ਜਸਦੀਪ ਸਿੰਘ
ਭਾਰਤ ਦੇ ਰਾਸ਼ਟਰੀ ਫ਼ਿਲਮ ਐਵਾਰਡ ਜੇਤੂ ਫ਼ਿਲਮਸਾਜ਼ ਗੁਰਵਿੰਦਰ ਸਿੰਘ ਦੀ ਨਵੀਂ ਪੰਜਾਬੀ ਫ਼ਿਲਮ ‘ਅੱਧ ਚਾਨਣੀ ਰਾਤ’ ਦਾ ਵਰਲਡ ਪ੍ਰੀਮੀਅਰ 26 ਜਨਵਰੀ ਤੋਂ 6 ਫਰਵਰੀ ਨੂੰ ਹੋ ਰਹੇ 52ਵੇਂ ਰੌਟਰਡੈਮ ਕੌਮਾਂਤਰੀ ਫ਼ਿਲਮ ਮੇਲੇ (ਆਈਐੱਫਐੱਫਆਰ) ’ਤੇ ਹੋ ਰਿਹਾ ਹੈ। ਇਹ ਫ਼ਿਲਮ ਮੇਲੇ ਦੇ ਹਾਰਬਰ ਸੈਕਸ਼ਨ ਵਿੱਚ ਚੁਣੀ ਗਈ ਜਿਸ ਵਿੱਚ ਅੱਜ ਦੇ ਸਮੇਂ ਦੀਆਂ ਬਿਹਤਰੀਨ ਫ਼ਿਲਮਾਂ ਦਿਖਾਈਆਂ ਜਾਂਦੀਆਂ ਹਨ। ਪਹਿਲਾਂ ਇਹ ਮੇਲਾ ਰੌਟਰਡਰਮ ਸ਼ਹਿਰ ਦੇ ਸਿਨਮਿਆਂ ਵਿੱਚ ਕਰਵਾਇਆ ਜਾਣਾ ਸੀ, ਪਰ ਯੂਰਪ ਵਿੱਚ ਕਰੋਨਾਂ ਦੇ ਕੇਸਾਂ ਵਿੱਚ ਵਾਧੇ ਕਾਰਨ ਇਸ ਸਾਲ ਵੀ ਇਹ ਮੇਲਾ ਔਨਲਾਈਨ ਕਰਵਾਇਆ ਜਾ ਰਿਹਾ ਹੈ।
ਕੌਟੈਂਟ ਫਲੋਅ ਸਟੂਡੀਓ ਦੀ ਪੇਸ਼ਕਸ਼ ‘ਅੱਧ ਚਾਨਣੀ ਰਾਤ’ ਦਾ ਨਿਰਮਾਣ ਬੌਬੀ ਬੇਦੀ (‘ਬੈਂਡਿਟ ਕੂਈਨ’ ਅਤੇ ‘ਮਕਬੂਲ’ ਵਰਗੀਆਂ ਨਾਮੀ ਫ਼ਿਲਮਾਂ ਦੇ ਨਿਰਮਾਤਾ), ਵਿਪੁਲ ਸ਼ਾਹ, ਮਨਮੋਹਨ ਸ਼ੈੱਟੀ ਅਤੇ ਰਾਕੇਸ਼ ਬਹਿਲ ਨੇ ਕੀਤਾ ਹੈ।
‘ਅੱਧ ਚਾਨਣੀ ਰਾਤ’ ਗੁਰਵਿੰਦਰ ਸਿੰਘ ਦੀ ਤੀਜੀ ਪੰਜਾਬੀ ਫ਼ਿਲਮ ਹੈ ਅਤੇ ਗਿਆਨਪੀਠ ਜੇਤੂ ਗੁਰਦਿਆਲ ਸਿੰਘ ਦੇ ਲਿਖੇ ਇਸੇ ਨਾਂ ਦੇ ਨਾਵਲ ਤੋਂ ਪ੍ਰੇਰਿਤ ਹੈ। ਉਸ ਦੀ ਪਹਿਲੀ ਫ਼ਿਲਮ ‘ਅੰਨ੍ਹੇ ਘੋੜੇ ਦਾ ਦਾਨ’ (ਵੈਨਿਸ ਫ਼ਿਲਮ ਮੇਲਾ, 2011) ਵੀ ਗੁਰਦਿਆਲ ਸਿੰਘ ਦੇ ਨਾਵਲ ’ਤੇ ਆਧਾਰਿਤ ਸੀ ਅਤੇ ‘ਚੌਥੀ ਕੂਟ’ (ਕਾਨ ਫ਼ਿਲਮ ਮੇਲਾ, 2015) ਵਰਿਆਮ ਸੰਧੂ ਦੀਆਂ ਕਹਾਣੀਆਂ ’ਤੇ ਆਧਾਰਿਤ ਸੀ।
