ਸੁਰਜੀਤ ਜੱਸਲ
ਪਿਛਲੇ ਦਿਨੀਂ ਜਦੋਂ ਕਰੋਨਾ ਮਹਾਂਮਾਰੀ ਦੇ ਪ੍ਰੋਕੋਪ ਸਦਕਾ ਸਿਨਮਾ ਸਮੇਤ ਸਾਰੀਆਂ ਵਪਾਰਕ ਗਤੀਵਿਧੀਆਂ ਦੀ ਚਾਲ ਰੁਕ ਗਈ ਤਾਂ ਲੌਕਡਾਊਨ ਦੇ ਇਸ ਵਿਹਲੇ ਸਮੇਂ ਵਿਚ ਰੰਗਮੰਚ ਦੇ ਅਨੇਕਾਂ ਕਲਾਕਾਰ ਨਿਰਸਵਾਰਥ ਸੇਵਾ ਆਪਣੀ ਕਲਾ ਦਾ ਇਕ ਨਵਾਂ ਰੰਗ ਲੈ ਕੇ ਅੱਗੇ ਆਏ ਜਿਸ ਨਾਲ ਲਘੂ ਸਿਨਮਾ ਮੁੜ ਸੁਰਜੀਤ ਹੋਇਆ। ਇਸ ਲਹਿਰ ਵਿਚ ਜਿੱਥੇ ਕਰੋਨਾ ਮਹਾਂਮਾਰੀ ਸਬੰਧੀ ਜਾਗਰੂਕ ਕਰਦੇ ਵਿਸ਼ੇ ਉੱਭਰ ਕੇ ਸਾਹਮਣੇ ਆਏ, ਉੱਥੇ ਔਰਤਾਂ ਦੀਆਂ ਪੀੜਾਂ ਆਧਾਰਿਤ ਸਮਾਜਿਕ ਮੁੱਦਿਆਂ ਨਾਲ ਜੁੜੀਆਂ ਅਨੇਕਾਂ ਅਹਿਮ ਕਹਾਣੀਆਂ ਸਿਨਮਾ ਦਾ ਹਿੱਸਾ ਬਣੀਆਂ। ਅਜਿਹੀਆਂ ਹੀ ਫ਼ਿਲਮਾਂ ’ਚੋਂ ‘ਤਾਈ ਕੇਸਰੋ’ ਕਾਫ਼ੀ ਚਰਚਾ ਵਿਚ ਹੈ। ਇਹ ਫ਼ਿਲਮ ਜਿੱਥੇ ਔਰਤ ਦੇ ਪਿਆਰ, ਸਿਦਕ ਅਤੇ ਸਬਰ ਦੀ ਕਹਾਣੀ ਹੈ ਉੱਥੇ ਲੋੜ ਪੈਣ ’ਤੇ ਚੰਡੀ ਦਾ ਰੂਪ ਧਾਰ ਕੇ ਸਮਾਜ ਨਾਲ ਟੱਕਰ ਲੈਂਦੀ ਦਲੇਰ ਔਰਤ ਦਾ ਅਸਲ ਰੂਪ ਵੀ ਵਿਖਾਊਂਦੀ ਹੈ। ਆਮ ਵਿਸ਼ਿਆਂ ਤੋਂ ਹਟਕੇ ਸਮਾਜਿਕ ਮੁੱਦਿਆਂ ਦੀ ਗੱਲ ਕਰਦੀ ‘ਤਾਈ ਕੇਸਰੋ’ ਮਨੋਰੰਜਨ ਦੇ ਨਾਲ ਨਾਲ ਸਮਾਜ ਦੇ ਉਸ ਕੌੜੇ ਸੱਚ ਨੂੰ ਵੀ ਬਿਆਨ ਕਰਦੀ ਹੈ ਜਿਸਦਾ ਦਰਦ ਪੰਜਾਬ ਦੀਆਂ ਸੈਂਕੜੇ ਅਭਾਗਣ ਮੁਟਿਆਰਾਂ ਨੇ ਹੰਢਾਇਆ ਹੈ। 