ਮਨਦੀਪ ਸਿੰਘ ਸਿੱਧੂ
ਸ਼ਾਸਤਰੀ ਮੌਸੀਕੀ ਦੇ ਮਾਹਿਰ ਉਸਤਾਦ ਪੰਡਤ ਦਲੀਪ ਚੰਦਰ ਬੇਦੀ ਨਾ ਕੇਵਲ ਉਸਤਾਦ ਸੰਗੀਤਕਾਰ ਸਨ ਬਲਕਿ ਫ਼ਿਲਮ ਤਾਰੀਖ਼ ਦੇ ਉਮਦਾ ਨਗ਼ਮਾਨਿਗਾਰ, ਗੁਲੂਕਾਰ ਅਤੇ ਲਿਖਣਹਾਰ ਵੀ ਸਨ। ਬਾਕੀ ਗ਼ੈਰ-ਫ਼ਿਲਮੀ ਗਾਇਨ-ਕਲਾ ਦੇ ਖੇਤਰ ਵਿਚ ਉਹ ਬੁਲੰਦ ਦਰਜਾ ਮੁਕਾਮ ਰੱਖਦੇ ਸਨ, ਜਿਸ ਦਾ ਕੋਈ ਸਾਨੀ ਨਹੀਂ ਸੀ।
ਉਸਤਾਦ ਪੰਡਤ ਦਲੀਪ ਚੰਦਰ ਬੇਦੀ ਦੀ ਪੈਦਾਇਸ਼ 24 ਮਾਰਚ 1901 ਨੂੰ ਗੁਰੂ ਕਾ ਲਾਹੌਰ, ਆਨੰਦਪੁਰ ਸਾਹਿਬ ਦੇ ਪੰਜਾਬੀ ਪਰਿਵਾਰ ਵਿਚ ਹੋਈ। ਬਾਲ ਵਰੇਸੇ ਹੀ ਇਨ੍ਹਾਂ ਦੀ ਮਾਂ ਫ਼ੌਤ ਹੋ ਗਈ ਤੇ ਕੁਝ ਸਮੇਂ ਬਾਅਦ ਇਨ੍ਹਾਂ ਦੇ ਪਿਤਾ ਜੀ ਵੀ ਚੱਲ ਵੱਸੇ। ਇਨ੍ਹਾਂ ਦੀ ਤਾਲੀਮ-ਓ-ਤਰਬੀਅਤ ਇਨ੍ਹਾਂ ਦੇ ਸੰਗੀਤਕ ਉਸਤਾਦਾਂ ਨੇ ਹੀ ਕੀਤੀ ਸੀ। ਚੜ੍ਹਦੀ ਉਮਰੇ ਇਨ੍ਹਾਂ ਨੇ ਤਲਵੰਡੀ ਘਰਾਣੇ ਦੇ ਉਸਤਾਦ ਉੱਤਮ ਸਿੰਘ ਦੀ ਸ਼ਾਗਿਰਦੀ ਇਖ਼ਤਿਆਰ ਕਰ ਲਈ ਅਤੇ ਉਨ੍ਹਾਂ ਪਾਸੋਂ ਖ਼ਯਾਲ ਗਾਇਕੀ ਅਤੇ ਧਰੁਪਦ ਗਾਇਕੀ ਦੀ ਤਾਲੀਮ ਹਾਸਲ ਕੀਤੀ।
ਸਾਲ 1918 ਵਿਚ ਭਾਰਤ ਦੇ ਮਾਰੂਫ਼ ਮੌਸੀਕਾਰ ਪੰਡਤ ਭਾਸਕਰ ਰਾਓ ਨੇ ਇਨ੍ਹਾਂ ਦੀ ਗਾਇਨ ਕਲਾ ਤੋਂ ਮੁਤਾਸਿਰ ਹੁੰਦਿਆਂ ਆਪਣਾ ਸ਼ਾਗਿਰਦ ਸਵੀਕਾਰ ਕਰ ਲਿਆ। ਦਲੀਪ ਚੰਦਰ ਬੇਦੀ ਨੇ ਪੰਡਤ ਭਾਸਕਰ ਰਾਓ ਕੋਲੋਂ ਸੰਗੀਤ ਦੀਆਂ ਪੇਚੀਦਾ ਰਮਜ਼ਾਂ ਦੀ ਤਾਲੀਮ ਹਾਸਲ ਕੀਤੀ। ਪੰਡਤ ਭਾਸਕਰ ਰਾਓ ਦੀ ਵਫ਼ਾਤ ਮਗਰੋਂ ਉਸਤਾਦ ਫ਼ਿਆਜ਼ ਖ਼ਾਨ ਦੀ ਸ਼ਾਗਿਰਦੀ ਕਰ ਲਈ ਤੇ ਉਨ੍ਹਾਂ ਪਾਸੋਂ ਵੀ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ। ਉਨ੍ਹਾਂ ਨੇ ਜਿਸ ਵੀ ਮਹਿਫ਼ਿਲ ਵਿਚ ਆਪਣੇ ਫ਼ਨ ਦੀ ਪੇਸ਼ਕਾਰੀ ਕੀਤੀ ਤਾਂ ਹਰ ਪਾਸਿਓਂ ਭਰਪੂਰ ਸ਼ੋਹਰਤ ਤੇ ਸਤਿਕਾਰ ਮਿਲਿਆ।
1924 ਵਿਚ ਪਟਿਆਲਾ ਰਾਜ ਦਰਬਾਰ ਦੇ ਮੁੱਖ ਮੰਤਰੀ ਰਾਜਾ ਦਯਾ ਕਿਸ਼ਨ ਕੌਲ ਨੂੰ ਲਾਹੌਰ ਵਿਚ ਪੰਡਤ ਦਲੀਪ ਚੰਦਰ ਬੇਦੀ ਦਾ ਗਾਇਨ ਸੁਣਨ ਦਾ ਮੌਕਾ ਮਿਲਿਆ ਤੇ ਉਹ ਰੂਹ ਤੀਕਰ ਸਰਸ਼ਾਰ ਹੋ ਗਏ। 1924 ਵਿਚ ਵਿਸਾਖੀ ਦੇ ਸ਼ੁਭ ਦਿਹਾੜੇ ਮੌਕੇ ਦਲੀਪ ਚੰਦਰ ਬੇਦੀ ਨੂੰ ਰਾਜਾ ਸਾਹਬ ਨੇ ਪਟਿਆਲਾ ਆਉਣ ਦਾ ਸੱਦਾ ਦਿੱਤਾ। ਪਟਿਆਲਾ ਵਿਚ ਮਹਾਰਾਜਾ ਭੁਪਿੰਦਰ ਸਿੰਘ ਦੇ ਸਨਮੁੱਖ ਦਰਬਾਰ ਵਿਚ ਪੰਡਤ ਜੀ ਦਾ ਗਾਇਨ ਹੋਇਆ ਜੋ ਬੇਹੱਦ ਪਸੰਦ ਕੀਤਾ ਗਿਆ। ਸੰਗੀਤ-ਮੱਦਾਹ ਰਾਜਾ ਭੁਪਿੰਦਰ ਸਿੰਘ ਨੇ ਪੰਡਤ ਦਲੀਪ ਚੰਦਰ ਦੀ ਫ਼ਨ-ਏ-ਕਾਬਲੀਅਤ ਨੂੰ ਵੇਖਦਿਆਂ ਉਨ੍ਹਾਂ ਨੂੰ ਪਟਿਆਲਾ ਘਰਾਣੇ ਦਾ ਰਾਜ ਗਾਇਕ ਬਣਾ ਦਿੱਤਾ। ਇਹ ਇਹਤਰਾਮ ਮਿਲਦਿਆਂ ਹੀ ਮੁਲਕ ਦੀਆਂ ਵੱਖ-ਵੱਖ ਸੰਗੀਤਕ ਸੰਸਥਾਵਾਂ ਵੱਲੋਂ ਇਨ੍ਹਾਂ ਨੂੰ ਕਈ ਮਾਨਾਂ-ਸਨਮਾਨਾਂ ਨਾਲ ਸਰਫ਼ਰਾਜ਼ ਕੀਤਾ ਗਿਆ। 