ਬੁਸਾਨ: ਅਪਰਨਾ ਸੇਨ ਦੇ ਸੋਸ਼ਲ ਡਰਾਮੇ ‘ਦਿ ਰੇਪਿਸਟ’ ਨੇ 26ਵੇਂ ਬੂਸਾਨ ਕੌਮਾਂਤਰੀ ਫਿਲਮ ਫੈਸਟੀਵਲ ਵਿੱਚ ‘ਕਿਮ ਜਿਸੋਕ ਐਵਾਰਡ’ ਹਾਸਲ ਕੀਤਾ ਹੈ। ਇਹ ਪੁਰਸਕਾਰ ਇੱਕ ਫ਼ਿਲਮ ਨਾਲ ਸਾਂਝੇ ਤੌਰ ’ਤੇ ਦਿੱਤਾ ਗਿਆ ਹੈ। ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਕੋਂਕਨਾ ਸੇਨ ਸ਼ਰਮਾ ਨੇ ਨਿਭਾਈ ਹੈ ਤੇ ਫੈਸਟੀਵਲ ਦੌਰਾਨ ਇਹ ਫ਼ਿਲਮ ‘ਏ ਵਿੰਡੋ ਆਨ ਏਸ਼ੀਅਨ ਸਿਨੇਮਾ’ ਸ਼੍ਰੇਣੀ ਤਹਿਤ 7 ਅਕਤੂਬਰ ਨੂੰ ਦਿਖਾਈ ਗਈ ਸੀ। ਇਸ ਫ਼ਿਲਮ ਦੀ ਕਹਾਣੀ ਮੱਧਵਰਗੀ ਮਹਿਲਾ ਪ੍ਰੋਫੈਸਰ ’ਤੇ ਕੇਂਦਰਿਤ ਹੈ, ਜੋ ਆਪਣੇ ਬਲਾਤਕਾਰੀ, ਜਿਸ ਨੂੰ ਹੁਣ ਮੌਤ ਦੀ ਸਜ਼ਾ ਮਿਲ ਚੁੱਕੀ ਹੈ ਅਤੇ ਜਿਸ ਦੇ ਬੱਚੇ ਦੀ ਉਹ ਮਾਂ ਬਣਨ ਵਾਲੀ ਹੈ, ਨੂੰ ਸਵਾਲ ਕਰਨਾ ਚਾਹੁੰਦੀ ਹੈ ਕਿ ਉਸ ਨੇ ਆਖਰ ਇਹ ਅਪਰਾਧ ਕਿਉਂ ਕੀਤਾ? ਇਸ ਡਰਾਮੇ ਵਿੱਚ ਕੋਂਕਨਾ ਸੇਨ ਨੇ ਬਾਕਮਾਲ ਅਦਾਕਾਰੀ ਕੀਤੀ ਹੈ। ‘ਦਿ ਰੇਪਸਿਟ’ ਵਿੱਚ ਜਿਸਮਾਨੀ ਸ਼ੋਸ਼ਣ ਦਾ ਸ਼ਿਕਾਰ ਔਰਤ ਦੀ ਮਾਨਸਿਕ ਪੀੜਾ ਨੂੰ ਦਿਖਾਇਆ ਗਿਆ ਹੈ ਅਤੇ ਨਾਲ ਹੀ ਭਾਰਤ ਵਿੱਚ ਜਿਨਸੀ ਸ਼ੋਸ਼ਣ ਦੇ ਪ੍ਰਚਲਣ ਨੂੰ ਹੱਲਾਸ਼ੇਰੀ ਦੇਣ ਵਾਲੇ ਸਮਾਜਿਕ ਤੇ ਸੱਭਿਆਚਾਰਕ ਕਾਰਨਾਂ ਦੀ ਬੌਧਿਕ ਪੜਚੋਲ ਕੀਤੀ ਗਈ ਹੈ। ਇਸ ਫ਼ਿਲਮ ਵਿੱਚ ‘ਬਲਾਤਕਾਰੀ’ ਦੀ ਭੂਮਿਕਾ ਤਨਮੈ ਧਨਾਨੀਆ ਨੇ ਨਿਭਾਈ ਹੈ। ‘ਦਿ ਰੇਪਿਸਟ’ ਨਾਲ ਇਹ ਐਵਾਰਡ ਫਿਲੀਪੀਨਜ਼ ਦੇ ਫਿਲਮ ਨਿਰਮਾਤਾ ਬ੍ਰਿਲੈਂਟੇ ਮੇਂਡੋਜ਼ਾ ਦੇ ਬਾਕਸਿੰਡ ਡਰਾਮੇ ‘ਜੈਨਸਨ ਪੰਚ’ ਨੇ ਸਾਂਝਾ ਕੀਤਾ ਹੈ।
-ਆਈਏਐੱਨਐੱਸ