ਮੁੰਬਈ, 31 ਦਸੰਬਰ
ਅਮਿਤਾਭ ਬੱਚਨ ਨੇ ਵੀਰਵਾਰ ਨੂੰ ਇੱਕ ਰਿਕਾਰਡਿੰਗ ਸੈਸ਼ਨ ਦੀਆਂ ਤਸਵੀਰਾਂ ਟਵੀਟ ਕੀਤੀਆਂ, ਜਿੱਥੇ ਉਹ ਆਪਣੇ ਪੁੱਤਰ ਅਭਿਸ਼ੇਕ, ਨੂੰਹ ਐਸ਼ਵਰਿਆ ਅਤੇ ਪੋਤੀ ਅਰਾਧਿਆ ਨਾਲ ਮਿਲ ਕੇ ਕੰਮ ਕਰਦੇ ਦਿਖਾਈ ਦੇ ਰਹੇ ਹਨ। ਇੱਕ ਤਸਵੀਰ ਵਿੱਚ ਉਹ ਮਾਈਕ ਦੇ ਸਾਹਮਣੇ ਅਰਾਧਿਆ ਨਾਲ ਪੋਜ਼ ਦਿੰਦੇ ਹਨ ਅਤੇ ਦੂਸਰੀ ਤਸਵੀਰ ਵਿੱਚ ਅਰਾਧਿਆ ਦੇ ਮਾਤਾ-ਪਿਤਾ ਐਸ਼ਵਰਿਆ ਅਤੇ ਅਭਿਸ਼ੇਕ ਆਪਣੀ ਧੀ ਨੂੰ ਬਿੱਗ ਬੀ ਨਾਲ ਰਿਕਾਰਡਿੰਗ ਕਰਦਿਆਂ ਦੇਖ ਕੇ ਉਤਸ਼ਾਹਿਤ ਨਜ਼ਰ ਆ ਰਹੇ ਹਨ। ਬਿੱਗ ਬੀ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਜਦੋਂ ਪੋਤੀ ਅਤੇ ਦਾਦਾ ਸਟੂਡੀਓ ਵਿੱਚ ਮਾਈਕ ਦੇ ਸਾਹਮਣੇ ਆਉਂਦੇ ਹਨ ਅਤੇ ਸੰਗੀਤ ਤਿਆਰ ਕਰਦੇ ਹਨ।’’ ਇੱਕ ਤਸਵੀਰ ਵਿੱਚ ਬੱਚਨ ਪਰਿਵਾਰ ਕੈਮਰੇ ਲਈ ਜੇਤੂ ਚਿੰਨ੍ਹ ਬਣਾਉਂਦਿਆਂ ਮੁਸਕਰਾਉਂਦਾ ਦਿਖਾਈ ਦਿੰਦਾ ਹੈ। ਅਰਾਧਿਆ ਹੈੱਡਫੋਨ ਪਹਿਨ ਕੇ ਰਿਕਾਰਡ ਕਰਨ ਲਈ ਤਿਆਰ ਦਿਖਾਈ ਦਿੰਦੀ ਹੈ। ਬਿੱਗ ਬੀ ਨੇ ਰਿਕਾਰਡਿੰਗ ਰੂਮ ਤੋਂ ਇੱਕ ਪਰਿਵਾਰਕ ਤਸਵੀਰ ਵੀ ਸਾਂਝੀ ਕੀਤੀ ਹੈ।
ਉਨ੍ਹਾਂ ਟਵੀਟ ਕੀਤਾ, ‘‘ਅਤੇ ਜਸ਼ਨ ਸ਼ੁਰੂੁ ਹੁੰਦਾ ਹੈ… ਪਰ ਕਿਸ ਲਈ… ਇਹ ਸਿਰਫ਼ ਇੱਕ ਹੋਰ ਦਿਨ ਇੱਕ ਹੋਰ ਸਾਲ…ਵੱਡੀ ਗੱਲ! ਪਰਿਵਾਰ ਨਾਲ ਸੰਗੀਤ ਬਣਾਉਣਾ ਬਿਹਤਰ ਹੈ।’’ ਤਸਵੀਰ ਵਿੱਚ ਬਿੱਗ ਬੀ ਅਤੇ ਅਰਾਧਿਆ ਸੋਫੇ ’ਤੇ ਬੈਠੇ ਦਿਖਾਈ ਦਿੰਦੇ ਹਨ ਅਤੇ ਐਸ਼ਵਰਿਆ ਅਭਿਸ਼ੇਕ ਨਾਲ ਆਪਣੀ ਧੀ ਲਈ ਖ਼ੁਸ਼ ਨਜ਼ਰ ਆ ਰਹੀ ਹੈ। ਹਾਲਾਂਕਿ ਬਿੱਗ ਬੀ ਨੇ ਇਸ ਪਰਿਵਾਰਕ ਪ੍ਰਾਜੈਕਟ ਬਾਰੇ ਕੋਈ ਵੇਰਵਾ ਨਹੀਂ ਦਿੱਤਾ। -ਆਈਏਐੱਨਐੱਸ