ਮੁੰਬਈ: ਲੜੀਵਾਰ ‘ਮੀਤ’ ਦੀ ਅਦਾਕਾਰਾ ਆਸ਼ੀ ਸਿੰਘ ਦਾ ਮੰਨਣਾ ਹੈ ਕਿ ਬਹੁਪੱਖੀ ਅਤੇ ਚੁਣੌਤੀਪੂਰਨ ਕਿਰਦਾਰਾਂ ਦੀ ਚੋਣ ਕਰਨ ਵਿੱਚ ਉਸ ਦਾ ਅਤੇ ਅਦਾਕਾਰਾ ਆਲੀਆ ਭੱਟ ਦਾ ਸਫ਼ਰ ਮਿਲਦਾ-ਜੁਲਦਾ ਰਿਹਾ ਹੈ। ਆਸ਼ੀ ਨੇ ਕਿਹਾ, ‘ਮੈਂ ਸਮਝਦੀ ਹਾਂ ਕਿ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਕਿਰਦਾਰਾਂ ਦੀ ਚੋਣ ਕਰਨ ਵੇਲੇ ਜੋਖ਼ਮ ਲੈਂਦੀ ਰਹੀ ਹਾਂ ਅਤੇ ਜੇਕਰ ਮੈਂ ਆਲੀਆ ਭੱਟ ਦੇ ਕਿਰਦਾਰਾਂ ਦੀ ਚੋਣ ’ਤੇ ਝਾਤ ਪਾਵਾਂ ਤਾਂ ਉਸ ਨੇ ਮੇਰੀ ਪਸੰਦ ਦੇ ਕਾਫੀ ਕਿਰਦਾਰ ਨਿਭਾਏ ਹਨ। ਇਸ ਲਿਹਾਜ਼ ਨਾਲ ਮੈਂ ਤੇ ਆਲੀਆ ਕਾਫੀ ਹੱਦ ਤੱਕ ਇੱਕੋ ਜਿਹੀਆਂ ਹਾਂ।’ ਆਸ਼ੀ ਨੇ ਕਿਹਾ, ‘ਆਲੀਆ ਨੇ ਵੱਖ ਵੱਖ ਕਿਸਮ ਦੀਆਂ ਭੂਮਿਕਾਵਾਂ ਨਿਭਾਈਆਂ ਹਨ। ਉਸ ਦੀਆਂ ਫਿਲਮਾਂ ‘ਹਾਈਵੇਅ’, ‘ਉੜਤਾ ਪੰਜਾਬ’, ‘ਰਾਜ਼ੀ’ ਆਦਿ ਵਿੱਚ ਉਸ ਨੇ ਬਿਲਕੁਲ ਵੱਖਰੇ ਕਿਸਮ ਦੇ ਕਿਰਦਾਰ ਨਿਭਾਏ ਹਨ।’ ‘ਮੀਤ’ ਵਿੱਚ ਆਸ਼ੀ ਮੀਤ ਹੁੱਡਾ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਸਮਾਜ ਦੀਆਂ ਸਾਰੀਆਂ ਬੰਦਿਸ਼ਾਂ ਨੂੰ ਤੋੜਨ ਅਤੇ ਜ਼ਿੰਮੇਵਾਰੀਆਂ ਨੂੰ ਲੈ ਕੇ ਲੜਕੇ-ਲੜਕੀ ਵਿੱਚ ਕੀਤੇ ਜਾਣ ਵਾਲੇ ਫਰਕ ਨੂੰ ਰੱਦ ਕਰਨ ਦੀ ਹਿੰਮਤ ਰੱਖਦੀ ਹੈ। ਅਦਾਕਾਰਾ ਨੇ ਕਿਹਾ ਕਿ ਉਸ ਲਈ ਕੋਈ ਵੀ ਕਿਰਦਾਰ ਨਿਭਾਉਣ ਵੇਲੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੁੰਦੀ ਹੈ ਕਿ ਉਹ ਕਿਰਦਾਰ ਅਸਲੀ ਤੇ ਪ੍ਰਭਾਵਸ਼ਾਲੀ ਲੱਗੇ। -ਆਈਏਐੱਨਐੱਸ