ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੇ ਅਦਾਕਾਰ ਪੁੱਤਰ ਅਹਾਨ ਸ਼ੈੱਟੀ ਨੇ ਕਿਹਾ ਕਿ ਉਹ ਆਪਣੇ ਪਿਤਾ ਦੀਆਂ ਫ਼ਿਲਮਾਂ ‘ਧੜਕਨ’ ਅਤੇ ‘ਬਾਰਡਰ’ ਦੇ ਰੀਮੇਕ ਵਿੱਚ ਅਦਾਕਾਰ ਵਜੋਂ ਕੰਮ ਕਰਨਾ ਚਾਹੁੰਦਾ ਹੈ। ਸਾਲ 2000 ਵਿੱਚ ਰਿਲੀਜ਼ ਹੋਈ ਫ਼ਿਲਮ ‘ਧੜਕਨ’ ਕਾਫੀ ਹਿੱਟ ਹੋਈ ਸੀ। ਇਸ ਰੋਮਾਂਟਿਕ ਫ਼ਿਲਮ ਵਿੱਚ ਸ਼ਿਲਪਾ ਸ਼ੈੱਟੀ ਤੇ ਅਕਸ਼ੈ ਕੁਮਾਰ ਵੀ ਸਨ। ਇਹ ਫ਼ਿਲਮ ਅੰਗਰੇਜ਼ੀ ਨਾਵਲ ‘ਵੁਦਰਿੰਗ ਹਾਈਟਸ’ ਦੀ ਕਹਾਣੀ ’ਤੇ ਅਧਾਰਿਤ ਸੀ। ਮੈਗਾ ਹਿੱਟ ‘ਬਾਰਡਰ’ ਫ਼ਿਲਮ ਸਾਲ 1997 ਵਿੱਚ ਰਿਲੀਜ਼ ਹੋਈ ਸੀ ਤੇ ਇਹ ਸਾਲ 1971 ਦੀ ਭਾਰਤ-ਪਾਕਿ ਜੰਗ ’ਤੇ ਅਧਾਰਿਤ ਸੀ। ਇਸ ਫ਼ਿਲਮ ਵਿੱਚ ਸਾਲ 1971 ਦੀ ਜੰਗ ਦੌਰਾਨ ਲੌਂਗੇਵਾਲਾ ਖੇਤਰ ਵਿੱਚ ਵਾਪਰੀਆਂ ਘਟਨਾਵਾਂ ਨੂੰ ਦਿਖਾਇਆ ਗਿਆ ਹੈ। ਫ਼ਿਲਮਾਂ ਦੇ ਰੀਮੇਕ ਅਤੇ ਆਪਣੇ ਪਿਤਾ ਦੀ ਫ਼ਿਲਮ ਵਿੱਚ ਅਦਾਕਾਰ ਵਜੋਂ ਕੰਮ ਕਰਨ ਦੀ ਇੱਛਾ ਜ਼ਾਹਿਰ ਕਰਦਿਆਂ ਅਹਾਨ ਨੇ ਆਖਿਆ,‘‘ਮੈਨੂੰ ‘ਬਾਰਡਰ’ ਫ਼ਿਲਮ ਬਹੁਤ ਪਸੰਦ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਸ ਫ਼ਿਲਮ ਦਾ ਅਗਲਾ ਭਾਗ ਬਹੁਤ ਸ਼ਾਨਦਾਰ ਹੋਵੇਗਾ ਅਤੇ ਇਸ ਲਈ ਮੈਂ ਚਾਹੁੰਦਾ ਹਾਂ ਕਿ ਮੈਂ ਇਸ ਦਾ ਹਿੱਸਾ ਹੋਵਾਂ। ਮੈਨੂੰ ਲੱਗਦਾ ਹੈ ਕਿ ਫਿਲਮ ‘ਧੜਕਨ’ ਦੇ ਰੀਮੇਕ ਵਿੱਚ ਕੰਮ ਕਰਨਾ ਵੀ ਬਹੁਤ ਸ਼ਾਨਦਾਰ ਹੋਵੇਗਾ।’’ ਦੱਸਣਯੋਗ ਹੈ ਕਿ ਅਹਾਨ ਸ਼ੈੱਟੀ ਨੇ ਪਿਛਲੇ ਸਾਲ ਫ਼ਿਲਮ ‘ਤੜਪ’ ਰਾਹੀਂ ਸਿਨੇ ਜਗਤ ਵਿੱਚ ਪੈਰ ਧਰਿਆ ਸੀ। ਆਪਣੀ ਭਵਿੱਖੀ ਯੋਜਨਾ ਬਾਰੇ ਗੱਲਬਾਤ ਕਰਦਿਆਂ ਅਹਾਨ ਨੇ ਆਖਿਆ,‘‘ਅਸੀਂ ਕੁਝ ਦਿਲਚਸਪ ਚੀਜ਼ਾਂ ਉਲੀਕੀਆਂ ਹਨ। ਇਨ੍ਹਾਂ ਦਾ ਐਲਾਨ ਇਕ ਮਹੀਨੇ ਦੇ ਅੰਦਰ-ਅੰਦਰ ਕਰ ਦਿੱਤਾ ਜਾਵੇਗਾ। ਮੈਂ ਇਹ ਕਹਿ ਸਕਦਾ ਹਾਂ ਕਿ ਮੈਂ ਸਾਜਿਦ ਨਡਿਆਡਵਾਲਾ ਨਾਲ ਚਾਰ ਫ਼ਿਲਮਾਂ ਲਈ ਕੰਟਰੈਕਟ ਕੀਤਾ ਹੈ। -ਆਈਏਐੱਨਐੱਸ