ਮੁੰਬਈ, 10 ਮਈ
ਵੈੱਬ ਸੀਰੀਜ਼ ‘ਮਿਰਜ਼ਾਪੁਰ’, ‘ਹੋਸਟੇਜਿਜ਼’ ਅਤੇ ‘ਕਾਠਮੰਡੂ ਕੁਨੈਕਸ਼ਨ’ ਵਿੱਚ ਅਹਿਮ ਭੂਮਿਕਾ ਲਈ ਜਾਣਿਆ ਜਾਂਦਾ ਅਦਾਕਾਰ ਅਮਿਤ ਸਿਆਲ ਹੁਣ ਗੰਭੀਰ ਕਿਰਦਾਰਾਂ ਤੋਂ ਬਰੇਕ ਲੈਣਾ ਚਾਹੁੰਦਾ ਹੈ। ਅਦਾਕਾਰ ਨੇ ਕਿਹਾ ਕਿ ਉਹ ਇੱਕ ਪੁਲੀਸ ਵਾਲੇ ਦੀ ਭੂਮਿਕਾ ਨਹੀਂ ਨਿਭਾਉਣਾ ਚਾਹੁੰਦਾ ਅਤੇ ਅੱਗੇ ਤੋਂ ਕਾਮੇਡੀ ਰੋਲ ਕਰਨਾ ਚਾਹੁੰਦਾ ਹੈ। ਅੱਜ ਇੱਥੇ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ, ‘‘ਮੈਂ ਕਿਸੇ ਪੁਲੀਸ ਵਾਲੇ ਦੀ ਭੂਮਿਕਾ ਨਹੀਂ ਨਿਭਾਉਣਾ ਚਾਹੁੰਦਾ। ਅਸਲ ਵਿੱਚ ਮੈਂ ਅਜਿਹੀ ਭੂਮਿਕਾ ਨਿਭਾਉਣ ਤੋਂ ਪਿੱਛੇ ਹਟਣਾ ਚਾਹੁੰਦਾ ਹਾਂ ਕਿਉਂਕਿ ਹੁਣ ਇਹ ਬੋਝ ਲੱਗਣ ਲੱਗ ਗਿਆ ਹੈ। ਮੈਂ ਹਲਕੇ-ਫੁਲਕੇ ਰੋਲ, ਜਿਵੇਂ ਆਮ ਆਦਮੀ ਦੀ ਭੂਮਿਕਾ… ਇੱਥੋਂ ਤੱਕ ਕਿ ਕਾਮੇਡੀ ਰੋਲ ਕਰਨਾ ਚਾਹੁੰਦਾ ਹਾਂ।’’ ਅਦਾਕਾਰ ਦਾ ਕਹਿਣਾ ਹੈ ਕਿ ਵੱਖ ਵੱਖ ਭੂਮਿਕਾਵਾਂ ਨਿਭਾਉਣਾ ਮਹੱਤਵਪੂਰਨ ਹੈ। ਉਸ ਨੇ ਕਿਹਾ, ‘‘ਅਦਾਕਾਰਾਂ ਨੂੰ ਹਰ ਚੀਜ਼ ਵਿੱਚ ਸਥਾਈ ਪ੍ਰਭਾਵ ਛੱਡਣਾ ਪੈਂਦਾ ਹੈ। ਮੈਨੂੰ ਕੰਮ ਲਈ ਆਉਣ ਵਾਲੇ ਜ਼ਿਆਦਾਤਰ ਫੋਨ ਪੁਲੀਸ ਦੀ ਭੂਮਿਕਾ ਸਬੰਧੀ ਹੁੰਦੇ ਹਨ ਅਤੇ ਮੈਂ ਕਹਿੰਦਾ ਹਾਂ ਕਿ ਮੈਂ ਇਹ ਨਹੀਂ ਕਰ ਸਕਦਾ। ਤੁਹਾਨੂੰ ਆਪਣੇ ਬਾਰੇ ਖ਼ੁਦ ਸੋਚਣ ਦੀ ਲੋੜ ਹੈ, ਕੋਈ ਤੁਹਾਡੇ ਲਈ ਨਹੀਂ ਸੋਚੇਗਾ।’’ ਅਮਿਤ ਦਾ ਕਹਿਣਾ ਹੈ ਕਿ ਉਹ ਓਟੀਟੀ ਦਾ ਹਿੱਸਾ ਬਣ ਕੇ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦਾ ਹੈ ਕਿਉਂਕਿ ਇਹੀ ਇੱਕ ਪਲੇਟਫਾਰਮ ਹੈ, ਜੋ ਹੁਣ ਵੀ ਕੰਮ ਕਰ ਰਿਹਾ ਹੈ। ਉਸ ਨੇ ਕਿਹਾ, ‘‘ਸਮੇਂ ਦੇ ਹਿਸਾਬ ਨਾਲ, ਮੇਰੇ ਲਈ ਸਿਨੇਮਾ ਘਰਾਂ ਨੂੰ ਖੁੱਲ੍ਹਦਿਆਂ ਦੇਖਣਾ ਦੂਰ ਦਾ ਸੁਫ਼ਨਾ ਹੈ। ਘੱਟੋ-ਘੱਟ ਸਾਡੇ ਕੋਲ ਓਟੀਟੀ ਦੇ ਰੂਪ ਵਿੱਚ ਇੱਕ ਮੰਚ ਹੈ ਤਾਂ ਕਿ ਕੰਮ ਜਾਰੀ ਰਹੇ। ਇਹ ਬਹੁਤ ਵੱਡੀ ਇੰਡਸਟਰੀ ਹੈ ਅਤੇ ਇਸ ’ਤੇ ਕਈ ਲੋਕ ਨਿਰਭਰ ਹਨ। ਓਟੀਟੀ ਕੰਮ ਪੈਦਾ ਕਰਨ ਲਈ ਬਿਹਤਰੀਨ ਪਲੇਟਫਾਰਮ ਹੈ ਅਤੇ ਸਾਡੀ ਇੰਡਸਟਰੀ ਲਈ ਇਹ ਵਰਦਾਨ ਹੈ।’’ -ਆਈਏਐੱਨਐੱਸ