ਨਵਦੀਪ ਸਿੰਘ ਗਿੱਲ
ਖੇਡ ਮੁਕਾਬਲੇ ਜਵਾਨੀ ਦੇ ਜੋਸ਼ ਅਤੇ ਜ਼ੋਰ ਦੇ ਪ੍ਰਗਟਾਵੇ ਦਾ ਮੰਚ ਹੁੰਦੇ ਹਨ। ਖੇਡ ਮੁਕਾਬਲਿਆਂ ਦੀ ਸ਼ੁਰੂਆਤ ਪਿੰਡ-ਸ਼ਹਿਰ ਪੱਧਰ ਤੋਂ ਹੁੰਦੀ ਹੈ ਅਤੇ ਇਸ ਦਾ ਸਿਖਰ ਓਲੰਪਿਕ ਖੇਡਾਂ ਤੱਕ ਹੁੰਦਾ ਹੈ। ਖੇਡ ਮੁਕਾਬਲਿਆਂ ਦਾ ਪੱਧਰ ਵੀ ਛੋਟੀ ਉਮਰ ਤੋਂ ਵੈਟਰਨ ਮੁਕਾਬਲਿਆਂ ਤੱਕ ਜਾਂਦਾ ਹੈ। ਜ਼ਮੀਨੀ ਪੱਧਰ ਉਤੇ ਖਿਡਾਰੀਆਂ ਦੀ ਪਨੀਰੀ ਤਿਆਰ ਕੀਤੀ ਜਾਂਦੀ ਹੈ ਜਿਹੜੀ ਪੜਾਅ ਦਰ ਪੜਾਅ ਅਗਲੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਹੈ। ਓਲੰਪਿਕ ਖੇਡਾਂ ਤੋਂ ਹੇਠਾਂ ਏਸ਼ਿਆਈ ਖੇਡਾਂ, ਰਾਸ਼ਟਰਮੰਡਲ ਖੇਡਾਂ, ਸੈਫ ਖੇਡਾਂ ਦੇ ਮੁਕਾਬਲੇ ਹੁੰਦੇ ਹਨ ਜਿਨ੍ਹਾਂ ਵਿੱਚ ਵੱਖ-ਵੱਖ ਦੇਸ਼ਾਂ ਦੇ ਆਪਸੀ ਮੁਕਾਬਲੇ ਹੁੰਦੇ ਹਨ। ਭਾਰਤ ਵਿੱਚ ਖੇਡਾਂ ਦਾ ਵੱਡਾ ਮੰਚ ਕੌਮੀ ਖੇਡਾਂ ਹੁੰਦੀਆਂ ਹਨ ਜਿਸ ਦੇ ਪੈਟਰਨ ਉਤੇ ਹੁਣ ਖੇਲੋ ਇੰਡੀਆ ਗੇਮਜ਼ ਸ਼ੁਰੂ ਕੀਤੀਆਂ। ਇਹ ਖੇਡਾਂ ਮਲਟੀ ਸਪਰੋਟਸ ਹੁੰਦੀਆਂ ਜਿਨ੍ਹਾਂ ਵਿੱਚ ਹਰ ਖੇਡ ਦੇ ਖਿਡਾਰੀ ਹਿੱਸਾ ਲੈਂਦੇ ਹਨ।
ਪੰਜਾਬ ਦਾ ਖੇਡ ਇਤਿਹਾਸ ਨਾਮੀਂ ਖਿਡਾਰੀਆਂ ਨਾਲ ਭਰਿਆ ਹੋਇਆ ਹੈ। ਪੰਜਾਬ ਦੀ ਧਰਤੀ ਦੇ ਪਹਿਲਵਾਨਾਂ ਗਾਮਾ, ਕਿੱਕਰ, ਕੇਸਰ ਸਿੰਘ, ਕਰਤਾਰ ਸਿੰਘ ਨੇ ਦੁਨੀਆ ਵਿੱਚ ਨਾਮ ਕਮਾਇਆ ਹੈ। ਹਾਕੀ ਵਿੱਚ ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤ ਪਾਲ ਸਿੰਘ, ਸੁਰਜੀਤ ਸਿੰਘ, ਪਰਗਟ ਸਿੰਘ ਤੇ ਮਨਪ੍ਰੀਤ ਸਿੰਘ, ਅਥਲੈਟਿਕਸ ਵਿੱਚ ਮਿਲਖਾ ਸਿੰਘ, ਗੁਰਬਚਨ ਸਿੰਘ ਰੰਧਾਵਾ, ਪ੍ਰਦੁੱਮਣ ਸਿੰਘ, ਪਰਵੀਨ ਕੁਮਾਰ, ਮਹਿੰਦਰ ਸਿੰਘ ਗਿੱਲ, ਕਮਲਜੀਤ ਕੌਰ ਸੰਧੂ, ਸੁਨੀਤਾ ਰਾਣੀ, ਮਨਜੀਤ ਕੌਰ, ਮੁੱਕੇਬਾਜ਼ੀ ਵਿੱਚ ਕੌਰ ਸਿੰਘ, ਫੁਟਬਾਲ ਵਿੱਚ ਜਰਨੈਲ ਸਿੰਘ, ਇੰਦਰ ਸਿੰਘ, ਕ੍ਰਿਕਟ ਵਿੱਚ ਲਾਲਾ ਅਮਰਨਾਥ, ਬਿਸ਼ਨ ਸਿੰਘ ਬੇਦੀ ਆਦਿ ਨੇ ਪੰਜਾਬ ਨੂੰ ਕੌਮਾਂਤਰੀ ਪੱਧਰ ’ਤੇ ਪਛਾਣ ਦਿਵਾਈ। ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਭਾਰਤ ਲਈ ਪਹਿਲਾ ਵਿਅਕਤੀਗਤ ਓਲੰਪਿਕਸ ਗੋਲਡ ਮੈਡਲ ਜਿੱਤਿਆ। ਹਾਲ ਹੀ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਪੰਜਾਬ ਦੇ 19 ਖਿਡਾਰੀਆਂ ਨੇ ਤਿੰਨ ਚਾਂਦੀ ਤੇ ਚਾਰ ਕਾਂਸੀ ਦੇ ਤਮਗੇ ਜਿੱਤੇ। ਚਾਂਦੀ ਦਾ ਤਮਗਾ ਜੇਤੂ ਪੁਰਸ਼ ਹਾਕੀ ਟੀਮ ਵਿੱਚ ਕਪਤਾਨ ਸਮੇਤ 11 ਖਿਡਾਰੀ ਪੰਜਾਬ ਦੇ ਸਨ।
ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਮੱਲਾਂ ਮਾਰਨ ਲਈ ਸੂਬਿਆਂ ਦੇ ਖਿਡਾਰੀਆਂ ਦਾ ਵੱਡਾ ਪੂਲ ਤਿਆਰ ਕਰਨ ਅਤੇ ਖਿਡਾਰੀਆਂ ਦੀ ਪ੍ਰਤਿਭਾ ਦੀ ਪਛਾਣ ਕਰਕੇ ਮੰਚ ਤਿਆਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੂਬਾਈ ਖੇਡਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ‘ਖੇਡਾਂ ਵਤਨ ਪੰਜਾਬ ਦੀਆਂ’ ਪੰਜਾਬ ਦੀਆਂ ਖੇਡਾਂ ਦਾ ਮਹਾਂਕੁੰਭ ਹੈ ਜਿਸ ਦੀ ਸ਼ੁਰੂਆਤ ਬੀਤੇ ਦਿਨੀਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਹੋਈ। ਉਦਘਾਟਨੀ ਸਮਾਰੋਹ ਦਾ ਉਦੋਂ ਸਿਖਰ ਹੋ ਨਿੱਬੜਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਵਾਲੀਬਾਲ ਮੈਚ ਖੇਡ ਕੇ ਖੇਡ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼ ਕੀਤਾ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਸੱਦੇ ਉਤੇ ਮੁੱਖ ਮੰਤਰੀ ਨੇ ਸਪੋਰਟਸ ਕਾਲਜ ਜਲੰਧਰ ਦੀ ਟੀਮ ਵੱਲੋਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਖਿਲਾਫ਼ ਮੈਚ ਖੇਡਿਆ।
ਉਦਘਾਟਨੀ ਸਮਾਰੋਹ ਦੀ ਖਾਸੀਅਤ ਇਹ ਸੀ ਕਿ ਹਰ ਰੰਗ ਖੇਡਾਂ ਵਿੱਚ ਰੰਗਿਆ ਹੋਇਆ ਸੀ। ਖੇਡਾਂ ਦਾ ਆਗਾਜ਼ ਸ਼ਾਨਦਾਰ ਤੇ ਜੋਸ਼ੀਲੇ ਢੰਗ ਨਾਲ ਹੋਇਆ। 23 ਜ਼ਿਲ੍ਹਿਆਂ ਦੇ ਖਿਡਾਰੀਆਂ ਦੀਆਂ ਟੁਕੜੀਆਂ ਦੇ ਮਾਰਚ ਪਾਸਟ ਨੇ ਵੱਡੇ ਖੇਡ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਖਿਡਾਰੀਆਂ ਦੇ ਜੋਸ਼ ਤੇ ਜਲੌਅ ਦਾ ਪ੍ਰਗਟਾਵਾ ਕੀਤਾ। ਮਾਰਚ ਪਾਸਟ ਦੀ ਅਗਵਾਈ ਯੂਥ ਓਲੰਪਿਕ ਵਿੱਚ ਚੌਥੇ ਨੰਬਰ ਉਤੇ ਆਏ ਜੈਵਲਿਨ ਥਰੋਅਰ ਅਥਲੀਟ ਕੁੰਵਰ ਅਜੇ ਸਿੰਘ ਰਾਣਾ ਨੇ ਕੀਤੀ। ਖੇਡ ਮੁਕਾਬਲਿਆਂ ਦਾ ਖਿੱਚ ਦਾ ਕੇਂਦਰ ਹੁੰਦੇ ਮਸ਼ਾਲ ਮਾਰਚ ਰਾਹੀਂ ਦਰਸ਼ਕਾਂ ਨੇ ਪੰਜਾਬ ਦੇ ਨਾਮੀਂ ਖਿਡਾਰੀਆਂ ਦੇ ਦਰਸ਼ਨ ਕੀਤੇ। ਇਹ ਮਸ਼ਾਲ ਮਾਰਚ ਭਾਰਤੀ ਹਾਕੀ ਦੇ ਸਾਬਕਾ ਕਪਤਾਨ ਓਲੰਪੀਅਨ ਬਲਜੀਤ ਢਿੱਲੋਂ ਤੇ ਤਿੰਨ ਵਾਰ ਦੀ ਏਸ਼ੀਅਨ ਖੇਡਾਂ ਅਤੇ ਰਾਸ਼ਟਰਮੰਡਲ ਖੇੇਡਾਂ ਦੀ ਜੇਤੂ ਅਥਲੀਟ ਓਲੰਪੀਅਨ ਮਨਜੀਤ ਕੌਰ ਨੇ ਸ਼ੁਰੂ ਕੀਤੀ ਜਿਸ ਤੋਂ ਬਾਅਦ ਵਾਰੋ-ਵਾਰੀ ਅਰਜੁਨਾ ਐਵਾਰਡੀ ਸੁਮਨ ਸ਼ਰਮਾ, ਪੈਰਾਲੰਪਿਕ ਮੈਡਲਿਸਟ ਰਜਿੰਦਰ ਰਹੇਲੂ, ਰਾਸ਼ਟਰਮੰਡਲ ਖੇਡਾਂ ਵਿੱਚ ਮੈਡਲ ਦੀ ਹੈਟ੍ਰਿਕ ਲਗਾਉਣ ਵਾਲਾ ਵਿਕਾਸ ਠਾਕੁਰ, ਅਰਜੁਨਾ ਐਵਾਰਡੀ ਬਾਸਕਟਬਾਲ ਖਿਡਾਰੀ ਸੁਖਪਾਲ ਪਾਲੀ, ਯੂਥ ਵਿਸ਼ਵ ਚੈਂਪੀਅਨਸ਼ਿਪ ਦਾ ਮੈਡਲ ਜੇਤੂ ਹੈਮਰ ਥਰੋਅਰ ਦਮਨੀਤ ਸਿੰਘ ਮਾਨ, ਰਾਸ਼ਟਰਮੰਡਲ ਖੇਡਾਂ ਦਾ ਮੈਡਲਿਸਟ ਮੁੱਕੇਬਾਜ਼ ਹਰਪ੍ਰੀਤ ਸਿੰਘ ਹੈਪੀ, ਏਸ਼ੀਆਈ ਖੇਡਾਂ ਦਾ ਗੋਲਡ ਮੈਡਲਿਸਟ ਗੁਰਪ੍ਰੀਤ ਸਿੰਘ, ਅਰਜੁਨਾ ਐਵਾਰਡੀ ਓਲੰਪੀਅਨ ਰੋਇੰਗ ਖਿਡਾਰੀ ਸਵਰਨ ਸਿੰਘ ਵਿਰਕ, ਭਾਰਤ ਦੀ ਪਹਿਲੀ ਅਰਜੁਨਾ ਐਵਾਰਡੀ ਓਲੰਪੀਅਨ ਮੁੱਕੇਬਾਜ਼ ਸਿਮਰਨਜੀਤ ਕੌਰ ਚਕਰ ਮਸ਼ਾਲ ਲੈ ਦੌੜੇ ਅਤੇ ਅਖੀਰ ਵਿਚ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦੀ ਮੈਡਲਿਸਟ ਓਲੰਪੀਅਨ ਗੁਰਜੀਤ ਕੌਰ ਨੇ ਖੇਡਾਂ ਦੀ ਮਸ਼ਾਲ ਜਗਾਈ। ਸਵਰਨ ਸਿੰਘ ਵਿਰਕ ਨੇ ਖੇਡਾਂ ਦਾ ਝੰਡਾ ਲਹਿਰਾਇਆ। ਕੌਮਾਂਤਰੀ ਜੂਡੋ ਖਿਡਾਰਨ ਨਵਨੀਤ ਕੌਰ ਨੇ ਸਮੁੱਚੇ ਖਿਡਾਰੀਆਂ ਵੱਲੋਂ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ।
ਉਦਘਾਟਨੀ ਸਮਾਰੋਹ ਵਿੱਚ ਮੁੱਖ ਸਟੇਜ ਦੇ ਨਾਲ ਪੰਜਾਬ ਦੇ ਨਾਮੀਂ ਖਿਡਾਰੀਆਂ ਦਾ ਮੰਚ ਸਜਿਆ ਸੀ ਜਿਸ ਉੱਪਰ ਸੱਜਣ ਸਿੰਘ ਚੀਮਾ, ਰਣਧੀਰ ਸਿੰਘ ਧੀਰਾ, ਜੈਪਾਲ ਸਿੰਘ, ਅੰਜੁਮ ਮੌਦਗਿਲ, ਰਾਜਵਿੰਦਰ ਕੌਰ, ਮਹਿੰਦਰ ਸਿੰਘ ਢਿੱਲੋਂ, ਸੁਖਦੇਵ ਸਿੰਘ ਪੰਨੂੰ ਜਿਹੇ ਨਾਮੀਂ ਖਿਡਾਰੀ ਤੇ ਕੋਚ ਸੁਸ਼ੋਭਿਤ ਸਨ ਅਤੇ ਮੁੱਖ ਸਟੇਜ ਉਤੇ ਮਾਸਕੋ ਓਲੰਪਿਕ ਦਾ ਗੋਲਡ ਮੈਡਲਿਸਟ ਹਾਕੀ ਖਿਡਾਰੀ ਸੁਰਿੰਦਰ ਸਿੰਘ ਸੋਢੀ ਬੈਠੇ ਸਨ। ਜਿੱਥੇ ਮੁੱਖ ਮਹਿਮਾਨ ਨੇ ਖੁਦ ਮੈਚ ਖੇਡਿਆ ਉੱਥੇ ਗਾਇਕ ਅੰਮ੍ਰਿਤ ਮਾਨ ਤੇ ਰਣਜੀਤ ਬਾਵਾ ਨੇ ਖੇਡਾਂ ’ਤੇ ਥੀਮ ਗੀਤ ਵੀ ਗਾਇਆ।
