ਅਜੀਤ ਸਿੰਘ ਚੰਦਨ
ਹਰ ਇਕ ਇਨਸਾਨ ਦੀਆਂ ਕੁਝ ਪਰੇਸ਼ਾਨੀਆਂ ਹੁੰਦੀਆਂ ਹਨ। ਪਰ ਉਨ੍ਹਾਂ ਨੂੰ ਭੁਲਾ ਕੇ ਸੋਹਣਾ ਤੇ ਸੁਚੱਜਾ ਜੀਵਨ ਜਿਉਣਾ ਬੜਾ ਬਹਾਦਰੀ ਦਾ ਕੰਮ ਹੈ। ਜਿਹੜੇ ਲੋਕ ਕੰਡੇ ਦੀ ਚੋਭ ਨਾਲ ਰੋਣ ਲੱਗ ਪੈਂਦੇ ਹਨ, ਉਨ੍ਹਾਂ ਨੂੰ ਬਹਾਦਰ ਨਹੀਂ ਕਿਹਾ ਜਾ ਸਕਦਾ। ਮੁਸ਼ਕਲਾਂ ਨੂੰ ਖਿੜੇ ਮੱਥੇ ਸਹਾਰਨਾ ਹੋਰ ਵੀ ਵੱਡੀ ਬਹਾਦਰੀ ਹੈ। ਕਈ ਇਨਸਾਨ ਤਾਂ ਅਜਿਹੇ ਵੀ ਹੋਏ ਹਨ ਕਿ ਉਨ੍ਹਾਂ ਨੂੰ ਕੋਈ ਮੁਸ਼ਕਲ ਹਰਾ ਨਹੀਂ ਸਕੀ। ਉਹ ਪਹਾੜ ਨਾਲ ਮੱਥਾ ਲਾ ਕੇ ਵੀ ਅਖੀਰ ਪਹਾੜ ’ਤੇ ਆਪਣੀ ਜਿੱਤ ਦਾ ਝੰਡਾ ਗੱਡ ਦਿੰਦੇ ਹਨ।
ਜ਼ਿੰਦਗੀ ਇਕ ਸਫ਼ਰ ਹੈ। ਇਸ ਸਫ਼ਰ ਨੂੰ ਖੂਬਸੂਰਤੀ ਨਾਲ ਤੈਅ ਕਰਨਾ ਹਰ ਇਕ ਦੇ ਹਿੱਸੇ ਨਹੀਂ ਆਉਂਦਾ। ਪਰ ਆਪਣੀ ਜ਼ਿੰਦਗੀ ਵਿਚ ਅਸੀਂ ਆਪਣੇ ਤੋਂ ਵੱਧ ਕਾਬਲ ਇਨਸਾਨ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਹਰ ਇਨਸਾਨ ਜੀਵਨ ਵਿਚ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ। ਇਸ ਜ਼ਿੰਦਗੀ ਦੇ ਔਖੇ ਸਫ਼ਰ ਨੂੰ ਵੀ ਹੱਸ ਕੇ ਪਾਰ ਕਰ ਜਾਂਦਾ ਹੈ।
ਕਦੇ ਵੀ ਆਪਣੇ ਆਪ ਨਾਲ ਨਿਰਾਸ਼ ਨਾ ਹੋਵੇ, ਸਗੋਂ ਇਸ ਨਿਰਾਸ਼ਤਾ ਨੂੰ ਖੁਸ਼ੀ ਵਿਚ ਬਦਲਣ ਦਾ ਹੁਨਰ ਸਿੱਖ ਲਵੋ। ਆਪਣੀ ਜ਼ਿੰਦਗੀ ਵਿਚ ਚਾਨਣ ਭਰੀ ਰੱਖੋ। ਜੇਕਰ ਤੁਹਾਡੀ ਜ਼ਿੰਦਗੀ ਵਿਚ ਚਾਨਣ ਹੈ ਤਾਂ ਇਸ ਚਾਨਣ ਕਾਰਨ ਹੀ ਤੁਸੀਂ ਜ਼ਿੰਦਗੀ ਦੇ ਸਿੱਧੇ ਤੇ ਸਪੱਸ਼ਟ ਰਾਹਾਂ ਦੀ ਤਲਾਸ਼ ਸਹਿਜੇ ਹੀ ਕਰ ਲਵੋਗੇ। ਭਟਕਣਾਂ ਦਾ ਪੱਲਾ ਛੱਡ ਦਿਓ ਕਿਉਂਕਿ ਭਟਕਣਾਂ ਵਿਚ ਇਨਸਾਨ ਆਪਣੀ ਜ਼ਿੰਦਗੀ ਦਾ ਕਾਫ਼ੀ ਹਿੱਸਾ ਬਰਬਾਦ ਕਰ ਲੈਂਦਾ ਹੈ। ਗ਼ਲਤ ਰਸਤਿਆਂ ਨੂੰ ਤਿਆਗ ਕੇ ਸਹੀ ਰਾਹ ਲੱਭ ਲੈਣਾ ਵੀ ਹਰੇਕ ਦੇ ਹਿੱਸੇ ਨਹੀਂ ਆਉਂਦਾ। ਪੈਰ ਪੈਰ ’ਤੇ ਮੁਸ਼ਕਲਾਂ ਆਉਂਦੀਆਂ ਹਨ, ਪਰ ਹਮੇਸ਼ਾਂ ਖੁਸ਼ ਰਹਿ ਕੇ ਇਨ੍ਹਾਂ ਮੁਸ਼ਕਲਾਂ ਤੋਂ ਪਾਰ ਲੰਘ ਜਾਓ।
ਸਿਧਾਰਥ ਨੇ ਆਪਣੇ ਮਹਿਲਾਂ ਨੂੰ ਛੱਡ ਕੇ ਜੀਵਨ ਦੀ ਤਲਾਸ਼ ਵਿਚ 6 ਸਾਲ ਜੰਗਲਾਂ ਦੇ ਕੰਡੇ ਮਿੱਧੇ, ਪਰ ਉਹ ਹਾਰਿਆ ਨਹੀਂ, ਸਗੋਂ ਜ਼ਿੰਦਗੀ ਦੀ ਤਲਾਸ਼ ਕਰਦਾ ਰਿਹਾ ਤੇ ਅਖੀਰ ਸੱਤਵੇਂ ਸਾਲ ਉਹ ਇਕ ਘਣੇ ਰੁੱਖ ਦੀ ਛਾਂ ਹੇਠ ਬੈਠ ਕੇ ਜੀਵਨ ਦੀ ਤਲਾਸ਼ ਵਿਚ ਅੰਤਰ-ਧਿਆਨ ਹੋ ਗਿਆ। ਅਖੀਰ ਇਕ ਸੂਹਾ ਚਾਨਣ ਉਸ ਦੇ ਮੱਥੇ ’ਤੇ ਦਸਤਕ ਦੇਣ ਲੱਗਾ। ਗਿਆਨ ਦੀ ਰੌਸ਼ਨੀ ਨਾਲ ਆਸੇ-ਪਾਸੇ ਦਾ ਜੰਗਲ ਵੀ ਚਾਨਣ ਨਾਲ ਭਰ ਗਿਆ। ਸਿਧਾਰਥ, ਜਿਸ ਚਾਨਣ ਨੂੰ ਲੱਭਣ ਤੁਰਿਆ ਸੀ, ਉਸ ਨੂੰ ਲੱਭਣ ਵਿਚ ਸਫਲ ਹੋਇਆ ਸੀ।
ਜਿਹੜੇ ਇਨਸਾਨ ਸਿਰਫ਼ ਗੱਲਾਂ ਕਰਦੇ ਹਨ, ਉਹ ਕਿਤੇ ਨਹੀਂ ਪਹੁੰਚਦੇ, ਸਗੋਂ ਗੱਲਾਂ ਕਰਕੇ ਉਹ ਹੋਰਨਾਂ ਦਾ ਸਮਾਂ ਵੀ ਬਰਬਾਦ ਕਰਦੇ ਹਨ। ਹਰ ਇਨਸਾਨ ਦੇ ਅੰਦਰ ਇਕ ਚੰਗਿਆੜੀ ਮਚਦੀ ਹੈ। ਇਸ ਚੰਗਿਆੜੀ ਨੂੰ ਕਦੇ ਬੁਝਣ ਨਾ ਦਿਓ ਕਿਉਂਕਿ ਜੇ ਇਹ ਚੰਗਿਆੜੀ ਹੀ ਬੁਝ ਗਈ ਤਾਂ ਫਿਰ ਸਮਝ ਲਵੋ ਕਿ ਤੁਸੀਂ ਜ਼ਿੰਦਗੀ ਦੀ ਬਾਜ਼ੀ ਹਾਰ ਚੁੱਕੇ ਹੋ।
ਸਫਲ ਹੋਣ ਲਈ ਸਾਨੂੰ ਚੰਗੇ ਖਿਡਾਰੀਆਂ ਵਾਂਗ ਮਿਹਨਤ ਤੇ ਅਭਿਆਸ ਕਰਨਾ ਪੈਂਦਾ ਹੈ। ਤਦ ਹੀ ਅਸੀਂ ਕਿਸੇ ਕੰਮ ਵਿਚ ਮੁਹਾਰਤ ਹਾਸਲ ਕਰ ਸਕਦੇ ਹਾਂ। ਲੋਹੇ ਨੂੰ ਅੱਗ ਵਿਚ ਪਾ ਕੇ ਚੰਡਿਆ ਜਾਂਦਾ ਹੈ ਤੇੇ ਫਿਰ ਇਕ ਕਾਰੀਗਰ ਇਸ ਕੱਚੇ ਲੋਹੇ ਤੋਂ ਕੋਈ ਹਥਿਆਰ ਬਣਾ ਲੈਂਦਾ ਹੈ। ਸਫਲਤਾ ਵੀ ਇਨਸਾਨ ਨੂੰ ਇਕਦਮ ਹੀ ਨਹੀਂ ਮਿਲ ਜਾਂਦੀ। ਬੜੇ ਅਭਿਆਸ ਤੋਂ ਬਾਅਦ ਕੋਈ ਇਨਸਾਨ ਇਕ ਚੰਗਾ ਸਿਤਾਰ-ਵਾਦਕ ਬਣਨਾ ਹੈ। ਤਾਨਸੈਨ ਬਣਨਾ ਹੋਰ ਵੀ ਮੁਸ਼ਕਲ ਹੈ। ਜ਼ਿੰਦਗੀ ਭਰ ਦੇ ਅਭਿਆਸ ਨਾਲ ਕੋਈ ਇਨਸਾਨ ਇਕ ਚੰਗਾ ਕਵੀ ਜਾਂ ਵਾਰਤਕ ਲਿਖਾਰੀ ਬਣਦਾ ਹੈ।
ਕਈ ਇਨਸਾਨ ਆਪਣੀ ਜ਼ਿੰਦਗੀ ਦਾ ਰਾਹ ਬੜਾ ਮੁਸ਼ਕਲ ਚੁਣ ਲੈਂਦੇ ਹਨ, ਪਰ ਸਿਰੜ ਤੇ ਮਿਹਨਤ ਨਾਲ ਉਹ ਇਸ ਮੁਸ਼ਕਲ ਰਾਹ ’ਤੇ ਚੱਲਦੇ ਹੋਏ ਮੰਜ਼ਲ ਪ੍ਰਾਪਤ ਕਰ ਲੈਂਦੇ ਹਨ। ਆਪਣੀ ਅੰਦਰਲੀ ਰੌਸ਼ਨੀ ਨੂੰ ਹਮੇਸ਼ਾਂ ਜਾਗ੍ਰਿਤ ਰੱਖੋ। ਆਪਣੇ ਕਸਬ ਨੂੰ ਇਮਾਨਦਾਰੀ ਨਾਲ ਨਿਭਾਵੋ। ਆਪਣੇ ਪ੍ਰਤੀ ਤੇ ਹੋਰਨਾਂ ਪ੍ਰਤੀ ਆਪਣੇ ਮਨ ਵਿਚ ਸਦਾ ਸਦਭਾਵਨਾ ਪੈਦਾ ਕਰੀ ਰੱਖੋ। ਜੇ ਤੁਸੀਂ ਚੰਗੇ ਹੋ ਤਾਂ ਤੁਹਾਨੂੰ ਹੋਰ ਤੁਹਾਡੇ ਨਾਲੋਂ ਚੰਗੇ ਲੋਕ ਵੀ ਲੱਭ ਸਕਦੇ ਹਨ।
ਕਦੇ ਨਾ ਭੁੱਲੋ ਕਿ ਹਨੇਰੇ ਰਾਹ ਸਿਰਫ਼ ਭਟਕਣ ਲਈ ਹੁੰਦੇ ਹਨ। ਇਨ੍ਹਾਂ ਹਨੇਰੇ ਰਾਹਾਂ ’ਤੇ ਚੱਲ ਕੇ ਅੱਜ ਤਕ ਕੋਈ ਆਪਣੀ ਮੰਜ਼ਲ ’ਤੇ ਨਹੀਂ ਪਹੁੰਚਿਆ। ਸਦਾ ਆਪਣੇ ਮਨ ’ਚ ਇਕ ਸੂਹਾ ਚਾਨਣ ਬੀਜੀ ਰੱਖੋ। ਅੰਦਰਲੇ ਸੂਹੇ ਚਾਨਣ ਨਾਲ ਹੀ ਤੁਸੀਂ ਹਨੇਰਿਆਂ ਨੂੰ ਪਾਰ ਕਰ ਸਕਦੇ ਹੋ।
ਆਪਣੇ ਆਪ ਨੂੰ ਕਦੇ ਘਟੀਆ ਨਾ ਸਮਝੋ। ਤੁਹਾਡੇ ਵਿਚ ਵੀ ਸਫਲ ਹੋਣ ਦੀ ਰੌਸ਼ਨੀ ਪੈਦਾ ਹੋ ਸਕਦੀ। ਤੁਸੀਂ ਵੀ ਸਫਲ ਹੋ ਸਕਦੇ ਹੋ।
ਸੰਪਰਕ: 97818-05861