ਮੁੰਬਈ, 28 ਸਤੰਬਰ
ਮੈਗਾਸਟਾਰ ਅਮਿਤਾਭ ਬੱਚਨ ਤੇ ਕੌਨ ਬਨੇਗਾ ਕਰੋੜਪਤੀ ਦੀ ਟੀਮ ਕਰੋਨਾਵਾਇਰਸ ਦੇ ਮੱਦੇਨਜ਼ਰ ਪੂਰੇ ਸੁਰੱਖਿਆ ਇੰਤਜ਼ਾਮ ਤਹਿਤ ਸ਼ੋਅ ਦੇ 12ਵੇਂ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਤਿਆਰ ਹਨ। ਇਸ ਲਈ ਸ਼ੋਅ ਦੇ ਸੈੱਟ ’ਤੇ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਸ਼ੋਅ ਚਲਾਉਣ ਵਾਲੇ ਸੁਜਾਤਾ ਸੰਗਮਿੱਤਰਾ ਨੇ ਦੱਸਿਆ ਕਿ 20 ਸਾਲਾਂ ਵਿੱਚ ਪਹਿਲੀ ਵਾਰ ਹੋਵੇਗਾ ਜਦੋਂ ਸ਼ੋਅ ਦੌਰਾਨ ਦਰਸ਼ਕ ਸੈੱਟ ’ਤੇ ਮੌਜੂਦ ਨਹੀਂ ਹੋਣਗੇ ਅਤੇ ਲਾਈਫ ਲਾਈਨ ‘ਆਡੀਅੰਸ ਪੋਲ’ ਨੂੰ ‘ਵੀਡੀਓ ਏ ਫਰੈਂਡ’ ਨਾਲ ਤਬਦੀਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ, ‘ਫਾਸਟੈਸਟ ਫਿੰਗਰ ਫਸਟ ’ਚ 10 ਦੀ ਥਾਂ ਅੱਠ ਉਮੀਦਵਾਰ ਹਾਜ਼ਰ ਹੋਣਗੇ ਤਾਂ ਜੋ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕੀਤਾ ਜਾ ਸਕੇ।’ ਉਨ੍ਹਾਂ ਦੱਸਿਆ ਕਿ ਸ਼ੋਅ ਦੇ ਮੇਜ਼ਬਾਨ (ਅਮਿਤਾਭ) ਤੇ ਖਿਡਾਰੀ ਦੀਆਂ ਸੀਟਾਂ ਦਾ ਡਿਜ਼ਾਈਨ ਵੀ ਬਦਲਿਆ ਗਿਆ ਹੈ ਤੇ ਇਨ੍ਹਾਂ ਵਿਚਾਲੇ ਵਧੇਰੇ ਦੂਰੀ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਦੀ ਤਰ੍ਹਾਂ ਸ਼ੋਅ ’ਚ ਉਮੀਦਵਾਰ ਅਮਿਤਾਭ ਬੱਚਨ ਦੇ ਗਲੇ ਨਹੀਂ ਮਿਲ ਸਕਣਗੇ। ਹੁਣ ਅਮਿਤਾਭ ਬੱਚਨ ਸਿਰਫ਼ ਹੱਥਾਂ ਦੀ ਥਾਂ ਖਿਡਾਰੀ ਨਾਲ ਕੂਹਣੀ ਮਿਲਾਉਣਗੇ। ਬਾਕੀ ਗੱਲਬਾਤ ਪਹਿਲਾਂ ਵਾਂਗ ਹੀ ਰਹੇਗੀ। -ਪੀਟੀਆਈ