ਚੰਡੀਗੜ੍ਹ: ਪੰਜਾਬੀ ਫੀਚਰ ਫਿਲਮ ‘ਜੱਗੀ’ ਦਾ ਆਗਾਮੀ 30 ਅਪਰੈਲ ਨੂੰ 20ਵੇਂ ਇੰਡੀਅਨ ਫਿਲਮ ਫੈਸਟੀਵਲ ਆਫ ਲਾਸ ਏਂਜਲਸ ਵਿੱਚ ਵਰਲਡ ਪ੍ਰੀਮੀਅਰ ਹੋ ਰਿਹਾ ਹੈ। ਫ਼ਿਲਮ ਦਾ ਨਿਰਦੇਸ਼ਕ ਤੇ ਲੇਖਕ ਅਨਮੋਲ ਸਿੱਧੂ ਹੈ। ਇਹ ਫਿਲਮ ਫੈਸਟੀਵਲ 28 ਅਪਰੈਲ ਤੋਂ ਪਹਿਲੀ ਮਈ 2022 ਤੱਕ ਚੱਲੇਗਾ। ਫਿਲਮ ਦੀ ਕਹਾਣੀ ਇੱਕ ਸਕੂਲ ਵਿਦਿਆਰਥੀ ਦੇ ਜਵਾਨੀ ਤੱਕ ਦੇ ਸਫ਼ਰ ਨੂੰ ਬਿਆਨਦੀ ਹੈ, ਜਿਸ ਵਿੱਚ ਉਸ ਦੀ ਮਾਮੂਲੀ ਜਿਹੀ ਸਰੀਰਕ ਕਮਜ਼ੋਰੀ ਅਤੇ ਮਾਪਿਆਂ ਦੀ ਬੱਚੇ ਪ੍ਰਤੀ ਘੋਰ ਅਣਗਹਿਲੀ ਤੇ ਉਦਾਸੀਨਤਾ ਉਸ ਨੂੰ ਦੁਨੀਆ ਦੇ ਹਾਸੇ ਦਾ ਪਾਤਰ ਬਣਾ ਦਿੰਦੀ ਹੈ। ਸਿੱਟੇ ਵਜੋਂ ਉਹ ਬਹੁਤ ਸਖ਼ਤ ਕਦਮ ਉਠਾਉਣ ਲਈ ਮਜਬੂਰ ਹੋ ਜਾਂਦਾ ਹੈ। ਨਿਰਦੇਸ਼ਕ ਅਨਮੋਲ ਸਿੱਧੂ ਨੇ ਇਸ ਤੋਂ ਪਹਿਲਾਂ ਛੋਟੀਆਂ ਫਿਲਮਾਂ ਬਣਾਈਆਂ ਹਨ ਤੇ ਉਸ ਦੀ ਫਿਲਮ ‘ਦਿ ਲਾਸਟ ਟ੍ਰੀ’ ਵੀ ਪੁਰਸਕਾਰ ਜੇਤੂ ਰਹੀ ਹੈ। ਰਮਨੀਸ਼ ਚੌਧਰੀ ਨੇ ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਰਮਨਦੀਪ ਸਿੰਘ, ਗੌਰਵ ਜਸੂਜਾ, ਅਕਸ ਮਹਿਰਾਜ, ਹਰਮੀਤ ਜੱਸੀ, ਜਸਕਿਰਤ ਬਾਜਵਾ ਸ਼ੁਕਲਾ, ਜੱਸ ਥਿੰਦ, ਸ਼ਿਵਮ ਕੰਬੋਜ ਤੇ ਬੰਦਨਾ ਨੇ ਵੀ ਫਿਲਮ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਧਰੁਵ ਬਕਸ਼ੀ ਤੇ ਪ੍ਰਦੀਪ ਟਾਇਨਾ ਫਿਲਮ ਦੇ ਪ੍ਰੋਡਿਊਸਰ ਹਨ। -ਟਨਸ