ਪੰਜਾਬ ਦੇ ਪਿੰਡਾਂ ਦੀ ਕਹਾਣੀ ਦਰਸਾਉਂਦੀ ਫ਼ਿਲਮ ‘ਅੱਧ ਚਾਨਣੀ ਰਾਤ’ ਵਿੱਚ ਪੰਜਾਬੀ ਫ਼ਿਲਮ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਕੰਮ ਕੀਤਾ ਹੈ। ਮੁੱਖ ਕਿਰਦਾਰ ਮੋਦਨ ਦੇ ਰੂਪ ਵਿੱਚ ‘ਮਿੱਟੀ’, ‘ਕਿੱਸਾ ਪੰਜਾਬ’ ਅਤੇ ‘ਸਰਸਾ’ ਫ਼ਿਲਮਾਂ ਬਣਾਉਣ ਵਾਲੇ ਜਤਿੰਦਰ ਮੌਹਰ ਨੇ ਬਤੌਰ ਅਦਾਕਾਰ ਅਤੇ ਮੁੱਖ ਨਾਇਕਾ ਸੁੱਖੀ ਦਾ ਕਿਰਦਾਰ ਮੌਲੀ ਸਿੰਘ (ਬੰਬਈ ਵਿੱਚ ਆਜ਼ਾਦ ਫ਼ਿਲਮਾਂ ਦੀ ਨਿਰਮਾਤਾ ਅਤੇ ਪਬਲਿਸਿਸਟ) ਨੇ ਨਿਭਾਇਆ ਹੈ। ਥੀਏਟਰ ਅਤੇ ਸਿਨਮਾ ਦੇ ਨਾਮੀ ਕਲਾਕਾਰ ਸੈਮੂਅਲ ਜੌਹਨ (ਰੁਲਦੂ), ਰਾਜ ਸਿੰਘ ਜਿੰਝਰ (ਗੇਜਾ) ਅਤੇ ਧਰਮਿੰਦਰ ਕੌਰ (ਮਾਂ) ਦੇ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦੀ ਸਿਨਮੈਟੋਗ੍ਰਾਫੀ ਰਾਸ਼ਟਰੀ ਫ਼ਿਲਮ ਐਵਾਰਡੀ ਸਤਿਆ ਰਾਏ ਨਾਗਪਾਲ ਨੇ ਕੀਤੀ ਹੈ। ਸੰਗੀਤ ਪੈਰਿਸ ਵਾਸੀ ਮਾਰਕ ਮਾਰਡਰ ਨੇ ਬਣਾਇਆ ਹੈ। ਐਡੀਟਿੰਗ ਅਵਨੀਸ਼ ਛਾਬੜਾ ਨੇ ਕੀਤੀ ਹੈ, ਪਹਿਨਾਵਾ ਨਵਜੀਤ ਕੌਰ ਨੇ ਚੁਣਿਆ ਅਤੇ ਸੰਵਾਦ ਜਸਦੀਪ ਸਿੰਘ ਨੇ ਲਿਖੇ ਹਨ।
