ਮੁੰਬਈ: ਕੁਝ ਦਿਨ ਪਹਿਲਾਂ ਹੀ ਮਹਾਰਾਸ਼ਟਰ ਵਿੱਚ ਸਿਨੇਮਾਘਰ ਮੁੜ ਖੋਲ੍ਹੇ ਗਏ ਹਨ, ਜਿਸ ਮਗਰੋਂ ਇੱਕ ਤੋਂ ਬਾਅਦ ਇੱਕ ਫਿਲਮਾਂ ਰਿਲੀਜ਼ ਹੋਣ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਸਿਨੇਮਾਘਰਾਂ ਦੇ ਮੁੜ ਸ਼ੁਰੂ ਹੋਣ ਮਗਰੋਂ ਕਈ ਫਿਲਮ ਸਿਤਾਰਿਆਂ ਨੇ ਸਿਨੇਮਾਘਰ ਖੁੱਲ੍ਹਣ ਬਾਰੇ ਆਪਣੀਆਂ ਪ੍ਰਤੀਕਿਰਿਆਵਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰ ਆਮਿਰ ਖ਼ਾਨ ਨੇ ਕਿਹਾ, ‘ਮਹਾਰਾਸ਼ਟਰ ਵਿੱਚ ਸਿਨੇਮਾਘਰ ਮੁੜ ਖੁੱਲ੍ਹਣ ਦੀ ਖ਼ਬਰ ਬਹੁਤ ਖੁਸ਼ੀ ਵਾਲੀ ਹੈ। ਅਸੀਂ ਸਾਰੇ ਹੀ ਬੇਸਬਰੀ ਨਾਲ ਇਸ ਦੀ ਉਡੀਕ ਕਰ ਰਹੇ ਸੀ। ਇਸ ਵੇਲੇ ਕਈ ਵੱਡੇ ਨਿਰਮਾਤਾਵਾਂ ਦੀਆਂ ਫਿਲਮਾਂ ਰਿਲੀਜ਼ ਹੋਣ ਲਈ ਕਤਾਰ ਵਿੱਚ ਲੱਗੀਆਂ ਹੋਈਆਂ ਹਨ। ਮੇਰੇ ਵੱਲੋਂ ਉਨ੍ਹਾਂ ਸਾਰਿਆਂ ਨੂੰ ਸ਼ੁਭਕਾਮਨਾਵਾਂ।’ ਇਸੇ ਤਰ੍ਹਾਂ ਟੀਵੀ ਅਦਾਕਾਰ ਰਿਤਵਿਕ ਧੰਜਾਨੀ ਨੇ ਕਿਹਾ, ‘ਕਿੰਨਾ ਪਿਆਰਾ ਅਹਿਸਾਸ ਹੈ, ਮੈਂ ਬਹੁਤ ਹੀ ਖੁਸ਼ ਹਾਂ। ਮੈਨੂੰ ਹਾਲੇ ਵੀ ਇਸ ਗੱਲ ’ਤੇ ਯਕੀਨ ਨਹੀਂ ਹੋ ਰਿਹਾ ਕਿ ਸਾਡੇ ਸਿਨੇਮਾਘਰ ਆਖਿਰਕਾਰ ਖੁੱਲ੍ਹ ਗਏ ਹਨ। ਅਸੀਂ ਆਮ ਜ਼ਿੰਦਗੀ ਵੱਲ ਮੁੜ ਆਏ ਹਾਂ। ਇੱਕ ਵਾਰ ਫਿਰ ਅਸੀਂ ਸਿਨੇਮਾਘਰਾਂ ’ਚ ਜਾ ਕੇ ਆਮ ਵਾਂਗ ਫਿਲਮਾਂ ਵੇਖ ਸਕਦੇ ਹਾਂ। ਇਹ ਬਹੁਤ ਹੀ ਖੁਸ਼ੀ ਵਾਲਾ ਅਹਿਸਾਸ ਹੈ।’ -ਆਈਏਐੱਨਐੱਸ