ਗੋਵਰਧਨ ਗੱਬੀ
ਹਾਲਾਂਕਿ ਸਰਕਾਰ ਨੇ ਦੇਸ਼ ਭਰ ਦੇ ਸਿਨਮਾ ਹਾਲ ਤੇ ਮਲਟੀਪਲੈਕਸ ਸ਼ਰਤਾਂ ਅਧੀਨ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕਰੋਨਾ ਮਹਾਂਮਾਰੀ ਦੇ ਚੱਲਦਿਆਂ ਪਿਛਲੇ ਛੇ-ਸੱਤ ਮਹੀਨਿਆਂ ਤੋਂ ਕੁਝ ਵੱਡੇ ਬਜਟ ਦੀਆਂ ਬੌਲੀਵੁੱਡ ਫ਼ਿਲਮਾਂ ਰਿਲੀਜ਼ ਹੋਣ ਲਈ ਇਸੇ ਐਲਾਨ ਦਾ ਇੰਤਜ਼ਾਰ ਕਰ ਰਹੀਆਂ ਸਨ। ਇਸ ਖ਼ਬਰ ਦੇ ਨਸ਼ਰ ਹੋ ਜਾਣ ਤੋਂ ਬਾਅਦ ਵੀ ਕਈ ਫ਼ਿਲਮਾਂ ਡਿਜੀਟਲ ਪਲੈਟਫਾਰਮ ਉੱਪਰ ਪ੍ਰਦਰਸ਼ਿਤ ਹੋ ਰਹੀਆਂ ਹਨ। ਇਨ੍ਹਾਂ ਦੇ ਇਸ ਪਲੈਟਫਾਰਮ ’ਤੇ ਰਿਲੀਜ਼ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਇਨ੍ਹਾਂ ਫ਼ਿਲਮਾਂ ਦਾ ਜੋ ਰੰਗਰੂਪ, ਬਣਤਰ ਤੇ ਪੇਸ਼ਕਾਰੀ ਹੈ ਉਸਨੂੰ ਹੂਬਹੂ ਵੱਡੇ ਪਰਦੇ ’ਤੇ ਪੇਸ਼ ਕਰਨ ਦੀ ਸੈਂਸਰ ਬੋਰਡ ਤੋਂ ਇਜਾਜ਼ਤ ਨਹੀਂ ਲੈਣੀ ਪੈਂਦੀ।
ਕੁਝ ਦਿਨ ਪਹਿਲਾਂ ਹਿੰਦੀ ਦੀ ਅੰਗਰੇਜ਼ੀ ਨਾਮ ਵਾਲੀ ਫ਼ਿਲਮ ‘ਸੀਰੀਅਸ ਮੈੱਨ’ ਨੈੱਟਫਲਿਕਸ ’ਤੇ ਰਿਲੀਜ਼ ਹੋਈ ਹੈ। ਜਿਸਦਾ ਪੰਜਾਬੀ ਅਨੁਵਾਦ ਹੈ ‘ਗੰਭੀਰ ਆਦਮੀ’। ‘ਜਾਨੇ ਵੀ ਦੋ ਯਾਰੋ’, ‘ਖਾਮੌਸ਼’, ‘ਧਾਰਵੀ’, ‘ਯੇ ਸਾਲੀ ਜ਼ਿੰਦਗੀ’ ਆਦਿ ਸਮੇਤ ਦੋ ਦਰਜਨ ਤੋਂ ਵੱਧ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕਿਆ ਸੁਧੀਰ ਮਿਸ਼ਰਾ ਇਸ ਫ਼ਿਲਮ ਦਾ ਨਿਰਦੇਸ਼ਕ ਹੈ। ਪ੍ਰਸਿੱਧ ਅਦਾਕਾਰ ਨਵਾਜ਼ੂਦੀਨ ਸਿਦੀਕੀ ਇਸ ਫ਼ਿਲਮ ਦਾ ਮੁੱਖ ਨਾਇਕ ਹੈ। ਤੀਹ- ਪੈਂਤੀ ਸਾਲਾਂ ਦੀ ਉਮਰ ਦਾ ਮੁੱਖ ਪਾਤਰ ਮੂਲ ਰੂਪ ਵਿਚ ਤਮਿਲ ਨਾਡੂ ਦਾ ਰਹਿਣ ਵਾਲਾ ਹੈ। ਜਾਤ ਦਾ ਸ਼ੂਦਰ ਹੈ। ਅੱਜਕੱਲ੍ਹ ਆਪਣੀ ਪਤਨੀ ਤੇ ਦਸ ਸਾਲ ਦੀ ਉਮਰ ਦੇ ਪੁੱਤਰ ਨਾਲ ਮੁੰਬਈ ਸ਼ਹਿਰ ਦੀ ਗ਼ਰੀਬ ਬਸਤੀ ਵਿਚ ਰਹਿ ਰਿਹਾ ਹੈ। ਇਕ ਰਾਸ਼ਟਰੀ ਪੱਧਰ ਦੀ ਖੋਜ ਸੰਸਥਾ ਦੇ ਖਗੋਲ ਵਿਗਿਆਨੀ ਦੇ ਬਤੌਰ ਨਿੱਜੀ ਸਹਾਇਕ ਦੀ ਨੌਕਰੀ ਕਰਦਾ ਹੈ। ਵਿਗਿਆਨੀ ਵੀ ਤਮਿਲ ਹੈ, ਪਰ ਬ੍ਰਾਹਮਣ ਜਾਤੀ ਨਾਲ ਸਬੰਧ ਰੱਖਦਾ ਹੈ। ਵਿਗਿਆਨੀ ਆਪਣੀ ਸੰਸਥਾ ਦੇ ਮੈਂਬਰਾਂ ਨਾਲ ਮਿਲ ਕੇ ਇਹ ਖੋਜ ਕਰ ਰਿਹਾ ਹੈ ਕਿ ਬ੍ਰਹਿਮੰਡ ਵਿਚ ਦੂਸਰੇ ਗ੍ਰਹਿਆਂ ਦੇ ਵਾਸੀ (ਏਲੀਅਨਜ਼) ਸਾਡੀ ਧਰਤੀ ਦੇ ਆਲੇ ਦੁਆਲੇ ਘੁੰਮ ਰਹੇ ਹਨ ਜਾਂ ਨਹੀਂ। ਜੇ ਘੁੰਮ ਰਹੇ ਹਨ ਤਾਂ ਅੱਜਕੱਲ੍ਹ ਉਨ੍ਹਾਂ ਦੀ ਕੀ ਯੋਜਨਾ ਹੈ। ਵਿਗਿਆਨੀ ਮੂਲ ਰੂਪ ਵਿਚ ਸਾਧਾਰਨ ਬੁੱਧੀ ਦਾ ਮਾਲਕ ਹੈ। ਉਹ ਗਹਿਰਾਈ ਵਿਚ ਜਾਣ ਨਾਲੋਂ ਹਵਾ ਵਿਚ ਤੀਰ ਜ਼ਿਆਦਾ ਮਾਰਦਾ ਰਹਿੰਦਾ ਹੈ। ਅੰਗਰੇਜ਼ੀ ਵਿਚ ਉਸਦਾ ਹੱਥ ਤੰਗ ਹੈ। ਆਪਣੀ ਉੱਚੀ ਜਾਤ ਨੂੰ ਵੀ ਆਪਣੇ ਵਿਗਿਆਨਕ ਦਿਮਾਗ਼ ਵਿਚ ਸਦਾ ਬਿਠਾਈ ਰੱਖਦਾ ਹੈ। ਆਪਣੀ ਸਹਾਇਕ ਔਰਤ ਨਾਲ ਨਾਜਾਇਜ਼ ਸਬੰਧਾਂ ਵਿਚ ਵੀ ਉਲਝਿਆ ਹੋਇਆ ਹੈ। ਦੂਸਰੇ ਪਾਸੇ ਵਿਗਿਆਨੀ ਦੇ ਬਿਲਕੁਲ ਉਲਟ ਫ਼ਿਲਮ ਦਾ ਮੁੱਖ ਪਾਤਰ ਤੇਜ਼ ਬੁੱਧੀ ਦਾ ਮਾਲਕ ਹੈ। ਉਸਨੂੰ ਲੱਗਦਾ ਹੈ ਕਿ ਜੇਕਰ ਉਹ ਸੰਸਥਾ ਦਾ ਮੁਖੀ ਹੋਵੇ ਤਾਂ ਇਕ ਦਿਨ ਉਹ ਖੋਜ ਕਰ ਸਕਦਾ ਹੈ ਕਿ ਹੀ ਇਸ ਬ੍ਰਹਿਮੰਡ ਵਿਚ ਦੂਸਰੇ ਗ੍ਰਹਿਆਂ ਦੇ ਵਾਸੀ ਸਚਮੁਚ ਹੁੰਦੇ ਹਨ ਕਿ ਜਾਂ ਨਹੀਂ। ਉਸਦਾ ਅੰਗਰੇਜ਼ੀ ਭਾਸ਼ਾ ਉੱਪਰ ਹੱਥ ਤਗੜਾ ਹੈ। ਪਰ ਉਹ ਜਾਣਬੁੱਝ ਕੇ ਸ਼ਬਦਕੋਸ਼ ਤੋਂ ਅੰਗਰੇਜ਼ੀ ਦੇ ਔਖੇ ਸ਼ਬਦਾਂ ਦਾ ਅਨੁਵਾਦ ਹਿੰਦੀ ਵਿਚ ਪ੍ਰਯੋਗ ਕਰਕੇ ਸਾਰਿਆਂ ਨੂੰ ਆਪਣੇ ਜੀਨੀਅਸ ਮਤਲਬ ਜ਼ਹੀਨ ਹੋਣ ਦਾ ਸਬੂਤ ਦੇ ਕੇ ਪ੍ਰਭਾਵਿਤ ਕਰਨ ਵਿਚ ਰੁੱਝਿਆ ਰਹਿੰਦਾ ਹੈ। ਮੌਕਾ ਪੈਣ ’ਤੇ ਉਹ ਆਪਣੀ ਛੋਟੀ ਜਾਤ ਨੂੰ ਵੀ ਆਪਣੀ ਕਾਮਯਾਬੀ ਤੇ ਸਫਲਤਾ ਦਾ ਹਥਿਆਰ ਬਣਾਉਣ ਤੇ ਚਲਾਉਣ ਤੋਂ ਗੁਰੇਜ਼ ਨਹੀਂ ਕਰਦਾ।
ਉਹ ਵੱਡੇ ਤੇ ਕਾਮਯਾਬ ਵਿਅਕਤੀ ਬਣਨ ਦੇ ਸੁਪਨੇ ਰੋਜ਼ ਲੈਂਦਾ ਹੈ। ਵੱਡਾ ਘਰ, ਵੱਡੀ ਗੱਡੀ ਤੇ ਐਸ਼ੋ ਆਰਾਮ ਦੀ ਜ਼ਿੰਦਗੀ ਜਿਊਣਾ ਚਾਹੁੰਦਾ ਹੈ, ਪਰ ਜਦੋਂ ਹਾਰ ਜਾਂਦਾ ਹੈ ਤਾਂ ਉਹ ਆਪਣਾ ਸੁਪਨਾ ਆਪਣੇ ਪੁੱਤਰ ਜ਼ਰੀਏ ਪੂਰਾ ਕਰਨ ਲਈ ਇਕ ਯੋਜਨਾ ਬਣਾਉਂਦਾ ਹੈ। ਉਸਦਾ ਪੁੱਤਰ ਖਗੋਲ ਵਿਗਿਆਨੀ ਵਾਂਗ ਸਾਧਾਰਨ ਬੁੱਧੀ ਦਾ ਮਾਲਕ ਹੈ।