ਫ਼ਿਲਮ ਦੀ ਕਹਾਣੀ ਵਿੱਚ ਦਿਖਾਇਆ ਗਿਆ ਹੈ ਕਿ ਜ਼ਮੀਨ ਦੇ ਝਗੜੇ ਕਾਰਨ ਆਪਣੇ ਪਿਉ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਕੀਤੇ ਕਤਲ ਦੀ ਕੈਦ ਕੱਟ ਕੇ ਮੋਦਨ ਪਿੰਡ ਮੁੜਦਾ ਹੈ। ਉਸ ਦੀ ਗ਼ੈਰਹਾਜ਼ਰੀ ਵਿੱਚ ਉਹਦੇ ਭਰਾ, ਉਨ੍ਹਾਂ ਦੇ ਵੈਰੀਆਂ ਨਾਲ ਰਲ ਕੇ ‘ਤਰੱਕੀ’ ਕਰ ਗਏ ਹਨ। ਵੈਰੀਆਂ ਨਾਲ ਇਹ ਸਾਂਝ ਮੋਦਨ ਨੂੰ ਮਨਜ਼ੂਰ ਨਹੀਂ ਅਤੇ ਭਰਾਵਾਂ ਨਾਲੋਂ ਅੱਡ ਹੋ ਕੇ ਉਹ ਆਪਣਾ ਟੁੱਟਿਆ ਭੱਜਿਆ ਪੁਸ਼ਤੈਨੀ ਘਰ ਮੁਰੰਮਤ ਕਰਾ ਕੇ ਸਵਾਰਦਾ ਹੈ, ਆਪਣੀ ਮਾਂ ਨੂੰ ਨਾਲ ਲਿਆਉਂਦਾ ਹੈ ਅਤੇ ਆਪਣੇ ਜਿਗਰੀ ਯਾਰ ਰੁਲਦੂ ਦੀ ਮਦਦ ਨਾਲ ਵਿਆਹ ਕਰਾ ਕੇ ਘਰ ਵਸਾਉਂਦਾ ਹੈ। ਨਵੀਂ ਵਿਆਹੀ ਸੁੱਖੀ ਦਾ ਇਹ ਦੂਜਾ ਵਿਆਹ ਹੈ ਅਤੇ ਪਿਛਲੇ ਵਿਆਹ ਤੋਂ ਇੱਕ ਬੱਚਾ ਉਹ ਆਪਣੇ ਨਾਲ ਲੈ ਕੇ ਆਈ ਹੈ। ਮੋਦਨ ਪੁਰਾਣੀਆਂ ਰੰਜ਼ਿਸ਼ਾਂ ਦਾ ਖਹਿੜਾ ਛੱਡ ਨਵੇਂ ਸਿਰਿਉਂ ਜ਼ਿੰਦਗੀ ਸ਼ੁਰੂ ਕਰਨ ਦੇ ਹੰਭਲੇ ਮਾਰਦਾ ਹੈ, ਪਰ ਉਹਦਾ ਸੰਭਲਦਿਆਂ ਸੰਭਲਦਿਆਂ ਵੀ ਗੁੱਸਾ ਉਬਾਲਾ ਮਾਰਦਾ ਹੈ ਤੇ ਨਵੀਂ ਲੜਾਈ ਛਿੜ ਪੈਂਦੀ ਹੈ।
ਗੁਰਵਿੰਦਰ ਸਿੰਘ ਨੇ ਕਿਹਾ, ‘‘ਅੱਧ ਚਾਨਣੀ ਰਾਤ ਇੱਕ ਅਜਿਹੀ ਉਦਾਸੀਨਤਾ ਬਾਰੇ ਹੈ ਜਿਹੜੀ ਕਿਸੇ ਵੇਲੇ ਵੀ ਫਟ ਕੇ ਸ਼ਾਂਤਮਈ ਪੇਂਡੂ ਭੋਂਇੰ ਨੂੰ ਤੋੜ ਭੰਨ ਸਕਦੀ ਹੈ। ਇੱਕ ਸੂਖਮ ਹਿੰਸਾ, ਜਿਹੜੀ ਸਤਹ ਦੇ ਹੇਠਾਂ ਮਘ ਰਹੀ ਹੈ, ਜਿਸ ਵਿੱਚ ਹੱਦਾਂ ਇੰਨੀਆਂ ਕੁ ਖਿੱਚ ਦਿੱਤੀਆਂ ਜਾਂਦੀਆਂ ਹਨ ਕਿ ਮੁੱਢਲੇ ਮਨੁੱਖੀ ਰਿਸ਼ਤੇ ਵੀ ਟੁੱਟਣ ਕੰਢੇ ਲਿਆ ਦਿੰਦੀ ਹੈ। ਇਹੀ ਹਿੰਸਾ ਹੈ ਜਿਹੜੀ ਬੰਦੇ ਨੂੰ ਆਪਣੇ ਆਪੇ ਤੋਂ ਬੇਗਾਨਾ ਕਰ ਦਿੰਦੀ ਹੈ।’’ ਉਹ ਅੱਗੇ ਕਹਿੰਦਾ ਹੈ ‘‘ਸਿਨਮਾ ਦੇ ਹਿਸਾਬ ਨਾਲ ਮੇਰੇ ਲਈ ਇਹ ‘ਅੰਨ੍ਹੇ ਘੋੜੇ ਦਾ ਦਾਨ’ ਨਾਲ ਸ਼ੁਰੂ ਹੋਏ ਸਫ਼ਰ ਦਾ ਅੰਤ ਹੈ, ਚਿਹਨਾਂ ਨੂੰ ਏਨਾਂ ਕੁ ਸਟੀਕ ਕਰ ਦਿੱਤਾ ਹੈ ਕਿ ਆਪੇ ਨਾਲ ਸੰਵਾਦ ਰਚਾਉਂਦੇ ਜਾਪਦੇ ਹਨ।’’
‘ਬੈਂਡਿਟ ਕੂਈਨ’, ‘ਮਕਬੂਲ’, ‘ਫਾਇਰ’, ‘ਸਾਥੀਆ’, ‘ਮੰਗਲ ਪਾਂਡੇ’ ਵਰਗੀਆਂ ਫ਼ਿਲਮਾਂ ਬਣਾਉਣ ਵਾਲੇ ਰਾਸ਼ਟਰੀ ਸਨਮਾਨ ਜੇਤੂ ਨਿਰਮਾਤਾ ਬੌਬੀ ਬੇਦੀ ਨੇ ਪਹਾੜੀ ਫ਼ਿਲਮ ‘ਖਨੌਰ’ ਤੋਂ ਬਾਅਦ ਦੂਜੀ ਵਾਰ ਗੁਰਵਿੰਦਰ ਸਿੰਘ ਨਾਲ ਕੰਮ ਕਰਨ ’ਤੇ ਕਿਹਾ, ‘ਪੰਜਾਬੀ ਕਿਸਾਨ ਦੀ ਜ਼ਮੀਨ ਨਾਲ ਮੁਹੱਬਤ ਨਿਆਰੀ ਹੈ ਅਤੇ ਆਰਥਿਕਤਾ, ਰਿਸ਼ਤਿਆਂ ਅਤੇ ਭਾਵਨਾਵਾਂ ਤੋਂ ਵੀ ਪਾਰ ਦੀ ਗੱਲ ਹੈ। ਇਹ ਮੁਹੱਬਤ ਕਿਸਾਨ ਨੂੰ ਖ਼ਾਸ ਤਾਕਤ ਦਿੰਦੀ ਹੈ। ਇਹੋ ਮੁਹੱਬਤ ਹੁਣੇ ਹੋਏ ਕਿਸਾਨ ਅੰਦੋਲਨ ਵਿੱਚ ਉੱਭਰ ਕੇ ਸਾਹਮਣੇ ਆਈ। ਗੁਰਵਿੰਦਰ ‘ਅੱਧ ਚਾਨਣੀ ਰਾਤ’ ਵਿੱਚ ਇਸੇ ਮੁਹੱਬਤ ਨੂੰ ਸਹੇਜ ਰਿਹਾ ਹੈ ਅਤੇ ਇਸ ਮੁਹੱਬਤ ਵਿੱਚੋਂ ਉਪਜੀ ਹਿੰਸਾ ਦੀ ਸੂਖਮਤਾ ਨੂੰ ਕਾਵਿਕ ਤਰੀਕੇ ਨਾਲ ਪੇਸ਼ ਕਰਨ ਵਿੱਚ ਕਾਮਯਾਬ ਹੋਇਆ ਹੈ।’’