ਖੇਡਾਂ ਵਤਨ ਪੰਜਾਬ ਦੀਆਂ ਦਾ ਮਕਸਦ ਖੇਡਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣਾ, ਪ੍ਰਤਿਭਾ ਤੇ ਹੁਨਰ ਦੀ ਭਾਲ ਕਰਨੀ, ਭਾਈਚਾਰਾ ਤੇ ਸਦਭਾਵਨਾ ਪੈਦਾ ਕਰਨੀ, ਵੱਧ ਤੋਂ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨਾ ਹੈ। ਇਹ ਖੇਡਾਂ ਪੰਜਾਬ ਦੇ ਹਰ ਪਿੰਡ-ਸ਼ਹਿਰ ਦੇ ਵਸਨੀਕ ਨੂੰ ਜੋੜਨਗੀਆਂ। ਇਸ ਖੇਡ ਮਹਾਂਕੁੰਭ ਵਿੱਚ ਗ੍ਰੇਡਸ਼ਨ ਸੂਚੀ ਵਾਲੀਆਂ ਮਾਨਤਾ ਪ੍ਰਾਪਤ 28 ਖੇਡਾਂ ਵਿੱਚ ਅੰਡਰ 14, ਅੰਡਰ 17, ਅੰਡਰ 21, 21-40 ਸਾਲ, 40-50 ਸਾਲ ਅਤੇ 50 ਸਾਲ ਤੋਂ ਵੱਧ ਕੁੱਲ ਛੇ ਉਮਰ ਵਰਗ ਵਿੱਚ ਬਲਾਕ ਪੱਧਰ ਤੋਂ ਸੂਬਾ ਪੱਧਰ ਤੱਕ 5 ਲੱਖ ਦੇ ਕਰੀਬ ਖਿਡਾਰੀ ਹਿੱਸਾ ਲੈਣਗੇ। ਇਹ ਖੇਡ ਮੇਲਾ ਦੋ ਮਹੀਨੇ ਤੱਕ ਚੱਲੇਗਾ। ਖੇਡ ਮੇਲੇ ਵਿੱਚ ਪੈਰਾ ਸਪੋਰਟਸ ਵਾਲੇ ਖਿਡਾਰੀਆਂ ਲਈ ਵੀ ਮੁਕਾਬਲੇ ਹੋਣਗੇ।
ਬਲਾਕ ਪੱਧਰੀ ਟੂਰਨਾਮੈਂਟ ਸਤੰਬਰ ਦੇ ਪਹਿਲੇ ਹਫ਼ਤੇ, ਜ਼ਿਲਾ ਪੱਧਰੀ ਟੂਰਨਾਮੈਂਟ ਦੂਜੇ ਤੇ ਤੀਜੇ ਹਫ਼ਤੇ ਅਤੇ ਰਾਜ ਪੱਧਰੀ ਟੂਰਨਾਮੈਂਟ ਅਕਤੂਬਰ ਦੇ ਅੱਧ ਵਿੱਚ ਹੋਣਗੇ। ਖੇਡਾਂ ਦੀ ਗੱਲ ਕਰੀਏ ਤਾਂ ਬਲਾਕ ਪੱਧਰ ਉਤੇ ਵਾਲੀਬਾਲ, ਅਥਲੈਟਿਕਸ, ਫੁਟਬਾਲ, ਕਬੱਡੀ (ਨੈਸ਼ਨਲ ਸਟਾਈਲ), ਖੋ ਖੋ ਤੇ ਰੱਸ਼ਾਕਸੀ ਦੇ ਮੁਕਾਬਲੇ ਹੋਣਗੇ। ਜ਼ਿਲ੍ਹਾ ਪੱਧਰ ਉਤੇ ਵਾਲੀਬਾਲ, ਅਥਲੈਟਿਕਸ, ਫੁਟਬਾਲ, ਕਬੱਡੀ (ਨੈਸ਼ਨਲ ਸਟਾਈਲ), ਖੋ ਖੋ, ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈੱਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਮੁੱਕੇਬਾਜ਼ੀ, ਟੇਬਲ ਟੈਨਿਸ ਤੇ ਵੇਟਲਿਫਟਿੰਗ ਦੇ ਮੁਕਾਬਲੇ ਹੋਣਗੇ। ਸੂਬਾ ਪੱਧਰ ਉਤੇ ਵਾਲੀਬਾਲ, ਅਥਲੈਟਿਕਸ, ਫੁਟਬਾਲ, ਕਬੱਡੀ (ਨੈਸ਼ਨਲ ਸਟਾਈਲ), ਖੋ ਖੋ, ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈੱਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਮੁੱਕੇਬਾਜ਼ੀ, ਟੇਬਲ ਟੈਨਿਸ, ਤਲਵਾਰਬਾਜ਼ੀ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਰੋਇੰਗ, ਜਿਮਨਾਸਟਿਕ, ਸਤਰੰਜ ਤੇ ਵੇਟਲਿਫਟਿੰਗ ਦੇ ਮੁਕਾਬਲੇ ਹੋਣਗੇ।
ਜ਼ਿਲ੍ਹਾ ਪੱਧਰ ਦੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਸੂਬਾ ਪੱਧਰ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਉਤੇ ਆਉਣ ਵਾਲਿਆਂ ਨੂੰ 10 ਹਜ਼ਾਰ ਰੁਪਏ ਨਗਦ ਇਨਾਮ ਤੇ ਸਰਟੀਫਿਕੇਟ, ਦੂਜੇ ਸਥਾਨ ਉਤੇ ਆਉਣ ਵਾਲਿਆਂ ਨੂੰ 7 ਹਜ਼ਾਰ ਰੁਪਏ ਤੇ ਸਰਟੀਫਿਕੇਟ ਅਤੇ ਤੀਜੇ ਸਥਾਨ ਉਤੇ ਆਉਣ ਵਾਲਿਆਂ ਨੂੰ 5 ਹਜ਼ਾਰ ਰੁਪਏ ਤੇ ਸਰਟੀਫਿਕੇਟ ਦਿੱਤੇ ਜਾਣਗੇ। ਕੁੱਲ 6 ਕਰੋੜ ਰੁਪਏ ਦੀ ਇਨਾਮ ਰਾਸ਼ੀ ਵੰਡੀ ਜਾਵੇਗੀ। ਸਾਰੇ ਜੇਤੂ ਖਿਡਾਰੀ ਸੂਬੇ ਦੀ ਗ੍ਰੇਡਸ਼ਨ ਨੀਤੀ ਵਿੱਚ ਕਵਰ ਹੋਣਗੇ। 41-50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਸਿਰਫ਼ ਟੇਬਲ ਟੈਨਿਸ, ਲਾਅਨ ਟੈਨਿਸ, ਬੈਡਮਿੰਟਨ, ਵਾਲੀਬਾਲ ਤੇ ਅਥਲੈਟਿਕਸ ਸ਼ਾਮਲ ਹਨ। ਦੋਵੇਂ ਵਰਗ ਦੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।
ਸੰਪਰਕ: 97800-36216