ਉਹ ਆਪਣੇ ਪੁੱਤਰ ਨੂੰ ਵੱਡੀਆਂ ਤੇ ਸਿਆਣੀਆਂ ਗੱਲਾਂ ਦੇ ਰੱਟੇ ਲਗਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਗੁਰ ਸਿਖਾਉਂਦਾ ਰਹਿੰਦਾ ਹੈ। ਜਿਸ ਦੇ ਫਲਸਰੂਪ ਉਸਦੇ ਪੁੱਤਰ ਬਾਰੇ ਬਹੁਤ ਜਲਦੀ ਬਸਤੀ, ਖੋਜ ਸੰਸਥਾ, ਸ਼ਹਿਰ ਵਿਚ ਇਹ ਖ਼ਬਰ ਅੱਗ ਵਾਂਗ ਫੈਲ ਜਾਂਦੀ ਹੈ ਕਿ ਮੁੱਖ ਪਾਤਰ ਦਾ ਦਸ ਸਾਲ ਦੀ ਉਮਰ ਦਾ ਬੱਚਾ ਖਗੋਲ ਵਿਗਿਆਨ ਬਾਰੇ ਵਿਲੱਖਣ ਜਾਣਕਾਰੀ ਰੱਖਦਾ ਹੈ। ਕੁਝ ਅਰਸੇ ਬਾਅਦ ਹੀ ਸਾਰੇ ਉਸਨੂੰ ‘ਇਕ ਜ਼ਹੀਨ ਬੱਚਾ’ ਸਮਝਣਾ ਸ਼ੁਰੂ ਕਰ ਦਿੰਦੇ ਹਨ। ਬਸ ਇੱਥੋਂ ਹੀ ਫ਼ਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਤੇ ਇੱਥੇ ਹੀ ਆ ਕੇ ਖ਼ਤਮ ਹੋ ਜਾਂਦੀ ਹੈ।
ਫ਼ਿਲਮ ਵਿਚ ਸਮਾਜਿਕ ਸਰੋਕਾਰਾਂ ਜਿਵੇਂ ਜਾਤਪਾਤ, ਊਚਨੀਚ, ਚਲਾਕੀਆਂ, ਮਨੁੱਖੀ ਚਰਿੱਤਰ ਤੇ ਸੁਭਾਅ, ਸਿਆਸਤ ਦਾ ਦਖਲ ਆਦਿ ਨੂੰ ਬਹੁਤ ਬਾਰੀਕੀ ਨਾਲ ਚਿਤਰਿਆ ਤੇ ਪੇਸ਼ ਕੀਤਾ ਗਿਆ ਹੈ। ਖਾਸ ਕਰਕੇ ਜਾਤਪਾਤ ਨੂੰ ਬਹੁਤ ਬਾਰੀਕੀ ਨਾਲ ਉਘਾੜਿਆ ਤੇ ਵਿਚਾਰਿਆ ਗਿਆ ਹੈ। ਫ਼ਿਲਮ ਦਰਸਾਉਂਦੀ ਹੈ ਕਿ ਇਨਸਾਨ ਦੀ ਅਖੌਤੀ ਜਾਤ ਭਾਵੇਂ ਨੀਵੀਂ ਹੋਵੇ ਜਾਂ ਉੱਚੀ ਇਸ ਤੋਂ ਛੁਟਕਾਰਾ ਪਾਉਣਾ ਉਸ ਲਈ ਸੌਖਾ ਕਾਰਜ ਨਹੀਂ ਹੈ। ਉੱਚੀ ਜਾਤ ਵਾਲਾ ਇਨਸਾਨ ਹਮੇਸ਼ਾਂ ਆਪਣੀ ਗਰਦਨ ਅਕੜਾਈ ਰੱਖਣਾ ਆਪਣਾ ਜਮਾਂਦਰੂ ਹੱਕ ਸਮਝਦਾ ਹੈ। ਨੀਵੀਂ ਜਾਤ ਵਾਲਾ ਭਾਵੇਂ ਸਰਵੋਤਮ ਅਹੁਦੇ ਉੱਪਰ ਵੀ ਕਿਉਂ ਨਾ ਪਹੁੰਚ ਜਾਏ ਉਹ ਆਪਣੀ ਨੀਵੀਂ ਜਾਤ ਦੇ ਡੰਗ ਤੋਂ ਕਦੇ ਮੁਕਤ ਨਹੀਂ ਹੋ ਪਾਉਂਦਾ। ਜਾਤ ਨੂੰ ਲੈ ਕੇ ਦੋਵਾਂ ਦੇ ਦਿਮਾਗ਼ ਵਿਚ ਸ਼ੀਤਯੁੱਧ ਲਗਾਤਾਰ ਚੱਲਦਾ ਰਹਿੰਦਾ ਹੈ।
