ਕੋਲਕਾਤਾ: ‘ਦਿ ਡਰਟੀ ਪਿਕਚਰ’ ਵਰਗੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਬਾਲੀਵੁੱਡ ਅਦਾਕਾਰਾ ਆਰਿਆ ਬੈਨਰਜੀ ਸਾਊਥ ਕੋਲਕਾਤਾ ਸਥਿਤ ਆਪਣੇ ਘਰ ਵਿੱਚ ਮ੍ਰਿਤ ਪਾਈ ਗਈ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤੀਜੀ ਮੰਜ਼ਿਲ ’ਤੇ ਸਥਿਤ ਮਰਹੂਮ ਅਦਾਕਾਰਾ ਦੇ ਘਰ ਦਾ ਬਾਹਰਲਾ ਦਰਵਾਜ਼ਾ ਤੋੜ ਕੇ ਜਦੋਂ ਪੁਲੀਸ ਘਰ ਵਿੱਚ ਦਾਖਲ ਹੋਈ ਤਾਂ ਬੈੱਡਰੂਮ ਵਿੱਚ 33 ਸਾਲਾ ਆਰਿਆ ਬੈਨਰਜੀ ਦੀ ਲਾਸ਼ ਪਈ ਸੀ। ਮਰਹੂਮ ਸਿਤਾਰ ਵਾਦਕ ਨਿਖਿਲ ਬੰਡੋਪਾਧਿਆਏ ਦੀ ਪੁੱਤਰੀ ਆਰਿਆ ਨੇ ਮੁੰਬਈ ਵਿੱਚ ਕੁੱਝ ਮਾਡਲਿੰਗ ਅਸਾਈਨਮੈਂਟਾਂ ਸਮੇਤ ‘ਐੱਲਐੱਸਡੀ: ਲਵ ਸੈਕਸ ਔਰ ਧੋਖਾ’ ਵਰਗੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਵਾਰ ਵਾਰ ਘੰਟੀਆਂ ਵਜਾਉਣ ਅਤੇ ਫੋਨ ਕਾਲਾਂ ਕਰਨ ’ਤੇ ਵੀ ਕੋਈ ਜਵਾਬ ਨਾ ਮਿਲਿਆ ਤਾਂ ਮਰਹੂਮ ਅਦਾਕਾਰਾ ਦੇ ਘਰ ਦੀ ਸਾਂਭ ਸੰਭਾਲ ਕਰਨ ਵਾਲੀ ਮਹਿਲਾ ਨੇ ਗੁਆਂਢੀਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਇਸ ਸਬੰਧੀ ਪੁਲੀਸ ਨੂੰ ਫੋਨ ਕੀਤਾ। ਮਹਿਲਾ ਨੇ ਦੱਸਿਆ ਕਿ ਆਰਿਆ ਜ਼ਿਆਦਾਤਰ ਘਰ ਵਿੱਚ ਇਕੱਲੀ ਹੀ ਰਹਿੰਦੀ ਸੀ। ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਫੋਰੈਂਸਿਕ ਵਿਭਾਗ ਦੀ ਟੀਮ ਨੇ ਘਰ ਵਿੱਚੋਂ ਸੈਂਪਲ ਇਕੱਤਰ ਕਰ ਲਏ ਹਨ। -ਪੀਟੀਆਈ