ਮੁੰਬਈ, 7 ਸਤੰਬਰ
ਬੰਬੇ ਹਾਈ ਕੋਰਟ ਨੇ ਅਸ਼ਲੀਲ ਫ਼ਿਲਮਾਂ ਨਾਲ ਸਬੰਧਿਤ ਇੱਕ ਮਾਮਲੇ ਵਿੱਚ ਨਾਮਜ਼ਦ ਅਦਾਕਾਰਾ ਗਹਿਣਾ ਵਸ਼ਿਸ਼ਟ ਦੀ ਅਗਾਊਂ ਜ਼ਮਾਨਤ ਅਰਜ਼ੀ ਅੱਜ ਰੱਦ ਕਰ ਦਿੱਤੀ ਹੈ। ਵਸ਼ਿਸ਼ਟ ’ਤੇ ਅਸ਼ਲੀਲ ਫ਼ਿਲਮਾਂ ਵਿੱਚ ਕੰਮ ਕਰਨ ਲਈ ਮਹਿਲਾਵਾਂ ਨੂੰ ਧਮਕਾਉਣ, ਉਨ੍ਹਾਂ ਨਾਲ ਜਬਰਦਸਤੀ ਕਰਨ ਅਤੇ ਪੈਸੇ ਦਾ ਲਾਲਚ ਦੇਣ ਦਾ ਦੋਸ਼ ਹੈ। ਜਸਟਿਸ ਐੱਸਕੇ ਸ਼ਿੰਦੇ ਨੇ ਅੱਜ ਅਦਾਕਾਰਾ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਵਸ਼ਿਸ਼ਟ ਨੇ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਲਈ ਪਿਛਲੇ ਮਹੀਨੇ ਪਟੀਸ਼ਨ ਦਾਇਰ ਕੀਤੀ ਸੀ। ਅਦਾਕਾਰਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਅਸ਼ਲੀਲ ਫ਼ਿਲਮਾਂ ਦੇ ਮਾਮਲੇ ਵਿੱਚ ਪੁਲੀਸ ਨੇ ਕਈ ਹੋਰ ਲੋਕਾਂ ਖ਼ਿਲਾਫ਼ ਤਿੰਨ ਕੇਸ ਦਰਜ ਕੀਤੇ ਹਨ। ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਵੀ ਇੱਕ ਕੇਸ ਵਿੱਚ ਮੁਲਜ਼ਮ ਹਨ। -ਪੀਟੀਆਈ