ਨਿਰਦੇਸ਼ਕ ਦਾ ਫਿਲਮਾਂ ਬਣਾਉਣ ਤੇ ਪੇਸ਼ ਕਰਨ ਦਾ ਤਜਰਬਾ ਸਾਫ਼ ਸਾਫ਼ ਵਿਖਾਈ ਦਿੰਦਾ ਹੈ। ਉਹ ਫ਼ਿਲਮ ਵਿਚ ਪੇਸ਼ ਕੀਤੇ ਜਾਣ ਵਾਲੇ ਵਿਸ਼ੇ ਤੇ ਮੁੱਦਿਆਂ ਨੂੰ ਸੂਖਮਤਾ ਨਾਲ ਪੇਸ਼ ਕਰਨ ਵਿਚ ਸਫਲ ਰਹਿੰਦਾ ਹੈ। ਨਵਾਜ਼ੂਦੀਨ ਦੀ ਅਦਾਕਾਰੀ ਦੀ ਤਾਰੀਫ਼ ਜਿੰਨੀ ਕੀਤੀ ਜਾ ਸਕੇ ਓਨੀ ਹੀ ਘੱਟ ਹੈ। ਉਹ ਆਪਣੇ ਕਿਰਦਾਰ ਵਿਚ ਵੜਦਾ ਨਹੀਂ ਸਗੋਂ ਕਿਰਦਾਰ ਨੂੰ ਆਪਣੇ ਅੰਦਰ ਰਮਾ ਲੈਂਦਾ ਹੈ। ਇਕ ਸ਼ੂਦਰ ਘਰ ਵਿਚ ਪੈਦਾ ਹੋਣ ’ਤੇ ਮੌਜੂਦਾ ਸਮਾਜ ਵਿਚ ਵਿਚਰਨ ਦੇ ਦਰਦ ਨੂੰ ਉਸਨੇ ਬਾਖੂਬੀ ਤੇ ਬਾਰੀਕੀ ਨਾਲ ਪੇਸ਼ ਕੀਤਾ ਹੈ। ਬਾਕੀ ਦੇ ਅਦਾਕਾਰਾਂ ਨੇ ਵੀ ਕਮਾਲ ਦੀ ਅਦਾਕਰੀ ਕੀਤੀ ਹੈ। ਸੰਗੀਤ ਦਾ ਇਸ ਫ਼ਿਲਮ ਵਿਚ ਕੋਈ ਖਾਸ ਮਹੱਤਵ ਨਹੀਂ ਹੈ। ਫ਼ਿਲਮ ਵਿਚ ਕਿਤੇ ਕਿਤੇ ਸੀਮਾ ਤੋਂ ਵੱਧ ਫ਼ਿਲਮੀਕਰਨ ਅੱਖਰਦਾ ਹੈ। ਉਸਨੂੰ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਸੀ। ਕੁਝ ਫਾਲਤੂ ਤੇ ਵਾਧੂ ਦੇ ਦ੍ਰਿਸ਼ ਵੀ ਹਨ। ਫ਼ਿਲਮ ਨੂੰ ਬਾਲਗ ਕੈਟੇਗਰੀ ਵਿਚ ਜਾਣ ਤੋਂ ਵੀ ਬਚਾਇਆ ਜਾ ਸਕਦਾ ਸੀ। ਕੁੱਲ ਮਿਲਾ ਕੇ ਗੰਭੀਰ ਤੇ ਜ਼ਹੀਨ ਕਿਸਮ ਦਾ ਸਿਨਮਾ ਦੇਖਣ ਵਾਲੇ ਦਰਸ਼ਕਾਂ ਨੂੰ ਇਹ ਫ਼ਿਲਮ ਜ਼ਰੂਰ ਦੇਖਣੀ ਚਾਹੀਦੀ ਹੈ।
ਸੰਪਰਕ: 94171-73700