36 ਮਿੰਟ ਦੀ ਇਹ ਫ਼ਿਲਮ ਉਨ੍ਹਾਂ ਔਰਤਾਂ ਦੀ ਹੱਡਬੀਤੀ ਹੈ ਜੋ ਪਰਵਾਸੀ ਲਾੜਿਆਂ ਨਾਲ ਚਾਰ ਲਾਵਾਂ ਲੈ ਕੇ ਉਮਰ ਭਰ ਦੀ ਉਡੀਕ ਪੱਲੇ ਪਾ ਲੈਂਦੀਆਂ ਹਨ। ਅਜਿਹੇ ਹਾਲਾਤ ਦੀਆਂ ਸ਼ਿਕਾਰ ਇਨ੍ਹਾਂ ਮੁਟਿਆਰਾਂ ਲਈ ਸਮਾਜ ਦੀ ਸੌੜੀ ਸੋਚ ਦਾ ਸਾਹਮਣਾ ਕਰਦਿਆਂ ਆਪਣੇ ਸਵੈਮਾਣ ਨੂੰ ਜਿਊਂਦਾ ਰੱਖਣਾ ਵੱਡੀ ਚੁਣੌਤੀ ਰਹੀ, ਪਰ ਮਿੱਟੀ ਦੇ ਮੋਹ ਨਾਲੋਂ ਟੁੱਟੇ ਉਨ੍ਹਾਂ ਦੇ ਮਹਿਰਮ ਉਨ੍ਹਾਂ ਦੀ ਵਫ਼ਾ ਦਾ ਕੀ ਮੁੱਲ ਪਾਉਂਦੇ ਹਨ… ਇਹ ਇਸ ਫ਼ਿਲਮ ਦਾ ਅਖੀਰ ਦਰਸ਼ਕਾਂ ਨੂੰ ਧੁਰ ਅੰਦਰ ਤਕ ਹਲੂਣ ਕੇ ਰੱਖ ਦਿੰਦਾ ਹੈ। ਪਰਵਾਸੀ ਲਾੜਿਆਂ ਦੇ ਸ਼ੋਸ਼ਣ ਦੀਆਂ ਸ਼ਿਕਾਰ ਮੁਟਿਆਰਾਂ ਦੀਆਂ ਅਨੇਕਾਂ ਦਰਦ ਭਰੀਆਂ ਕਹਾਣੀਆਂ ਹਨ। ਰਿਸ਼ਤਿਆਂ ਦੀ ਪਵਿੱਤਰਤਾ, ਸਮਰਪਣ ਅਤੇ ਵਫ਼ਾ ਦੀ ਗੱਲ ਕਰਦੀ ਇਕ ਕਹਾਣੀ ਹੈ ‘ਤਾਈ ਕੇਸਰੋ’ ਜੋ ਵਲਾਇਤੀ ਹੋਏ ਆਪਣੇ ਹਮਸਫ਼ਰ ਦੀ ਬੇਵਫ਼ਾਈ ਕਰਕੇ ਦਰ ਦਰ ਦੀਆਂ ਠੌਕਰਾਂ ਖਾਂਦੀ ਅਭਾਗਣ ਦੀ ਸੱਚੀ ਕਹਾਣੀ ਹੈ।
ਰੈੱਡ ਫਰੇਮ ਫ਼ਿਲਮਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਨੂੰ ਨਿਰਦੇਸ਼ਕ ਜੋੜੀ ਸੈਂਡੀ ਸੰਦੀਪ ਤੇ ਹੈਕ ਸਰੋਆ ਨੇ ਬਣਾਇਆ ਹੈ। ਲੇਖਿਕਾ ਕਮਲਰੀਤ ਕੌਰ ਦੀ ਲਿਖੀ ਕਹਾਣੀ ’ਤੇ ਆਧਾਰਿਤ ਇਸ ਫ਼ਿਲਮ ਦੀ ਸ਼ੁਰੂਆਤ ਇਕ ਅਧਖੜ ਉਮਰ ਦੀ ਪਾਗਲ ਔਰਤ ਤੋਂ ਹੁੰਦੀ ਹੈ ਜਿਸਦੇ ਖੁੱਲ੍ਹੇ ਵਾਲ, ਮੈਲੇ-ਕੁਚੇਲੇ ਪਾਟੇ ਕੱਪੜੇ ਹਨ ਤੇ ਉਹ ਇਕ ਵੱਡੀ ਹਵੇਲੀ ਵੱਲ ਵੇਖ ਕਦੇ ਰੌਂਦੀ ਹੈ ਤੇ ਕਦੇ ਹੱਸਦੀ।
ਇਹ ਤਾਈ ‘ਕੇਸਰੋ’ ਹੈ ਜੋ ਤੀਹ ਸਾਲ ਪਹਿਲਾਂ ਇਸੇ ਹਵੇਲੀ ਵਿਚ ਤਾਏ ਜੀਤੇ ਦੇ ‘ਲੜ’ ਲੱਗ ਕੇ ਬੜੇ ਸ਼ਗਨਾਂ ਅਤੇ ਚਾਵਾਂ ਨਾਲ ਵਿਆਹੀ ਆਈ ਸੀ। ਉੱਚਾ ਲੰਮਾ ਕੱਦ, ਗੋਲ ਗੋਲ ਅੱਖਾਂ ਚੜ੍ਹਦੇ ਸੂਰਜ ਦੀ ਲਾਲੀ ਵਰਗਾ ਮੁੱਖੜਾ… ਸਾਰੇ ਪਿੰਡ ਵਿਚ ਕੇਸਰੋ ਦੇ ਰੂਪ ਦੀਆਂ ਗੱਲਾਂ ਹੁੰਦੀਆਂ ਸਨ। ਜੀਤੇ ਦੇ ਹਾਣੀ ਉਸ ਦੀਆਂ ਸਿਫ਼ਤਾਂ ਕਰਦੇ ਨਾ ਥੱਕਦੇ। ਜੀਤੇ ਕੋਲ ਚੰਗੀ ਜ਼ਮੀਨ-ਜਾਇਦਾਦ, ਵੱਡੀ ਹਵੇਲੀ ਅਤੇ ਜ਼ਿੰਦਗੀ ਦੀਆਂ ਸਾਰੀਆਂ ਸੁੱਖ ਸਹੂਲਤਾਂ ਸਨ, ਪਰ ਉਸਦਾ ਇਕੋ ਇਕ ਸੁਪਨਾ ਸੀ ਵਿਦੇਸ਼ ਜਾਣ ਦਾ, ਜੋ ਉਸ ਲਈ ਕੇਸਰੋ ਦੇ ਪਿਆਰ ਮੁਹੱਬਤ ਅਤੇ ਸਾਥ ਤੋਂ ਵੀ ਕਿਤੇ ਵੱਡਾ ਸੀ। ਜੀਤਾ ਦਾਰੂ ਪੀਣ ਦਾ ਪਹਿਲਾਂ ਹੀ ਆਦੀ ਸੀ ਜਿਸ ਕਰਕੇ ਉਸਦੀ ਯਾਰੀ ‘ਜੰਗੀਰੇ’ ਵਰਗੇ ਵੈਲੀ ਬੰਦਿਆਂ ਨਾਲ ਸੀ। ਆਖਿਰ ਉਹ ਦਿਨ ਵੀ ਆ ਗਿਆ। ਕੇਸਰੋ ਜੀਤੇ ਨੂੰ ਆਪਣੇ ਪਿਆਰ ਦਾ ਵਾਸਤਾ ਦੇ ਕੇ ਜਾਣ ਤੋਂ ਰੋਕਦੀ ਹੈ, ਪਰ ਉਹ ਆਪਣੇ ਵੱਡੇ ਸੁਪਨੇ ਪੂਰੇ ਕਰਕੇ ਜਲਦ ਮੁੜਨ ਦਾ ਭਰੋਸਾ ਦੇ ਕੇ ਜਹਾਜ਼ ਚੜ੍ਹ ਜਾਂਦਾ ਹੈ। ਯਾਰ ਦੇ ਵਿਦੇਸ਼ ਜਾਣ ਮਗਰੋਂ ਜੰਗੀਰਾ ਕੇਸਰੋ ’ਤੇ ਮੈਲੀ ਅੱਖ ਰੱਖ ਲੈਂਦਾ ਹੈ ਜਿਸ ਤੋਂ ਜੀਤੇ ਦਾ ਬਾਪੂ ਤਾੜਦਾ ਹੈ। ਕੇਸਰੋ ਅਜਿਹੇ ਹਾਲਾਤ ਵਿਚ ਜੰਗੀਰੇ ਨੂੰ ਜੁੱਤੀ ਲਾਹ ਲੈਂਦੀ ਹੈ। ਘਰ ਦੇ ਨਾਲ ਨਾਲ ਖੇਤੀਬਾੜੀ ਦੀ ਜ਼ਿੰਮੇਵਾਰੀ ਵੀ ਕੇਸਰੋ ’ਤੇ ਆ ਜਾਂਦੀ ਹੈ, ਪਰ ਉਹ ਹਿੰਮਤ ਨਹੀਂ ਹਾਰਦੀ। ਮਰਦਾਂ ਵਾਂਗ ਉਹ ਖੇਤੀ ਦਾ ਸਾਰਾ ਕੰਮ ਸੰਭਾਲਦੀ ਹੈ। ਦਿਨ, ਮਹੀਨੇ, ਸਾਲ ਲੰਘਦੇ ਗਏ ਜੀਤੇ ਦੀਆਂ ਚਿੱਠੀਆਂ ਵੀ ਆਉਣੋ ਬੰਦ ਹੋ ਗਈਆਂ। ਕੇਸਰੋ ਦੇ ਮਾਪੇ ਉਸਦੀ ਹਾਲਾਤ ਵੇਖ ਉਸਨੂੰ ਨਵਾਂ ਘਰ ਵਸਾਉਣ ਦੀ ਸਲਾਹ ਦਿੰਦੇ ਹਨ, ਪਰ ਉਹ ਕਿਸੇ ਦੀ ਨਹੀਂ ਸੁਣਦੀ ਤੇ ਕਹਿੰਦੀ ਹੈ ਕਿ ਜੀਤਾ ਵਾਪਸ ਜ਼ਰੂਰ ਆਵੇਗਾ। ਉਹ ਵੀਹ ਸਾਲ ਹਵੇਲੀ ਨੂੰ ਸੰਭਾਲ ਕੇ ਰੱਖਦੀ ਹੈ। ਅਚਾਨਕ ਉਸਦਾ ਉਦਾਸ ਚਿਹਰਾ ਖਿੜ ਜਾਂਦਾ ਹੈ ਜਦੋਂ ਜੀਤਾ ਆ ਜਾਂਦਾ ਹੈ। ਉਸਦੀ ਖੁਸ਼ੀ ਸਾਂਭੀ ਨਹੀਂ ਜਾਂਦੀ। ਉਸਨੂੰ ਵਿਆਹ ਜਿੰਨਾ ਚਾਅ ਹੁੰਦਾ ਹੈ, ਪਰ ਕੁਝ ਦਿਨ ਰਹਿ ਕੇ ਜੀਤਾ ਕੇਸਰੋ ਨੂੰ ਬਿਨਾਂ ਦੱਸੇ ਚੁੱਪ ਚੁਪੀਤਾ ਸਾਰੀ ਜ਼ਮੀਨ ਜਾਇਦਾਦ ਆਪਣੇ ਯਾਰ ਜੰਗੀਰੇ ਨੂੰ ਵੇਚ ਵਾਪਸ ਵਲਾਇਤ ਚਲਾ ਜਾਂਦਾ ਹੈ। ਜਦੋਂ ਕੇਸਰੋ ਨੂੰ ਅਸਲ ਸੱਚਾਈ ਦਾ ਪਤਾ ਲੱਗਦਾ ਹੈ ਤਾਂ ਉਹ ਜੀਤੇ ਦੀ ਬੇਵਫ਼ਾਈ ਦਾ ਸਦਮਾ ਨਾ ਝੱਲਦੀ ਹੋਈ ਪਾਗਲ ਹੋ ਜਾਂਦੀ ਹੈ।