1927 ਵਿਚ ਪਟਿਆਲਾ ਦੇ ਰਾਜਾ ਦਯਾ ਕਿਸ਼ਨ ਕੌਲ ਦੇ ਤਿਆਗ ਪੱਤਰ ਦੇਣ ਤੋਂ ਬਾਅਦ ਪੰਡਤ ਦਲੀਪ ਚੰਦਰ ਨੇ ਪਟਿਆਲਾ ਛੱਡਣ ਦਾ ਫ਼ੈਸਲਾ ਕਰ ਲਿਆ। ਫਿਰ ਸੱਜਣਾਂ-ਬੇਲੀਆਂ ਤੇ ਸੰਗੀਤ-ਮੱਦਾਹਾਂ ਦੇ ਇਸਰਾਰ ’ਤੇ ਲਾਹੌਰ ਚਲੇ ਗਏ ਅਤੇ 1947 ਤਕ ਉੱਥੇ ਹੀ ਰਹੇ।
ਗਾਇਨ ਕਲਾ ਦੇ ਖੇਤਰ ਵਿਚ ਪੰਡਤ ਦਲੀਪ ਚੰਦਰ ਬੇਦੀ ਦਾ ਰੁਤਬਾ ਐਨਾ ਕੁ ਬੁਲੰਦ ਹੋ ਚੁੱਕਿਆ ਸੀ ਕਿ ਬਨਾਰਸ ਵਿਖੇ ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਵੱਡੇ ਖ਼ਯਾਲ ਗਾਇਕ ਦਾ ਖਿਤਾਬ ਦਿੱਤਾ ਗਿਆ। ਅਨੇਕਾਂ ਗਾਇਨ ਸ਼ੈਲੀਆਂ ਵਿਚ ਮੁਹਾਰਤਜ਼ਦਾ ਤੇ ਕਈ ਜ਼ੁਬਾਨਾਂ ਦੇ ਗਿਆਤਾ ਅਤੇ ਭਾਰਤ ਦੇ ਕੋਨੇ-ਕੋਨੇ ਵਿਚ ਆਪਣੇ ਸੰਗੀਤਕ ਫ਼ਨ ਦੀ ਨੁਮਾਇਸ਼ ਕਰਕੇ ਅਦਬ ਪ੍ਰਾਪਤ ਕਰਨ ਵਾਲੇ ਪੰਡਤ ਦਲੀਪ ਚੰਦਰ ਬੇਦੀ ਨੂੰ ‘ਸੰਗੀਤ ਰਤਨ’, ‘ਸੰਗੀਤ ਸੁਧਾਕਰ’ ਅਤੇ ‘ਮਹਿਤਾਬ-ਏ-ਮੌਸੀਕੀ’, ‘ਵਾਜਦ ਅਲੀ ਸ਼ਾਹ ਮੈਡਲ’ ਵਰਗੇ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ ਸੀ।
ਲੰਡਨ ਵਾਲੇ ਪ੍ਰਸਿੱਧ ਇਤਿਹਾਸਕਾਰ ਬਲਬੀਰ ਸਿੰਘ ਕੰਵਲ ਸਾਹਬ ਨੇ ਦੱਸਿਆ ਕਿ ਪੰਡਤ ਦਲੀਪ ਚੰਦਰ ਬੇਦੀ ਅਜ਼ੀਮ ਲਿਖਾਰੀ ਵੀ ਸਨ ਤੇ ਮਿਆਰੀ ਰਸਾਲਿਆਂ ਵਿਚ ਸੰਗੀਤ ਕਲਾ ਉੱਤੇ ਮਜ਼ਮੂਨ ਵੀ ਲਿਖਦੇ ਰਹਿੰਦੇ ਸਨ। ਉਨ੍ਹਾਂ ਨੇ ਦੱਸਿਆ ਕਿ 1926 ਵਿਚ ਅੰਮ੍ਰਿਤਸਰ ਦੇ ਲਕਸ਼ਮੀ ਨਰਾਇਣ ਮੰਦਰ ਵਿਚ ਹੋਏ ਸਾਲਾਨਾ ਸੰਗੀਤ ਸੰਮੇਲਨ ਵਿਚ ਪੰਡਤ ਦਲੀਪ ਚੰਦਰ ਨੇ ‘ਬੇਦੀ ਦੀ ਲਲਿਤ’ ਇਕ ਨਵੇਂ ਰਾਗ ਦੀ ਰਚਨਾ ਆਪ ਕਰਕੇ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਦੀ ਸੁਹਬਤ ਸ਼ਾਗਿਰਦੀ ਵਿਚੋਂ ਪੰਡਤ ਅਮਰਨਾਥ, ਪੰਡਤ ਹੁਸਨਲਾਲ, ਭਗਵਾਨ ਦਾਸ ਸੈਣੀ ਅਤੇ ਮਹਿੰਦਰ ਸਿੰਘ ‘ਠੁਮਰੀ’ (ਅੰਮ੍ਰਿਤਸਰ) ਨੇ ਸੰਗੀਤ ਨਿਰਦੇਸ਼ਕਾਂ ਵਜੋਂ ਭਰਪੂਰ ਨਾਮ ਅਤੇ ਸ਼ੋਹਰਤ ਖੱਟੀ ਸੀ।
ਪੰਡਤ ਦਲੀਪ ਚੰਦਰ ਬੇਦੀ ਨੇ 3 ਹਿੰਦੀ ਤੇ ਇਕ ਪੰਜਾਬੀ ਫ਼ਿਲਮ ਦਾ ਸ਼ਾਹਕਾਰ ਸੰਗੀਤ ਤਾਮੀਰ ਕੀਤਾ। ਜਦੋਂ ਜੇਯੰਤ ਪਿਕਚਰਜ਼, ਬੰਬੇ ਨੇ ਚੁੰਨੀਲਾਲ ਐੱਚ. ਪਾਰੇਖ ਦੀ ਹਿਦਾਇਤਕਾਰੀ ਵਿਚ ‘ਸ਼ਾਹੀ ਲੱਕੜਹਾਰਾ’ ਉਰਫ਼ ‘ਵੀਣਾ ਵੇਲੀ’ (1934) ਫ਼ਿਲਮ ਸ਼ੁਰੂ ਕੀਤੀ, ਤਾਂ ਉਨ੍ਹਾਂ ਨੇ ਪੰਡਤ ਦਲੀਪ ਚੰਦਰ ਬੇਦੀ ਨੂੰ ਸੰਗੀਤਕਾਰ ਵਜੋਂ ਪੇਸ਼ ਕੀਤਾ। ਕੇਸ਼ਵ ਰਾਵ ਮੇਂਗਲੇ, ਮਿਸ ਜ਼ੌਹਰਾ, ਮਾਰੂਤੀ ਪਹਿਲਵਾਨ, ਮਿਸ ਤਾਰਾ ਬਨਾਰਸ, ਮਿਸ ਅਜ਼ਮਤ ਦੀ ਅਦਾਕਾਰੀ ਵਾਲੀ ਇਸ ਫ਼ਿਲਮ ਵਿਚ ਪੰਡਤ ਬੇਦੀ ਨੇ ਫ਼ਿਲਮ ਦੇ 11 ਗੀਤਾਂ ਦਾ ਸੰਗੀਤ ਮੁਰੱਤਬਿ ਕੀਤਾ। ਉਨ੍ਹਾਂ ਨੇ ਇਸ ਫ਼ਿਲਮ ਦੇ 4 ਗੀਤ ਵੀ ਲਿਖੇ ‘ਸੁੰਦਰ ਸਰਸ ਤਾਨ ਹਵਾ ਮੇਂ ਸਮਾ ਗਈ’, ‘ਹੈ ਨਾਰੀ ਵਹੀ ਜਗ ਮੇਂ ਧਨ-ਧਨ’ (ਮਿਸ ਜ਼ੌਹਰਾ), ‘ਰੰਗ-ਰੰਗ ਫੁਲ ਖਿਲਤ ਰੁੱਤ ਬਸੰਤ ਆਈ’ (ਭਗਵਾਨ ਦਾਸ), ‘ਮਿਟੇ ਨਾਹੀ ਮਿਟਾਏ ਵਿਧਾਤਾ ਕੇ ਲੇਖ’ (ਮਿਸ ਤਾਰਾ) ਜਦੋਂਕਿ ਬਾਕੀ 7 ਗੀਤ ਮੁਣਸ਼ੀ ਜਿਲਾਨੀ ‘ਸ਼ਾਮ’ ਨੇ ਤਹਿਰੀਰ ਕੀਤੇ ਸਨ। ਜੇਯੰਤ ਪਿਕਚਰਜ਼ ਦੀ ਹੀ ਜੀ. ਆਰ. ਸੇਠੀ ਨਿਰਦੇਸ਼ਿਤ ਦੂਜੀ ਹਿੰਦੀ ਫ਼ਿਲਮ ‘ਵੀਰ ਪੂਜਨ’ ਉਰਫ਼ ‘ਜੰਗ-ਏ-ਆਜ਼ਾਦੀ’ (1934) 10 ਗੀਤਾਂ ਦੀਆਂ ਤਰਜ਼ਾਂ ਪੰਡਤ ਦਲੀਪ ਚੰਦਰ ਬੇਦੀ ਨੇ ਤਿਆਰ ਕਰਨ ਦੇ ਨਾਲ ਫ਼ਿਲਮ ਦੇ 10 ਗੀਤਾਂ ’ਚੋਂ 5 ਗੀਤ ਖ਼ੁਦ ਲਿਖੇ ‘ਗੋਰੀ ਰੂਠੋ ਨਾ ਮੋਹੇ ਪਿਲਾਵ ਦਰਸ ਅਪਨੇ ਕੀ ਭੰਗ’ (ਮਾਸਟਰ ਬੱਚੂ, ਅਲਕਨੰਦਾ), ‘ਉਨਹੀ ਸੇ ਲਾਗ ਰਹੇ ਨੈਨ ਘੜੀ ਪਲ ਛਿਨ ਨਹੀਂ ਪੜਤ ਚੈਨ’ (ਮਹਿਤਾਬ), ‘ਮੈਂ ਬੰਦਰੀਆ ਤੂ ਹੈ ਬੰਦਰ ਤੂ ਮੂਲੀ ਮੈਂ ਚੁਕੰਦਰ’ (ਅਲਕਨੰਦਾ, ਮਾਸਟਰ ਬੱਚੂ), ‘ਹਮ ਖ਼ਾਤਿਰ-ਏ-ਵਤਨ ਖ਼ੁਸ਼ੀ ਸੇ ਸਰ ਕਟਾਏਂਗੇ’ (ਭਗਵਾਨ ਦਾਸ), ‘ਪੀਆ ਨਹੀਂ ਆਏ ਮੈਂ ਕਯਾ ਕਰੂੰ ਗੂਈਆਂ’ (ਭਗਵਾਨ ਦਾਸ) ਜਦੋਂਕਿ ਬਾਕੀ ਗੀਤ ਜੀ. ਆਰ. ਸੇਠੀ ਤੇ ਬ੍ਰਹਮਾਨੰਦ ਪੰਜਾਬੀ ਨੇ ਲਿਖੇ ਸਨ। ਫ਼ਿਲਮ ਵਿਚ ਅਦਾਕਾਰਾ ਮਹਿਤਾਬ, ਯਸਵੰਤ ਦਵੇ, ਅਲਕਨੰਦਾ, ਸ਼ਿਵਰਾਨੀ, ਮਾਸਟਰ ਬੱਚੂ, ਹਰੀਦਾਸ ਆਦਿ ਨੁਮਾਇਆਂ ਸਨ। ਮਨਹਰ ਮੂਵੀਟੋਨ, ਬੰਬੇ ਦੀ ਮੋਤੀ ਬੀ. ਗਿਡਵਾਨੀ ਨਿਰਦੇਸ਼ਿਤ ਫ਼ਿਲਮ ‘ਨੂਰ ਮਹਲ’ (1934) ’ਚ ਪੰਡਤ ਦਲੀਪ ਚੰਦਰ ਬੇਦੀ ਨੇ ਫ਼ਿਲਮ ਦੇ 12 ਗੀਤਾਂ ਦਾ ਸੰਗੀਤ ਤਾਮੀਰ ਕੀਤਾ ਤੇ ਇਕ ਮਜ਼ਾਹੀਆ ਗੀਤ ਵੀ ਲਿਖਿਆ ‘ਅਗਰ ਹੋ ਨੂਰਮਹਲ ਸੇ ਬਿਆਹ ਤੋ ਬਨ ਜਾਊਂ ਮੇਂ ਸ਼ਹਨਸ਼ਾਹ’ (ਸੁੰਦਰ ਰਾਵ, ਮਿਸ਼ਰਾ)। ਬਾਕੀ ਗੀਤ ਸੀ. ਪੀ. ਵਰਮਾ ਅਤੇ ਮੁਣਸ਼ੀ ਜਿਲਾਨੀ ‘ਸ਼ਾਮ’ ਨੇ ਲਿਖੇ ਸਨ।
ਸਿਸਟੋਨਫੋਨ ਪਿਕਚਰਜ਼, ਲਾਹੌਰ ਨੇ ਆਪਣੇ ਅਦਾਰੇ ਹੇਠ ਏ. ਵਹਾਬ (ਅਲੀਗੜ੍ਹ) ਦੀ ਹਿਦਾਇਤਕਾਰੀ ਵਿਚ ਪਹਿਲੀ ਪੰਜਾਬੀ ਫ਼ਿਲਮ ‘ਚਤਰ ਬਕਾਵਲੀ’ (1941) ਸ਼ੁਰੂ ਕੀਤੀ। ਪੰਡਤ ਦਲੀਪ ਚੰਦਰ ਬੇਦੀ ਨੇ ਇਸ ਫ਼ਿਲਮ ਦੇ 12 ਗੀਤਾਂ ਦੀਆਂ ਧੁੰਨਾਂ ਤਰਤੀਬ ਕੀਤੀਆਂ ‘ਖਿੜ ਖਿੜ ਨੀਂ ਚੰਬੇ ਦੀ ਕਲੀਏ’, ‘ਖ਼ਬਰੇ ਇਹ ਪ੍ਰੀਤ ਬਲਾ ਕੀ ਏ’, ‘ਆਈ ਹੈ ਰੁੱਤ ਬਹਾਰ ਦੀ’, ‘ਨਾ ਬੋਲੂ ਤਾਰਾ ਰਾਰਾ’, ‘ਚਿੱਠੀਏ ਦਰਦ ਫ਼ਿਰਾਕ ਵਾਲੀਏ’, ‘ਪੀ ਲੈ ਪੀ ਲੈ ਸੋਹਣਿਆ ਪਿਆਲਾ ਅੰਮ੍ਰਿਤ ਦਾ’, ‘ਇਹ ਹੁਸਨ ਵੀ ਰੱਬ ਦੀ ਸ਼ਾਨ ਏ’, ‘ਸਾਨੂੰ ਧੱਕੇ ਨਾ ਮਾਰੋ ਚਲੇ ਜਾਨੇ ਆਂ’, ‘ਤੀਲੀ ਲੌਂਗ ਦੀ ਮੁਕੱਦਮਾ ਭਾਰੀ’, ‘ਭੁੱਲ ਜਾਣਗੇ ਦਿਲਾ ਦੁੱਖ ਸਾਰੇ’, ‘ਆਈ ਹੈ ਰੁੱਤ ਬਹਾਰ ਦੀ’, ‘ਦੁੱਖ ਦਰਦ ਦੀਵਾਨਿਆਂ ਦੇ’ (ਮੁਖ਼ਤਾਰ ਬੇਗ਼ਮ) ਬੜੇ ਮਕਬੂਲ ਹੋਏ। ਫ਼ਿਲਮ ਵਿਚ ਬੁਲਬੁਲ-ਏ-ਪੰਜਾਬ ਮਿਸ ਮੁਖ਼ਤਾਰ ਬੇਗ਼ਮ (ਅੰਮ੍ਰਿਤਸਰੀ), ਮਾਸਟਰ ਗ਼ਾਮਾ (ਰੇਡੀਓ ਸਿੰਗਰ), ਪੀ. ਐੱਨ. ਬਾਲੀ, ਸ਼ਮਸ਼ਾਦ ਅਖ਼ਤਰ, ਬੀ. ਆਰ. ਟੰਡਨ, ਸੁਰੇਸ਼ ਕੁਮਾਰੀ, ਮੰਜਰੀ ਬੇਗ਼ਮ, ਸੀ. ਐੱਲ. ਮੁਸ਼ਟਲ ਕਸ਼ਮੀਰੀ ਸਿਤਾਰੇ ਨੁਮਾਇਆਂ ਸਨ। ਫ਼ਿਲਮ ਦੇ ਸੁਪਰਵਾਈਜ਼ਰ ਬੀ. ਡੀ. ਚੈਟਰਜੀ (ਐੱਮ.ਐੱਸ.ਸੀ.) ਤੇ ਪੀ. ਐੱਨ. ਕਪੂਰ, ਪਿਛੋਕੜ ਸੰਗੀਤ ਸੂਰਯਾ ਕੁਮਾਰ ਪਾਲ, ਮੰਜ਼ਰਨਾਮਾ ਏ. ਵਹਾਬ ਅਤੇ ਤਸਵੀਰਕਸ਼ੀ ਦੇ ਫ਼ਰਜ਼ ਪੀ. ਸਾਂਦਲ ਨੇ ਅਦਾ ਕੀਤੇ ਸਨ। ਇਹ ਫ਼ਿਲਮ ਕਪੂਰ ਫ਼ਿਲਮ ਕਾਰਪੋਰੇਸ਼ਨ ਨੇ 2 ਮਈ 1941 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਲਈ ਪੇਸ਼ ਕੀਤੀ। ਇਸ ਫ਼ਿਲਮ ਤੋਂ ਬਾਅਦ ਉਨ੍ਹਾਂ ਨੇ ਕਿਸੇ ਫ਼ਿਲਮ ਦਾ ਸੰਗੀਤ ਮੁਰੱਤਬਿ ਨਹੀਂ ਕੀਤਾ।
ਖ਼ਯਾਲ ਗਾਇਕੀ ਦੇ ਮਾਰੂਫ਼ ਗੁਲੂਕਾਰ ਅਤੇ ਮੌਸੀਕਾਰ ਉਸਤਾਦ ਪੰਡਤ ਦਲੀਪ ਚੰਦਰ ਬੇਦੀ ਲੰਬੀ ਬਿਮਾਰੀ ਦੇ ਚੱਲਦਿਆਂ 13 ਨਵੰਬਰ 1992 ਨੂੰ 91 ਸਾਲਾਂ ਦੀ ਉਮਰੇ ਨਵੀਂ ਦਿੱਲੀ ਵਿਚ ਵਫ਼ਾਤ ਪਾ ਗਏ।
ਸੰਪਰਕ: 97805-09545