਦੇਣਾ ਆਦਿ ਕਾਰਜ ਕੀਤੇ ਜਾ ਸਕਦੇ ਹਨ। ਅਸੀਂ ਪੂੰਜੀਵਾਦੀ ਪੱਖਪਾਤ ਜਾਂ ਪਰਮਾਣੂ ਹਥਿਆਰਾਂ ਨੂੰ ਖ਼ਤਮ ਨਹੀਂ ਕਰ ਸਕਦੇ, ਪਰ ਸਾਈਕਲ ਮੁਹਿੰਮ ਸ਼ੁਰੂ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਸਿਰਫ਼ ਅਸੀਂ ਉੱਚੇ ਆਦਰਸ਼ਾਂ ’ਤੇ ਕੰਮਾਂ ਨਾਲ ਉਹ ਬਣ ਸਕਾਂਗੇ ਜੋ ਅਸੀਂ ਬਣਨਾ ਚਾਹੁੰਦੇ ਹਾਂ। ਸਾਡੇ ਕੋਲ ਸਮਰੱਥਾ ਹੈ ਤੇ ਅਸੀਂ ਅਦਭੁੱਤ ਕੰਮ ਕਰ ਸਕਦੇ ਹਾਂ। ਆਲੇ ਦੁਆਲੇ ਦੇ ਮਦਦਗਾਰ ਤੇ ਸਹਿਯੋਗੀ ਬਣਨ ਨਾਲ ਹੀ ਸਾਡੀ ਜ਼ਿੰਦਗੀ ਵਿੱਚ ਖੇੜਾ ਆਉਣਾ ਹੈ। ਆਓ! ਅਜਿਹੀਆਂ ਲਹਿਰਾਂ ਦਾ ਹਿੱਸਾ ਬਣ ਕੇ ਸਮਾਜ ਦੇ ਮਾਣਮੱਤੇ ਹਸਤਾਖਰ ਬਣੀਏ।
ਸੰਪਰਕ: 94630-24575