ਮੁੰਬਈ, 20 ਮਈ
ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਸ਼ੂਟਿੰਗਾਂ ਬੰਦ ਹੋਣ ਕਰਕੇ ਪਹਿਲਾਂ ਹੀ ਮਾੜੇ ਦੌਰ ਵਿੱਚੋਂ ਲੰਘੀ ਰਹੀ ਟੈਲੀਵਿਜ਼ਨ ਸਨਅਤ ਨੂੰ ਚੱਕਰਵਾਤੀ ਤੂਫਾਨ ‘ਤਾਊਤੇ’ ਨੇ ਹਿਲਾ ਕੇ ਰੱਖ ਦਿੱਤਾ। ਤਾਊਤੇ ਨਾਲ ਮਹਾਰਾਸ਼ਟਰ, ਗੁਜਰਾਤ ਅਤੇ ਹੋਰਨਾਂ ਥਾਵਾਂ ’ਤੇ ਲੱਗੇ ਵੱਡੀ ਗਿਣਤੀ ਟੀਵੀ ਸੈੱਟ ਤਬਾਹ ਹੋ ਗਏ।
ਇੰਡੀਅਨ ਫ਼ਿਲਮ ਐਂਡ ਟੈਲੀਵਿਜ਼ਨ ਪ੍ਰੋਡਿਊਸਰਜ਼ ਕੌਂਸਲ (ਆਈਐੱਫਟੀਪੀਸੀ) ਦੇ ਚੇਅਰਮੈਨ ਜੇਡੀ ਮਜੀਠੀਆ ਨੇ ਆਖਿਆ ਕਿ ਲਗਪਗ ਹਰੇਕ ਸੈੱਟ ਦਾ ਕੁਝ ਨਾ ਕੁਝ ਨੁਕਸਾਨ ਹੋਇਆ ਹੈ ਕਿਉਂਕਿ ਨਿਰਮਾਤਾ ਮੌਸਮ ਦੇ ਅਜਿਹੇ ਖ਼ਤਰੇ ਨਾਲ ਨਜਿੱਠਣ ਲਈ ਤਿਆਰ ਨਹੀਂ ਸਨ। ਖ਼ਾਸ ਕਰਕੇ ਮੌਨਸੂਨ ਲਈ, ਜੋ ਅਜੇ ਤਕ ਇਸ ਖੇਤਰ ’ਚ ਨਹੀਂ ਆਇਆ। ਉਸ ਨੇ ਕਿਹਾ, ‘ਅਸੀਂ ਮਈ ਦੇ ਮੱਧ ਵਿੱਚ ਮੌਨਸੂਨ ਲਈ ਤਿਆਰੀ ਕਰਦੇ ਹਾਂ ਅਤੇ ਸੈੱਟ ’ਤੇ ਜੋ ਵੀ ਕੰਮ ਕਰਨ ਵਾਲਾ ਹੁੰਦਾ ਹੈ, ਉਹ ਕਰਵਾਉਂਦੇ ਹਾਂ। ਇਸ ਵਾਰ ਇਹ ਕੰਮ ਰੁਕਿਆ ਪਿਆ ਸੀ। ਕਿਉਂਕਿ ਤਾਲਾਬੰਦੀ ਕਾਰਨ ਸਾਨੂੰ ਪ੍ਰਵਾਨਗੀ ਦੀ ਲੋੜ ਸੀ ਅਤੇ ਅਸੀਂ ਉਡੀਕ ’ਚ ਸਾਂ ਕਿ ਕਦੋਂ ਤਾਲਾਬੰਦੀ ਬੰਦੀ ਖ਼ਤਮ ਹੋਵੇ ਤੇ ਅਸੀਂ ਆਪਣਾ ਕੰਮ ਸ਼ੁਰੂ ਕਰੀਏ। ਪਰ ਚੱਕਰਵਾਤੀ ਤਾਊਤੇ ਨੇ ਸਭ ਕੁਝ ਤਬਾਹ ਕਰ ਦਿੱਤਾ ਅਤੇ ਇਸ ਨਾਲ ਬਾਹਰੀ ਤੇ ਅੰਦਰੂਨੀ ਸ਼ੂਟਿੰਗ ਸੈੱਟਾਂ ਨੂੰ ਨੁਕਸਾਨ ਪੁੱਜਿਆ ਹੈ।’ ਉਸ ਨੇ ਅੱਗੇ ਦੱਸਿਆ, ‘ਮੇਰੇ ਸੈੱਟ (ਵਾਗਲੇ ਕੀ ਦੁਨੀਆ) ’ਤੇ ਇੱਕ ਦਰੱਖ਼ਤ ਡਿੱਗਣ ਨਾਲ ਕੰਧ ਢਹਿ ਗਈ ਅਤੇ ਛੱਤ ਵਿੱਚ ਮਘੋਰਾ ਹੋ ਗਿਆ, ਜਿਸ ’ਚੋਂ ਪਾਣੀ ਵਹਿ ਰਿਹਾ ਹੈ। ਕੁਝ ਸੈੱਟਾਂ ਦੇ ਵੱਡੇ ਬਾਹਰਲੇ ਹਿੱਸੇ ਪੂਰੀ ਤਰ੍ਹਾਂ ਨੁਕਸਾਨੇ ਗਏ। ਸਾਡੇ ਲਈ ਇਹ ਚੁਣੌਤੀਪੂਰਨ ਸਮਾਂ ਹੈ।’ ਆਊਟਰੀਚ ਕਮੇਟੀ ‘ਸਿੰਟਾ’ ਦੇ ਸੀਨੀਅਰ ਜੁਆਇੰਟ ਸਕੱਤਰ ਤੇ ਚੇਅਰਪਰਸਨ ਅਮਿਤ ਬਹਿਲ ਨੇ ਕਿਹਾ ਕਿ ਇਹ ਤਬਾਹੀ ਅਦਾਕਾਰਾਂ ਤੇ ਵਰਕਰਾਂ ਨੂੰ ਪ੍ਰਭਾਵਿਤ ਕਰੇਗੀ। ਉਸ ਨੇ ਕਿਹਾ, ‘ਬੜੇ ਦੁੱਖ ਦੀ ਗੱਲ ਹੈ ਕਿ ਭਾਰਤ ਦੇ ਪੱਛਮੀ ਤੱਟ ’ਤੇ ਜਾਨ-ਮਾਲ ਦੇ ਨੁਕਸਾਨ ਤੋਂ ਇਲਾਵਾ ਫਿਲਮੀ ਸੈੱਟ ਅਤੇ ਟੀਵੀ ਸੈੱਟ ਤਬਾਹ ਹੋ ਗਏ ਹਨ। ਇਹ ਪ੍ਰੋਡਕਸ਼ਨ ਹਾਊਸਾਂ ਅਤੇ ਨਿਰਮਾਤਾਵਾਂ ਦਾ ਬਹੁਤ ਵੱਡਾ ਨੁਕਸਾਨ ਹੈ। ਅਭਿਨੇਤਾ ਲੰਮੇ ਸਮੇਂ ਬਾਅਦ ਮੁੜ ਕੰਮ ਸ਼ੁਰੂ ਕਰ ਰਹੇ ਸਨ। ਇਹ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰੇਗਾ।’
ਅਦਾਕਾਰਾ ਦੀਪਸ਼ਿਖਾ ਨਾਗਪਾਲ, ਜੋ ਹਾਲ ਹੀ ਵਿੱਚ ਸ਼ੋਅ ‘ਰੰਜੂ ਕੀ ਬੇਟੀਆਂ’ ਦੀ ਸ਼ੂਟਿੰਗ ਕਰ ਰਹੀ ਹੈ, ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਉਨ੍ਹਾਂ ਨੂੰ ਸੈੱਟ ਚੁੱਕ ਕੇ ਅੰਦਰ ਲਿਜਾਣਾ ਪਿਆ। ਉਸ ਨੇ ਕਿਹਾ, ‘ਇਹ ਬਹੁਤ ਡਰਾਉਣਾ ਸੀ। ਹਵਾ ਬਹੁਤ ਤੇਜ਼ ਸੀ ਅਤੇ ਬਹੁਤ ਮੀਂਹ ਪੈ ਰਿਹਾ ਸੀ। ਸਾਡੀ ਦਿਨ ਦੀ ਸ਼ੂਟਿੰਗ ਖੁੱਲੀ ਜਗ੍ਹਾ ’ਚ ਹੋਣੀ ਸੀ ਅਤੇ ਜਦੋਂ ਅਸੀਂ ਸ਼ੂਟਿੰਗ ਸ਼ੁਰੂ ਹੋਈ ਤਾਂ ਅਚਾਨਕ ਮੀਂਹ ਸ਼ੁਰੂ ਹੋ ਗਿਆ। ਇਸ ਕਾਰਨ ਸਾਨੂੰ ਸਾਰਾ ਸਾਜ਼ੋ-ਸਾਮਾਨ ਅੰਦਰ ਲਿਜਾਣਾ ਪਿਆ।’
ਪ੍ਰੋਡਿਊਸਰ ਰਾਜਨ ਸ਼ਾਹੀ ਦੇ ਸ਼ੋਅ ‘ਯੇਹ ਰਿਸ਼ਤਾ ਕਿਆ ਕਹਿਲਾਤਾ ਹੈੈ’ ਦੀ ਸ਼ੂਟਿੰਗ ਗੁਜਰਾਤ ਵਿੱਚ ਹੋ ਰਹੀ ਸੀ ਤੇ ਟੀਮ ਦੀ ਸਾਮਾਨ ਅੰਦਰ ਲੈ ਕੇ ਭੱਜਦਿਆਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ। ਇਸੇ ਦੌਰਾਨ ‘ਅਨੁਪਮਾ’ ਤੇ ‘ਮਨ ਕੀ ਆਵਾਜ਼ ਪ੍ਰਤਿੱਗਿਆ2’ ਦੀ ਸ਼ੂਟਿੰਗ ਰੱਦ ਕਰਨੀ ਪਈ ਹੈ। -ਆਈਏਐੱਨਐੱਸ