ਇਸ ਫ਼ਿਲਮ ’ਚ ਕੇਸਰੋ ਦੀ ਮੁੱਖ ਭੂਮਿਕਾ ਜੈਸਮੀਨ ਮੀਨੂੰ ਨੇ ਨਿਭਾਈ ਹੈ ਜੋ ਥੀਏਟਰ ਦੀ ਪਰਿਪੱਕ ਅਦਾਕਾਰਾ ਹੈ। ਸੈਡੀ ਸੰਦੀਪ ਵੀ ਲੰਮੇ ਸਮੇਂ ਤੋਂ ਰੰਗਮੰਚ ਅਤੇ ਫ਼ਿਲਮਾਂ ਦਾ ਕਲਾਕਾਰ ਹੈ, ਇਸ ਫ਼ਿਲਮ ਲਈ ਉਸਨੇ ਜੰਗੀਰੇ ਵੈਲੀ ਦਾ ਕਿਰਦਾਰ ਬਾਖੂਬੀ ਨਿਭਾਇਆ ਹੈ। ਇਸ ਤੋਂ ਇਲਾਵਾ ਨਿਰਦੇਸ਼ਨ ਦੇ ਨਾਲ ਨਾਲ ਫ਼ਿਲਮ ਦੇ ਡਾਇਲਾਗ ਅਤੇ ਸਕਰੀਨ ਪਲੇਅ ਵੀ ਲਿਖੇ ਹਨ। ਇਸ ਫ਼ਿਲਮ ’ਚ ਕੰਮ ਕਰਨ ਵਾਲੇ ਸਾਰੇ ਹੀ ਕਲਾਕਾਰ ਰੰਗਮੰਚ ਤੇ ਸਿਨਮਾ ਦੇ ਸਮਰੱਥ ਕਲਾਕਾਰ ਹਨ। ਮੁੱਖ ਭੂਮਿਕਾ ਜੈਸਮੀਨ ਮੀਨੂੰ, ਯਾਦ ਧਾਲੀਵਾਲ, ਸੈਂਡੀ ਸੰਦੀਪ, ਸਿਮਰਨ ਅਕਸ, ਅਵਤਾਰ ਕਮਲ, ਸੁਖਵਿੰਦਰ ਬੱਗੂ, ਕਮਲਜੀਤ ਬਰਨਾਲਾ ਨੇ ਨਿਭਾਈ ਹੈ। ਸ਼ਾਇਰਾ ਤੇ ਅਦਾਕਾਰਾ ਸਿਮਰਨ ਅਕਸ ਨੇ ਆਪਣੇ ਜਾਦੂਈ ਬੋਲਾਂ ਨਾਲ ਬਤੌਰ ਸੂਤਰਧਾਰ ਫ਼ਿਲਮ ਦੀ ਕਹਾਣੀ ਨੂੰ ਅੱਗੇ ਤੋਰਿਆ ਹੈ। ਕਾਮੇਡੀ ਤੋਂ ਹਟਕੇ ਸਮਾਜਿਕ ਵਿਸ਼ਿਆਂ ’ਤੇ ਆਧਾਰਿਤ ਅਜਿਹੀਆਂ ਫ਼ਿਲਮਾਂ ਅੱਜ ਸਮੇਂ ਦੀ ਲੋੜ ਹਨ। ਸਮਾਜ ਨਾਲ ਜੁੜੀਆਂ ਅਜਿਹੀਆਂ ਫ਼ਿਲਮਾਂ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ ਨਾਲ ਬਹੁਤ ਕੁਝ ਸੋਚਣ ਲਈ ਵੀ ਮਜਬੂਰ ਕਰਦੀਆਂ ਹਨ। ਅਜਿਹੇ ਸਿਨਮਾ ਦੀ ਹੌਸਲਾ ਅਫ਼ਜਾਈ ਲਈ ਦਰਸ਼ਕਾਂ ਦਾ ਜੁੜਨਾ ਜ਼ਰੂਰੀ ਹੈ।
ਸੰਪਰਕ: 98146-07737