ਡਾ. ਸਾਹਿਬ ਸਿੰਘ
ਰੰਗਮੰਚ ਦੀ ਪਹੁੰਚ ਵੱਖਰੀ ਹੁੰਦੀ ਹੈ। ਰੰਗਮੰਚ ਇਹ ਦਾਅਵਾ ਵੀ ਕਰਦਾ ਹੈ ਕਿ ਇਹ ਖਿੱਤੇ, ਬੋਲੀ, ਪਹਿਰਾਵੇ ਤੋਂ ਉੱਪਰ ਉੱਠ ਕੇ ਵੀ ਆਪਣੇ ਦਰਸ਼ਕਾਂ ਨਾਲ ਜੁੜ ਸਕਦਾ ਹੈ ਕਿਉਂਕਿ ਕੋਈ ਦਰਸ਼ਕ ਭਾਸ਼ਾ ਨਾ ਸਮਝਦਾ ਹੋਇਆ ਵੀ ਰੰਗਮੰਚ ਨਾਲ ਜੁੜ ਜਾਂਦਾ ਹੈ। ਇਸ ਦਾ ਅਨੁਭਵ ਮੈਂ ਆਪਣੀ ਇੰਗਲੈਂਡ ਫੇਰੀ ਦੌਰਾਨ ਕਰ ਰਿਹਾ ਹਾਂ। ਅਦਾਕਾਰ ਦੀ ਸਰੀਰਕ ਭਾਸ਼ਾ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਬਿਆਨ ਕਰ ਜਾਂਦੀ ਹੈ ਜੋ ਸ਼ਬਦ ਵੀ ਸ਼ਾਇਦ ਬਿਆਨ ਨਾ ਕਰ ਸਕਣ। ਦਰਸ਼ਕ ਨੇ ਕੋਈ ਪ੍ਰਵਚਨ ਨਹੀਂ ਸੁਣਨਾ ਬਲਕਿ ਸ਼ਬਦਾਂ ਨੂੰ ਅਰਥਾਂ ਸਮੇਤ ਉਸ ਦ੍ਰਿਸ਼ ਦਾ ਸਾਰ ਪੇਸ਼ ਕਰਦਿਆਂ ਦੇਖਣਾ ਹੈ। ਅਦਾਕਾਰ ਦੇ ਹਾਵ ਭਾਵ ਉਸ ਕੋਲ ਵੱਡਾ ਹਥਿਆਰ ਹਨ। ਅਦਾਕਾਰ ਇਸ ਗੱਲ ਦੀ ਗਾਰੰਟੀ ਨਹੀਂ ਲੈ ਸਕਦਾ ਕਿ ਸਾਹਮਣੇ ਬੈਠੇ ਸਾਰੇ ਦਰਸ਼ਕ ਉਸ ਵੱਲੋਂ ਬੋਲੇ ਸ਼ਬਦ ਸਮਝਦੇ ਹੋਣ (ਭਾਵੇਂ ਬੋਲੀ ਆਪਣੀ ਹੀ ਹੋਵੇ!).. ਇੱਥੇ ਪੇਸ਼ ਕੀਤੇ ਨਾਟਕ ਦੇ ਅੰਤਿਮ ਦ੍ਰਿਸ਼ ਵਿੱਚ ਅਦਾਕਾਰ ਇੱਕ ਕਿੱਸਾ ਸੁਣਾਉਂਦਾ ਹੈ, ‘ਸੱਪ ਕਈ ਦਿਨ ਮੈਨੂੰ ਕਣਤਾਉਂਦਾ ਰਿਹਾ… ਕਦੇ ਤੂੜੀ ਵਾਲੇ ਕੋਠੇ ’ਚ.. ਕਦੀ ਡੰਗਰਾਂ ਵਾਲੇ ਵਾੜੇ ’ਚ… ਇੱਕ ਦਿਨ ਸੱਪ ਸਬਾਤ ’ਚ ਆ ਵੜਿਆ ਤੇ ਮੈਂ ਸੰਮਾਂ ਵਾਲੀ ਡਾਂਗ ਚੁੱਕ ਲਈ… ਸੱਪ ਦੀ ਸਿਰੀ ਫੇਂਹ ਦਿੱਤੀ।’ ਉਸ ਤੋਂ ਬਾਅਦ ਸ਼ਬਦ ਨਹੀਂ ਹਨ, ਸਿਰਫ਼ ਦ੍ਰਿਸ਼ ਹੈ, ਸਰੀਰਕ ਕਿਰਿਆਵਾਂ ਤੇ ਹਾਵ ਭਾਵ ਹਨ। ਮੈਂ ਡਾਂਗ ਨਾਲ ਮਰਿਆ ਸੱਪ ਚੁੱਕਣ ਦਾ ਅਭਿਨੈ ਕਰਦਾ ਹਾਂ। ਦਰਸ਼ਕਾਂ ਵੱਲ ਦੇਖਦਾ ਹਾਂ। ਕਲਪਿਤ ਸੱਪ ਮੇਰੀਆਂ ਅੱਖਾਂ ਤੇ ਦਰਸ਼ਕਾਂ ਦੇ ਵਿਚਾਲੇ ਲਟਕ ਰਿਹਾ ਹੈ। ਲੈਸਟਰ ਦੇ ਸ਼ੋਅ ਦੌਰਾਨ ਉੱਥੋਂ ਦੀ ਐੱਮ ਪੀ ਕਲੌਡੀਆ ਸੱਪ ਦੇ ਡਰ ਨਾਲ ਆਉਣ ਵਾਲੇ ਸੁਭਾਵਿਕ ਪ੍ਰਤੀਕਰਮ ਦੇ ਤੌਰ ’ਤੇ ਝਟਕੇ ਨਾਲ ਆਪਣੀ ਬਾਂਹ ਚਿਹਰੇ ਅੱਗੇ ਲਿਆਉਂਦੀ ਹੈ ਤੇ ਅੱਖਾਂ ਢਕ ਲੈਂਦੀ ਹੈ। ਉਸ ਤੱਕਣੀ ਤੋਂ ਬਾਅਦ ਮੈਂ ਕਹਿਰ ਭਰੀਆਂ ਅੱਖਾਂ ਨਾਲ ਉਸ ਕੁਰਸੀ ਵੱਲ ਦੇਖਦਾ ਹਾਂ ਜਿਸ ਨੂੰ ਕਿਸਾਨ ਸਾਰੇ ਨਾਟਕ ਵਿੱਚ ਸੰਬੋਧਤ ਹੋ ਰਿਹਾ ਹੈ, ਫਿਰ ਦਰਸ਼ਕਾਂ ਵੱਲ ਦੇਖਦਾ ਹਾਂ, ਉਹ ਅੱਖਾਂ ਅੱਖਾਂ ਵਿੱਚ ਸਹਿਮਤੀ ਦਿੰਦੇ ਹਨ ਕਿ ਜੋ ਤੂੰ ਸੋਚ ਰਿਹਾ ਹੈ, ਸਹੀ ਹੈ!.. ਤੇ ਮੈਂ ਡਾਂਗ ਨੂੰ ਝਟਕਾ ਦਿੰਦਾ ਹਾਂ, ਜਿਵੇਂ ਸੱਪ ਕੁਰਸੀ ਵੱਲ ਵਗਾਹ ਕੇ ਮਾਰਿਆ ਹੋਵੇੇ। ਦਰਸ਼ਕ ਨੱਚ ਉੱਠਦੇ ਹਨ।
ਕਿਸਾਨ ਸੰਘਰਸ਼ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਕਾਇਮ ਕਰ ਚੁੱਕਾ ਹੈ। ਟਰੈਕਟਰ, ਟਰਾਲੀਆਂ, ਡਾਂਗਾਂ, ਪੱਗਾਂ, ਕੁੜਤੇ ਸੰਸਾਰ ਭਰ ਦੇ ਲੋਕਾਂ ਲਈ ਗੌਰਵਮਈ ਚਿੰਨ੍ਹ ਬਣ ਗਏ ਹਨ। ਜਦੋਂ ਰੰਗਮੰਚ ਉਸ ਚਿੰਨ੍ਹ ਨੂੰ ਆਪਣੀ ਕਲਾਤਮਕ ਤਾਕਤ ਸੰਗ ਗੁੰਨ੍ਹ ਕੇ ਪੇਸ਼ ਕਰਦਾ ਹੈ ਤਾਂ ਦਰਸ਼ਕ ਦੀ ਉਤਸੁਕਤਾ ਵਧ ਜਾਂਦੀ ਹੈ। ਇਸੇ ਲਈ ਅਫ਼ਰੀਕਨ ਮੂਲ ਦੀ ਕਲਾਡੀਆ ਨਾਟ ਪੇਸ਼ਕਾਰੀ ਮੌਕੇ ਦਸ ਮਿੰਟ ਦਾ ਭਰਪੂਰ ਭਾਸ਼ਨ ਦਿੰਦੀ ਹੈ, ਉਹ ਕਿਸਾਨ ਸੰਘਰਸ਼ ਨੂੰ ਇਤਹਾਸਕ ਦੱਸਦੀ ਹੈ, ਸੰਸਾਰ ਭਰ ਦੇ ਮਿਹਨਤਕਸ਼ ਲੋਕਾਂ ਲਈ ਪ੍ਰੇਰਨਾ ਸਰੋਤ ਦੱਸਦੀ ਹੈ ਤੇ ਨਾਟਕ ਦੌਰਾਨ ਹੰਝੂ ਵਹਾਉਂਦੀ ਹੈ।
ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਦੀ ਤੰਦ ਆਪਣੇ ਮੁਲਕ ਨਾਲ ਜੁੜੀ ਰਹਿੰਦੀ ਹੈ। ਉੱਥੇ ਵਾਪਰਦੀ ਹਰ ਘਟਨਾ ਨੂੰ ਉਹ ਗਹੁ ਨਾਲ ਵਾਚਦੇ ਹਨ ਤੇ ਉਹਦੇ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹਨ। ਜਦੋਂ ਰੰਗਮੰਚ ਉਨ੍ਹਾਂ ਵਿਚਾਰਾਂ ਦੀ ਧੂਣੀ ਧੁਖਾਉਂਦਾ ਹੈ ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਨਾਟਕ ਸਾਡੀ ਆਵਾਜ਼ ਬਣਕੇ ਗਰਜਿਆ ਹੈ। ਇਹ ਉਹ ਲੋਕ ਹਨ ਜਿਨ੍ਹਾਂ ਜ਼ਿੰਦਗੀ ਦਾ ਬੜਾ ਮੁਸ਼ਕਿਲ ਸੰਘਰਸ਼ ਕੀਤਾ ਹੈ। ਇਹ ਲੋਕ ਜਦੋਂ ਨਾਟਕ ਵੇਖਣ ਆਉਂਦੇ ਹਨ ਤਾਂ ਇਨ੍ਹਾਂ ਦੀ ਮਾਨਸਿਕ ਭੁੱਖ ਵੇਖਣ ਵਾਲੀ ਹੁੰਦੀ ਹੈ। ਇਹ ਕਾਹਲ਼ ਨਹੀਂ ਕਰਦੇ, ਨਾਟਕ ਦੀ ਪੇਸ਼ਕਾਰੀ ਤੋਂ ਕਾਫ਼ੀ ਪਹਿਲਾਂ ਸਮੇਂ ਸਿਰ ਪਹੁੰਚਦੇ ਹਨ ਤੇ ਬਾਅਦ ਵਿੱਚ ਇਹ ਯਕੀਨੀ ਬਣਾਉਂਦੇ ਹਨ ਕਿ ਅਦਾਕਾਰ ਨੂੰ ਜੱਫੀ ਪਾ ਕੇ ਕੁਝ ਗੱਲਾਂ ਕਰਕੇ ਜਾਈਏ। ਉਹ ਪੰਜਾਬ ਬਾਰੇ ਪੁੱਛਦੇ ਹਨ, ਕਿਸਾਨ ਮੋਰਚੇ ਬਾਰੇ ਪੁੱਛਦੇ ਹਨ। ਸਰਕਾਰਾਂ ਬਾਰੇ ਪੁੱਛਦੇ ਹਨ। ਉਨ੍ਹਾਂ ਦੇ ਸਵਾਲਾਂ ਨੂੰ ਸੁਣਦਿਆਂ ਮੈਂ ਵੀ ਸਵਾਲ ਕਰਦਾ ਹਾਂ। ਰੰਗਮੰਚ ਸਵਾਲਾਂ ਦੇ ਆਦਾਨ ਪ੍ਰਦਾਨ ਦੀ ਕੜੀ ਬਣਦਾ ਹੈ।
ਨਾਟਕ ‘ਸੰਮਾਂ ਵਾਲੀ ਡਾਂਗ’ 2019 ਵਿੱਚ ਲਿਖਿਆ ਸੀ। ਵਿਚਾਰ ਸੀ ਕਿ ਕਿਸਾਨ ਦੀ ਜ਼ਿੰਦਗੀ ਦੇ ਵੱਖੋ ਵੱਖਰੇ ਪੱਖ ਉਜਾਗਰ ਕੀਤੇ ਜਾਣ। ਖ਼ੁਦਕੁਸ਼ੀਆਂ ਦੀ ਰੁੱਤੇ ਸੰਘਰਸ਼ ਵੀ ਨਾਲੋ ਨਾਲ ਕਿਵੇਂ ਚੱਲ ਰਿਹਾ ਹੈ, ਇਸ ਦੀ ਥਾਹ ਪਾਈ ਜਾਵੇ। ਉਹ ਖ਼ੁਸ਼ੀਆਂ ਕਿਵੇਂ ਮਾਣਦਾ ਹੈ, ਦੁੱਖਾਂ ਦੇ ਪਹਾੜ ਕਿਵੇਂ ਜਰਦਾ ਹੈ, ਅੱਗੇ ਕਿਵੇਂ ਵਧਦਾ ਹੈ। ਸਮਾਜਿਕ, ਆਰਥਿਕ, ਰਾਜਨੀਤਕ ਤਬਦੀਲੀਆਂ ਨੂੰ ਆਤਮਸਾਤ ਕਿਵੇਂ ਕਰਦਾ ਹੈ। ਕਿਰਤ ਕਰਦਿਆਂ ਕਿਰਤ ਦੀ ਪਾਕੀਜ਼ਗੀ ਨੂੰ ਕਿੰਨਾ ਕੁ ਸਮਝਦਾ ਹੈ। ਮਸਲਿਆਂ ਦਾ ਹੱਲ ਕਿਵੇਂ ਕੱਢਦਾ ਹੈ। ਖੇਤਾਂ ਵਿੱਚ ਬੀਜੀ ਫ਼ਸਲ ਨੂੰ ਜੇ ਧੀਆਂ ਪੁੱਤ ਸਮਝਦਾ ਹੈ ਤਾਂ ਕਿਵੇਂ, ਇਹਦੇ ਪਿੱਛੇ ਸੱਚ ਕੀ ਹੈ। ਉਹਦਾ ਹਠ, ਸਿਰੜ, ਲਗਾਤਾਰਤਾ ਦਾ ਕੀ ਰਾਜ਼ ਹੈ, ਉਹ ਛੇਤੀ ਹਾਰਦਾ ਕਿਉਂ ਨਹੀਂ, ਪਰ ਫਿਰ ਵੀ ਪੀਂਘ ਪਾਉਣ ਵਾਲਾ ਰੱਸਾ ਗਲ ਵਿੱਚ ਕਿਉਂ ਤੇ ਕਦੋਂ ਪਾ ਲੈਂਦਾ ਹੈ… ਸੱਪਾਂ ਦੀਆਂ ਸਿਰੀਆਂ ਮਿੱਧਦਾ ਹੋਇਆ ਵੀ ਉਨ੍ਹਾਂ ਸੱਪਾਂ ਨੂੰ ਰੱਬ ਦਾ ਜੀਅ ਸਮਝ ਮੁਆਫ਼ੀ ਕਿਵੇਂ ਦਿੰਦਾ ਹੈ। ਜਦ ਸੱਪ ਉਸੇ ਨੂੰ ਡੱਸਣ ਆ ਜਾਵੇ ਤੇ ਘਰ (ਸਾਵੀਂ ਜ਼ਿੰਦਗੀ) ਵਿੱਚ ਆ ਵੜੇ ਤਾਂ ਉਸ ਦੀ ਸਿਰੀ ਫੇਹਣ ਲਈ ਡਾਂਗ ਕਿਵੇਂ ਚੁੱਕ ਲੈਂਦਾ ਹੈ। ਇਸ ਤਰ੍ਹਾਂ ਦੇ ਅਨੇਕਾਂ ਸਵਾਲਾਂ ਦੇ ਜਵਾਬ ਲੱਭਣ ਲਈ ਮੈਂ ਇਹ ਨਾਟਕ ਲਿਖਿਆ ਸੀ। ਸਵਾਲ ਕਰੜੇ ਸਨ। ਇਸੇ ਲਈ ਨਾਟਕ ਦਾ ਨਾਮ ਡਾਂਗ ਵਰਗਾ ਮਜ਼ਬੂਤ ਰੱਖਿਆ, ਪਰ ਨਾਟਕ ਦਾ ਪਿੰਡਾ ਕਦੇ ਸਖ਼ਤ, ਕਦੇ ਨਰਮ,
ਕਦੇ ਡੋਲਦਾ, ਕਦੇ ਅੜਦਾ ਖੜ੍ਹਦਾ ਤੇ ਲਲਕਾਰਦਾ ਰੱਖਿਆ। ਨਤੀਜਾ ਸੁਆਦਲਾ ਤੇ ਤਸੱਲੀ ਵਾਲਾ ਨਿਕਲਿਆ। ਦਰਸ਼ਕ ਤੇ ਰੰਗਮੰਚ ਇਕਮਿਕ ਹੋ ਗਏ, ਫਿਰ ਦਰਸ਼ਕ ਪੰਜਾਬ ਵਿੱਚ ਵਸਦੇ ਹੋਣ ਜਾਂ ਸਮੁੰਦਰੋਂ ਪਾਰ। ਇਹ ਸਾਂਝ ਬਣੀ ਰਹੇ।
ਸੰਪਰਕ: 98880-11096