ਮੁੰਬਈ: ਮਸ਼ਹੂਰ ਫ਼ਨਕਾਰ ਹਰਸ਼ਦੀਪ ਕੌਰ ਨੇ ਅੱਜ ਆਪਣੇ ਚਾਹੁਣ ਵਾਲਿਆਂ ਨੂੰ ਦੱਸਿਆ ਕਿ ਉਸ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਗਾਇਕਾ ਤੇ ਉਸ ਦਾ ਪਤੀ ਮਨਕੀਤ ਸਿੰਘ ਆਪਣੇ ਪਹਿਲੇ ਬੱਚੇ ਦੇ ਜਨਮ ’ਤੇ ਬਹੁਤ ਖੁਸ਼ ਹਨ। ਬੱਚੇ ਦਾ ਜਨਮ 2 ਮਾਰਚ ਨੂੰ ਹੋਇਆ ਹੈ। ਹਰਸ਼ਦੀਪ ਨੇ ਟਵੀਟ ਕਰਦਿਆਂ ਆਖਿਆ,‘‘ਅੰਬਰਾਂ ’ਚੋਂ ਨਿੱਕਾ ਜਿਹਾ ਸਵਰਗ ਧਰਤੀ ’ਤੇ ਆ ਗਿਆ ਅਤੇ ਸਾਨੂੰ ਮੰਮੀ ਤੇ ਡੈਡੀ ਬਣਾ ਦਿੱਤਾ। ਸਾਡਾ ਨਿੱਕਾ ‘ਸਿੰਘ’ ਆ ਗਿਆ ਅਤੇ ਅਸੀਂ ਬਹੁਤ ਖੁਸ਼ ਹਾਂ!’’ ਗਾਇਕਾ ਨੇ ਸੋਸ਼ਲ ਮੀਡੀਆ ’ਤੇ ਆਪਣੇ ਪਤੀ ਨਾਲ ਆਪਣੀਆਂ ਗਰਭਵਤੀ ਸਮੇਂ ਦੀਆਂ ਪੁਰਾਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਹਰਸ਼ਦੀਪ ਦੇ ਟਵੀਟ ਦਾ ਜਵਾਬ ਦਿੰਦਿਆਂ ਉਸ ਦੇ ਪ੍ਰਸ਼ੰਸਕਾਂ ਨੇ ‘ਨਿੱਕੇ ਸਿੰਘ’ ਨੂੰ ਬਹੁਤ ਸਾਰਾ ਪਿਆਰ ਤੇ ਦੁਆਵਾਂ ਦਿੱਤੀਆਂ ਅਤੇ ਨਵੇਂ ਬਣੇ ਮਾਪਿਆਂ ਨੂੰ ਵਧਾਈ ਦੇ ਸੰਦੇਸ਼ ਭੇਜੇ। ਜਾਣਕਾਰੀ ਅਨੁਸਾਰ ਹਰਸ਼ਦੀਪ ਨੇ ਫਰਵਰੀ ਮਹੀਨੇ ਦੇ ਪਹਿਲੇ ਹਫ਼ਤੇ ਆਪਣੇ ਗਰਭਵਤੀ ਹੋਣ ਦੀ ਖ਼ਬਰ ਸਾਂਝੀ ਕੀਤੀ ਸੀ। ਹਰਸ਼ਦੀਪ ਨੇ ਆਖਿਆ ਸੀ,‘‘ਅਸੀਂ ਨੰਨ੍ਹੇ ਮਹਿਮਾਨ ਨੂੰ ਮਿਲਣ ਲਈ ਬਹੁਤ ਉਤਾਵਲੇ ਹਾਂ, ਜੋ ਮਾਰਚ 2021 ’ਚ ਸਾਡੇ ਦਰਮਿਆਨ ਪਹੁੰਚ ਰਿਹਾ ਹੈ। ਮੈਨੂੰ ਤੁਹਾਡੀਆਂ ਦੁਆਵਾਂ ਦੀ ਲੋੜ ਹੈ।’’ ਹਰਸ਼ਦੀਪ ਨੇ 20 ਮਾਰਚ 2015 ਨੂੰ ਆਪਣੇ ਬਚਪਨ ਦੇ ਦੋਸਤ ਮਨਕੀਤ ਨਾਲ ਵਿਆਹ ਕਰਵਾਇਆ ਸੀ। ਵਿਆਹ ਸਮਾਗਮ ’ਚ ਪਰਿਵਾਰਕ ਮੈਂਬਰ ਤੇ ਕਰੀਬੀ ਦੋਸਤ ਸ਼ਾਮਲ ਹੋਏ ਸਨ।
-ਆਈਏਐੱਨਐੱਸ