ਗੁਰਵਿੰਦਰ ਸਿੰਘ ਮੁਤਾਬਕ ‘‘ਫ਼ਿਲਮਸਾਜ਼ ਦੇ ਸਾਹਮਣੇ ਹਮੇਸ਼ਾਂ ਇਹ ਸਵਾਲ ਰਹਿੰਦਾ ਹੈ ਕਿ ਇੱਕ ਫ਼ਿਲਮ ਦੇ ਬਾਅਦ ਅੱਗੇ ਕੀ, ਅਤੇ ਉਸ ਤੋਂ ਵੀ ਜ਼ਿਆਦਾ, ਕਿਉਂ? ਮੈਂ ਪੰਜਾਬ ਵਿੱਚ ਪੰਜਾਬੀ ਬੋਲੀ ਦੀਆਂ ਦੋ ਫ਼ਿਲਮਾਂ ਬਣਾਈਆਂ, ਦੋਵੇਂ ਇੱਕ ਦੂਜੀ ਤੋਂ ਵੱਖਰੀਆਂ ਹਨ, ਇੱਕ ਪੰਜਾਬ ਦੇ ਨਿਓਟੇ ਨਿਮਾਣੇ ਮੇਲ ਦੇ ਗੁੱਸੇ, ਬੇਗ਼ਾਨਗੀ ਅਤੇ ਖੋਹ ਖਸੱਟ ਬਾਰੇ ਹੈ; ਦੂਜੀ ਫ਼ਿਲਮ 1980ਵਿਆਂ ਦੇ ਪੰਜਾਬ ਦੇ ਰਾਜਭਾਗ ਵਿੱਚ ਵਧੇਰੇ ਹੱਕ ਮੰਗਦੇ ਸਿੱਖਾਂ ਅਤੇ ਭਾਰਤੀ ਸਰਕਾਰੀ ਤੰਤਰ ਵਿਚਲੇ ਟਕਰਾਅ ਵਿੱਚੋਂ ਉਪਜੇ ਹਿੰਸਾ ਅਤੇ ਡਰ ਦੇ ਮਾਹੌਲ ਬਾਰੇ ਸੀ; ਦੋਵਾਂ ਫ਼ਿਲਮਾਂ ਵਿੱਚ ਇਹ ਸਮਝਣ ਦੀ ਕੋਸ਼ਿਸ਼ ਸੀ ਕਿ ਬੰਦਾ ਅਤੇ ਉਸ ਦਾ ਟੱਬਰ, ਸਮੇਂ ਦੇ ਸਿਆਸੀ ਸਮਾਜਿਕ ਵਰਤਾਰੇ ਵਿੱਚ ਕਿਵੇਂ ਵਿਚਰ ਰਹੇ ਹਨ। ਸਵੈ ਜਿਹੜਾ ਜਨਤਕ ਨਾਲ ਖਹਿ ਰਿਹਾ ਹੈ, ਬੰਦਾ ਜਿਹੜਾ ਰਾਜ ਅਤੇ ਇਸ ਦੇ ਅਦਾਰਿਆਂ, ਖਾਸ ਤੌਰ ’ਤੇ ਕਾਨੂੰਨ ਥੋਪੂ ਮਸ਼ੀਨਰੀ ਨਾਲ ਵਿੱਝ ਰਿਹਾ ਹੈ। ਰਾਜ ਦੀ ਤਾਕਤ ਹੈ ਅਤੇ ਇਸ ਤਾਕਤ ਦੇ ਬਹੁਤ ਸਾਰੇ ਮੁਜ਼ਾਹਰੇ ਹਨ। ਕਿਵੇਂ ਅਦਿੱਖ ਅਤੇ ਪ੍ਰਤੱਖ ਹਿੰਸਾ ਘਰਾਂ ਥਾਣੀ ਆ ਵੜਦੀ ਹੈ ਤੇ ਆਮ ਜ਼ਿੰਦਗੀਆਂ ਵਿੱਚ ਤਣਾਅ ਅਤੇ ਉਲੱਥ ਪਲੱਥ ਪੈਦਾ ਕਰ ਦਿੰਦੀ ਹੈ, ਭਾਵੇਂ ਉਨ੍ਹਾਂ ਦਾ ਇਸ ਹਿੰਸਾ ਨਾਲ ਸਿੱਧੇ ਤੌਰ ’ਤੇ ਕੋਈ ਲਾਗਾ ਦੇਗਾ ਵੀ ਨਹੀਂ ਸੀ। ਇਸੇ ਵਿਸ਼ੇ ਨੂੰ ਅੱਗੇ ਲਿਜਾਂਦੇ ਹੋਏ, ‘ਅੱਧ ਚਾਨਣੀ ਰਾਤ’ ਵਿੱਚ ਹਿੰਸਾ ਦਾ ਢਾਂਚਾ, ਇਸ ਦੇ ਕਾਰਨ ਸਮਝਦਿਆਂ, ਬੰਦੇ ਅਤੇ ਉਸ ਦੇ ਪਰਿਵਾਰ ਵਾਸਤੇ ਇਸ ਦੇ ਸਿੱਟਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ।’’ ਇਸ ਫ਼ਿਲਮ ਵਿੱਚ ਜ਼ਮੀਨਦਾਰੀ ਨਿਜ਼ਾਮ ਵਿੱਚੋਂ ਪਣਪਦੇ ਲਾਲਚ ਅਤੇ ਮੁਕਾਮੀ ਪੱਧਰ ’ਤੇ ਧੌਂਸ ਜਮਾਉਣ ਦੀ ਸਿੱਕ ਵਿੱਚੋਂ ਨਿਕਲੀ ਹਿੰਸਾ ਦੀ ਗੱਲ ਹੈ। ਜ਼ਮੀਨ ਅਤੇ ਮਾਇਆ ’ਤੇ ਮੱਲ ਮਾਰ ਕੇ ਜਗੀਰੂ ਗਲਬਾ ਕਾਇਮ ਕਰਨ ਦੇ ਤਰੀਕਿਆਂ ਅਤੇ ਇਸ ਧੌਂਸ ਜਮਾਉਣ ਦੀ ਦੌੜ ਵਿੱਚ ਪਰਿਵਾਰ ਅਤੇ ਰਿਸ਼ਤੇ ਪਰ੍ਹੇ ਧੱਕੇ ਜਾਂਦੇ ਹਨ। ਭਰਾ ਦੁਸ਼ਮਣ ਹੋ ਜਾਂਦੇ ਹਨ, ਖੂਨ ਦਿਆਂ ਰਿਸ਼ਤਿਆਂ ਵਿੱਚ ਕੁੜੱਤਣ ਆ ਜਾਂਦੀ ਹੈ, ਪਰਿਵਾਰ ਦੀਆਂ ਸਾਂਝਾਂ ਵਿੱਚ ਬੇਗੈਰਤੀ ਆ ਜਾਂਦੀ ਹੈ। ਮਰਦਾਨਾ ਗਲਬੇ ਅਤੇ ਪਿਤਾ ਪੁਰਖੀ ਵਿਹਾਰ ਨੂੰ ਕਾਇਮ ਰੱਖਣ ਦਾ ਬੋਝ, ਲਹੂ ਵਹਾਉਂਦਾ ਹੈ ਅਤੇ ਬਹਾਦਰੀ ਦਾ ਅਫ਼ਸੋਸ ਪਿੱਛੇ ਛੱਡ ਜਾਂਦਾ ਹੈ। ਆਪਣੇ ਅਜਿਹੇ ਕਾਰਨਾਮਿਆਂ ਨੂੰ ਸਹੀ ਸਾਬਤ ਕਰਨਾ, ਭਾਵੇਂ ਉਹ ਕਿੰਨੇ ਵੀ ਗ਼ਲਤ ਜਾਂ ਅਫ਼ਸੋਸਨਾਕ ਹੋਣ ਉਨ੍ਹਾਂ ਦੇ ਸਿੱਟਿਆਂ ਨੂੰ ਭੁਗਤਣਾ ਬੰਦੇ ਦਾ ਸਾਰੀ ਉਮਰ ਦਾ ਅਕੀਦਾ ਬਣ ਜਾਂਦਾ ਹੈ। ਫ਼ਿਲਮ ਦੀ ਕਹਾਣੀ ਦੇ ਸੰਦਰਭ ਵਿੱਚ ਕਿਹਾ ਜਾਵੇ ਤਾਂ ਮੁੱਖ ਕਿਰਦਾਰ ਮੋਦਨ ਅਜਿਹੀ ਹਿੰਸਾ ਦੇ ਚੱਕਰ ਵਿੱਚ ਫਸਿਆ ਹੈ। ਘਰ ਵਸਾ ਕੇ ਨਵੀਂ ਜ਼ਿੰਦਗੀ ਸ਼ੁਰੂ ਕਰ ਕੇ ਹਿੰਸਾ ਖ਼ਤਮ ਕਰਨ ਦੀਆਂ ਉਸ ਦੀਆਂ ਸੁਹਿਰਦ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈਂਦਾ ਕਿਉਂਕਿ ਪੁਰਾਣੇ ਜ਼ਖ਼ਮ ਅਜੇ ਭਰੇ ਨਹੀਂ ਹਨ। ਕਦੇ ਵੀ ਕੋਈ ਪੰਗਾ ਪੈ ਸਕਦਾ ਹੈ ਅਤੇ ਪੰਗਾ ਪੈਣ ਦਾ ਮਤਲਬ ਹੈ, ਬਣਦਾ ਜਵਾਬ ਦੇਣਾ ਜ਼ਰੂਰੀ ਹੈ। ਗੱਲ ਸਿਰਫ਼ ਬਣਦਾ ਜਵਾਬ ਦੇਣ ਤੱਕ ਹੀ ਨਹੀਂ, ਵਧੇਰੇ ਤਾਕਤ ਜ਼ਾਹਿਰ ਕਰਕੇ ਮੁਕਾਮੀ ਤਾਕਤ ਦੀ ਤੱਕੜੀ ਵਿੱਚ ਭਾਰਾ ਪਾਸਾ ਸਾਬਤ ਹੋਣ ਤੱਕ ਚਲੀ ਜਾਂਦੀ ਹੈ। ਤਰੀਕਾ ਚਾਹੇ ਜਿਹੜਾ ਮਰਜ਼ੀ ਹੋਵੇ, ਪਰ ‘ਵੈਰੀਆਂ’ ਨੂੰ ਭੁੰਝੇ ਲਾਹੁਣਾ ਜ਼ਰੂਰੀ ਹੈ। ਕਹਾਣੀ ਵਿੱਚ ਕੋਈ ਪ੍ਰਤੱਖ ਵੈਰੀ ਕਿਰਦਾਰ ਨਹੀਂ ਹੈ, ਪਰ ਉਹ ਹਰ ਪਾਸੇ ਹਨ। ਉਹ ਸਾਹਮਣੇ ਨਹੀਂ ਆਉਂਦੇ, ਪਰ ਨਾਇਕ ਨੂੰ ਪ੍ਰੇਤਾਂ ਵਾਂਗ ਪਰੇਸ਼ਾਨ ਕਰਦੇ ਹਨ, ਉਸ ਦੀ ਹੋਂਦ ਹੀ ਵੈਰੀਆਂ ਦੀ ਅਦਿੱਖ ਹਾਜ਼ਰੀ ਤੈਅ ਕਰਦੀ ਹੈ। ਇਹ ਪ੍ਰੇਤ ਗ਼ਾਲਬਿ ਜਮਾਤ ਦੇ ਢਾਂਚੇ ਵਿਚਲੀ ਅਦਿੱਖ ਹਿੰਸਾ ਨੂੰ ਰੂਪਮਾਨ ਕਰਦਾ ਹੈ। ਜਦੋਂ ਇਸ ਸੜੇ ਗਲੇ ਢਾਂਚੇ ਵਿਰੁੱਧ ਬਗਾਵਤ ਹੁੰਦੀ ਹੈ ਤਾਂ ਬਾਗੀ ਨੂੰ ਨਤੀਜੇ ਭੁਗਤਣੇ ਪੈਂਦੇ ਹਨ, ਜਿਵੇਂ ਮੋਦਨ ਭੁਗਤਦਾ ਹੈ। ‘ਅੱਧ ਚਾਨਣੀ ਰਾਤ’ ਲਿੰਗਕ ਨਾਬਰਾਬਰੀ ਤੋਂ ਇਲਾਵਾ ਉੱਪਰਲੇ ਸਾਰੇ ਮਸਲਿਆਂ ’ਤੇ ਬਾਰੀਕ ਅਤੇ ਨੀਝ ਵਾਲੀ ਨਿਗ੍ਹਾ ਮਾਰਦੀ ਹੈ।
ਗੁਰਵਿੰਦਰ ਸਿੰਘ ਦੀਆਂ ਪਹਿਲੀਆਂ ਦੋ ਪੰਜਾਬੀ ਫ਼ਿਲਮਾਂ ‘ਅੰਨ੍ਹੇ ਘੋੜੇ ਦਾ ਦਾਨ’ ਅਤੇ ‘ਚੌਥੀ ਕੂਟ’ ਵੈਨਿਸ ਫ਼ਿਲਮ ਫੈਸਟੀਵਲ (2011) ਅਤੇ ਕਾਨ ਫ਼ਿਲਮ ਫੈਸਟੀਵਲ(2015) ਵਿੱਚ ਦਿਖਾਈਆਂ ਗਈਆਂ ਸਨ। ਉਸ ਦੀਆਂ ਫ਼ਿਲਮਾਂ ਰੌਟਰਡੈਮ, ਬੁਸਾਨ, ਮਿਊਨਿਖ, ਲੰਡਨ, ਰਿਓ ਡਿ ਜਨੇਰੋ ਵਰਗੇ ਮੰਨੇ ਪ੍ਰਮੰਨੇ ਕੌਮਾਂਤਰੀ ਫ਼ਿਲਮ ਮੇਲਿਆਂ ’ਤੇ ਜਾ ਚੁੱਕੀਆਂ ਹਨ। ਉਸ ਨੂੰ ਆਬੂ ਧਾਬੀ ਫ਼ਿਲਮ ਮੇਲੇ ਵਿੱਚ ਸਪੈਸ਼ਲ ਜਿਊਰੀ ਐਵਾਰਡ, ਬੈਲਗਰੇਡ ਔਟੇਅਰ ਫ਼ਿਲਮ ਫੈਸਟੀਵਲ ਤੇ ਗਰਾਂ ਪਰੀਅ ਐਵਾਰਡ; ਸਿੰਗਾਪੁਰ ਫ਼ਿਲਮ ਫੈਸਟੀਵਲ ਤੇ ਬੈਸਟ ਏਸ਼ੀਅਨ ਫ਼ਿਲਮ ਦਾ ਸਿਲਵਰ ਸਕਰੀਨ ਐਵਾਰਡ; ਇੱਫ਼ੀ ਗੋਆ ਵਿੱਚ ਗੋਲਡਨ ਪੀਅਕੌਕ ਇਨਾਮ ਅਤੇ ਮੁੰਬਈ ਫ਼ਿਲਮ ਫੈਸਟੀਵਾਲ ’ਤੇ ਗੋਲਡਨ ਗੇਟਵੇਅ ਐਵਾਰਡ ਮਿਲ ਚੁੱਕਿਆ ਹੈ। ਉਸ ਦੀ ਤੀਜੀ ਫੀਚਰ ਫ਼ਿਲਮ ਪਹਾੜੀ ਬੋਲੀ ਦੀ ‘ਖਨੌਰ’ ਬੁਸਾਨ ਫ਼ਿਲਮ ਫੈਸਟੀਵਲ ਵਿੱਚ ਪ੍ਰੀਮੀਅਰ ਹੋਈ ਅਤੇ ਕਿਮ ਜਿਸੇਓਕ ਇਨਾਮ ਵਾਸਤੇ ਚੁਣੀ ਗਈ ਸੀ। ‘ਅੱਧ ਚਾਨਣੀ ਰਾਤ’ ਉਸ ਦੀ ਚੌਥੀ ਫੀਚਰ ਫ਼ਿਲਮ ਹੈ।
ਸੰਪਰਕ: 99886-38850