ਮੁੰਬਈ, 24 ਨਵੰਬਰ
ਟੀਵੀ ਅਦਾਕਾਰ ਆਸ਼ੀਸ਼ ਰਾਏ ਦਾ ਅੱਜ ਸਵੇਰੇ ਇੱਥੇ ਜੋਗੇਸ਼ਵਰੀ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਕਿਡਨੀ ਫੇਲ੍ਹ ਹੋਣ ਕਾਰਨ ਹੋਈ ਹੈ। ਉਸ ਦਾ ਸਸਕਾਰ ਅੱਜ ਸ਼ਾਮੀਂ ਉਸ ਦੇ ਰਿਸ਼ਤੇਦਾਰਾਂ ਤੇ ਕਰੀਬੀ ਦੋਸਤਾਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਉਹ ਲੰਮੇ ਸਮੇਂ ਤੋਂ ਕਿਡਨੀ ਨਾਲ ਸਬੰਧਤ ਰੋਗ ਨਾਲ ਜੂਝ ਰਹੇ ਸਨ। ਤਾਲਾਬੰਦੀ ਦੌਰਾਨ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਹੋ ਗਈ ਸੀ ਤੇ ਉਹ ਆਪਣੇ ਪਰਿਵਾਰ ਕੋਲ ਕੋਲਕਾਤਾ ਜਾਣ ਬਾਰੇ ਸੋਚ ਰਹੇ ਸਨ। 5 ਅਕਤੂਬਰ ਨੂੰ ਉਨ੍ਹਾਂ ਫੇਸਬੁੱਕ ’ਤੇ ਅਦਾਕਾਰ ਸੋਨੂੰ ਸੂਦ ਨੂੰ ਟੈਗ ਕਰਕੇ ਮਦਦ ਦੀ ਅਪੀਲ ਵੀ ਕੀਤੀ ਸੀ। ਉਸ ਨੇ ਲਿਖਿਆ ਸੀ, ‘‘ਪਿਆਰੇ ਸੋਨੂੰ ਸੂਦ ਜੀ, ਮੈਨੂੰ ਮੈਡੀਕਲ ਐਮਰਜੈਂਸੀ ਵਿੱਚ ਤੁਹਾਡੀ ਮਦਦ ਚਾਹੀਦੀ ਹੈ।
ਮੈਂ ਹੁਣ ਮੁੰਬਈ ਵਿੱਚ ਹਾਂ। ਕੀ ਤੁਸੀਂ ਮੇਰੀ ਮਦਦ ਕਰੋਗੇ?’’ ਇਸ ਦੌਰਾਨ ਉਸ ਨੇ ਆਪਣਾ ਮੋਬਾਈਲ ਨੰਬਰ ਵੀ ਸਾਂਝਾ ਕੀਤਾ ਸੀ। ਇਸ ਤੋਂ ਪਹਿਲਾਂ ਮਈ ਵਿੱਚ ਵੀ ਉਸ ਦਾ ਡਾਇਲੇਸਿਸ ਹੋਇਆ ਸੀ। ਉਦੋਂ ਵੀ ਉਸ ਨੇ ਸੋਸ਼ਲ ਮੀਡੀਆ ਨੇ ਆਪਣੀ ਫੋਟੋ ਪੋਸਟ ਕੀਤੀ ਸੀ। ਆਸ਼ੀਸ਼ ਰਾਏ ਨੇ ਆਪਣਾ ਟੀਵੀ ਦਾ ਸਫ਼ਰ 1997 ਵਿੱਚ ‘ਬਿਓਮਕੇਸ਼ ਬਕਸ਼ੀ’ ਨਾਂ ਦੇ ਸੀਰੀਅਲ ਤੋਂ ਸ਼ੁਰੂ ਕੀਤਾ ਸੀ। ਉਪਰੰਤ ਉਸ ਨੇ ਛੋਟੇ ਪਰਦੇ ’ਤੇ ਕਈ ਲੜੀਵਾਰ ਕੀਤੇ ਅਤੇ ਚੰਗਾ ਨਾਮਣਾ ਖੱਟਿਆ। ਇਨ੍ਹਾਂ ’ਚੋਂ ‘ਸਸੁਰਾਲ ਸਿਮਰ ਕਾ’ ਤੇ ‘ਕੁਛ ਰੰਗ ਐਸੇ ਭੀ’ ਲੜੀਵਾਰ ਜ਼ਿਕਰਯੋਗ ਹਨ। ਉਸ ਨੇ ‘ਨੇਤਾਜੀ ਸੁਭਾਸ਼ ਚੰਦਰ ਬੋਸ’ ਅਤੇ ‘ਰਾਜਾ ਨਟਵਰਲਾਲ’ ਸਮੇਤ ਹੋਰ ਬੌਲੀਵੁੱਡ ਫਿਲਮਾਂ ਵਿੱਚ ਵੀ ਆਪਣੀ ਕਲਾ ਦਿਖਾਈ।ਆਸ਼ੀਸ਼ ਦੀ ਮੌਤ ’ਤੇ ਟੀਵੀ ਅਤੇ ਬੌਲੀਵੁੱਡ ਇੰਡਸਟਰੀ ਵੱਲੋਂ ਸੋਸ਼ਲ ਮੀਡੀਆ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਅਤੇ ਉਸ ਨਾਲ ਬਿਤਾਏ ਪਲ ਸਾਂਝੇ ਕੀਤੇ ਜਾ ਰਹੇ ਹਨ। -ਆਈਏਐੱਨਐੱਸ