ਮੁੰਬਈ, 21 ਦਸੰਬਰ
ਬੌਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਆਪਣੀ ਮਾਂ ਅਤੇ ਸਮਾਜਿਕ ਕਾਰਕੁਨ ਤੇਜੀ ਬੱਚਨ ਨੂੰ ਉਨ੍ਹਾਂ ਦੀ 13ਵੀਂ ਬਰਸੀ ਮੌਕੇ ਅੱਜ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਗੁਜ਼ਰਨ ਦੇ ਪਲ ਹਮੇਸ਼ਾ ਜ਼ਿਹਨ ਵਿੱਚ ਰਹਿਣਗੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਸਦਾ ਪਰਿਵਾਰ ’ਤੇ ਹੈ। ਤੇਜੀ ਬੱਚਨ ਦਾ ਲਹਿੰਦੇ ਪੰਜਾਬ ਦੇ ਫੈਸਲਾਬਾਦ ਵਿੱਚ 1914 ਵਿੱਚ ਜਨਮ ਹੋਇਆ ਸੀ। ਹਿੰਦੀ ਕਵੀ ਮਰਹੂਮ ਹਰਿਵੰਸ਼ ਰਾਏ ਬੱਚਨ ਦੀ ਪਤਨੀ ਤੇਜੀ ਦਾ ਲੰਮੀ ਬਿਮਾਰੀ ਮਗਰੋਂ 21 ਦਸੰਬਰ 2007 ਨੂੰ 93 ਸਾਲ ਦੀ ਉਮਰ ਵਿੱਚ ’ਚ ਦੇਹਾਂਤ ਹੋ ਗਿਆ ਸੀ।
ਬਿੱਗ ਬੀ ਨੇ ਆਪਣੇ ਅਧਿਕਾਰਤ ਬਲੌਗ ’ਤੇ ਲਿਖਿਆ, ‘‘ਦੁਨੀਆ ਦੀ ਸਭ ਤੋਂ ਖ਼ੂਬਸੂਰਤ ਮਾਂ ਸਾਨੂੰ ਛੱਡ ਕੇ ਚਲੀ ਗਈ। ਦੁਨੀਆ ਵਿੱਚ ਸਭ ਤੋਂ ਖ਼ੂਬਸੂਰਤ ਜੇ ਕੁੱਝ ਹੈ ਤਾਂ ਉਹ ਮਾਂ ਹੈ। ਮੈਂ ਛੇਤੀ ਹੀ ਕੰਮ ਕਰਾਂਗਾ ਅਤੇ ਜੋ ਪ੍ਰੋਗਰਾਮ ਤੈਅ ਕੀਤੇ ਹਨ, ਉਨ੍ਹਾਂ ਨੂੰ ਪੂਰਾ ਕਰਾਂਗਾ। ਉਹ ਹੁੰਦੀ ਤਾਂ ਇਹੀ ਚਾਹੁੰਦੀ ਕਿ ਜਾਓ ਅਤੇ ਕੰਮ ਕਰੋ। ਮੈਨੂੰ ਦੁੱਖ ਨਾਲ ਨਹੀਂ, ਖ਼ੁਸ਼ੀ ਨਾਲ ਯਾਦ ਕਰੋ।’’
78 ਸਾਲਾ ਅਦਾਕਾਰ ਨੇ ਲਿਖਿਆ, ‘‘ਉਹ ਪਲ ਜਦੋਂ ਉਹ ਗੁਜਰੀ ਹਮੇਸ਼ਾ ਜ਼ਿਹਨ ਵਿੱਚ ਘਰ ਕਰੀਂ ਰੱਖਣਗੇ। ਸਭ ਤੋਂ ਮੁਸ਼ਕਲ ਹਾਲਾਤ ਵਿੱਚ ਵੀ ਉਹ ਤੁਹਾਡੇ ਕੋਲ ਬੈਠਦੀ, ਤੁਹਾਡੇ ਮੱਥੇ ਨੂੰ ਪਲੋਸਦੀ, ਉਸ ਦੇ ਹੱਥਾਂ ਦੀ ਕੋਮਲਤਾ ਅਚਾਨਕ ਸਾਰਾ ਤਣਾਅ, ਚਿੰਤਾ ਅਤੇ ਡਰ ਦੂਰ ਕਰ ਦਿੰਦੀ।’’ ਤੇਜ਼ੀ ਬੱਚਨ ਨੇ ਆਪਣੇ ਪਤੀ ਹਰਿਵੰਸ਼ ਰਾਏ ਵੱਲੋਂ ਸੈਕਸਪੀਅਰ ਦੇ ਹਿੰਦੀ ਵਿੱਚ ਅਨੁਵਾਦ ਕੀਤੇ ਨਾਟਕ ‘ਮੈਕਬੈੱਥ’ ਵਿੱਚ ਲੇਡੀ ਮੈਕਬੈੱਥ ਦੀ ਭੂਮਿਕਾ ਵੀ ਨਿਭਾਈ ਸੀ। –ਪੀਟੀਆਈ